ਕਿਤਾਬਾਂ ਬਹੁਤ ਪੜ੍ਹੀਆਂ,
ਗ੍ਰੰਥਾਂ ਨੂੰ ਵੀ ਪੜ੍ਹਾਗਾਂ l
ਰੱਟੇ ਤਾਂ ਮੈਥੋਂ ਨਹੀਂ ਲੱਗਣੇ,
ਅਰਥਾਂ ਨੂੰ ਮਨ’ਚ ਵਸਾਵਾਂਗਾ l
ਪੜ੍ਹ ਪੜ੍ਹ ਗੱਡੇ ਨਾ ਲੱਦੂੰ,
ਸਮਝ ਕੇ ਹੋਰਾਂ ਤਾਈਂ ਪਹੁੰਚਾਵਾਂਗਾ l
ਮਨੁੱਖਤਾ ਦੀ ਜਾਤ ਸਾਰੀ ਇੱਕ ਲੱਗੂ,
ਸਾਂਝੀਵਾਲਤਾ ਨੂੰ ਦਿਲੋਂ ਅਪਣਾਵਾਂਗਾ l
ਦੂਜਿਆਂ ਨੂੰ ਉੱਚਾ ਨੀਵਾਂ ਕਹਿ,
ਨਾ ਨਫਰਤ ਫੈਲਾਵਾਂਗਾ l
ਇੱਕੋ ਪੰਗਤ’ਚ ਲੰਗਰ ਛਕਾ,
ਛੋਟੇ ਵੱਡੇ ਵਾਲਾ ਭੇਦ ਮਿਟਾਵਾਂਗਾ l
ਔਰਤ ਜੱਗ ਦੀ ਹੈ ਜਨਣੀ,
ਨੀਵਾਂ ਨਾ ਉਸ ਤਾਈਂ ਦਿਖਾਵਾਂਗਾ l
ਵੰਡ ਕੇ ਖਾ ਲੈਣੀ ਆ ਜਾਊ,
ਹੋਰਾਂ ਕੋਲੋਂ ਖੋਹ ਕੇ ਨਾ ਖਾਵਾਂਗਾ l
ਕਿਰਤ ਕਰਨ ਦੀ ਅਹਿਮੀਅਤ,
ਦੇ ਗੀਤ ਦਿਲੋਂ ਗਾਵਾਂਗਾ l
ਵਿਹਲੇ ਪੁਜਾਰੀਆਂ ਨੂੰ ਨਾ,
ਕਮਾਈ ਆਪਣੀ ਖਵਾਵਾਂਗਾ l
ਬਲਿਹਾਰੀ ਕੁਦਰਤ ਨੂੰ ਸਮਝ ਕੇ,
ਦਰੱਖਤ, ਪੌਣ, ਪਾਣੀ ਨੂੰ ਬਚਾਵਾਂਗਾ l
ਗੁੱਸਾ ਆਉਣੋਂ ਆਪੇ ਹਟ ਜਾਊ,
ਵਿਚਾਰ ਦਾ ਰਾਹ ਜਦ ਅਪਣਾਵਾਂਗਾ l
ਮੌਤੋਂ ਬਾਦ ਨਰਕ ਦਾ ਡਰ ਨਾ ਰਹੂ,
ਧਰਤੀ ਤੇ ਸਵਰਗ ਬਣਾਵਾਂਗਾ l
ਕਹਿਣੀ ਤੇ ਕਰਨੀ ਇੱਕ ਹੋ ਜਾਊ,
ਜਦ ਕਰਨੇ ਦਿਖਾਵੇ ਛੱਡ ਆਵਾਂਗਾ l
ਗਿਰਜੇ, ਮੰਦਰ, ਮਸਜਿਦ ਭਾਵੇਂ ਢਹਿਣ,
ਦਿਲ ਨਾ ਇਨਸਾਨੀ ਢਾਵਾਂਗਾ l
ਦੁਖੀ ਨਾ ਕੋਈ ਦੁਨੀਆਂ ਤੇ ਹੋਵੇ,
ਹਰ ਵੇਲੇ ਦਿਲੋਂ ਇਹੀ ਚਾਹਾਂਗਾ l
ਸੱਚ ਨੂੰ ਤਾਂ ਸੱਚ ਹੀ ਕਹੂੰ,
ਭਾਵੇਂ ਬਹੁਤਿਆਂ ਨੂੰ ਨਾ ਭਾਵਾਂਗਾ l
ਅਵਤਾਰ ਤਰਕਸ਼ੀਲਾ ਸੋਚ ਉੱਚੀ ਕਰ,
ਡੇਰਿਆਂ ਤੇ ਪੈਰ ਨਾ ਪਾਵਾਂਗਾ l
ਖੁਰਦਪੁਰੀਆ ਸਿਰ ਮਾਣ ਨਾਲ,
ਉੱਚਾ ਕਰ ਦੁਨੀਆਂ’ਚੋਂ ਜਾਵਾਂਗਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147