ਮੈਂ ਵੀ ਹਾਂ ਪੰਜਾਬੀ ਬਈਆ,
ਵਿਦੇਸ਼ਾਂ ਦੇ ਵਿੱਚ ਆਇਆ ਹਾਂ l
ਅੰਗਰੇਜ਼ੀ ਤਾਂ ਮੈਨੂੰ ਘੱਟ ਆਵੇ,
ਪੰਜਾਬੀ ਵਿੱਚ ਹੀ ਛਾਇਆ ਹਾਂ l
ਕੰਮ ਮੈਂ ਨੱਠ ਨੱਠ ਕਰ ਲੈਨਾਂ,
ਗੋਰਿਆਂ ਨੂੰ ਤਾਂ ਹੀ ਭਾਇਆ ਹਾਂ l
ਛੁੱਟੀ ਕਦੇ ਨਹੀਂ ਕਰਦਾ ਮੈਂ,
ਪਸੀਨਾ ਨਿੱਤ ਬਹਾ ਆਇਆ ਹਾਂ l
ਖਰਚੇ ਤੋਂ ਤਾਂ ਤੰਗ ਬੜਾ,
ਪੰਜਾਬੋਂ ਨਾ ਕੁੱਝ ਲਿਆਇਆ ਹਾਂ l
ਜ਼ਮੀਨ ਤਾਂ ਭਾਵੇਂ ਬੜੀ ਸੀ,
ਪਰ ਕਰਜ਼ਾ ਚੁੱਕ ਆਇਆ ਹਾਂ l
ਇੱਕ ਕਮਰੇ’ਚ ਦਸ ਦਸ ਰਹੀਏ,
ਕੋਠੀ ਪਿੰਡ ਖਾਲੀ ਛੱਡ ਆਇਆ ਹਾਂ l
ਗੱਦਿਆਂ ਦੇ ਸੀ ਸੁਪਨੇ ਲੈਂਦਾ,
ਰਾਤੀਂ ਕਾਰਪੈੱਟ ਤੇ ਸੌਂ ਆਇਆ ਹਾਂ l
ਨਿੱਕੀ ਕਾਰ’ਚ ਕਈ ਜਣੇ ਬੈਠੀਏ,
ਪਰਾਡੋ ਦਾ ਸੁਪਨਾ ਲੈ ਆਇਆ ਹਾਂ l
ਵੱਖ ਵੱਖ ਜਾਤਾਂ ਨਾਲ ਇਕੱਠਾ ਰਹਿੰਦਾ,
ਅੰਦਰਲਾ ਜੱਟ ਮਾਰ ਕੇ ਆਇਆ ਹਾਂ l
ਸਰਫ਼ੇ ਨਾਲ ਹਾਂ ਖਰਚਾ ਕਰਦਾ,
ਫੁਕਰੀ ਮਾਰਨੀ ਛੱਡ ਆਇਆ ਹਾਂ l
ਭਾਂਡੇ ਵੀ ਨੇ ਇੱਕੋ ਸਾਡੇ ਸਭ ਦੇ
ਸਾਂਝੀ ਗਿਲਾਸੀ ਲਾ ਆਇਆ ਹਾਂ l
ਮੀਟ ਵੀ ਇੱਕੋ ਭਾਂਡੇ ਪਾਇਆ,
ਚਮਚਾ ਸਾਂਝਾ ਵਰਤ ਕੇ ਆਇਆ ਹਾਂ l
ਇੱਕ ਇੱਕ ਦਿਹਾੜੀ ਨੂੰ ਤਰਸਾਂ ਮੈਂ,
ਚਾਲੀ ਲੱਖ ਲਗਾ ਕੇ ਜੁ ਆਇਆ ਹਾਂ l
ਉੱਥੇ ਆੜ੍ਹਤੀਆਂ ਸੀ ਸਤਾ ਦਿੱਤਾ,
ਏਜੇਂਟਾਂ ਕੋਲੋਂ ਠਗ ਹੋ ਆਇਆ ਹਾਂ l
ਇਮੀਗ੍ਰੇਸ਼ਨ ਤੋਂ ਲੁਕ ਲੁਕ ਕੰਮ ਕਰਾਂ,
ਅੱਜ ਵੀ ਦੌੜ ਲਗਾ ਕੇ ਆਇਆ ਹਾਂ l
ਆਪੇ ਭਾਂਡੇ ਮਾਂਜਾਂ ਤੇ ਕੱਪੜੇ ਧੋਵਾਂ,
ਵੈਕਿਉਮ ਕਰ ਪੋਚੇ ਲਾ ਆਇਆ ਹਾਂ l
ਪੱਕੀ ਪਕਾਈ ਨਾ ਮਿਲਦੀ ਇਥੇ,
ਵਿੰਗੀਆਂ ਹੀ ਰਾੜ੍ਹ ਕੇ ਆਇਆ ਹਾਂ l
ਚੁੱਲ੍ਹੇ ਤੇ ਕਈ ਵਾਰੀ ਹੱਥ ਸਾੜ ਕੇ,
ਹਾਏ ਬੀਬੀਏ ਕਹਿ ਆਇਆ ਹਾਂ l
ਪੁੱਤ ਬੱਚਾ ਨਾ ਇਥੇ ਕੋਈ ਕਹਿੰਦਾ,
ਓਏ ਓਏ ਕਈ ਵਾਰ ਕਹਾ ਆਇਆ ਹਾਂ l
ਕਰੀਜ਼ ਦਾ ਨਾ ਖਿਆਲ ਇਥੇ,
ਰੇਨਕੋਟ ਪਾ ਦਿਹਾੜੀ ਲਾ ਆਇਆ ਹਾਂ l
ਮੇਰੀ ਪੜ੍ਹਾਈ ਦੀ ਨਾ ਕਦਰ ਇਥੇ,
ਸਾਰਾ ਦਿਨ ਕੀਵੀ ਤੋੜ ਕੇ ਆਇਆ ਹਾਂ l
ਗੋਰੀਆਂ ਨਾ ਮਰਦੀਆਂ ਮੇਰੇ ਤੇ,
ਗੋਰੀਆਂ ਤੇ ਮਰ ਆਇਆ ਹਾਂ l
ਹੁਣ ਨਾ ਇਥੇ ਕੋਈ ਬੜ੍ਹਕ ਮਾਰਾਂ,
ਲੱਗਾਂ ਗਊ ਦਾ ਜਾਇਆ(ਸ਼ਰੀਫ) ਹਾਂ l
ਗੁੱਸੇ ਵਿੱਚ ਨਾ ਕਦੇ ਲਾਲ ਹੋਵਾਂ,
ਸ਼ਾਂਤ ਸੁਭਾਅ ਕਰ ਆਇਆ ਹਾਂ l
ਪਿੰਡ ਬਾਪੂ ਅਵਾਜ਼ਾਂ ਮਾਰ ਉਠਾਉਂਦਾ,
ਅਲਾਰਮ ਨਾਲ ਇਥੇ ਉੱਠ ਆਇਆ ਹਾਂ l
ਚੰਗਾ ਨਾ ਮੇਰਾ ਭਵਿੱਖ ਦਿਸੇ,
ਭਾਵੇਂ ਅਰਦਾਸਾਂ ਕਰ ਆਇਆ ਹਾਂ l
ਅਵਤਾਰ ਰਹਿ ਸਕਾਂ ਨਾ ਮੁੜ ਸਕਾਂ,
ਖੁਰਦਪੁਰ ਦਾ ਰਾਹ ਭੁੱਲ ਆਇਆ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147