-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜ਼ਿੰਦਗੀ ਵਿੱਚ ਮੈਂ ਬਹੁਤ ਕਾਰੋਬਾਰ ਕੀਤੇ ਅਤੇ ਬਹੁਤ ਕਾਰੋਬਾਰਾਂ ਦੀ ਮੈਨੇਜ਼ਮੈਂਟ ਕੀਤੀ l
ਸਾਰੇ ਹੀ ਕਾਰੋਬਾਰਾਂ ਵਿੱਚ ਇੱਕ ਅਸੂਲ ਹੁੰਦਾ ਸੀ ਕਿ ਗਾਹਕ ਦੀ ਜੇ 100% ਤਸੱਲੀ ਹੋਵੇ ਤਾਂ ਹੀ ਪੈਸੇ ਲੈਣੇ ਹਨ l ਇਸੇ ਕਰਕੇ ਬਹੁਤੇ ਗੋਰੇ ਮੇਰੀਆਂ ਕੰਪਨੀਆਂ ਦਾ ਨਾਮ ਸੁਣ ਕੇ ਹੀ ਤਸੱਲੀ ਮਹਿਸੂਸ ਕਰਦੇ ਹੁੰਦੇ ਸੀ l
ਜਦੋਂ ਵੀ ਗੋਰਿਆਂ ਨੂੰ ਮੇਰੀ ਕੰਪਨੀ ਦਾ ਪਤਾ ਲੱਗੇ ਕਿ ਇਹ ਕੰਪਨੀ ਸਰਵਿਸ ਪਰਵਾਈਡ ਕਰਨ ਆ ਰਹੀ ਹੈ ਤਾਂ ਉਨ੍ਹਾਂ ਕਦੇ ਵੀ ਹੋਰ ਸਵਾਲ ਨਹੀਂ ਕੀਤਾ ਸੀ l
ਇੱਕ ਵਾਰ ਇੱਕ ਗੋਰਾ ਕਹਿਣ ਲੱਗਾ ਕਿ ਕੰਮ ਮੇਰੇ ਸਟੈਂਡਰਡ ਤੋਂ 10% ਉੱਤੇ ਥੱਲੇ ਹੋ ਜਾਵੇ ਤਾਂ ਠੀਕ ਹੈ ਪਰ ਜੇ 10% ਤੋਂ ਵੱਧ ਦਾ ਫ਼ਰਕ ਹੋਇਆ ਤਾਂ ਮੈਂ ਓਨੇ ਪੈਸੇ ਕੱਟਾਂਗਾ ਜਿਸ ਦਾ ਭਾਵ ਸੀ ਕਿ ਜੇ ਕੰਮ ਦੇ ਸਟੈਂਡਰਡ ਦਾ ਫ਼ਰਕ 15% ਪੈ ਗਿਆ ਤਾਂ ਉਹ ਕੁੱਲ ਪੈਸਿਆਂ ਵਿੱਚੋਂ 15% ਘੱਟ ਦੇਵੇਗਾ l
ਉਸ ਦੀ ਇਹ ਸ਼ਰਤ ਕੋਈ ਹੋਰ ਕੰਪਨੀ ਮੰਨਣ ਨੂੰ ਤਿਆਰ ਨਹੀਂ ਸੀ l ਅਖੀਰ ਵਿੱਚ ਉਸ ਨੇ ਮੈਨੂੰ ਸੱਦਿਆ ਸੀ l ਕਹਿੰਦਾ ਤੇਰਾ ਬਹੁਤ ਨਾਮ ਹੈ ਅਤੇ ਮੈਂ ਸੋਚਦਾ ਹਾਂ ਕਿ ਤੂੰ ਮੇਰੇ ਸਟੈਂਡਰਡ ਮੁਤਾਬਕ ਕੰਮ ਕਰ ਸਕਦਾ ਹੈਂ l ਇਹ ਕਹਿੰਦਿਆਂ ਹੀ ਉਸ ਨੇ ਆਪਣੀ ਉਪਰੋਕਤ ਸ਼ਰਤ ਦੁਹਰਾਈ ਸੀ l
ਮੈਂ ਕਿਹਾ ਕਿ ਮੈਨੂੰ ਤੇਰੀ ਸ਼ਰਤ ਮਨਜ਼ੂਰ ਹੈ ਅਤੇ ਨਾਲ ਹੀ ਮੈਂ ਕਿਹਾ ਕਿ ਜੇ ਮੇਰਾ ਕੰਮ 10% ਤੋਂ ਵੱਧ ਆਉਟ ਆਫ ਸਟੈਂਡਰਡ ਹੋ ਗਿਆ ਤਾਂ ਮੈਂ ਤੇਰੇ ਤੋਂ ਕੋਈ ਪੈਸਾ ਨਹੀਂ ਲਵਾਂਗਾ l
ਗੋਰਾ ਕਹਿੰਦਾ ਕਿ ਲੱਖਾਂ ਡਾਲਰਾਂ ਦਾ ਕੰਮ ਹੈ l ਜਿਸ ਤਰਾਂ ਤੂੰ ਆਖਦਾ ਹੈਂ ਇਸ ਦਾ ਭਾਵ ਹੈ ਕਿ ਜੇ ਕੰਮ 11% ਆਊਟ ਆਫ ਸਟੈਂਡਰਡ ਹੋ ਗਿਆ ਤਾਂ ਤੂੰ ਲੱਖਾਂ ਡਾਲਰ ਕੰਮ ਦੇ ਨਹੀਂ ਲਵੇਂਗਾ?
ਮੈਂ ਕਿਹਾ ਬਿਲਕੁਲ ਸਹੀ ਗੱਲ ਹੈ l ਉਹ ਕਹਿੰਦਾ ਦੁਬਾਰਾ ਸੋਚ ਲੈ l ਮੈਂ ਕਿਹਾ ਕਿ ਪਹਿਲਾਂ ਹੀ ਸੋਚਿਆ ਹੋਇਆ ਹੈ l
ਗੋਰਾ ਬੜਾ ਖੁਸ਼ ਹੋਇਆ ਅਤੇ ਉਸ ਨੇ ਲੱਖਾਂ ਡਾਲਰਾਂ ਦਾ ਕੰਮ ਮੈਨੂੰ ਦੇ ਦਿੱਤਾ l ਮੇਰੀ ਕੰਪਨੀ ਨੇ ਬਹੁਤ ਸਾਲ ਗੋਰੇ ਦੇ ਕੰਮ ਕੀਤਾ ਅਤੇ ਕਦੇ ਵੀ ਕੰਮ 4% ਤੋਂ ਵੱਧ ਆਊਟ ਆਫ ਸਟੈਂਡਰਡ ਨਹੀਂ ਹੋਇਆ l
ਮੁਕਾਬਲੇ ਵਿੱਚ ਹੋਰ ਗੋਰੇ ਵੀ ਕੰਮ ਕਰਨ ਆਏ ਪਰ ਬਰਾਬਰ ਤੇ ਟਿਕ ਨਹੀਂ ਪਾਏ l
ਇਸੇ ਤਰਾਂ ਹੀ ਮੈਂ ਆਪਣੀ ਕਿਤਾਬ Homeless to Multi-Millionaire ਅੰਗਰੇਜ਼ੀ ਵਿੱਚ ਲਿਖੀ ਜਿਸ ਨੂੰ 90% ਦੇ ਕਰੀਬ ਗੋਰੇ ਹੀ ਖਰੀਦਦੇ ਹਨ l ਕਿਤਾਬ ਦੀ ਕੀਮਤ ਡਾਕ ਖਰਚ ਸਮੇਤ ਨਿਊਜ਼ੀਲੈਂਡ ਵਿੱਚ 45 ਡਾਲਰ ਹੈ l ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਹਿੰਗੀ ਕਿਤਾਬ ਹੈ l
ਪਰ ਮੇਰਾ ਮੰਨਣਾ ਹੈ ਕਿ ਜਿਹੜੀ ਕਿਤਾਬ ਜਾਂ ਜਾਣਕਾਰੀ ਵਿਅਕਤੀ ਦੇ ਜੀਵਨ ਵਿੱਚ ਕੰਮ ਆ ਜਾਵੇ ਖਾਸ ਤੌਰ ਤੇ ਆਰਥਿਕਤਾ ਸੁਧਾਰਨ ਲਈ ਤਾਂ ਉਹ ਕਿਤਾਬ ਜਾਂ ਜਾਣਕਾਰੀ ਕਦੇ ਮਹਿੰਗੀ ਨਹੀਂ ਹੁੰਦੀ l
ਤਿੰਨ ਕੁ ਹਫ਼ਤੇ ਪਹਿਲਾਂ ਇੱਕ ਗੋਰੇ ਨੇ ਮੈਸੇਜ ਕਰਕੇ ਕਿਤਾਬ ਬਾਰੇ ਪੁੱਛਿਆ ਤਾਂ ਉਸ ਨੇ ਲਿਖ ਕੇ ਕਾਫੀ ਸਵਾਲ ਕੀਤੇ ਜਿਨ੍ਹਾਂ ਦਾ ਮੈਂ ਜਵਾਬ ਦਿੱਤਾ l ਮੈਨੂੰ ਲਗਦਾ ਸੀ ਕਿ ਇਹ ਗੋਰਾ ਸੋਚਦਾ ਹੈ ਕਿ ਮੇਰੇ 45 ਡਾਲਰ ਕਿਤੇ ਵਿਅਰਥ ਹੀ ਨਾ ਜਾਣ l
ਉਹ ਪੁੱਛਣ ਲੱਗਾ ਕਿ ਕਿਤਾਬ ਵਿੱਚ ਕੋਈ ਐਸਾ ਲੇਖ ਜਾਂ ਜਾਣਕਾਰੀ ਹੈ ਜਿਸ ਤੋਂ ਪਤਾ ਲੱਗੇ ਕਿ ਨਿਊਜ਼ੀਲੈਂਡ ਵਿੱਚ ਸਸਤੇ ਘਰ ਕਿਵੇਂ ਲੱਭਦੇ ਹਨ ਤਾਂ ਮੈਂ ਕਿਹਾ ਕਿ ਕਿਤਾਬ ਅਨੇਕਾਂ ਉਦਾਹਰਣਾਂ ਨਾਲ ਭਰੀ ਪਈ ਹੈ l
ਫਿਰ ਕਹਿੰਦਾ ਕਿ ਕੁੱਝ ਜਾਣਕਾਰੀ ਉਸ ਵਿੱਚ ਹੈ ਜਿਸ ਤੋਂ ਪਤਾ ਲੱਗੇ ਕਿ ਬੈਂਕਾਂ ਸੌਖੇ ਤਰੀਕੇ ਨਾਲ ਕਰਜ਼ਾ ਕਿਵੇਂ ਦਿੰਦੀਆਂ ਹਨ ਤਾਂ ਮੈਂ ਕਿਹਾ ਕਿ ਇਸ ਬਾਰੇ ਵੀ ਕਾਫੀ ਜਾਣਕਾਰੀ ਹੈ l
ਤਿੰਨ ਚਾਰ ਉਸ ਨੇ ਹੋਰ ਸਵਾਲ ਕੀਤੇ ਜਿਨ੍ਹਾਂ ਦਾ ਜਵਾਬ ਦਿੱਤਾ l ਅਖੀਰ ਵਿੱਚ ਮੈਨੂੰ ਮਹਿਸੂਸ ਹੋਇਆ ਕਿ ਇਸ ਦੀ ਅਜੇ ਤਸੱਲੀ ਨਹੀਂ ਹੋਈ ਕਿਉਂਕਿ ਉਹ ਕਿਤਾਬ ਖਰੀਦਣ ਬਾਰੇ ਫੈਸਲਾ ਨਹੀਂ ਕਰ ਪਾਇਆ ਸੀ l
ਹੁਣ ਮੈਨੂੰ ਆਪਣਾ ਸਟੈਂਡਰਡ ਯਾਦ ਆਇਆ ਕਿ ਮੈਂ ਤਾਂ ਗਾਹਕ ਦੀ 100% ਤਸੱਲੀ ਕਰਵਾਉਣੀ ਹੁੰਦੀ ਹੈ l ਮੈਂ ਉਸ ਨਾਲ ਕਾਫੀ ਸਮਾਂ ਤਸੱਲੀ ਵਾਸਤੇ ਪਹਿਲਾਂ ਹੀ ਲਗਾ ਚੁੱਕਾ ਸੀ ਪਰ ਤਸੱਲੀ ਨਹੀਂ ਹੋਈ ਸੀ l
ਮੈਂ ਉਸ ਨੂੰ ਵੱਖਰੀ ਪੇਸ਼ਕਸ਼ ਦਿੱਤੀ l ਮੈਂ ਕਿਹਾ ਕਿ ਤੂੰ 45 ਡਾਲਰ ਦੇ ਕੇ ਕਿਤਾਬ ਖਰੀਦ ਲੈ ਅਤੇ ਪੜ੍ਹ ਲੈ l ਜੇਕਰ ਪੜ੍ਹਨ ਤੋਂ ਬਾਦ ਤੈਨੂੰ ਲੱਗੇ ਕਿ ਤੈਨੂੰ ਹਜ਼ਾਰਾਂ ਜਾਂ ਲੱਖਾਂ ਡਾਲਰਾਂ ਦੀ ਜਾਣਕਾਰੀ ਨਹੀਂ ਮਿਲੀ ਤਾਂ ਤੂੰ ਮੈਨੂੰ ਕਿਤਾਬ ਵਾਪਿਸ ਕਰਕੇ ਆਪਣੇ 45 ਡਾਲਰ ਲੈ ਲਵੀਂ l
ਇਹ ਸੁਣ ਕੇ ਗੋਰੇ ਦੀ ਝੱਟ ਤਸੱਲੀ ਹੋ ਗਈ ਅਤੇ ਉਸ ਨੇ ਕੋਈ ਦੂਸਰਾ ਸਵਾਲ ਨਾ ਪੁੱਛਿਆ l ਕਹਿਣ ਲੱਗਾ ਕਿ ਇਹ ਤਾਂ ਬਹੁਤ ਵਧੀਆ ਡੀਲ ਹੈ ਅਤੇ ਉਸ ਨੇ ਇਸ ਵਾਸਤੇ ਮੇਰਾ ਧੰਨਵਾਦ ਵੀ ਕੀਤਾ l
45 ਡਾਲਰ ਵਿੱਚ ਕਿਤਾਬ ਖਰੀਦ ਕੇ ਗੋਰੇ ਨੇ ਚਾਰ ਦਿਨ ਵਿੱਚ ਹੀ ਪੜ੍ਹ ਲਈ l ਪੜ੍ਹਨ ਤੋਂ ਬਾਦ ਉਸ ਨੇ ਮੈਨੂੰ ਤਿੰਨ ਵਾਰ ਫੋਨ ਕੀਤੇ l ਕਹਿਣ ਲੱਗਾ ਕਿ ਤੂੰ ਏਨੀ ਕੀਮਤੀ ਕਿਤਾਬ ਸਿਰਫ 45 ਡਾਲਰ ਵਿੱਚ ਕਿਉਂ ਦੇ ਰਿਹਾ ਹੈਂ l ਮੈਂ ਕਿਹਾ ਕਿ ਕਿਤਾਬ ਲਿਖਣ ਦਾ ਮਕਸਦ ਪੈਸੇ ਕਮਾਉਣਾ ਨਹੀਂ ਸਗੋਂ ਲੋਕਾਂ ਦਾ ਭਵਿੱਖ ਬਦਲਣਾ ਹੈ ਜਾਂ ਸਮਾਜ ਵਿੱਚ ਇੱਕ ਪਰੈਕਟੀਕਲ ਚੇਂਜ (ਬਦਲਾਓ) ਲਿਆਉਣਾ ਹੈ ਪਰ ਉਸ ਨੂੰ ਇਹ ਗੱਲ ਮੈਂ ਬੜੀ ਮੁਸ਼ਕਲ ਨਾਲ ਸਮਝਾਈ l
ਗੋਰਾ ਫਿਰ ਕਹਿਣ ਲੱਗਾ ਕਿ ਮੈਂ ਤੈਨੂੰ ਆਪਣੇ ਵਲੋਂ 500 ਡਾਲਰ ਇਨਾਮ ਵਜੋਂ ਕਿਤਾਬ ਲਿਖਣ ਕਰਕੇ ਦੇਣਾ ਚਾਹੁੰਦਾ ਹਾਂ l ਮੈਂ ਕਿਹਾ ਕਿ ਕਿਤਾਬ ਪੜ੍ਹ ਕੇ ਤੈਨੂੰ ਚੰਗੀ ਲੱਗੀ ਅਤੇ ਤੇਰੇ ਮੁਤਾਬਕ ਤੇਰੇ ਕੰਮ ਵੀ ਆਵੇਗੀ l ਇਸ ਤੋਂ ਵੱਡਾ ਇਨਾਮ ਮੇਰੇ ਲਈ ਕੋਈ ਹੋਰ ਨਹੀਂ ਹੋ ਸਕਦਾ l
ਮੈਂ ਕਿਹਾ ਕਿ ਮੈਂ ਤੇਰੇ ਕਹੇ ਹੋਏ ਸ਼ਬਦ ਇਨਾਮ ਵਜੋਂ ਰੱਖ ਲਏ ਹਨ l ਇਹ ਕਹਿੰਦਿਆਂ ਮੈਂ ਉਸ ਤੋਂ 500 ਡਾਲਰ ਨਹੀਂ ਲਏ l
ਇਸ ਤਰਾਂ ਹੋਰ ਵੀ ਕਈ ਵੱਖ ਵੱਖ ਤਜ਼ਰਬੇ ਰੋਜ਼ਾਨਾ ਹੁੰਦੇ ਰਹਿੰਦੇ ਹਨ ਜਿਨ੍ਹਾਂ ਤੇ ਕਈ ਵਾਰ ਮੈਂ ਖੁਦ ਹੈਰਾਨ ਹੋ ਜਾਂਦਾ ਹਾਂ l
ਅੱਜ ਵੀ ਵਾਰ ਵਾਰ ਸੋਚ ਰਿਹਾ ਹਾਂ ਕਿ ਉਸੇ ਵਿਅਕਤੀ ਨੂੰ ਕਿਤਾਬ 45 ਡਾਲਰ ਵਿੱਚ ਮਹਿੰਗੀ ਲਗਦੀ ਸੀ ਅਤੇ ਪੜ੍ਹਨ ਤੋਂ ਬਾਦ ਸਸਤੀ ਲੱਗਣ ਲੱਗ ਪਈ ਅਤੇ ਉਹ 500 ਡਾਲਰ ਹੋਰ ਵੀ ਤੋਹਫ਼ੇ ਵਜੋਂ ਦੇਣ ਨੂੰ ਤਿਆਰ ਸੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147