ਕਦੇ ਡਿਗੀਏ ਕਦੇ ਢਹੀਏ,
ਹਰ ਵਾਰੀ ਉੱਠ ਖੜ੍ਹ ਜਾਈਏ l
ਕਦੇ ਜਿੱਤੀਏ ਕਦੇ ਹਰੀਏ,
ਡੁੱਬਣੋਂ ਪਹਿਲਾਂ ਤਰ ਜਾਈਏ l
ਲੋਕਾਂ ਦੀ ਬੁਰੀ ਹਾਲਤ ਦੇਖ,
ਕੁੱਝ ਕੀਤੇ ਬਿਨਾਂ ਨਾ ਮਰ ਜਾਈਏ l
ਗੁੱਸਾ ਆਵੇ ਬਹੁਤ ਜੇ,
ਮਜ਼ਬੂਰੀ ਖਾਤਰ ਠਰ ਜਾਈਏ l
ਚਾਰ ਕਿਤਾਬਾਂ ਪੜ੍ਹਕੇ ਕਦੇ,
ਗਿਆਨ ਨਾਲ ਨਾ ਭਰ ਜਾਈਏ l
ਮੁਸੀਬਤਾਂ ਦੇਖ ਜਿੰਦਗੀ ਵਿੱਚ,
ਨਾ ਰੇਤਾ ਵਾਂਗੂ ਖਰ ਜਾਈਏ l
ਹੱਥ ਹਿਲਾਏ ਬਿਨਾਂ ਨਾ,
ਬੈਠੇ ਬੈਠੇ ਹਰ ਜਾਈਏ l
ਮੋੜਾਂ ਤੇ ਨਿੱਤ ਖੜ੍ਹਨੇ ਨਾਲੋਂ,
ਸਿੱਧੇ ਆਪਣੇ ਘਰ ਜਾਈਏ l
ਸੱਚ ਕਹੀਏ ਠੋਕ ਵਜਾ ਕੇ,
ਹੋਰਾਂ ਦੀ ਵੀ ਜ਼ਰ ਜਾਈਏ l
ਚੁਗਲੀ ਨਿੰਦਿਆ ਕਰਨੇ ਲਈ,
ਗ਼ੈਰਾਂ ਦੇ ਨਾ ਦਰ ਜਾਈਏ l
ਮਹਿੰਗੇ ਪਕਵਾਨ ਖਾਣ ਨਾਲੋਂ,
ਦਾਲ ਆਪਣੇ ਚੁੱਲ੍ਹੇ ਧਰ ਜਾਈਏ l
ਲਾਈਲੱਗਾਂ ਕੋਲੋਂ ਬਚ ਕੇ,
ਮਨੁੱਖਤਾ ਲਈ ਕੁੱਝ ਕਰ ਜਾਈਏ l
ਕਿਰਤ ਨਾਲ ਸਭ ਮਿਲ ਜਾਂਦਾ,
ਮੰਗਣ ਹੋਰਾਂ ਤੋਂ ਨਾ ਵਰ ਜਾਈਏ l
ਨਾਲ ਹੌਂਸਲੇ ਸਿਰੜ ਦੇ,
ਹਰ ਮੰਜ਼ਿਲ ਕਰ ਸਰ ਜਾਈਏ l
ਗਿਆਨ ਓਸ ਦਾ ਕੀ ਫਾਇਦਾ?
ਨਾਲੇ ਲੈ ਕੇ ਜਿਸ ਨੂੰ ਤੁਰ ਜਾਈਏ l
ਤਰਕ ਨਾਲ ਸੋਚੀਏ ਹਰ ਵੇਲੇ,
ਨਾ ਰੱਬਾਂ ਕੋਲੋਂ ਡਰ ਜਾਈਏ l
ਅਵਤਾਰ ਹਰ ਕੋਈ ਫਿਰੇ ਚਾਰਨ ਨੂੰ,
ਖੁਰਦਪੁਰੀਆ ਐਵੇਂ ਨਾ ਚਰ ਜਾਈਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147