-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਖਰੀਦਣ ਲੋਕ ਜਦੋਂ ਮੁੱਲ ਦਾ ਪਾਠ,
ਸਮਝ ਦਾ ਨਾ ਫਿਰ ਹੋਵੇ ਵਿਕਾਸ l
ਅਰਥਾਂ ਦੀ ਜਦ ਤੱਕ ਸਮਝ ਨਾ ਆਊ,
ਜ਼ਿੰਦਗੀ ਕਦੇ ਨਹੀਂ ਆਉਣੀ ਰਾਸ l
ਅਰਦਾਸਾਂ ਕਰ ਕਰ ਸਭ ਕੁੱਝ ਭਾਲਣ,
ਕਿਰਤ ਕਰਨ ਦੀ ਨਾ ਰੱਖਣ ਆਸ l
ਸੁੱਖਣਾ ਸੁੱਖ ਸੁੱਖ ਝੂਠੇ ਲਾਰੇ ਮਿਲਦੇ,
ਰਹਿੰਦੀ ਮਨ ਵਿੱਚ ਝੂਠੀ ਧਰਵਾਸ l
ਆਮ ਲੋਕਾਂ ਦੀ ਨਾ ਪੁੱਛ ਗਿੱਛ ਹੋਵੇ,
ਅੱਗੇ ਆ ਆ ਕੇ ਬਹਿੰਦੇ ਬੰਦੇ ਖਾਸ l
ਰੱਬ ਘਰ ਜਿੰਨੀ ਨਾ ਆਮਦਨ ਕਿਤੇ,
ਕਰ ਕਰਕੇ ਦੇਖ ਲਵੋ ਬੇਸ਼ੱਕ ਪ੍ਰਵਾਸ l
ਬਾਹਲੀ ਸ਼ਕਤੀ ਵਾਲਾ ਰੱਬ ਹੈ ਸਾਡਾ,
ਔਖੇ ਲੈਂਦੇ ਫਿਰ ਵੀ ਭਗਤ ਸਵਾਸ l
ਪੁਜਾਰੀ ਮਾਣ’ਚ ਧੌਣ ਅਕੜਾ ਰੱਖਦੇ,
ਲੋਕਾਂ ਅੱਗੇ ਕਹਾਵਣ ਖੁਦ ਨੂੰ ਦਾਸ l
ਜੀਵ ਹੱਤਿਆ ਦੀ ਹੈ ਮਨਾਹੀ ਇਥੇ,
ਰੱਤ ਨਿਚੋੜ ਖਾਣ ਮਜ਼ਬੂਰਾਂ ਦਾ ਮਾਸ l
ਦਿਨੇਂ ਰੰਗ ਬਿਰੰਗੇ ਚੋਲੇ ਪਾਈ ਫਿਰਦੇ,
ਰਾਤੀਂ ਖੜ੍ਹਕਣ ਮਹਿਖਾਨੇ ਵਿੱਚ ਗਲਾਸ l
ਸਿੱਧੀ ਉਂਗਲੀ ਨਾਲ ਘਿਓ ਨਾ ਨਿੱਕਲੇ,
ਕਰਦੇ ਗੱਲੇ ਵੈਕਉਮ ਜਾਂ ਪਾਉਣ ਪਲਾਸ l
ਪੈਸਾ ਹੀ ਹੁਣ ਤਾਂ ਸਭ ਕੁੱਝ ਹੋ ਗਿਆ,
ਖੋਹੀ ਫਿਰਨ ਇਸ ਪਿੱਛੇ ਹੋਸ਼ ਹਵਾਸ l
ਧਮਕੀ ਦਿੰਦੇ ਕਹਿੰਦੇ ਚੁੱਪ ਕਰ ਬਹਿ ਜਾ,
ਨਹੀਂ ਤਾਂ ਹੋ ਜਊਗਾ ਤੇਰਾ ਕੰਮ ਖਲਾਸ l
ਸਿਆਣੀ ਜੇ ਕੋਈ ਗੱਲ ਕਹਿ ਦੇਵੇ ਤਾਂ,
ਕਹਿੰਦੇ ਐਵੇਂ ਕਰੀ ਜਾਂਦਾ ਹੈ ਬਕਵਾਸ l
ਧਾਰਮਿਕ ਥਾਵਾਂ ਤੇ ਨਾ ਸ਼ਾਂਤੀ ਦਿਸਦੀ,
ਲੜ ਲੜ ਆਪਸ ਵਿੱਚ ਕੱਢਣ ਭੜਾਸ l
ਹੱਥ ਜੋੜ ਜੋੜ ਹਾਲਤ ਪਤਲੀ ਪੈ ਗਈ,
ਕਈ ਤਾਂ ਅੱਕ ਕੇ ਪੀਣ ਲੱਗੇ ਸਲਫ਼ਾਸ l
ਮਨ ਨੀਵਾਂ ਮੱਤ ਉੱਚੀ ਕਿੱਥੇ ਰਹਿ ਗਈ,
ਸੋਚ ਤਰਕਸ਼ੀਲ ਹੋਇਆ ਫਿਰੇ ਉਦਾਸ l
ਖੁਰਦਪੁਰੀਆ ਲੋਕੀਂ ਮਨ ਮੈਲ ਨਾ ਧੋਂਦੇ,
ਅਵਤਾਰ ਬਦਲਦੇ ਰਹਿੰਦੇ ਨਿੱਤ ਲਿਬਾਸ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147