ਰਿਸ਼ਵਤ ਦੇ ਕੀਤੀਆਂ ਕਦੇ ਡਿਗਰੀਆਂ
ਭ੍ਰਿਸ਼ਟਾਚਾਰੀ ਅਫ਼ਸਰ ਮਾਰ ਗਏ l
ਮਿਲੀਆਂ ਨਾ ਸਰਕਾਰੀ ਨੌਕਰੀਆਂ
ਨੇਤਾਵਾਂ ਦੇ ਲਾਰੇ ਮਾਰ ਗਏ l
ਕੀਤੀਆਂ ਸੀ ਜਦੋਂ ਦਿਹਾੜੀਆਂ
ਕਈ ਮਜ਼ਦੂਰੀ ਮਾਰ ਗਏ l
ਨਿੱਤ ਚੋਵਣ ਸਾਡੀਆਂ ਕੁੱਲੀਆਂ
ਹੋਰਾਂ ਦੇ ਚੁਬਾਰੇ ਮਾਰ ਗਏ l
ਨਕਦ ਦੀ ਤਾਂ ਗੱਲ ਹੀ ਛੱਡੋ
ਲਏ ਹੋਏ ਉਧਾਰੇ ਮਾਰ ਗਏ l
ਹਰੀ ਕ੍ਰਾਂਤੀ ਦੇ ਨਾਂ ਤੇ
ਸਪਰੇਆਂ ਨਾਲ ਟੱਬਰ ਮਾਰ ਗਏ l
ਗੁਰਦੇ, ਸ਼ੂਗਰ ਤੇ ਦਿਲ ਦੇ ਦੌਰੇ
ਗਾੜ੍ਹਾ ਖੂਨ ਤੇ ਕੈਂਸਰ ਮਾਰ ਗਏ l
ਚਰਸ, ਅਫੀਮ, ਚਿੱਟਾ ਤੇ ਸ਼ਰਾਬ ਦੇ
ਕੀਤੇ ਹੋਏ ਉਜਾੜੇ ਮਾਰ ਗਏ l
ਇਕੱਠਿਆਂ ਨੇ ਤਾਂ ਜੀ ਲੈਣਾ ਸੀ
ਜਾਤਾਂ ਧਰਮਾਂ ਦੇ ਵਖਰੇਵੇਂ ਮਾਰ ਗਏ l
ਕੋਰੇ, ਕੱਕਰ ਕਦੇ ਸਰਦੀਆਂ
ਗਰਮੀਆਂ ਦੇ ਉਬਾਲੇ ਮਾਰ ਗਏ l
ਛੱਡੇ ਖੂਹ, ਹਲ ਤੇ ਪੰਜਾਲੀਆਂ
ਟਰੈਕਟਰ ਤੇ ਕੰਬਾਈਨਾਂ ਮਾਰ ਗਏ l
ਰਫਲਾਂ, ਕਾਰਾਂ ਤੇ ਕਦੇ ਬੁਲਟ
ਥਾਰ ਦੇ ਲਾਏ ਗੇੜੇ ਮਾਰ ਗਏ l
ਮਹਿੰਗੇ ਖਾਣੇ ਤੇ ਪੈਲੇਸ ਦੇ ਖਰਚੇ
ਕਦੇ ਉਪਰੋਂ ਸੁੱਟੇ ਨੋਟ ਹੀ ਮਾਰ ਗਏ l
ਸ਼ਗਨ, ਲੈਣ ਦੇਣ ਦੇ ਖਰਚੇ ਕਦੇ
ਲਗਵਾਏ ਹੋਏ ਅਖਾੜੇ ਮਾਰ ਗਏ l
ਲੱਗਿਆ ਕਦੇ ਡਰ ਦਾਜ ਦਹੇਜ ਦਾ
ਕੁੱਖ ਵਿੱਚ ਧੀਆਂ ਮਾਰ ਗਏ l
ਗਹਿਣੇ, ਲਹਿੰਗੇ ਤੇ ਕਦੇ ਸਾੜ੍ਹੀਆਂ
ਕਦੇ ਸੂਟ ਪਟਿਆਲੇ ਮਾਰ ਗਏ l
ਪਾਣੀ ਹੋ ਗਏ ਜਦ ਗੰਦਲੇ
ਡੂੰਘੇ ਬੋਰ ਤੇ ਫਿਲਟਰ ਮਾਰ ਗਏ l
ਮੰਡੀਆਂ’ਚ ਰੁਲਣ ਫਸਲਾਂ ਸਾਡੀਆਂ
ਝੂਠੇ ਲਲਕਾਰੇ ਮਾਰ ਗਏ l
ਚੜ੍ਹੇ ਕਰਜ਼ੇ ਤੇ ਖੀਸੇ ਖਾਲੀ
ਬੈਂਕਾਂ ਦੇ ਗੇੜੇ ਮਾਰ ਗਏ l
ਕੱਚਿਆਂ ਤੋਂ ਕਰ ਲਏ ਪੱਕੇ
ਕੋਠੀਆਂ ਦੇ ਖਰਚੇ ਮਾਰ ਗਏ l
ਲੋਕ ਸਾਡੇ ਵਾਰੇ ਕੀ ਕਹਿਣਗੇ
ਇਹੀ ਵੱਸ ਚਰਚੇ ਮਾਰ ਗਏ l
ਨਿੱਤ ਨਵੇਂ ਬਾਬੇ ਤੇ ਕਦੇ ਜੋਤਸ਼ੀ
ਲਾਏ ਸਵਰਗਾਂ ਦੇ ਲਾਰੇ ਮਾਰ ਗਏ l
ਯੰਤਰ, ਤਬੀਤ ਤੇ ਕਦੇ ਮੰਤਰ
ਸੁੱਖੀਆਂ ਸੁੱਖਾਂ ਦੇ ਸਹਾਰੇ ਮਾਰ ਗਏ l
ਥਾਂ ਥਾਂ ਜਾ ਭਾਵੇਂ ਮੱਥੇ ਰਗੜੇ
ਸਦੀਆਂ ਤੋਂ ਹੱਥ ਜੋੜੇ ਮਾਰ ਗਏ l
ਅਵਤਾਰ ਨੇ ਕੀਤੇ ਕੁੱਝ ਸਮਝੌਤੇ
ਖੁਰਦਪੁਰੀਏ ਨੂੰ ਪਰਚੇ ਮਾਰ ਗਏ l
ਨੋਟ :- ਸੋਚਣ ਦੀ ਲੋੜ ਹੈ ਕਿ ਅਸੀਂ ਕਰਜ਼ਾਈ ਕਿਵੇਂ ਹੋਏ?
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147