-ਵਿਅੰਗ
ਸਰਾਧ ਤਾਂ ਹਰ ਸਾਲ ਹੀ ਆਉਂਦੇ ਨੇ,
ਐਤਕੀਂ ਵੀ ਉਸੇ ਤਰਾਂ ਹੀ ਆਉਣਗੇ l
ਜਿਹੜੇ ਮਾਂ ਪਿਓ ਨੂੰ ਰੋਟੀ ਨਾ ਪੁੱਛਦੇ ਸੀ,
ਉਹੋ ਵਿਹਲੜਾਂ ਤਾਈਂ ਖੀਰ ਖਵਾਉਣਗੇ l
ਜਿਉਂਦਿਆਂ ਦੇ ਨਾ ਪਾਟੇ ਲੱਤੜੇ ਦੇਖੇ ਸੀ,
ਯਾਦ ਵਿੱਚ ਪੁਜਾਰੀਆਂ ਦੇ ਚੋਗੇ ਪਵਾਉਣਗੇ l
ਬਦਲੇ ਵਿੱਚ ਰੱਬ ਅੱਗੇ ਪ੍ਰਾਰਥਨਾਵਾਂ ਕਰਵਾ,
ਮਰਿਆਂ ਨੂੰ ਸਵਰਗ’ਚ ਕੱਪੜੇ ਪਹੁੰਚਾਉਣਗੇ l
ਜੀਵਨ ਵਿੱਚ ਦੁੱਖ ਸੁੱਖ ਦੀ ਸਾਂਝ ਨਾ ਪਾਈ,
ਸਿਰਫ ਇੱਕ ਦਿਨ ਯਾਦ ਕਰ ਹੰਝੂ ਵਹਾਉਣਗੇ l
ਬਰਸੀ ਦੇ ਦਿਨ ਖਾਣਿਆਂ ਦੀ ਕਮੀ ਨਾ ਰਹੂ l
ਰੱਜਿਆਂ ਨੂੰ ਸੱਦ ਸੱਦ ਲੰਗਰ ਲਾਉਣਗੇ l
ਕੋਲ ਹੁੰਦੇ ਮਾਪਿਆਂ ਨੂੰ ਪਾਣੀ ਨਾ ਪੁੱਛਿਆ,
ਹੁਣ ਦੁੱਧ ਲਈ ਗਾਈਆਂ ਦਾਨ ਕਰਾਉਣਗੇ l
ਅਵਤਾਰ ਸੁੱਖ ਨਾਲ ਜਿੰਦਗੀ ਨਾ ਜੀਣ ਦਿੱਤੀ,
ਖੁਰਦਪੁਰੀਆ ਮਰਿਆਂ ਦੀ ਗਤੀ ਕਰਾਉਣਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147