ਮੇਰਾ ਮੰਨਣਾ ਹੈ ਕਿ ਦੂਜੇ ਰਾਜਾਂ ਵਿੱਚੋਂ ਆਏ ਬਈਆਂ ਅਤੇ ਪੰਜਾਬ ਵਿੱਚੋਂ ਦੂਜੇ ਦੇਸ਼ਾਂ ਨੂੰ ਗਏ ਲੋਕਾਂ ਦੇ ਹਲਾਤਾਂ ਵਿੱਚ ਕੋਈ ਫਰਕ ਨਹੀਂ ਹੈ l
-ਕਦੇ ਹੱਸ ਵੀ ਲਿਆ ਕਰੋ
ਦੂਜਿਆਂ ਰਾਜਾਂ ਵਿੱਚੋਂ ਆਏ ਸੀ ਜਿਹੜੇ ਬਈਏ
ਬਿਨਾਂ ਸੋਚਿਆਂ ਹੀ ਪੰਜਾਬ’ਚੋਂ ਭਜਾਵਾਂਗੇ l
ਤਰਸ ਨਾ ਆਊ ਉਨ੍ਹਾਂ ਦਿਆਂ ਪਰਿਵਾਰਾਂ ਤੇ
ਬਾਹਰ ਕੱਢ ਜਿੱਤ ਦਾ ਅਹਿਸਾਸ ਕਰਾਵਾਂਗੇ l
ਪੰਜਾਬ ਵਿੱਚੋਂ ਬਈਏ ਜੋ ਵਿਦੇਸ਼ਾਂ ਵਿੱਚ ਗਏ
ਮੁੜ ਉਨ੍ਹਾਂ ਤਾਈਂ ਅਸੀਂ ਵਾਪਸ ਬੁਲਾਵਾਂਗੇ l
ਬਥੇਰਾ ਗੋਰਿਆਂ ਦਾ ਝਾੜੂ ਪੋਚਾ ਕਰ ਲਿਆ
ਆਪਣੇ ਘਰਾਂ ਤੇ ਗਲੀਆਂ ਨੂੰ ਸਾਫ ਕਰਵਾਵਾਂਗੇ l
ਡਾਲਰ ਸੀ ਉਹ ਵਿਦੇਸ਼ਾਂ ਵਿੱਚ ਲੈਣ ਗਿੱਝ ਗਏ
ਭਾਰਤੀ ਰੁਪਈਆਂ ਵਾਲੀ ਆਦਤ ਫਿਰ ਪਾਵਾਂਗੇ l
ਬਲੈਕ ਲੈਵਲ ਦੀ ਆਦਤ ਜਿਨ੍ਹਾਂ ਨੂੰ ਸੀ ਪੈ ਗਈ
ਦੇਸੀ ਦਾਰੂ ਨਾਲ ਉਨ੍ਹਾਂ ਦਾ ਕੰਮ ਚਲਵਾਵਾਂਗੇ l
ਫੁੱਟ ਫੁੱਟ ਗੱਦਿਆਂ ਤੇ ਸੀ ਜਿਹੜੇ ਸੌਣਾ ਗਿੱਝ ਗਏ
ਮੋਟਰਾਂ ਤੇ ਬਾਣ ਵਾਲੇ ਮੰਜਿਆਂ ਤੇ ਸੁਲਾਵਾਂਗੇ l
ਵਿਦੇਸ਼ੀ ਜੀਨਾਂ ਬਹੁਤ ਚਿਰ ਪਾ ਕੇ ਦੇਖ ਲਈਆਂ
ਪਹਿਲਾਂ ਵਾਂਗੂ ਮੁੜ ਕੇ ਚਾਦਰੇ ਲੁਆਵਾਂਗੇ l
ਵੱਖ ਵੱਖ ਬਰਾਂਡਾਂ ਵਾਲੇ ਸੂਟ ਬੂਟ ਪਾ ਕੇ ਦੇਖ ਲਏ
ਸੂਟ ਰਫ਼ੂ, ਪਲਾਸਟਿਕ ਦੀਆਂ ਜੁੱਤੀਆਂ ਗਠਾਵਾਂਗੇ l
ਸਮਾਰਟ ਫੋਨ ਬੜਾ ਚਿਰ ਚਲਾ ਕੇ ਹਨ ਦੇਖ ਲਏ
ਤੜਕੇ ਪੱਠੇ ਡੰਗਰਾਂ ਨੂੰ ਪਾ ਕੇ ਪੇੜਾ ਵੀ ਰਲਾਵਾਂਗੇ l
ਰੇਸਾਂ ਰੇਂਜਰਾਂ ਦੀਆਂ ਬਹੁਤ ਲਾ ਕੇ ਦੇਖ ਲਈਆਂ
ਹੱਥ ਬਹੋਲੇ, ਦਾਤੀ, ਮੁੰਨੇ ਤੇ ਪੰਜ਼ਾਲੀ ਨੂੰ ਪੁਆਵਾਂਗੇ l
ਅੱਠ ਘੰਟੇ ਲਾ ਕੇ ਸਟਰੈਸ ਵਿੱਚ ਜਾਂਦੇ ਆ ਜਿਹੜੇ
ਸੋਲਾਂ ਘੰਟੇ ਕੰਮ ਕਰਵਾ ਕੇ ਸਟਰੈਸ ਹੁਣ ਲਾਹਾਂਗੇ l
ਥੋੜਾ ਜਿਹਾ ਗਾਰਾ ਦੇਖ ਗਮਬੂਟ ਜੋ ਪਾ ਲੈਂਦੇ
ਨੱਕੇ ਮੁੜਵਾ ਸੱਪਾਂ ਦੀਆਂ ਸਿਰੀਆਂ ਮਿੰਦਾਵਾਂਗੇ l
ਆਪੇ ਲੱਦਣੀ ਟਰਾਲੀ ਦੇਸੀ ਖਾਦ ਵਾਲੀ
ਖੇਤਾਂ ਵਿੱਚ ਖਾਲੀ ਕਰ ਆਪੇ ਮੁੜ ਆਵਾਂਗੇ l
ਪੈਲਸਾਂ ਦੇ ਵਿੱਚ ਜਾ ਕੇ ਬਹਿਰੇ ਵੀ ਬਣ ਜਾਣਾ
ਲੈ ਲੈ ਕੇ ਟਿਪ ਹੋਰਾਂ ਨਾਲ ਫੋਟੋ ਖਿਚਵਾਵਾਂਗੇ l
ਕਰਾਂਗੇ ਨਾ ਹੁਣ ਕਦੇ ਵੱਟ ਬੰਨੇ ਦੀ ਲੜਾਈ
ਪੰਦਰਾਂ ਵੀਹ ਸਾਲ ਕਚਿਹਿਰੀ’ਚ ਨਾ ਲਾਵਾਂਗੇ l
ਵਿਦੇਸ਼ਾਂ ਵਿੱਚ ਡਾਲਰਾਂ ਲਈ ਕੰਮ ਭੱਜ ਭੱਜ ਕੀਤੇ
ਪੰਜਾਬ ਵਿੱਚ ਰਹਿ ਕੇ ਕਰਨਾ ਸਬਰ ਸਿਖਾਵਾਂਗੇ l
ਬਈਆਂ ਕੋਲੋਂ ਖੋਹ ਰੋਜ਼ਗਾਰ ਆਪਣਿਆਂ ਨੂੰ ਦਵਾਂਗੇ
ਵਾਰਸ ਵੰਡ ਛਕਣ ਵਾਲਿਆਂ ਦੇ ਫਿਰ ਵੀ ਕਹਾਵਾਂਗੇ l
ਮਨੁੱਖਤਾ ਦੀ ਜਾਤ ਸਾਰੀ ਰਹਿਣੀ ਭਾਵੇਂ ਇੱਕ ਆ
ਫਤਵਾ ਲਗਾ ਬਈਏ ਵਿੱਚੋਂ ਬਾਹਰ ਕਰਵਾਵਾਂਗੇ l
ਉੱਪਰ ਵਾਲੇ ਦੇ ਹੁਕਮ ਬਿਨਾਂ ਨਾ ਪੱਤਾ ਭਾਵੇਂ ਹਿੱਲੇ
ਬਈਆਂ ਵਾਲਾ ਪੱਤਾ ਨਾਲ ਮਰਜ਼ੀ ਹਿਲਾਵਾਂਗੇ l
ਜਿਉਂਦੇ ਜੀਅ ਕੰਮ ਨਰਕਾਂ ਨੂੰ ਜਾਣ ਵਾਲੇ ਕੀਤੇ
ਮਰਨੋਂ ਬਾਦ ਫਿਰ ਵੀ ਸਵਰਗਾਂ ਨੂੰ ਜਾਵਾਂਗੇ l
ਚੂੰ ਚਾਂ ਜਿਸ ਥੋੜ੍ਹੀ ਜਿਹੀ ਕੀਤੀ ਉਸੇ ਵੇਲੇ ਢਾਵਾਂਗੇ
ਵੈਸੇ ਮਨ ਨੀਵਾਂ ਤੇ ਮੱਤ ਉੱਚੀ ਵਾਲੇ ਅਖਵਾਵਾਂਗੇ l
ਭੁੱਲ ਚੁੱਕ ਉੱਪਰ ਵਾਲੇ ਕੋਲੋਂ ਮਾਫ ਹੈ ਕਰਵਾ ਲੈਣੀ
ਫੀਸ ਦੇ ਕੇ ਰੱਬ ਅੱਗੇ ਮੱਥੇ ਰਗੜ੍ਹਾਵਾਂਗੇ l
ਕਹਿਣੀ ਅਤੇ ਕਰਨੀ ਨਾ ਹਊ ਕਦੇ ਇੱਕ ਸਾਡੀ
ਰੱਟੇ ਲਾ ਲਾ ਕੇ ਰੋਜ਼ ਨਾਮ ਦਾਤੇ ਦਾ ਧਿਆਵਾਂਗੇ l
ਅਵਤਾਰ ਤਰਕਸ਼ੀਲਾ ਸਾਨੂੰ ਘੱਟ ਨਾ ਤੂੰ ਜਾਣੀ
ਖੁਰਦਪੁਰੀਆ ਤੇਰੇ ਸਾਹਮਣੇ ਪੰਜਾਬ ਬਚਾਵਾਂਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147