* ਇਸ਼ਾਰਿਆਂ ਨੂੰ ਸਮਝੋ *
ਨਿਊਜ਼ੀਲੈਂਡ ਵਿੱਚ ਬਹੁਤ ਲੋਕ ਇਹ ਨਹੀਂ ਜਾਣ ਪਾਉਂਦੇ ਕਿ ਘਰ ਖਰੀਦਣ ਦਾ ਸਮਾਂ ਕਿਹੜਾ ਠੀਕ ਹੈ? ਕਦੋਂ ਪ੍ਰਾਪਰਟੀ ਉੱਤੇ ਜਾਵੇਗੀ ਜਾਂ ਥੱਲੇ?
ਸ਼ਾਇਦ ਇਸ ਦਾ ਜਵਾਬ ਦੇਣਾ ਸਭ ਨੂੰ ਅਸੰਭਵ ਲੱਗੇ ਪਰ ਪ੍ਰਾਪਰਟੀ ਮਾਰਕੀਟ ਦੇ ਇਸ਼ਾਰਿਆਂ ਨੂੰ ਸਮਝ ਕੇ ਖੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ l
ਇਨ੍ਹਾਂ ਦਿਨਾਂ ਵਿੱਚ ਖਰੀਦਣ ਵਾਲੇ ਇਹ ਪੁੱਛ ਰਹੇ ਹਨ ਕਿ ਮਾਰਕੀਟ ਹੋਰ ਕਿੰਨੀ ਕੁ ਥੱਲੇ ਡਿਗੇਗੀ ਅਤੇ ਵੇਚਣ ਵਾਲੇ ਪੁੱਛ ਰਹੇ ਹਨ ਕਿ ਮਾਰਕੀਟ ਉੱਪਰ ਕਦੋਂ ਜਾਵੇਗੀ ਭਾਵ ਫ਼ਿਕਰ ਸਭ ਨੂੰ ਆਪੋ ਆਪਣਾ ਹੈ l
ਜੇ ਮੈਨੂੰ ਪੁੱਛੋਂ ਤਾਂ ਮੈਂ ਮਾਰਕੀਟ ਦੇ ਉੱਪਰ ਜਾਣ ਵਿੱਚ ਵੀ ਖੁਸ਼ ਹਾਂ ਅਤੇ ਥੱਲੇ ਡਿਗਣ ਦੇ ਵਿੱਚ ਵੀ ਖੁਸ਼ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਮਾਰਕੀਟ ਉੱਤੇ ਜਾਂ ਥੱਲੇ ਗਈ ਦਾ ਅਸਰ ਪੇਪਰਾਂ ਵਿੱਚ ਹੀ ਜਿਆਦਾ ਹੁੰਦਾ ਹੈ l
ਘਾਟਾ ਉਸ ਨੂੰ ਪੈਂਦਾ ਹੈ ਜਿਸ ਨੂੰ ਥੱਲੇ ਗਈ ਮਾਰਕੀਟ ਤੇ ਘਰ ਵੇਚਣਾ ਪਵੇ l ਜੇ ਉਹ ਥੱਲੇ ਗਈ ਮਾਰਕੀਟ ਤੇ ਘਰ ਨਹੀਂ ਵੇਚਦਾ ਤਾਂ ਕੁੱਝ ਸਾਲਾਂ ਬਾਦ ਫਿਰ ਮਾਰਕੀਟ ਉੱਪਰ ਆ ਜਾਂਦੀ ਹੈ l ਇਸ ਗੱਲ ਦੀ ਗਵਾਹੀ ਇਤਿਹਾਸ ਵੀ ਭਰਦਾ ਹੈ l
ਤਕਰੀਬਨ 66% ਦੇ ਲਾਗੇ ਲੋਕ ਆਪਣੇ ਪਹਿਲੇ ਘਰ ਵਿੱਚ ਰਹਿੰਦੇ ਹਨ l ਉਹ ਵੈਸੇ ਹੀ ਫਿਕਰਮੰਦ ਹੋ ਜਾਂਦੇ ਹਨ l ਉਨ੍ਹਾਂ ਨੇ ਨਾ ਘਰ ਵੇਚਣਾ ਹੁੰਦਾ ਹੈ ਅਤੇ ਨਾ ਖਰੀਦਣਾ ਹੁੰਦਾ ਹੈ l ਮੰਨ ਲਓ ਕੋਈ 10 ਲੱਖ ਡਾਲਰ ਦੇ ਘਰ ਵਿੱਚ ਰਹਿ ਰਿਹਾ ਹੈ ਅਤੇ ਘਰ ਦੀ ਕੀਮਤ 11 ਲੱਖ ਹੋ ਜਾਂਦੀ ਹੈ ਤਾਂ ਉਹ ਫਿਰ ਵੀ ਉੱਥੇ ਹੀ ਰਹਿੰਦਾ ਹੈ ਅਤੇ ਜੇ ਉਸ 10 ਲੱਖ ਵਾਲੇ ਘਰ ਦੀ ਕੀਮਤ 9 ਲੱਖ ਰਹਿ ਜਾਵੇ ਤਾਂ ਵੀ ਉਹ ਉੱਥੇ ਹੀ ਰਹਿੰਦਾ ਹੈ l
ਇਸ ਦਾ ਭਾਵ ਹੈ ਕਿ ਲੱਖ ਵਧਣ ਜਾਂ ਘਟਣ ਨਾਲ ਉਸ ਦੀ ਜੇਬ ਵਿੱਚ ਨਾ ਕੁੱਝ ਪਿਆ ਅਤੇ ਨਾ ਹੀ ਜੇਬ ਵਿੱਚੋਂ ਕੁੱਝ ਗਿਆ l
ਤਾਜ਼ੇ ਅੰਕੜੇ ਦੱਸਦੇ ਹਨ ਕਿ 2026 ਦੇ ਪਹਿਲੇ 3 ਮਹੀਨਿਆਂ ਵਿੱਚ ਇਨਵੈਸਟਰਾਂ ਨੇ ਓਸਤਨ 24% ਘਰ ਖਰੀਦੇ l ਕ੍ਰਿਸਚਰਚ ਵਿੱਚ 25%, ਔਕਲੈਂਡ ਵਿੱਚ 26% ਅਤੇ ਹਮਿਲਟਨ ਵਿੱਚ 28% ਘਰ ਖਰੀਦੇ l ਇਸ ਤੋਂ ਪਤਾ ਲਗਦਾ ਹੈ ਕਿ ਇਨਵੈਸਟਰ ਅਜੇ ਵੀ ਮਾਰਕੀਟ ਵਿੱਚ ਹਨ l ਭਾਵ ਘਰਾਂ ਦੀ ਮਾਰਕੀਟ ਡਿਗਣ ਦਾ ਚਾਨਸ ਬਹੁਤ ਘੱਟ ਹੈ l ਇਹ ਵੀ ਕਿਹਾ ਜਾ ਸਕਦਾ ਹੈ ਕਿ ਇਨਵੈਸਟਰਾਂ ਨੂੰ ਅਜੇ ਵੀ ਲਗਦਾ ਹੈ ਕਿ ਘਰ ਖਰੀਦਣਾ ਚੰਗੀ ਇਨਵੈਸਟਮੈਂਟ ਹੈ l
ਇਸ ਸਾਲ ਨਿਊਜ਼ੀਲੈਂਡ ਵਿੱਚ ਵੋਟਾਂ ਵੀ ਪੈਣੀਆਂ ਹਨ l ਵੋਟਾਂ ਪੈਣ ਵਾਲੇ ਸਾਲ ਵਿੱਚ ਲੋਕ ਵੋਟਾਂ ਦੀ ਉਡੀਕ ਕਰਨ ਲੱਗ ਪੈਂਦੇ ਹਨ ਕਿ ਕਿਹੜੀ ਪਾਰਟੀ ਜਿੱਤੇਗੀ l ਵਿਆਜ਼ ਵਧਣ ਕਾਰਣ ਵੀ ਲੋਕ ਦੋਚਿੱਤੀ ਵਿੱਚ ਹਨ, ਹੁਣ ਅਜੇ ਅਮਰੀਕਾ- ਇਰਾਨ ਲੜ੍ਹਾਈ (ਅਪ੍ਰੈਲ 2026 ਵਿੱਚ) ਵੀ ਚੱਲ ਰਹੀ ਹੈ ਜਿਸ ਕਾਰਣ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ, ਅੱਗੇ ਜੂਨ ਤੋਂ ਅਗਸਤ ਠੰਡ ਅਤੇ ਮੀਂਹ ਦੇ ਮਹੀਨੇ ਹਨ ਜਿਨ੍ਹਾਂ ਵਿੱਚ ਲੋਕ ਘੱਟ ਘਰ ਖਰੀਦਦੇ ਹਨ, ਵੋਟਾਂ ਖ਼ਤਮ ਹੁੰਦਿਆਂ ਸਾਰ ਕ੍ਰਿਸਮਿਸ ਦਾ ਸਮਾਂ ਸ਼ੁਰੂ ਹੋ ਜਾਵੇਗਾ ਜਿਸ ਦੌਰਾਨ ਜਿਆਦਾ ਲੋਕ ਛੁੱਟੀਆਂ ਤੇ ਚਲੇ ਜਾਂਦੇ ਹਨ ਅਤੇ ਘਰ ਘੱਟ ਵਿਕਦੇ ਹਨ l
ਉਪਰੋਕਤ ਇੱਛਾਰਿਆਂ ਤੋਂ ਪਤਾ ਲਗਦਾ ਹੈ ਕਿ ਮਾਰਕੀਟ ਵਿੱਚ ਬਹੁਤ ਵੱਡਾ ਉਛਾਲ ਵੀ ਨਹੀਂ ਆਵੇਗਾ l
ਪ੍ਰਾਪਰਟੀ ਮਾਰਕੀਟ 5% ਉੱਤੇ ਜਾਂ ਥੱਲੇ ਜਾਵੇ ਤਾਂ ਇਸ ਦਾ ਬਹੁਤਾ ਨੋਟਿਸ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਹਮੇਸ਼ਾਂ ਹੁੰਦਾ ਰਹਿੰਦਾ ਹੈ l
ਕਿਹਾ ਜਾ ਸਕਦਾ ਹੈ ਕਿ ਘਰ ਖਰੀਦਣ ਦਾ ਮੌਕਾ ਅਜੇ ਬਹੁਤ ਵਧੀਆ ਹੈ ਪਰ ਇਸ ਦਾ ਭਾਵ ਇਹ ਨਹੀਂ ਕਿ ਅੱਖਾਂ ਮੀਟ ਕੇ ਕੋਈ ਵੀ ਘਰ ਖਰੀਦਿਆ ਜਾ ਸਕਦਾ ਹੈ l ਘਰ ਖਰੀਦਣ ਤੋਂ ਪਹਿਲਾਂ ਘਰ ਬਾਰੇ ਸਹੀ ਜਾਣਕਾਰੀ ਕੋਲ ਹੋਣੀ ਜ਼ਰੂਰੀ ਹੈ l
ਨੋਟ :- ਇਹ ਲੇਖ ਮੇਰੇ ਆਪਣੇ 26 ਸਾਲਾਂ ਦੇ ਤਜ਼ਰਬੇ ਤੇ ਅਧਾਰਤ ਹੈ l ਨਿਊਜ਼ੀਲੈਂਡ ਪ੍ਰਾਪਰਟੀ ਬਾਰੇ ਹੋਰ ਜਾਣਕਾਰੀ ਲਈ ਮੇਰੀ ਆਪਣੇ ਤਜ਼ਰਬੇ ਦੇ ਅਧਾਰ ਤੇ ਲਿਖੀ ਕਿਤਾਬ Homeless to Multi-Millionaire ਪੜ੍ਹ ਸਕਦੇ ਹੋ ਜਿਸ ਵਿੱਚ ਸਾਰੇ ਆਪਣੇ ਡਾਟੇ ਦਿੱਤੇ ਗਏ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147