ਕਰੋਨਾ ਕਾਲ ਦਾ ਜਦੋਂ ਸੀ ਦੌਰ ਆਇਆ,
ਸਰਕਾਰਾਂ ਮਸ਼ਹੂਰੀ ਸੀ ਕਰੋਨੇ ਦੀ ਕਰ ਦਿੱਤੀ l
ਬੀਬੀ ਪ੍ਰਧਾਨ ਨੇ ਜਰੂਰੀ ਕੰਮ ਸਭ ਛੱਡ ਕੇ,
ਕਮੈਂਟਰੀ ਕਰੋਨੇ ਦੀ ਰੋਜ਼ ਸ਼ੁਰੂ ਕਰ ਦਿੱਤੀ l
ਸਵਾਲ ਪੁੱਛੇ ਸਿਰਫ ਇਕੱਲਾ ਸਰਕਾਰੀ ਮੀਡੀਆ,
ਜਵਾਬ ਦੇਣੋਂ ਹੋਰਾਂ ਦੇ ਸਵਾਲਾਂ ਨੂੰ ਨਾਂਹ ਕਰ ਦਿੱਤੀ l
ਮਨੁੱਖ ਨੂੰ ਮਨੁੱਖ ਤੋਂ ਡਰ ਲੱਗਣਾ ਸ਼ੁਰੂ ਹੋਇਆ,
ਆਪਸੀ ਫਾਸਲਾ ਰੱਖਣ ਦੀ ਗੱਲ ਜਦ ਕਰ ਦਿੱਤੀ l
ਕਰਿਆਨਾ ਕਤਾਰਾਂ’ਚ ਲੱਗ ਕੇ ਮਿਲਣ ਲੱਗਿਆ,
ਦੁਕਾਨਾਂ ਵਾਲਿਆਂ ਸਕਿਉਰਿਟੀ ਖੜੀ ਕਰ ਦਿੱਤੀ l
ਪੁਲਿਸ ਨਾਕੇ ਸ਼ਹਿਰਾਂ ਦੇ ਬਾਰਡਰਾਂ ਤੇ ਲਾ ਦਿੱਤੇ,
ਮਨਾਹੀ ਆਮ ਲੋਕਾਂ ਨੂੰ ਲੰਘਣ ਦੀ ਕਰ ਦਿੱਤੀ l
ਨਿੱਕਾ ਜਿਹਾ ਕਰੋਨਾ ਬਣਾ ਦਿੱਤਾ ਵੱਡਾ ਅੱਤਵਾਦੀ,
ਹਰ ਪਾਸੇ ਨਾਕਾਬੰਦੀ ਪੂਰੀ ਕਰ ਦਿੱਤੀ l
ਛਿੱਕਲੀਆਂ/ਮਾਸਕਾਂ ਪਾ ਦਿੱਤੀਆਂ ਮੂੰਹ ਨੱਕ ਉੱਤੇ,
ਸਾਹ ਲੈਣ ਦੀ ਸਭ ਨੂੰ ਤੰਗੀ ਸੀ ਕਰ ਦਿੱਤੀ l
ਹਰ ਇੱਕ ਦੇ ਨੱਕ ਵਿੱਚ ਤੀਲੇ ਮਾਰਨ ਲੱਗੇ,
ਲੱਗੇ ਜਿਵੇਂ ਨੱਕ ਦੀ ਸਫਾਈ ਸ਼ੁਰੂ ਕਰ ਦਿੱਤੀ l
ਦਵਾਈਆਂ, ਸੈਨੀਟਾਈਜ਼ਰ, ਮਾਸਕ ਵਿਕਣ ਲੱਗੇ,
ਦਸਤਾਨੇ ਕਿੱਟਾਂ ਦੀ ਪੂਰੀ ਮਹਿੰਗਾਈ ਕਰ ਦਿੱਤੀ l
ਭਾਈਚਾਰਕ ਸਾਂਝ ਉਸ ਵੇਲੇ ਸੀ ਘੱਟ ਹੋਈ,
ਇਕੱਠਾਂ ਵੱਡਿਆਂ ਦੀ ਮਨਾਹੀ ਜਦ ਕਰ ਦਿੱਤੀ l
ਵਿਆਹ ਸ਼ਾਦੀ ਤੇ ਪਾਰਟੀਆਂ ਸੀ ਰੱਦ ਹੋਈਆਂ,
ਤਾਲਾਬੰਦੀ ਦੀ ਅਚਾਨਕ ਸੁਣਾਈ ਜਦੋਂ ਕਰ ਦਿੱਤੀ l
ਧਾਰਮਿਕ ਅਸਥਾਨਾਂ ਦਾ ਵੀ ਲੱਗਾ ਬਹੁਤ ਮੰਦਾ,
ਸੰਗਤਾਂ ਘਰੋਂ ਰੱਬ ਅੱਗੇ ਬੇਨਤੀ ਸ਼ੁਰੂ ਕਰ ਦਿੱਤੀ l
ਸਰਬ ਸ਼ਕਤੀਮਾਨ ਸੀ ਕੰਧਾਂ ਵਿੱਚ ਕੈਦ ਹੋਇਆ,
ਪੱਤੇ ਹੁਕਮ ਬਿਨਾਂ ਹਿੱਲਣ ਦੀ ਗਲਤੀ ਕਰ ਦਿੱਤੀ l
ਕਮਰਸ਼ੀਅਲ ਬਿਲਡਿੰਗਾਂ ਹੋਈਆਂ ਕਈ ਖਾਲੀ,
ਔਨਲਾਇਨ ਕੰਮ ਕਰਕੇ ਵਿਕਰੀ ਸ਼ੁਰੂ ਕਰ ਦਿੱਤੀ l
ਟੈਕਸੀਆਂ ਤੇ ਟਰੈਵਲ ਕਾਰੋਬਾਰ ਘਾਟਾ ਖਾ ਗਏ,
ਕਿਰਾਏ ਵਾਲੀਆਂ ਗੱਡੀਆਂ ਬੈੰਕਰਪਸੀ ਕਰ ਦਿੱਤੀ l
ਕੈਫੇ, ਰੈਸਟੋਰੈਂਟ, ਬਾਰ ਬਹੁਤੇ ਕਾਰੋਬਾਰ ਛੱਡ ਗਏ,
ਕਈਆਂ ਵਾਧੂ ਸਟਾਫ ਦੀ ਛੁੱਟੀ ਕਰ ਦਿੱਤੀ l
ਫਲਾਈਟਾਂ ਸਾਰੇ ਮੁਲਕਾਂ ਦੀਆਂ ਰੱਦ ਹੋਈਆਂ,
ਮਾਇਗਰੈਂਟ ਓਫਸ਼ੋਰ ਦੀ ਐਂਟਰੀ ਬੰਦ ਕਰ ਦਿੱਤੀ l
ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀਆਂ ਕਰਾ ਦਿੱਤੀਆਂ,
ਅਪਾਰਟਮੈਂਟਾਂ’ਚ ਹੁੰਦੀ ਕਮਾਈ ਘੱਟ ਕਰ ਦਿੱਤੀ l
ਸਰਮਾਏਦਾਰਾਂ ਦੀ ਤਾਂ ਸੀ ਬਣ ਗਈ ਚਾਂਦੀ,
ਲਗਦੀ ਮਿਹਨਤੀ ਦੀ ਦਿਹਾੜੀ ਬੰਦ ਕਰ ਦਿੱਤੀ l
ਕਿਰਾਏ ਵਾਲੇ ਘਰ ਕਈਆਂ ਦੇ ਪਏ ਰਹੇ ਖਾਲੀ,
ਕਿਰਾਏਦਾਰਾਂ ਨੂੰ ਘਰ ਲੈਣੋਂ ਪਬੰਦੀ ਕਰ ਦਿੱਤੀ l
ਘਰਾਂ ਦੀ ਕੀਮਤ ਵਧਦੀ ਦੇਖ ਤਰਥੱਲ ਮਚਿਆ,
ਪੰਜਾਹ ਫੀਸਦੀ ਕੀਮਤ ਘਰਾਂ ਦੀ ਵੱਧ ਕਰ ਦਿੱਤੀ l
ਬਿਲਡਿੰਗ ਮਟੀਰੀਅਲ’ਚ 60% ਹੋਇਆ ਵਾਧਾ,
ਉਡੀਕ ਸਮਾਨ ਦੀ ਛੇ ਮਹੀਨੇ ਤੱਕ ਸੀ ਕਰ ਦਿੱਤੀ l
ਕੰਨਟੇਨਰਾਂ ਦਾ ਕਿਰਾਇਆ ਵਧਾਇਆ ਚਾਰ ਗੁਣਾਂ,
ਹਾਕਮ ਕਹੇ ਲੋਕਾਂ ਦੀ ਜਿੰਦਗੀ ਚੰਗੀ ਕਰ ਦਿੱਤੀ l
ਭਾਰਤੀਆਂ ਆਟੇ ਦਾਲ ਦਾ ਸਟਾਕ ਬੜਾ ਕੀਤਾ,
ਗੋਰਿਆਂ ਟਾਇਲਟ ਪੇਪਰ ਦੀ ਸਫਾਈ ਕਰ ਦਿੱਤੀ l
ਘਰਾਂ ਦੇ ਕਿਰਾਏ ਵਿੱਚ ਵਾਧਾ ਬੜਾ ਹੋਇਆ,
ਲੋਕਾਂ ਦੀ ਤਨਖਾਹ ਕਿਰਾਏ’ਚ ਪੂਰੀ ਕਰ ਦਿੱਤੀ l
ਵਿਦੇਸ਼ਾਂ ਵਿੱਚ ਘਰ ਬੈਠਿਆਂ ਪੈਸੇ ਮਿਲਣ ਲੱਗੇ,
ਲੋਕਾਂ ਸਿਫਤ ਨਾਲ ਹਾਕਮ ਦੀ ਬੱਲੇ-2 ਕਰ ਦਿੱਤੀ l
ਕਸਰ ਛੱਡੀ ਨਾ ਸਰਕਾਰਾਂ ਕਰਜ਼ਾ ਚੁੱਕਣੇ ਦੀ,
ਜਨਤਾ ਮੁਲਕ ਦੀ ਕਰਜ਼ਾਈ ਸੀ ਕਰ ਦਿੱਤੀ l
ਮੁਲਕ ਨੇ ਕਰੰਸੀ ਛਾਪਣ ਤੇ ਬੜਾ ਜ਼ੋਰ ਲਾਇਆ,
ਕੀਮਤ ਕਮਾਏ ਡਾਲਰਾਂ ਦੀ ਘੱਟ ਕਰ ਦਿੱਤੀ l
ਰਿਹਾ ਨਾ ਹਸਪਤਾਲਾਂ ਵਿੱਚ ਕੋਈ ਬੈੱਡ ਖਾਲੀ,
ਗੁਲੂਕੋਸ ਵੇਟਿੰਗ ਰੂਮ’ਚ ਲਾ ਕਮਾਲ ਕਰ ਦਿੱਤੀ l
ਸਰਕਾਰ ਸਾਇਕਲ ਦੀਆਂ ਲੇਨਾਂ ਰਹੀ ਬਣਾਉਂਦੀ,
ਖਿਲਵਾੜ ਲੋਕਾਂ ਦੀ ਸਿਹਤ ਨਾਲ ਕਰ ਦਿੱਤੀ l
ਰਲਮਿਲ ਟੀਕਿਆਂ ਦਾ ਸੀ ਬੜਾ ਪ੍ਰਚਾਰ ਹੋਇਆ,
ਦੁਨੀਆਂ 3-4 ਟੀਕਿਆਂ ਦੀ ਆਦੀ ਕਰ ਦਿੱਤੀ l
ਜੋ ਆਖਦੇ ਸੀ ਦਾਤੇ ਦੇ ਹੁਕਮ ਨਾਲ ਸਾਹ ਚੱਲਦੇ,
ਬਾਂਹ ਟੀਕੇ ਲਈ ਪਹਿਲਾਂ ਅੱਗੇ ਕਰ ਦਿੱਤੀ l
ਰਿਸ਼ਵਤ ਦੇ ਦੇ ਕੇ ਕਰੋਨਾ ਦੇ ਲਾਏ ਟੀਕੇ,
ਹੋਰਾਂ ਬਿਮਾਰੀਆਂ ਦੇ ਮਰੀਜ਼ਾਂ ਝੜ੍ਹਾਈ ਕਰ ਦਿੱਤੀ l
ਟੀਕਾ ਨਾ ਲਗਵਾਣ ਵਾਲਿਆਂ ਨਾਲ ਹੋਇਆ ਧੱਕਾ,
ਕਈਆਂ ਦੀ ਨੌਕਰੀ ਤੋਂ ਸੀ ਛੁੱਟੀ ਕਰ ਦਿੱਤੀ l
ਮਹਿੰਗਾਈ ਦਰ ਵਿੱਚ ਬੇਹਿਸਾਬਾ ਹੋਇਆ ਵਾਧਾ,
ਬੈਂਕਾਂ ਦੁੱਗਣੀ ਘਰਾਂ ਦੀ ਕਿਸ਼ਤ ਕਰ ਦਿੱਤੀ l
ਡੀਜ਼ਲ ਤੇ ਪੈਟਰੋਲ ਜਦ ਹੋਇਆ ਬਹੁਤ ਮਹਿੰਗਾ,
ਸਰਕਾਰ ਪਬਲਿਕ ਟਰਾਂਸਪੋਰਟ ਪੇਸ਼ ਕਰ ਦਿੱਤੀ l
ਕਾਮਿਆਂ ਦੀ ਘਾਟ ਤਾਂ ਪਹਿਲਾਂ ਹੀ ਬਹੁਤ ਸੀ,
ਉਤੋਂ ਓਵਰਸਟੇ ਫੜ ਫੜ ਫਲਾਈਟ ਕਰ ਦਿੱਤੀ l
ਪਬੰਦੀਆਂ ਲਾ ਕੇ ਕਈ ਮਾਨਸਿਕ ਰੋਗੀ ਕੀਤੇ,
ਹਾਕਮ ਕਹੇ ਕਰੋਨਾ ਰੋਕ ਕੇ ਝੰਡੀ ਕਰ ਦਿੱਤੀ l
ਸਰਮਾਏਦਾਰੀ ਇਸ਼ਾਰੇ ਤੇ ਮੰਦੀ ਦਾ ਦੌਰ ਆਇਆ,
ਉਂਗਲੀ ਯੂਕਰੇਨ ਰੂਸ ਜੰਗ ਵੱਲ ਭਾਵੇਂ ਕਰ ਦਿੱਤੀ l
ਖੁਰਦਪੁਰੀਆ ਨੁਕਸਾਨ ਮੁਲਕ ਦਾ ਬੜਾ ਹੋਇਆ,
ਅਵਤਾਰ ਜੇਬ ਜਨਤਾ ਦੀ ਜਦ ਖਾਲੀ ਕਰ ਦਿੱਤੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147