ਵੈਸੇ ਤਾਂ ਮੈਂ ਪੜ੍ਹਦਾ ਰਹਿੰਦਾ
ਕਦੇ ਕਦਾਈਂ ਲਿਖ ਲੈਂਦਾ ਹਾਂ l
ਉਮਰ ਤਾਂ ਸਾਰੀ ਸੁਣਦਿਆਂ ਲੰਘੀ
ਕਦੇ ਕਦਾਈਂ ਸੁਣਾ ਲੈਂਦਾ ਹਾਂ l
ਸ਼ਰਾਬ ਤਾਂ ਬੇਸ਼ੱਕ ਕਦੇ ਨਾ ਪੀਤੀ
ਹੋਰਾਂ ਦੀ ਪੀਤੀ ਜਰ ਲੈਂਦਾ ਹਾਂ l
ਲੜਨਾ ਲੜਾਉਣਾ ਕਦੇ ਨਾ ਸਿੱਖਿਆ
ਬਿਨਾਂ ਵਜ੍ਹਾ ਵੀ ਝੁਕ ਲੈਂਦਾ ਹਾਂ l
ਜਿੰਦਗੀ ਵਿੱਚ ਕਦੇ ਕਾਹਲ ਨਾ ਕੀਤੀ
ਵਿੱਚ ਵਿਚਾਲੇ ਰੁਕ ਲੈਂਦਾ ਹਾਂ l
ਅੱਗੇ ਲੰਘਦਿਆਂ ਦੇ ਮਗਰ ਨਾ ਭੱਜਿਆ
ਪਿਛਲਿਆਂ ਦੀ ਬਾਂਹ ਫੜ ਲੈਂਦਾ ਹਾਂ l
ਬਦਲੇ ਦੀ ਨਾ ਕਦੇ ਭਾਵਨਾ ਰੱਖਦਾ
ਮਾਫ ਉਨ੍ਹਾਂ ਨੂੰ ਕਰ ਲੈਂਦਾ ਹਾਂ l
ਬੀਤਿਆ ਸਮਾਂ ਵਾਪਸ ਨਹੀਂ ਆਉਂਦਾ
ਜਿਕਰ ਬੀਤੇ ਦਾ ਕਰ ਲੈਂਦਾ ਹਾਂ l
ਰਾਹਾਂ ਵਿੱਚ ਖਿਲਾਰੇ ਰੋੜੇ ਸੱਜਣਾਂ ਜਿਹੜੇ
ਸਹਿਜੇ ਸਹਿਜੇ ਚੁਗ ਲੈਂਦਾ ਹਾਂ l
ਰੱਬ ਤੇ ਭਾਵੇਂ ਯਕੀਨ ਨਾ ਕਰਦਾ
ਇਨਸਾਨਾਂ’ਚ ਲੁਕੇ ਨੂੰ ਲੱਭ ਲੈਂਦਾ ਹਾਂ l
ਧਰਮ ਕੋਈ ਅਪਣਾਇਆ ਨਾ ਹੀ
ਚੰਗੀਆਂ ਸਿੱਖਿਆਵਾਂ ਅਪਣਾ ਲੈਂਦਾ ਹਾਂ l
ਧਾਰਮਿਕ ਅਸਥਾਨਾਂ ਨੂੰ ਦਾਨ ਨੀ ਕਰਦਾ
ਕਿਤਾਬਾਂ ਦਾ ਲੰਗਰ ਲਾ ਲੈਂਦਾ ਹਾਂ l
ਰੱਟੇ ਲਾ ਲਾ ਕੇ ਨਾ ਲਿਖਤਾਂ ਪੜ੍ਹਦਾ
ਅਰਥਾਂ ਨੂੰ ਮਨ’ਚ ਵਸਾ ਲੈਂਦਾ ਹਾਂ l
ਦੁੱਖ ਸੁਖ ਲਈ ਹੱਥ ਨਾ ਜੋੜਾਂ
ਹੱਥ ਕਿਰਤ ਦੇ ਵਿੱਚ ਲਗਾ ਲੈਂਦਾ ਹਾਂ l
ਹਰ ਥਾਂ ਤੇ ਨਿੱਤ ਨਾ ਟੇਕਾਂ ਮੱਥਾ
ਕੀ,ਕਿਉਂ,ਕਿੱਦਾਂ ਸੋਚ ਕੰਮ ਚਲਾ ਲੈਂਦਾ ਹਾਂ l
ਹੱਥਾਂ ਦੀਆਂ ਲਕੀਰਾਂ ਤੇ ਯਕੀਨ ਨਾ ਕਰਦਾ
ਲਕੀਰਾਂ ਮਿਹਨਤ ਨਾਲ ਬਦਲ ਲੈਂਦਾ ਹਾਂ l
ਭਾਵਨਾ ਮੇਰੀ ਮੋਮ ਵਾਂਗ ਨਾ ਪਿਘਲੇ
ਹਮੇਸ਼ਾਂ ਸ਼ਾਂਤ ਭਾਵਨਾ ਕਰ ਲੈਂਦਾ ਹਾਂ l
ਧਰਤੀਓਂ ਦੂਰ ਸਵਰਗ ਦੀ ਆਸ ਨਾ ਰੱਖਾਂ
ਇਸ ਧਰਤੀ ਨੂੰ ਸਵਰਗ ਬਣਾ ਲੈਂਦਾ ਹਾਂ l
ਜਾਤ ਪਾਤ ਵਿੱਚ ਫਸਿਆ ਕਦੇ ਨਾ
ਹਰ ਇੱਕ ਨੂੰ ਗਲ ਲਾ ਲੈਂਦਾ ਹਾਂ l
ਦਰੱਖਤਾਂ ਨੂੰ ਨਾ ਲਾਵਾਂ ਵਾਢਾ
ਹਰ ਸਾਲ ਸੈਂਕੜੇ ਦਰੱਖਤ ਉਗਾ ਲੈਂਦਾ ਹਾਂ l
ਹੋਰਾਂ ਦੇ ਭਲੇ ਲਈ ਨਾ ਅਰਦਾਸਾਂ ਕਰਦਾ
ਭਲਾ ਕਰਨ ਵੇਲੇ ਅੱਗੇ ਹੋ ਲੈਂਦਾ ਹਾਂ l
ਪੈਸੇ ਧੇਲੇ ਦਾ ਕਦੇ ਮਾਣ ਨਹੀਂ ਕਰਦਾ
ਯਾਦ ਤੰਬੂਆਂ ਵਿੱਚ ਸੌਣਾ ਕਰ ਲੈਂਦਾ ਹਾਂ l
ਕਈ ਮੈਨੂੰ ਪੰਜਾਬ ਦਾ ਬਾਗੀ ਆਖਣ
ਮਜ਼ਬੂਰੀ, ਫਰਜ਼, ਕਰਜ਼ ਦਾ ਨਾਂ ਲੈਂਦਾ ਹਾਂ l
ਰੋਟੀ ਖਾਤਰ ਪ੍ਰਦੇਸੀਂ ਲਾਏ ਡੇਰੇ
ਰੋਜ਼ਾਨਾ ਪਿੰਡਾਂ ਦੇ ਨਾਲ ਜੁੜ ਲੈਂਦਾ ਹਾਂ l
ਮਹਿੰਗੇ ਪਕਵਾਨਾਂ ਦੀ ਭਾਵੇਂ ਘਾਟ ਨਾ ਇਥੇ
ਸਾਗ, ਦੁੱਧ, ਲੱਸੀ ਤੇ ਦਹੀਂ ਛਕ ਲੈਂਦਾ ਹਾਂ l
ਮਜ਼ਬੂਰੀ ਖਾਤਰ ਅਵਤਾਰ ਪ੍ਰਦੇਸੀ ਹੋਇਆ
ਸੁਪਨੇ ਵਿੱਚ ਖੁਰਦਪੁਰ ਨੂੰ ਤੱਕ ਲੈਂਦਾ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147