-ਜ਼ਮੀਨੀ ਹਕੀਕਤ ਦੇ ਅਧਾਰ ਤੇ
ਵਾਇਰਸ ਨੂੰ ਲੈ ਕੇ ਵੱਖ ਵੱਖ ਸਮੇਂ ਸਰਕਾਰਾਂ ਦੇ ਮਾਹਰਾਂ ਵਲੋਂ ਅੰਦਾਜੇ ਲਗਾਏ ਜਾਂਦੇ ਹਨ ਜਿਨ੍ਹਾਂ ਵੱਟੇ ਉਨ੍ਹਾਂ ਨੂੰ ਮੋਟੀਆਂ ਰਕਮਾਂ ਮਿਲਦੀਆਂ ਹਨ ਜੋ ਕਿ ਆਮ ਲੋਕਾਂ ਦਾ ਤਾਰਿਆ ਹੋਇਆ ਟੈਕਸ ਹੁੰਦਾ ਹੈ l ਹਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੇ ਪੈਸੇ ਨੂੰ ਸੂਝਬੂਝ ਨਾਲ ਖਰਚੇ ਪਰ ਹਰ ਵਾਰ ਇਸ ਤਰਾਂ ਨਹੀਂ ਹੁੰਦਾ l
ਸਰਕਾਰ ਦੇ ਮਾਹਰਾਂ ਮੁਤਾਬਕ ਨਿਊਜ਼ੀਲੈਂਡ ਵਿੱਚ ਵਾਈਟਾਂਗੀ ਡੇ ਤੱਕ 50,000 (ਪੰਜਾਹ ਹਜ਼ਾਰ) ਕੇਸ ਰੋਜ਼ਾਨਾ ਆਉਣ ਬਾਰੇ ਕਿਹਾ ਗਿਆ ਸੀ ਅਤੇ ਲੋਕਾਂ ਨੂੰ ਇਸ ਵਾਸਤੇ ਤਿਆਰ ਰਹਿਣ ਲਈ ਕਿਹਾ ਗਿਆ ਸੀ l ਲੋਕਾਂ ਨੂੰ ਸੁਝਾ ਦਿੱਤਾ ਗਿਆ ਸੀ ਕਿ ਉਹ ਪੈਨਾਡੋਲ, ਗਲੇ ਵਾਸਤੇ ਚੂਸਣ ਵਾਲੀਆਂ ਗੋਲੀਆਂ, ਗਰਾਰੇ ਕਰਨ ਵਾਲੀ ਦਵਾਈ ਅਤੇ ਕੁੱਝ ਹੋਰ ਦਵਾਈਆਂ ਖਰੀਦ ਕੇ ਰੱਖਣ ਜਿਸ ਤੋਂ ਬਾਦ ਲੋਕਾਂ ਇਹ ਦਵਾਈਆਂ ਬੇਸ਼ੁਮਾਰ ਖਰੀਦੀਆਂ ਅਤੇ ਕਈ ਦੁਕਾਨਾਂ ਤੇ ਖਤਮ ਹੀ ਕਰ ਦਿੱਤੀਆਂ l ਲੋਕੀਂ ਪੈਨਿਕ ਹੋ ਗਏ ਅਤੇ ਬਹੁਤੇ ਪੈਨਿਕ ਹੋਏ ਲੋਕ ਟੀਕੇ ਲਗਵਾਉਣ ਵੀ ਭੱਜੇ l ਇੱਕ ਮਿੱਤਰ ਦਾ ਮੈਨੂੰ ਫੋਨ ਆਇਆ ਕਿ ਤੂੰ ਵੀ ਕੋਈ ਤਿਆਰੀ ਕੀਤੀ? ਮੈਂ ਕਿਹਾ ਨਹੀਂ l ਕਹਿੰਦਾ ਦਵਾਈਆਂ ਨਹੀਂ ਮਿਲ ਰਹੀਆਂ l ਮੈਂ ਕਿਹਾ ਇਹ ਚੀਜ਼ਾਂ ਤਾਂ ਅਸੀਂ ਪਹਿਲਾਂ ਵੀ ਫਲੂ ਵਾਸਤੇ ਘਰ ਹੀ ਰੱਖਦੇ ਹਾਂ ਅਤੇ ਫਿਰ ਫਿਕਰ ਵਾਲੀ ਕਿਹੜੀ ਗੱਲ ਹੈ? ਮੇਰੀ ਗੱਲ ਸੁਣ ਉਸ ਨੂੰ ਕੁੱਝ ਹੌਂਸਲਾ ਹੋਇਆ l
ਇਸ ਵਾਇਰਸ ਮੌਡਲਿੰਗ ਕਰਨ ਵਾਲੇ ਮਾਹਰਾਂ ਨੂੰ ਇਸ ਕੰਮ ਲਈ ਤਕਰੀਬਨ 6 ਮਿਲੀਅਨ ਡਾਲਰ ਦਿੱਤਾ ਜਾਂਦਾ ਹੈ l ਵਾਈਟਾਂਗੀ ਡੇ ਪਰਸੋਂ ਨੂੰ ਹੈ ਅਤੇ ਰੋਜ਼ਾਨਾ ਕੇਸ ਉਸ ਦਿਨ ਤੱਕ 500 ਰੋਜ਼ਾਨਾ ਤੋਂ ਵੀ ਥੱਲੇ ਰਹਿਣ ਦੀ ਸੰਭਾਵਨਾ ਹੈ l ਪੰਜਾਹ ਹਜ਼ਾਰ ਅਤੇ ਪੰਜ ਸੌ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ l ਇਸ ਤਰਾਂ ਦੇ ਅੰਕੜੇ ਜਾਂ ਭਵਿੱਖਬਾਣੀ 10 ਸਾਲ ਦਾ ਨਿਆਣਾ ਲੌਲੀਆਂ ਲੈ ਕੇ ਵੀ ਕਰ ਸਕਦਾ ਹੈ l ਇਹ ਸਾਰੇ ਪੜ੍ਹਨ ਵਾਲਿਆਂ ਅਤੇ ਮੇਰੇ ਤਾਰੇ ਹੋਏ ਟੈਕਸ ਦਾ ਪੈਸਾ ਹੈ ਜੋ ਬਰਬਾਦ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਸਭ ਨੂੰ ਸਰਕਾਰਾਂ ਅਤੇ ਸਰਮਾਏਦਾਰਾਂ ਦੇ ਸ਼ਰਧਾਲੂ ਬਣਨਾ ਪਸੰਦ ਹੈ l ਕੀ ਇਹ ਅੰਦਾਜ਼ਾ ਗਲਤ ਹੈ ਜਾਂ ਲੋਕਾਂ ਨੂੰ ਜਾਣ ਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ? ਇਹ ਸਭ ਜਾਗਦੇ ਲੋਕਾਂ ਵਾਸਤੇ ਸਵਾਲ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)