ਕੁੱਝ ਕਹਿਣ ਅਸੀਂ ਤਾਂ ਐਵੇਂ ਹੀ ਝੱਲੇ ਹੋਏ,
ਨਾ ਜਾਨਣ ਮਿਹਨਤਾਂ ਨਾਲ ਮੁਕਾਮ ਮੱਲੇ ਹੋਏ l
ਬਚ ਬਚ ਕੇ ਹਨੇਰੀਆਂ ਝੱਖੜਾਂ ਤੋਂ ਸੀ ਰਹੇ,
ਜ਼ਿੰਦਗੀ ਸਾਡੀ ਵਿੱਚ ਬਹੁਤ ਵਾਰੀ ਹੱਲੇ ਹੋਏ l
ਕਈ ਵਾਰੀ ਮੱਲਮ ਪੱਟੀ ਕਰ ਜ਼ਖਮ ਸੀਤੇ,
ਬੇਸ਼ੱਕ ਬਹੁਤੀ ਵਾਰੀ ਫਿਰ ਅੱਲੇ ਹੋਏ l
ਕਦੇ ਕਦੇ ਤਾਂ ਆਪਣਿਆਂ ਸਾਥ ਦਿੱਤਾ,
ਪ੍ਰਵਾਹ ਬਿਲਕੁਲ ਨਾ ਕੀਤੀ ਜਦ ਇਕੱਲੇ ਹੋਏ l
ਹਰ ਤਰਾਂ ਦੀ ਮਜ਼ਦੂਰੀ ਕਰਨੋਂ ਪਿੱਛੇ ਨਾ ਹਟੇ,
ਇਸੇ ਸੰਘਰਸ਼ ਕਰਕੇ ਹੀ ਕੋਲ ਗੱਲੇ ਹੋਏ l
ਕੁੱਝ ਨੇ ਲੜਨ ਦੀ ਬੜੀ ਵਾਰ ਕੋਸ਼ਿਸ਼ ਕੀਤੀ,
ਨਿਮਰਤਾ ਸਹਿਤ ਬਿਨਾਂ ਵਜ਼੍ਹਾ ਅਸੀਂ ਥੱਲੇ ਹੋਏ l
ਮਤਲਬ ਵੇਲੇ ਸੀ ਗ਼ੈਰਾਂ ਫਾਇਦਾ ਚੁੱਕਿਆ,
ਬਾਦ ਵਿੱਚ ਬੇਸ਼ੱਕ ਸਾਡੇ ਭਾਅ ਸਵੱਲੇ ਹੋਏ l
ਕਾਮਯਾਬੀ ਰੋਕਣ ਲਈ ਬੜੇ ਰਾਹ ਦੇ ਰੋੜੇ ਮਿਲੇ,
ਬਿਨਾਂ ਥੱਕਿਆਂ ਹੁਣ ਵੀ ਹਨ ਯਾਰ ਚੱਲੇ ਹੋਏ l
ਗੱਲ ਅੱਜ ਦੇ ਕਾਰਾਂ, ਮੋਟਰਾਂ ਤੇ ਜ਼ਹਾਜ਼ਾਂ ਦੀ ਨਹੀਂ,
ਮਜ਼ਬੂਰੀ ਵੇਲੇ ਸਾਇਕਲ ਵੀ ਸਨ ਦਵੱਲੇ ਹੋਏ l
ਹਿੰਮਤ, ਮਿਹਨਤ, ਪਸੀਨਾ ਤੇ ਸਿਰੜ ਨਾ ਦੇਖਣ,
ਘਰ ਬੈਠੇ ਕਹਿਣ ਵਿਹਲੇ ਖਾ ਖਾ ਤੁਸੀਂ ਫਲ਼ੇ ਹੋਏ l
ਭਲਿਆਂ ਨੂੰ ਕਿਹੜਾ ਸਮਝਾਵੇ ਕਿ ਬਹੁਤ ਵਾਰ,
ਨਾ ਪ੍ਰਾਤ ਵਿੱਚ ਆਟਾ ਨਾ ਬਾਲਣ ਚੁੱਲ੍ਹੇ ਹੋਏ l
ਅਵਤਾਰ ਜਦੋਂ ਕਦੇ ਸੀ ਵਿਰਲਿਆਂ ਸਾਥ ਦਿੱਤਾ,
ਖੁਰਦਪੁਰੀਏ ਨੂੰ ਹੋਰਾਂ ਆਖਿਆ ਤੁਸੀਂ ਰਲੇ ਹੋਏ l
ਤਰਕਸ਼ੀਲਾ ਲਾਈਲੱਗਾਂ ਨੇ ਹਰ ਵਾਰ ਕਿਹਾ,
ਕਿਸਮਤ’ਚ ਸੀ ਤਾਂ ਹੀ ਤੁਹਾਡੇ ਬੱਲੇ ਬੱਲੇ ਹੋਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
06421392147