ਇਹ ਮੇਰੇ ਹੋਣ ਦੀ ਗੱਲ ਨਹੀਂ
ਹੋਰਾਂ ਖਾਤਰ ਜਿਉਣ ਦੀ ਗੱਲ ਹੈ l
ਇਹ ਮੇਰੇ ਜਾਗਣ ਦੀ ਗੱਲ ਨਹੀਂ
ਹੋਰਾਂ ਨੂੰ ਜਗਾਉਣ ਦੀ ਗੱਲ ਹੈ l
ਇਹ ਮੇਰੇ ਬੱਚੇ ਪਾਲਣ ਦੀ ਗੱਲ ਨਹੀਂ
ਹੋਰਾਂ ਦੇ ਰੁਲਦੇ ਸੰਭਾਲਣ ਦੀ ਗੱਲ ਹੈ l
ਇਹ ਮੇਰੇ ਮਹਿਲ ਮੁਨਾਰਿਆਂ ਦੀ ਗੱਲ ਨਹੀਂ
ਹੋਰਾਂ ਵਾਸਤੇ ਉਸਾਰਨ ਦੀ ਗੱਲ ਹੈ l
ਇਹ ਮੈਨੂੰ ਮਿਲੇ ਚਾਨਣਾਂ ਦੀ ਗੱਲ ਨਹੀਂ
ਹਨੇਰਿਆਂ ਨੂੰ ਵੰਗਾਰਨ ਦੀ ਗੱਲ ਹੈ l
ਇਹ ਮੇਰੇ ਵਿਗੜੇ ਕੰਮਾਂ ਦੀ ਗੱਲ ਨਹੀਂ
ਹੋਰਾਂ ਦੇ ਸੁਆਰਨ ਦੀ ਗੱਲ ਹੈ l
ਇਹ ਮੇਰੇ ਤੇ ਆਈ ਪੱਤਝੜ ਦੀ ਗੱਲ ਨਹੀਂ
ਹੋਰਾਂ ਤੇ ਲਿਆਂਦੀ ਬਹਾਰ ਦੀ ਗੱਲ ਹੈ l
ਇਹ ਮੇਰੇ ਟੁੱਟੇ ਸੁਪਨਿਆਂ ਦੀ ਗੱਲ ਨਹੀਂ
ਹੋਰਾਂ ਦੇ ਟੁੱਟਦੇ ਬਚਾਉਣ ਦੀ ਗੱਲ ਹੈ l
ਇਹ ਮੈਨੂੰ ਮਿਲੇ ਕਿਨਾਰਿਆਂ ਦੀ ਗੱਲ ਨਹੀਂ
ਹੋਰਾਂ ਨੂੰ ਦਿੱਤੇ ਸਹਾਰਿਆਂ ਦੀ ਗੱਲ ਹੈ l
ਇਹ ਮੇਰੇ ਹੰਝੂਆਂ ਦੀ ਗੱਲ ਨਹੀਂ
ਹੋਰਾਂ ਦੇ ਪੂੰਝਣ ਦੀ ਗੱਲ ਹੈ l
ਇਹ ਮੇਰੇ ਅਧੂਰੇ ਗਿਆਨ ਦੀ ਗੱਲ ਨਹੀਂ
ਲੱਖਾਂ ਤੱਕ ਫੈਲਾਉਣ ਦੀ ਗੱਲ ਹੈ l
ਇਹ ਮੇਰੀ ਥੋੜ੍ਹੀ ਜ਼ਮੀਨ ਦੀ ਗੱਲ ਨਹੀਂ
ਜਾਗਦੀ ਹੋਈ ਜ਼ਮੀਰ ਦੀ ਗੱਲ ਹੈ l
ਇਹ ਮੇਰੀ ਠੁੱਕ ਦੀ ਗੱਲ ਨਹੀਂ
ਹੋਰਾਂ ਤੱਕ ਪਹੁੰਚਾਏ ਟੁੱਕ ਦੀ ਗੱਲ ਹੈ l
ਇਹ ਮੇਰੇ ਇਕੱਠਾ ਕਰਨ ਦੀ ਗੱਲ ਨਹੀਂ
ਹੱਥੀਂ ਪਏ ਰੱਟਣਾਂ ਦੀ ਗੱਲ ਹੈ l
ਇਹ ਮੇਰੇ ਸਰਮਾਏ ਦੀ ਗੱਲ ਨਹੀਂ
ਲੱਖਾਂ ਨੂੰ ਉੱਪਰ ਉਠਾਏ ਦੀ ਗੱਲ ਹੈ l
ਇਹ ਮੇਰੇ ਮਰਨੋਂ ਬਾਦ ਸਵਰਗ ਦੀ ਗੱਲ ਨਹੀਂ
ਜਿਉਂਦਿਆਂ ਨੂੰ ਨਰਕੋਂ ਬਚਾਏ ਦੀ ਗੱਲ ਹੈ l
ਇਹ ਬਾਂਦਰ ਤੋਂ ਬੰਦਾ ਬਣਨ ਦੀ ਗੱਲ ਨਹੀਂ
ਬੰਦਾ ਹੋ ਕੇ ਬਾਂਦਰ ਨਾ ਬਣਨ ਦੀ ਗੱਲ ਹੈ l
ਇਹ ਅੱਖਰਾਂ ਨੂੰ ਰੱਟਾ ਲਾਉਣ ਦੀ ਗੱਲ ਨਹੀਂ
ਜਿੰਦਗੀ ਵਿੱਚ ਅਪਨਾਉਣ ਦੀ ਗੱਲ ਹੈ I
ਇਹ ਮੇਰੇ ਧਰਮ ਦੀ ਗੱਲ ਨਹੀਂ
ਕੀਤੇ ਹੋਏ ਕਰਮ ਦੀ ਗੱਲ ਹੈ l
ਇਹ ਮੇਰੇ ਰੱਬ ਨੂੰ ਨਾ ਮੰਨਣ ਦੀ ਗੱਲ ਨਹੀਂ
ਸਿਰਫ ਯੱਭ ਤੋਂ ਬਚਣ ਦੀ ਗੱਲ ਹੈ l
ਇਹ ਮੇਰੇ ਥਾਂ ਥਾਂ ਸਿਰ ਝੁਕਾਉਣ ਦੀ ਗੱਲ ਨਹੀਂ
ਮਾਣ ਨਾਲ ਸਿਰ ਉਠਾਉਣ ਦੀ ਗੱਲ ਹੈ l
ਇਹ ਮੇਰੀ ਮੌਤ ਦੀ ਗੱਲ ਨਹੀਂ
ਜਿਉਂਦੇ ਹੋਏ ਨਾ ਮਰਨ ਦੀ ਗੱਲ ਹੈ l
ਇਹ ਮੇਰੀ ਜਿੱਤ ਦੀ ਗੱਲ ਨਹੀਂ
ਹੋਰਾਂ ਨੂੰ ਹਰਨੋਂ ਬਚਾਉਣ ਦੀ ਗੱਲ ਹੈ l
ਇਹ ਮੇਰੇ ਪਿੱਛੇ ਭੀੜ ਨਾ ਆਈ ਦੀ ਗੱਲ ਨਹੀਂ
ਮੇਰੇ ਭੀੜ ਪਿੱਛੇ ਨਾ ਜਾਣ ਦੀ ਗੱਲ ਹੈ l
ਇਹ ਮੇਰੇ ਬੰਦਾ ਬਣ ਪੈਦਾ ਹੋਣ ਦੀ ਗੱਲ ਨਹੀਂ
ਇਨਸਾਨ ਬਣਕੇ ਮਰਨ ਦੀ ਗੱਲ ਹੈ l
ਇਹ ਮੈਨੂੰ ਮਿਲੀ ਨਫਰਤ ਦੀ ਗੱਲ ਨਹੀਂ
ਅਵਤਾਰ ਖੁਰਦਪੁਰੀਏ ਦੇ ਪਿਆਰ ਦੀ ਗੱਲ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
ਫੋਨ 006421392147