ਵੱਡੀ ਗਿਣਤੀ ਗੋਰਿਆਂ ਨੂੰ ਦੇਖੋ ਤਾਂ ਉਨ੍ਹਾਂ ਦੇ ਹਸੂੰ ਹਸੂੰ (ਹੱਸਦੇ) ਕਰਦੇ ਚਿਹਰੇ ਮਨ ਨੂੰ ਭਾਉਂਦੇ ਹਨ l ਇਵੇਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਸ਼ਾਇਦ ਕੋਈ ਸਮੱਸਿਆ ਹੀ ਨਹੀਂ ਹੈ l
ਇਸ ਦੇ ਉਲਟ ਵੱਡੀ ਗਿਣਤੀ ਭਾਰਤੀਆਂ ਦੇ ਚਿਹਰੇ ਉੱਤਰੇ ਹੋਏ ਦਿਖਾਈ ਦਿੰਦੇ ਹਨ ਭਾਵੇਂ ਉਹ ਆਰਥਿਕ ਤੌਰ ਤੇ ਮਜ਼ਬੂਤ ਹੋਣ ਜਾਂ ਕਮਜ਼ੋਰ l
ਇਸ ਉਦਾਸੀ ਦਾ ਵੱਡਾ ਕਾਰਣ ਹੈ ਕਿ ਅਸੀਂ ਅਸਥਾਈ ਨੂੰ ਸਥਾਈ ਮੰਨ ਬਹਿੰਦੇ ਹਾਂ l ਦੁਨੀਆਂ ਤੇ ਸਾਰੀਆਂ ਚੀਜ਼ਾਂ ਅਸਥਾਈ ਹਨ ਅਤੇ ਸਾਰੀਆਂ ਚੀਜ਼ਾਂ ਨੇ ਬਦਲਦੇ ਰਹਿਣਾ ਹੁੰਦਾ ਹੈ l ਜਦੋਂ ਅਸੀਂ ਅਸਥਾਈ ਨੂੰ ਸਥਾਈ ਸਮਝ ਲੈਂਦੇ ਹਾਂ ਤਾਂ ਸਾਡੇ ਤੋਂ ਬਦਲੀਆਂ ਹੋਈਆਂ ਚੀਜ਼ਾਂ ਜਾਂ ਬਦਲੇ ਹੋਏ ਹਾਲਾਤ ਬਰਦਾਸ਼ਤ ਨਹੀਂ ਹੁੰਦੇ ਜਿਸ ਕਾਰਣ ਅਸੀਂ ਚਿੰਤਾ/ਫ਼ਿਕਰ ਕਰਦੇ ਹਾਂ l ਇਹ ਚਿੰਤਾ ਜਾਂ ਫ਼ਿਕਰ ਹੀ ਸਾਡੀ ਉਦਾਸੀ ਦਾ ਕਾਰਣ ਬਣਦਾ ਹੈ ਜੋ ਬਾਦ ਵਿੱਚ ਡਿਪ੍ਰੈਸ਼ਨ ਅਤੇ ਕਦੇ ਕਦੇ ਆਤਮ ਹੱਤਿਆ ਵੱਲ ਲੈ ਜਾਂਦਾ ਹੈ l
ਉਦਾਹਰਣ ਦੇ ਤੌਰ ਤੇ ਅਸੀਂ ਆਪਣੇ ਬੱਚਿਆਂ ਤੋਂ ਵੱਧ ਆਸਾਂ ਲਗਾ ਲੈਂਦੇ ਹਾਂ l ਜਦੋਂ ਉਹ ਸਾਡੀ ਆਸ ਤੇ ਪੂਰਾ ਨਹੀਂ ਉੱਤਰਦੇ ਤਾਂ ਸਾਡੇ ਤੇ ਉਦਾਸੀ ਆਉਂਦੀ ਹੈ, ਜਦੋਂ ਸਾਡੇ ਕੋਲ ਪੈਸਾ ਆਉਂਦਾ ਹੈ ਤਾਂ ਇਸ ਦੇ ਚਲੇ ਜਾਣ ਦਾ ਡਰ ਸਾਡੇ ਚਿਹਰੇ ਤੇ ਖੁਸ਼ੀ ਨਹੀਂ ਆਉਣ ਦਿੰਦਾ, ਜਦੋਂ ਸਾਡਾ ਅੱਜ ਵਧੀਆ ਹੁੰਦਾ ਹੈ ਤਾਂ ਅਸੀਂ ਭਵਿੱਖ ਬਾਰੇ ਚਿੰਤਤ ਹੋ ਜਾਂਦੇ ਹਾਂ ਜੋ ਸਾਨੂੰ ਅੱਜ ਵੀ ਖੁਸ਼ ਨਹੀਂ ਹੋਣ ਦਿੰਦਾ, ਜਦੋਂ ਅਸੀਂ ਤੰਦਰੁਸਤ ਹੁੰਦੇ ਹਾਂ ਤਾਂ ਬੇਲੋੜਾ ਹੀ ਬਿਮਾਰ ਹੋਣ ਵਾਲੇ ਹਾਲਾਤਾਂ ਬਾਰੇ ਸੋਚਣ ਲੱਗ ਪੈਂਦੇ ਹਾਂ, ਕਿਸੇ ਪਰਿਵਾਰਿਕ ਮੈਂਬਰ ਦੇ ਵਿਛੋੜੇ ਕਾਰਣ ਵੀ ਜਾਂ ਵਿਛੋੜੇ ਦੇ ਡਰ ਕਾਰਣ ਵੀ ਸਾਡੇ ਚਿਹਰਿਆਂ ਤੇ ਖੁਸ਼ੀ ਨਹੀਂ ਆਉਂਦੀ l ਇਸੇ ਤਰਾਂ ਹੋਰ ਬਹੁਤ ਕਾਰਣ ਹਨ l
ਸਚਾਈ ਇਹ ਹੈ ਕਿ ਉਪਰੋਕਤ ਸਭ ਚੀਜ਼ਾਂ ਅਸਥਾਈ ਹਨ ਭਾਵ ਬਦਲਦੀਆਂ ਰਹਿੰਦੀਆਂ ਹਨ l ਤੁਹਾਡੇ ਕੋਸ਼ਿਸ਼ ਕਰਨ ਤੇ ਵੀ ਤੁਸੀਂ ਇਨ੍ਹਾਂ ਨੂੰ ਬਦਲਣੋ ਰੋਕ ਨਹੀਂ ਸਕਦੇ l
ਇਨ੍ਹਾਂ ਅਸਥਾਈ ਚੀਜ਼ਾਂ ਨੂੰ ਸਥਾਈ ਸਮਝ ਲੈਣਾ ਹੀ ਸਾਡੇ ਚਿਹਰਿਆਂ ਤੇ ਖੁਸ਼ੀ ਨਹੀਂ ਆਉਣ ਦਿੰਦਾ l
ਆਪਣੀ ਸੋਚ ਨੂੰ ਬਦਲ ਕੇ ਅਤੇ ਸੱਚ ਨੂੰ ਕਬੂਲ ਕਰਕੇ ਹੀ ਖੁਸ਼ੀ ਹਾਸਿਲ ਕੀਤੀ ਜਾ ਸਕਦੀ ਹੈ l
ਆਪਣੇ ਆਪ ਨੂੰ ਬਦਲੋ ਤਾਂ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਆ ਜਾਵੇਗੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147