ਰੱਬ ਦੀ ਹੋਂਦ’ਚ ਵਿਸ਼ਵਾਸ ਨਹੀਂ ਕਰਦਾ,
ਨਾਸਤਿਕ ਬਣਿਆ ਮੈਨੂੰ ਰਹਿਣ ਦਿਓ l
ਪੁਜਾਰੀ ਵਾਂਗ ਪਖੰਡ ਨਹੀਂ ਕਰ ਸਕਦਾ,
ਅਸਲੀ ਚਿਹਰਾ ਸਾਹਮਣੇ ਰਹਿਣ ਦਿਓ l
ਅਗਲੇ ਜਨਮ ਦੀ ਆਸ ਨਹੀਂ ਰੱਖਦਾ,
ਇਸੇ ਜਨਮ’ਚ ਜਿਉਂਦਾ ਰਹਿਣ ਦਿਓ l
ਚੁਰਾਸੀ ਲੱਖ ਜੂਨਾਂ ਤੋਂ ਨਹੀਂ ਡਰਦਾ,
ਅਨੰਦ ਜੀਵਨ ਦਾ ਲੈਂਦਾ ਰਹਿਣ ਦਿਓ l
ਧਰਮਰਾਜ ਦੇ ਡਰਾਵੇ ਦੀ ਪ੍ਰਵਾਹ ਨਾ ਮੈਨੂੰ,
ਚੜ੍ਹਦੀ ਕਲਾ ਵਿੱਚ ਵਸਦਾ ਰਹਿਣ ਦਿਓ l
ਲਹਿਰਾਂ ਸੰਗ ਨਹੀਂ ਵਹਿੰਦਾ ਰਹਿੰਦਾ,
ਉਲਟ ਦਿਸ਼ਾ ਵਿੱਚ ਚੱਲਦਾ ਰਹਿਣ ਦਿਓ l
ਮਰਨੋਂ ਬਾਦ ਹੂਰਾਂ ਦੀ ਆਸ ਨਹੀਂ ਰੱਖਦਾ,
ਜਿਉਂਦੇ ਇੱਕ ਦਾ ਹੋਇਆ ਰਹਿਣ ਦਿਓ l
ਹੱਥ ਜੋੜਨ, ਤਰਲੇ ਕਰਨ ਦਾ ਆਦੀ ਨਹੀਂ,
ਕਿਰਤ ਲਈ ਹੱਥ ਚਲਾਉਂਦਾ ਰਹਿਣ ਦਿਓ l
ਨਾਮ ਦੇ ਜਹਾਜ਼ ਦੀ ਕਦੇ ਲੋੜ ਨਾ ਪਈ,
ਵਿਗਿਆਨੀ ਜਹਾਜ਼ ਤੇ ਚੜ੍ਹਦਾ ਰਹਿਣ ਦਿਓ l
ਭਾਣੇ ਉਸ ਦੇ ਵਿੱਚ ਰਹਿਣਾ ਸ਼ੌਂਕ ਨਹੀਂ,
ਆਪਣੇ ਰਾਹ ਖੁਦ ਬਣਾਉਂਦਾ ਰਹਿਣ ਦਿਓ l
ਰੱਬ ਦੇ ਘਰਾਂ ਦੀ ਨਹੀਂ ਉਸਾਰੀ ਕਰਦਾ,
ਸਕੂਲਾਂ ਦੀਆਂ ਛੱਤਾਂ ਪਵਾਉਂਦਾ ਰਹਿਣ ਦਿਓ l
ਬੇਜਾਨ ਭਗਵਾਨਾਂ ਨੂੰ ਨਹੀਂ ਭੋਗ ਲਗਾਉਂਦਾ,
ਭੁੱਖਿਆਂ ਨੂੰ ਅੰਨ ਖਵਾਉਂਦਾ ਰਹਿਣ ਦਿਓ l
ਝੂਠ ਦਾ ਤਾਂ ਬਿਲਕੁਲ ਗਾਹਕ ਨਹੀਂ ਹਾਂ,
ਖੁਰਦਪੁਰੀਆ ਸੱਚ ਬੋਲਦਾ ਰਹਿਣ ਦਿਓ l
ਅਵਤਾਰ ਅਖੌਤੀ ਸਵਰਗ ਦੀ ਇੱਛਾ ਨਹੀਂ,
ਧਰਤੀ ਨੂੰ ਸਵਰਗ ਬਣਾਉਂਦਾ ਰਹਿਣ ਦਿਓ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147