ਰੱਬ ਰੱਬ ਰੋਜ਼ ਕਰਦਾ ਰਹਿਨੇ,
ਘੋਟੇ ਲਾ ਲਾ ਥੱਕਿਆ ਹੀ ਨਹੀਂ l
ਹੱਥ ਜੋੜ ਨੀਵੀਂ ਪਾਈ ਰੱਖੇਂ,
ਸ਼ਰਧਾ ਵਿੱਚ ਸਿਰ ਚੱਕਿਆ ਹੀ ਨਹੀਂ l
ਸੁੱਖਾਂ ਸੁਖੇਂ, ਦੇਗਾਂ ਤੇ ਦੁਸ਼ਾਲੇ ਚਾੜੇ,
ਗਰੀਬ ਕਿਸੇ ਨੂੰ ਢੱਕਿਆ ਹੀ ਨਹੀਂ l
ਨਿੱਤ ਲੋਕਾਂ ਨਾਲ ਫਰੇਬ ਕਰੇਂ,
ਝੂਠ ਬੋਲ ਅੱਕਿਆ ਹੀ ਨਹੀਂ l
ਦਿਲ ਦੁਖਾਵੇਂ ਤੇ ਨਿਹੱਕਾ ਖਾਵੇਂ,
ਹੱਕ ਦਾ ਛਕਿਆ ਹੀ ਨਹੀਂ l
ਖੁਦਾ ਗਰੀਬੀ ਦਾਵੇ ਮਿਲਦਾ ਆਖੇਂ,
ਅਮੀਰਾਂ ਦੀ ਯਾਰੀ ਤੋਂ ਝਕਿਆ ਹੀ ਨਹੀਂ l
ਤੇਰਿਆਂ ਪਾਪਾਂ ਦੀ ਹੈ ਲੰਮੀ ਸੂਚੀ,
ਪਾਪ ਕਰਨੋਂ ਕਿਸੇ ਡੱਕਿਆ ਹੀ ਨਹੀਂ l
ਧਰਮ ਤੈਨੂੰ ਹਮੇਸ਼ਾਂ ਯਾਦ ਰਿਹਾ,
ਕਰਮ ਵੱਲ ਤੱਕਿਆ ਹੀ ਨਹੀਂ l
ਭਗਵਾਨ ਦੇ ਨਾਮ ਨੂੰ ਵੇਚੀ ਜਾਵੇਂ,
ਮੰਗਣੋਂ ਬਿਲਕੁਲ ਜਕਿਆ ਹੀ ਨਹੀਂ l
ਬਾਹਰੋਂ ਬਾਹਰੋਂ ਬਦਲਿਆ ਏਂ,
ਅਵਤਾਰ ਅੰਦਰ ਦੇਖ ਸਕਿਆ ਹੀ ਨਹੀਂ l
ਖੁਰਦਪੁਰੀਆ ਝੜ੍ਹਾਵੇ ਤੇ ਨਿਗ੍ਹਾ ਰੱਖੇਂ,
ਕਹੀ ਜਾਵੇਂ ਲੋਭ ਤਾਂ ਰੱਖਿਆ ਹੀ ਨਹੀਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147