ਜਿੰਦਗੀ ਵਿੱਚ ਸੀ ਜੋ ਮਿਲਿਆ,
ਸੁਪਨਿਆਂ ਵਿੱਚ ਉਹ ਕਿੱਥੇ ਸੀ?
ਤੰਬੂਆਂ ਵਿੱਚ ਸੌਂ ਕੇ ਜੋ ਮਿਲਿਆ,
ਸਕੂਨ ਚੁਬਾਰਿਆਂ ਵਿੱਚ ਉਹ ਕਿੱਥੇ ਸੀ?
ਤੂਫ਼ਾਨਾਂ ਨਾਲ ਖਹਿ ਕੇ ਜੋ ਮਿਲਿਆ,
ਬਹਾਰਾਂ ਵਿੱਚ ਉਹ ਕਿੱਥੇ ਸੀ?
ਸਾਇਕਲਾਂ ਤੇ ਚੜ੍ਹ ਕੇ ਜੋ ਮਿਲਿਆ,
ਵੱਡੀਆਂ ਕਾਰਾਂ ਵਿੱਚ ਉਹ ਕਿੱਥੇ ਸੀ?
ਸਾਦਾ ਜੀਵਨ ਜੀਅ ਕੇ ਜੋ ਮਿਲਿਆ,
ਪੈਂਦੇ ਲਿਸ਼ਕਾਰਿਆਂ ਵਿੱਚ ਉਹ ਕਿੱਥੇ ਸੀ?
ਟੱਬਰ ਵਿੱਚ ਖਾਣਾ ਖਾ ਕੇ ਜੋ ਮਿਲਿਆ,
ਮਹਿੰਗੇ ਹੋਟਲਾਂ ਵਿੱਚ ਉਹ ਕਿੱਥੇ ਸੀ?
ਨਲਕਿਆਂ ਥੱਲੇ ਨਹਾ ਕੇ ਜੋ ਮਿਲਿਆ,
ਫੁਹਾਰਿਆਂ ਥੱਲੇ ਉਹ ਕਿੱਥੇ ਸੀ?
ਮਹਿਫਲਾਂ ਯਾਰਾਂ ਨਾਲ ਸਜਾ ਕੇ ਜੋ ਮਿਲਿਆ,
ਗ਼ੈਰਾਂ ਵਿੱਚ ਉਹ ਕਿੱਥੇ ਸੀ?
ਆਪਣਿਆਂ ਤੋਂ ਪਿਆਰ ਜੋ ਮਿਲਿਆ,
ਦਿਲਾਂ ਖ਼ਾਰਿਆਂ ਵਿੱਚ ਉਹ ਕਿੱਥੇ ਸੀ?
ਬਰਾਬਰ ਸਮਝ ਕੇ ਸਭ ਨੂੰ ਜੋ ਮਿਲਿਆ,
ਜਾਤਾਂ ਪਾਤਾਂ’ਚ ਫਸਿਆਂ ਉਹ ਕਿੱਥੇ ਸੀ?
ਸਵਾਲ ਕਰ ਕਰ ਕੇ ਜੋ ਮਿਲਿਆ,
ਲਾਈਲੱਗਤਾ ਵਿੱਚ ਉਹ ਕਿੱਥੇ ਸੀ?
ਨਵੇਂ ਰਾਹ ਬਣਾ ਕੇ ਜੋ ਮਿਲਿਆ,
ਪਿੱਛੇ ਤੁਰਿਆਂ ਵਿੱਚ ਉਹ ਕਿੱਥੇ ਸੀ?
ਖੁਦ ਨੂੰ ਅੰਦਰੋਂ ਬਦਲ ਕੇ ਜੋ ਮਿਲਿਆ,
ਬਦਲੇ ਪਹਿਰਾਵਿਆਂ ਵਿੱਚ ਉਹ ਕਿੱਥੇ ਸੀ?
ਅੱਖਰਾਂ ਨੂੰ ਸਮਝ ਕੇ ਜੋ ਮਿਲਿਆ,
ਲਾਏ ਰੱਟਿਆਂ ਵਿੱਚ ਉਹ ਕਿੱਥੇ ਸੀ?
ਕਿਰਤ ਕਰਕੇ ਹੱਥੀਂ ਜੋ ਮਿਲਿਆ,
ਹੱਥ ਜੋੜਿਆਂ ਵਿੱਚ ਉਹ ਕਿੱਥੇ ਸੀ?
ਤਰਕਸ਼ੀਲਾ ਲੜ ਲੜ ਕੇ ਜੋ ਮਿਲਿਆ,
ਲਿਖਿਆ ਕਨੂੰਨਾਂ ਵਿੱਚ ਉਹ ਕਿੱਥੇ ਸੀ?
ਖੁਰਦਪੁਰੀਆ ਸਿਰ ਉਠਾ ਕੇ ਜੋ ਮਿਲਿਆ,
ਅਵਤਾਰ ਝੁਕਾਇਆਂ ਵਿੱਚ ਉਹ ਕਿੱਥੇ ਸੀ?
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147