ABOUT ME

ਅਵਤਾਰ ਬਾਰੇ

ਅਵਤਾਰ ਬਾਰੇ

ਅਵਤਾਰ ਤਰਕਸ਼ੀਲ ਦਾ ਜਨਮ ਬਚਿੰਤ ਸਿੰਘ ਅਤੇ ਪ੍ਰੀਤਮ ਕੌਰ ਦੇ ਘਰ ਪਿੰਡ ਖੁਰਦਪੁਰ ਜਿਲ੍ਹਾ ਜਲੰਧਰ ਪੰਜਾਬ ਭਾਰਤ ਵਿੱਚ ਹੋਇਆ| ਦੋ ਸਾਲ ਦੀ ਉਮਰ ਵਿੱਚ ਹੀ ਪਿਤਾ ਦੀ ਮੌਤ ਹੋ ਗਈ ਅਤੇ ਮਾਤਾ ਬਿਮਾਰ ਰਹਿੰਦੀ ਸੀ| ਉਸ ਦੇ ਵੱਡੇ ਭਰਾ ਪਿਆਰਾ ਸਿੰਘ ਅਤੇ ਭਰਜਾਈ ਗੁਰਦੇਵ ਕੌਰ ਨੇ ਆਪਣੇ ਬੱਚਿਆਂ ਵਾਂਗ ਪਾਲਿਆ ਅਤੇ ਪੜਾਇਆ| ਅਵਤਾਰ ਦੇ ਭਤੀਜੇ ਦਾ ਨਾਮ ਪਰਮਿੰਦਰ ਸਿੰਘ ਅਤੇ ਭਤੀਜੀ ਬਲਜਿੰਦਰ ਕੌਰ ਹੈ ਪਰ ਉਸ ਦਾ ਉਹਨਾਂ ਨਾਲ ਰਿਸ਼ਤਾ ਭਰਾ ਭੈਣ ਵਾਲਾ ਹੀ ਰਿਹਾ| ਅਵਤਾਰ ਪੜਾਈ ਵਿੱਚ ਹੁਸ਼ਿਆਰ ਹੋਣ ਦੇ ਬਾਵਜੂਦ ਪੜਾਈ ਮਹਿੰਗੀ ਹੋਣ ਕਰਕੇ ਸਿਰਫ ਦਸਵੀਂ ਤੱਕ ਹੀ ਪੜ੍ਹ ਸਕਿਆ| ਦਸਵੀਂ ਫਸਟ ਡਿਵੀਜਨ ਵਿੱਚ ਪਾਸ ਕੀਤੀ| ਕਈ ਥਾਵਾਂ ਤੇ ਨੌਕਰੀ ਨਾ ਮਿਲਣ ਕਰਕੇ ਨਿਰਾਸ਼ਾ ਹੋਈ| ਉਸ ਨੇ ਪ੍ਰਿੰਟਿਗ ਪ੍ਰੈਸ ਦਾ ਕੰਮ ਸਿੱਖਣਾ ਸੁਰੂ ਕਰ ਦਿੱਤਾ| ਉਸ ਦੀ ਪਹਿਲੀ ਤਨਖਾਹ 1987 ਵਿੱਚ ਕਰੀਬ 70 ਰੁਪਏ ਮਹੀਨਾ ਸੀ| ਛੇਤੀਂ ਹੀ ਕਰਜ਼ਾ ਲੈ ਕੇ ਉਸਨੇ ਆਪਣੀ ਪ੍ਰਿੰਟਿੰਗ ਪ੍ਰੈੱਸ ਆਦਮਪੁਰ ਦੋਆਬਾ ਵਿੱਚ ਸ਼ੁਰੂ ਕੀਤੀ| ਉਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਵਧੀਆ ਨਹੀਂ ਸਨ|

ਖੁਰਦਪੁਰ ਤੋਂ ਨਿਊਜ਼ੀਲੈਂਡ ਦਾ ਸਫ਼ਰ

ਆਪਣੇ ਇਕ ਦੋਸਤ ਦੀ ਚਾਚੀ ਦੀ ਰਾਹਦਾਰੀ ਤੇ ਉਹ ਦੋ ਸੌ ਡਾਲਰ ਲੈ ਕੇ ਵਿਜਟਰ ਵੀਜਾ ਲੈ ਕੇ ਮਾਰਚ 1989 ਵਿੱਚ ਨਿਊਜੀਲੈਂਡ ਆ ਗਿਆ| ਨਿਊਜ਼ੀਲੈਂਡ ਵਿੱਚ ਪੰਹੁਚਣ ਵੇਲੇ ਉਸ ਨੂੰ ਬਹੁਤੀ ਅੰਗਰੇਜ਼ੀ ਵੀ ਨਹੀਂ ਆਉਂਦੀ ਸੀ, ਵਰਕ ਪਰਮਿਟ ਵੀ ਨਹੀਂ ਸੀ, ਰਹਿਣ ਨੁੰ ਘਰ ਨਹੀਂ ਸੀ, ਕਾਰ ਵੀ ਨਹੀਂ ਸੀ| ਨੌਂ ਮਹੀਨਿਆਂ ਬਾਅਦ ਉਸ ਦਾ ਵੀਜਾ ਖਤਮ ਹੋ ਗਿਆ ਤੇ ਉਹ 1999 ਤੱਕ ਬਿਨਾਂ ਵੀਜ਼ੇ ਤੋਂ ਹੀ ਰਿਹਾ| ਇਸ ਦੌਰਾਨ ਵੱਖ ਵੱਖ ਕੰਮ ਕੀਤੇ ਅਤੇ ਕੀਵੀ ਫਰੂਟ ਇੰਡਸਟਰੀ ਵਿੱਚ ਕੰਮ ਕਰਦਿਆਂ ਮਾਹਿਰਾਂ ਵਾਲੇ ਤਜਰਬੇ ਕੀਤੇ| 1998 ਵਿੱਚ ਉਸ ਦੀ ਸ਼ਾਦੀ ਮਨਜੀਤ ਕੌਰ ਪਿੰਡ ਦਿਹਾਣਾ ਨਾਲ ਹੋ ਗਈ| ਉਸ ਵੇਲੇ ਮਨਜੀਤ ਕੌਰ ਵੀ ਓਵਰਸਟੇ ਹੀ ਸੀ|

ਡਿਪੋਰਟ ਹੋਣ ਤੋਂ ਚਾਰ ਮਹੀਨੇ ਬਾਅਦ ਵਾਪਸ ਆਉਣਾ

ਨਿਊਜੀਲੈਂਡ ਇੰਮੀਗ੍ਰੇਸ਼ਨ ਨੇ ਅੱਠ ਵਾਰ ਉਸ ਦਾ ਪੱਕੇ ਹੋਣ ਦਾ ਕੇਸ ਫੇਲ ਕੀਤਾ| ਨਵੰਬਰ 1999 ਵਿੱਚ ਅਵਤਾਰ ਨੁੰ ਨਿਊਜ਼ੀਲੈਂਡ ਤੋਂ ਡਿਪੋਰਟ ਕਰ ਦਿੱਤਾ ਗਿਆ ਕਿਉਂਕਿ ਉਹ ਓਵਰਸਟੇ ਸੀ| ਜਦੋਂ ਅਵਤਾਰ ਨੂੰ ਡਿਪੋਰਟ ਕੀਤਾ ਗਿਆ ਤਾਂ ਉਸ ਵੇਲੇ ਉਹ ਔਕਲੈਂਡ ਦੀ ਸਭ ਤੋਂ ਵੱਡੀ ਕੀਵੀ ਫਰੂਟ ਕੰਪਨੀ ਦਾ ਮੈਨੇਜਰ ਸੀ| ਡਿਪੋਰਟ ਹੋਣ ਕਰਕੇ ਅਵਤਾਰ ਤੇ ਨਿਊਜੀਲੈਂਡ ਵਾਪਸ ਆਉਣ ਵਾਸਤੇ ਪੰਜ ਸਾਲ ਦਾ ਬੈਨ ਲੱਗਿਆ| ਅਵਤਾਰ ਦੇ ਘਰ ਜਨਵਰੀ 2000 ਵਿੱਚ ਬੇਟੇ ਨੇ ਨਿਊਜ਼ੀਲੈਂਡ ਵਿੱਚ ਜਨਮ ਲਿਆ| ਜਿਸ ਦਾ ਨਾਮ ਨਵਦੀਪ ਸਿੰਘ ਰੱਖਿਆ ਗਿਆ| ਨਿਊਜ਼ੀਲੈਂਡ ਵਿੱਚ ਪੈਦਾ ਹੋਣ ਕਰਕੇ ਬੇਟਾ ਨਿਊਜੀਲੈਂਡ ਦਾ ਸਿਟੀਜਨ ਬਣ ਗਿਆ ਭਾਵੇਂ ਕਿ ਮਾਂ ਪਿਓ ਕੱਚੇ ਹੀ ਸਨ| ਅਵਤਾਰ ਨੂੰ ਡਿਪੋਰਟ ਕਰਨ ਤੋਂ ਬਾਅਦ ਸਰਕਾਰ ਅਤੇ ਕੰਪਨੀ ਨੂੰ ਕੋਈ ਯੋਗ ਅਵਤਾਰ ਵਰਗਾ ਵਰਕਰ ਕੰਮ ਕਰਨ ਲਈ ਨਹੀਂ ਮਿਲਿਆ| ਨਿਊਜ਼ੀਲੈਂਡ ਸਰਕਾਰ ਨੇ ਅਵਤਾਰ ਤੇ ਲਗਾਇਆ ਪੰਜ ਸਾਲ ਦਾ ਬੈਨ ਕੈਂਸਲ ਕਰ ਦਿੱਤਾ ਅਤੇ ਉਸਨੂੰ ਵਰਕ ਪਰਮਿਟ ਦੇ ਕੇ ਚਾਰ ਮਹੀਨੇ ਵਿੱਚ ਹੀ 31 ਮਾਰਚ 2000 ਨੂੰ ਨਿਊਜੀਲੈਂਡ ਬੁਲਾ ਲਿਆ| ਉਸ ਦੀ ਪਤਨੀ ਨੂੰ ਵੀ ਵਰਕ ਪਰਮਿਟ ਦੇ ਦਿੱਤਾ ਗਿਆ|ਨਿਊਜ਼ੀਲੈਂਡ ਇੰਮੀਗ੍ਰੇਸ਼ਨ ਨੇ ਪਹਿਲਾਂ ਲਈਆਂ ਫੀਸਾਂ ਵੀ ਮੋੜ ਦਿੱਤੀਆਂ| ਸੰਨ 2001 ਵਿੱਚ ਅਵਤਾਰ ਨੂੰ ਪੱਕਾ ਕਰ ਦਿੱਤਾ ਗਿਆ| ਡਿਪੋਰਟ ਹੋਣ ਤੋਂ ਚਾਰ ਮਹੀਨੇ ਵਿੱਚ ਵਾਪਸ ਆਉਣ ਵਾਲਾ ਅਵਤਾਰ ਦਾ ਪਹਿਲਾ ਕੇਸ ਸੀ|

ਵਿਗਿਆਨਕ/ਤਰਕਸ਼ੀਲ ਨਜ਼ਰੀਆ

ਸੰਨ 1994 ਦੇ ਕਰੀਬ ਅਵਤਾਰ ਨੇ ਵਿਗਿਆਨਿਕ ਨਜ਼ਰੀਏ, ਤਰਕਸ਼ੀਲ ਨਜਰੀਏ ਅਤੇ ਅਗਾਂਹ ਵਧੂ ਕਿਤਾਬਾਂ ਭਾਰਤ ਤੋਂ ਮੰਗਵਾ ਕੇ ਤਰਕਸ਼ੀਲ ਲਹਿਰ ਦਾ ਮੁੱਢ ਬੰਨਿਆ ਜਿਸ ਵਿੱਚ ਉਸ ਦੇ ਇਕ ਦੋਸਤ ਅਤੇ ਮੁਢਲੇ ਸਾਥੀ ਧਰਮਪਾਲ ਪਿੰਡ ਰਾਏਪੁਰ ਡੱਬਾ ਦਾ ਵੀ ਯੋਗਦਾਨ ਸੀ| ਤਰਕਸ਼ੀਲ ਲਹਿਰ ਸ਼ੁਰੂ ਕਰਨ ਵੇਲੇ ਅਵਤਾਰ ਅਜੇ ਓਵਰਸਟੇ ਹੀ ਸੀ| ਜਿਸ ਕੀਵੀ ਫਰੂਟ ਦੀ ਕੰਪਨੀ ਵਿੱਚ ਅਵਤਾਰ ਕੰਮ ਕਰਦਾ ਸੀ ਉਹ ਬਹੁਤ ਤਰੱਕੀ ਕਰ ਗਈ ਅਤੇ ਅਵਤਾਰ ਉਸ ਕੰਪਨੀ ਵਿੱਚ ਕੁਆਲੀਵਾਈਡ ਡਾਕਟਰਾਂ ਨਾਲੋਂ ਵੀ ਵੱਧ ਤਨਖਾਹ ਲੈਂਦਾ ਸੀ| ਸੰਨ 2002 ਵਿੱਚ ਅਵਤਾਰ ਦੇ ਬੇਟੇ ਲਵਦੀਪ ਸਿੰਘ ਨੇ ਜਨਮ ਲਿਆ| ਸੰਨ 2005 ਵਿੱਚ ਕੀਵੀ ਫਰੂਟ ਦੀ ਕੰਪਨੀ ਨੇ ਅਵਤਾਰ ਨੁੰ ਕੰਮ ਤੋਂ ਕੱਢ ਦਿੱਤਾ ਕਿਉਂਕਿ ਕੰਪਨੀ ਰੀਸਟਰਕਚਰ ਹੋਈ ਸੀ ਜਿਸ ਦਾ ਅਵਤਾਰ ਨੂੰ ਬਹੁਤ ਦੁੱਖ ਲੱਗਿਆ ਕਿਉਂਕਿ ਉਸ ਨੇ ਕੰਪਨੀ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਅਤੇ ਅੱਜ ਉਸੇ ਕੰਪਨੀ ਵਿੱਚੋਂ ਉਸ ਨੂੰ ਕੱਢ ਦਿੱਤਾ ਗਿਆ ਸੀ| ਅਵਤਾਰ ਨੂੰ ਮਾੜੇ ਹਲਾਤਾਂ ਵਿੱਚੋਂ ਵੀ ਚੰਗੇ ਹਲਾਤ ਲੱਭਣ ਦੀ ਆਦਤ ਹੈ| ਵੈਸੇ ਵੀ ਉਹ ਮਾੜੇ ਹਲਾਤ ਜਿੰਦਗੀ ਵਿੱਚ ਬਹੁਤ ਵਾਰ ਦੇਖ ਚੁੱਕਾ ਸੀ| ਇਸ ਕਰਕੇ ਉਸ ਨੇ ਹਾਰ ਨਹੀਂ ਮੰਨੀ|

ਟੌਪ 1% ਇਨਵੈਸਟਰਾਂ ਦੀ ਲਿਸਟ ਵਿੱਚ ਸ਼ਾਮਿਲ

ਅਵਤਾਰ ਨੇ ਫੈਸਲਾ ਕੀਤਾ ਕਿ ਉਹ ਜਿੰਦਗੀ ਵਿੱਚ ਹੁਣ ਕਿਸੇ ਹੋਰ ਦੇ ਕੰਮ ਨਹੀਂ ਕਰੇਗਾ| ਅਵਤਾਰ ਨੇ ਸੋਚਿਆ ਕਿ ਕਿਸੇ ਹੋਰ ਨੁੰ ਅਮੀਰ ਬਣਾਉਣ ਦੀ ਬਜਾਏ ਆਪਣੇ ਆਪ ਨੂੰ ਹੀ ਅਮੀਰ ਬਣਾਇਆ ਜਾਵੇ| ਇਹ ਸੋਚ ਕੇ ਅਵਤਾਰ ਨੇ 2005 ਵਿੱਚ ਹੀ ਆਪਣੀ ਕੀਵੀ ਫਰੂਟ ਦੀ ਕੰਪਨੀ ਅਵਤਾਰ ਕੰਟਰੈਕਟਿੰਗ ਲਿਮਿਟਡ ਦੀ ਸੁਰੂਆਤ ਕੀਤੀ| ਇਸ ਨੁੰ ਉਹ ਇਕ ਸਾਲ ਵਿੱਚ ਹੀ ਔਕਲੈਂਡ ਦੀ ਸਭ ਤੋਂ ਵੱਡੀ ਕੀਵੀ ਫਰੂਟ ਦੀ ਸਰਵਿਸ ਪਰਵਾਇਡਿੰਗ ਕੰਪਨੀ ਬਣਾਉਣ ਵਿੱਚ ਕਾਮਯਾਬ ਹੋ ਗਿਆ| ਅਵਤਾਰ ਨੇ ਆਪਣੇ ਪਰਿਵਾਰ ਦੇ ਐਸੈਟਸ ਨੂੰ ਸੁਰੱਖਿਅਤ ਬਣਾਉਣ ਲਈ ਅਵਾਤਰ ਫੈਮਿਲੀ ਟਰਸਟ ਬਣਾਇਆ| ਸੰਨ 2008 ਵਿੱਚ ਅਵਤਾਰ ਦੇ ਤੀਜੇ ਬੇਟੇ ਸੀਰਤਦੀਪ ਸਿੰਘ ਨੇ ਜਨਮ ਲਿਆ| ਸੰਨ 2009 ਵਿੱਚ ਅਵਤਾਰ ਨੇ ਆਪਣੀ ਇਕ ਹੋਰ ਕੰਪਨੀ ਬਾਰਗੇਨ ਸੈੱਲ ਲਿਮਿਟਡ ਹੋਂਦ ਵਿੱਚ ਲਿਆਂਦੀ ਜਿਸ ਵਿੱਚ ਘਰਾਂ ਨੁੰ ਖਰੀਦ ਕੇ ਵਧੀਆ ਬਣਾ ਕੇ ਵੇਚਿਆ ਜਾਂਦਾ ਸੀ| ਸੰਨ 2014 ਦੇ ਕਰੀਬ ਅਵਤਾਰ ਨੇ ਇਕ ਹੋਰ ਕੰਪਨੀ ਅਵਤਾਰ ਇੰਟਰਨੈੱਟ ਐਂਡ ਕੈਫੇ ਲਿਮਿਟਡ ਬਣਾਈ ਜਿਸ ਵਿੱਚ ਆਈ ਟੀ ਸਬੰਧੀ ਕੰਮ ਕੀਤੇ ਜਾਂਦੇ ਸਨ ਅਤੇ ਨਾਲ ਨਾਲ ਗੇਮਾਂ ਖੇਡਣ ਅਤੇ ਹੋਰ ਕਈ ਕੰਮ ਕੀਤੇ ਜਾਂਦੇ ਸਨ| ਭਾਵੇਂ ਕਿ ਅਵਤਾਰ ਨੇ ਬਹੁਤ ਸਾਰੇ ਕਾਰੋਬਾਰ ਕੀਤੇ ਅਤੇ ਹਜ਼ਾਰਾਂ ਲੋਕਾਂ ਨੂੰ ਵੱਖ ਵੱਖ ਕਿੱਤਿਆਂ ਵਿੱਚ ਰੁਜਗਾਰ ਦਿੱਤੇ ਪਰ ਉਸਨੂੰ ਸਭ ਤੋਂ ਵਧੀਆ ਕੰਮ ਘਰਾਂ ਦੀ ਇਨਵੈਸਟਮੈਂਟ ਦਾ ਲੱਗਿਆ ਜਿਸ ਵਿੱਚ ਉਹ ਪ੍ਰਾਪਰਟੀਆਂ ਦੀ ਗਿਣਤੀ ਮੁਤਾਬਕ ਨਿਊਜੀਲੈਂਡ ਦੇ ਪ੍ਰਾਪਰਟੀ ਇਨਵੈਸਟਰਾਂ ਦੀ ਗਿਣਤੀ ਵਿੱਚ ਟੌਪ 1% ਵਿੱਚ ਸ਼ਾਮਿਲ ਹੋਇਆ| ਇਸ ਤੋਂ ਪਹਿਲਾਂ ਅਵਤਾਰ ਦੀਆਂ ਹੋਰ ਦੋ ਰੈਸੀਡੈਂਸ਼ਲ ਪ੍ਰਾਪਰਟੀ ਇਨਵੈਸਟਮੈਂਟ ਦੀਆਂ ਕੰਪਨੀਆਂ ਸੰਨ 2002 ਤੋਂ ਅਵਤਾਰ ਐਂਟਰਪ੍ਰਾਇਜ਼ਜ਼ ਲਿਮਿਟਡ ਅਤੇ ਲਮਨਸ ਐਂਟਰਪ੍ਰਾਇਜ਼ਜ਼ ਲਿਮਿਟਡ ਦੇ ਨਾਮ ਹੇਠ ਚੱਲਦੀਆਂ ਸਨ ਜਿਹਨਾਂ ਵਿੱਚ ਪ੍ਰਾਪਰਟੀ ਇਨਵੈਸਟਮੈਂਟ ਦਾ ਕੰਮ ਕੀਤਾ ਜਾਂਦਾ ਸੀ|

ਸਖਤ ਮਿਹਨਤ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ

ਅਵਤਾਰ ਦਾ ਮੰਨਣਾ ਹੈ ਕਿ ਜਿੰਦਗੀ ਵਿੱਚ ਤਰੱਕੀ ਕਰਨ ਲਈ ਵੱਧ ਪੜ੍ਹਾਈ ਜਾਂ ਵੱਧ ਪੈਸੇ ਦੀ ਲੋੜ ਨਹੀਂ ਪੈਂਦੀ| ਸਖਤ ਮਿਹਨਤ ਅਤੇ ਸਹੀ ਰਸਤਾ ਮਿਲਣਾ ਜਾਂ ਲੱਭਣਾ ਹੀ ਤਰੱਕੀ ਦੇ ਰਾਹ ਖੋਲ੍ਹਦਾ ਹੈ| ਅਵਤਾਰ ਕੋਲ ਵੀ ਬਹੁਤੀ ਪੜ੍ਹਾਈ ਅਤੇ ਪੈਸਾ ਨਹੀਂ ਸੀ ਅਤੇ ਉਸ ਨੇ ਤਰੱਕੀ ਵਾਸਤੇ ਦੂਜਿਆਂ ਤੋਂ ਮੱਦਦ ਵੀ ਨਹੀਂ ਮੰਗੀ ਸੀ| ਅਵਤਾਰ ਆਪਣੀ ਪਤਨੀ ਮਨਜੀਤ ਕੌਰ, ਬੇਟੇ ਨਵਦੀਪ ਸਿੰਘ, ਲਵਦੀਪ ਸਿੰਘ ਅਤੇ ਸੀਰਤਦੀਪ ਸਿੰਘ ਨਾਲ ਨਿਊਜੀਲੈਂਡ ਦੇ ਔਕਲੈਂਡ ਸ਼ਹਿਰ ਦੇ ਕਸਬੇ ਪੁਕੀਕੋਹੀ ਵਿੱਚ ਰਹਿੰਦਾ ਹੈ| ਉਹ ਜਿਆਦਾ ਸਮਾਂ ਕਮਿਊਨਿਟੀ ਦੇ ਕੰਮਾਂ ਤੇ ਲਗਾਉਂਦਾ ਹੈ| ਅਵਤਾਰ ਦੇ ਕਾਰੋਬਾਰ ਉਸ ਦੀਆਂ ਗੋਰੀਆਂ ਮੈਨੇਜਰ ਹੀ ਦੇਖਦੀਆਂ ਹਨ| ਅਵਤਾਰ ਦੀ ਭਾਬੀ ਜੀ, ਭਤੀਜੀ ਅਤੇ ਭਤੀਜਾ ਕਨੈਡਾ ਵਿੱਚ ਰਹਿੰਦੇ ਹਨ| ਅਵਤਾਰ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਜਿਸ ਨੇ ਉਸ ਨੂੰ ਪਾਲਿਆ ਅਤੇ ਪੜ੍ਹਾਇਆ ਸੀ| ਅਵਤਾਰ ਨੂੰ ਇਸ ਗੱਲ ਦਾ ਹਮੇਸ਼ਾ ਦੁੱਖ ਰਹਿੰਦਾ ਹੈ ਕਿ ਉਸ ਦੀ ਮਾਂ ਅਤੇ ਭਰਾ ਅਵਤਾਰ ਦੀ ਤਰੱਕੀ ਦੇਖਣ ਤੋਂ ਪਹਿਲਾਂ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਅਤੇ ਬਾਪੂ ਨੂੰ ਤਾਂ ਆਪਣੀ ਸੁਰਤ ਵਿੱਚ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ ਸੀ|