-ਜ਼ਮੀਨੀ ਹਕੀਕਤ
ਜਦੋਂ ਕਰੋਨਾ ਦੀ ਸ਼ੁਰੂਆਤ ਵਿੱਚ ਹੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਇੱਕ ਕਰੋਨਾ ਕੇਸ ਆਉਣ ਤੇ ਬਾਰਡਰ ਬੰਦ ਕਰ ਦਿੱਤੇ ਸਨ ਤਾਂ ਮੁਲਕਾਂ ਵਿੱਚ ਵਾਹ ਵਾਹ ਹੋ ਗਈ ਸੀ l
ਵੈਸੇ ਵੀ ਲੋਕ ਕਿਸੇ ਵੀ ਨਵੀਂ ਬਿਮਾਰੀ ਜਾਂ ਵਾਇਰਸ ਦੇ ਆਉਣ ਨਾਲ ਸ਼ੁਰੂ ਵਿੱਚ ਡਰ ਹੀ ਜਾਂਦੇ ਹਨ l
ਡਰ ਅਸਲ ਵਿੱਚ ਆਪਣੀ ਆਗਿਆਨਤਾ ਵਿੱਚੋਂ ਪੈਦਾ ਹੁੰਦਾ ਹੈ l ਭਾਵ ਸਾਨੂੰ ਜਿਹੜੀਆਂ ਘਟਨਾਵਾਂ ਦਾ ਪਤਾ ਨਹੀਂ ਹੁੰਦਾ ਕਿ ਕਿਵੇਂ ਘਟਦੀਆਂ ਹਨ ਉਨ੍ਹਾਂ ਤੋਂ ਅਸੀਂ ਡਰਦੇ ਹਾਂ l
ਇਸ ਤਰਾਂ ਦੇ ਹਲਾਤਾਂ ਵਿੱਚ ਕੁੱਝ ਲੋਕ ਡਰ ਦੀ ਹਾਲਤ ਵਿੱਚ ਉਸ ਡਰ ਤੋਂ ਭੱਜਦੇ ਹਨ ਅਤੇ ਕਈ ਉਸ ਡਰ ਦੇ ਕਾਰਨਾਂ ਦੀ ਖੋਜ ਕਰਨ ਲੱਗ ਪੈਂਦੇ ਹਨ l
ਜਿਹੜੇ ਡਰ ਤੋਂ ਭੱਜਦੇ ਹਨ ਉਹ ਹਮੇਸ਼ਾਂ ਡਰਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਕਦੇ ਵੀ ਅਸਲੀਅਤ ਪਤਾ ਨਹੀਂ ਲਗਦੀ l ਜਿਹੜੇ ਲੋਕ ਡਰ ਦੇ ਕਾਰਨਾਂ ਨੂੰ ਸਮਝ ਜਾਂਦੇ ਹਨ ਉਨ੍ਹਾਂ ਨੂੰ ਕੁੱਝ ਸਮੇਂ ਬਾਦ ਡਰ ਲੱਗਣਾ ਬੰਦ ਹੋ ਜਾਂਦਾ ਹੈ l ਚਲਾਕ ਲੋਕ ਜਾਂ ਮੁਲਕ ਇਸ ਡਰ ਦਾ ਫਾਇਦਾ ਚੁੱਕਦੇ ਹਨ l ਉਹ ਇਸ ਸਮੇਂ ਆਪਣੀਆਂ ਚੀਜ਼ਾਂ ਵੱਧ ਭਾਅ ਤੇ ਡਰੇ ਹੋਏ ਲੋਕਾਂ ਨੂੰ ਵੇਚਦੇ ਹਨ l
ਕਰੋਨਾ ਦੇ ਦੌਰ ਵਿੱਚ ਵੀ ਇਹੀ ਹੋਇਆ l ਨਿਊਜ਼ੀਲੈਂਡ ਵਿੱਚ ਕਈ 10 ਡਾਲਰ ਵਾਲੀਆਂ ਮਾਸਕਾਂ 70 ਡਾਲਰ ਵਿੱਚ ਵਿਕੀਆਂ, ਸੈਨੀਟਾਈਜ਼ਰ ਦੀਆਂ ਬੋਤਲਾਂ 7 ਡਾਲਰ ਵਾਲੀਆਂ 40 ਡਾਲਰ ਵਿੱਚ ਵਿਕੀਆਂ ਅਤੇ ਅੱਧਾ ਹੱਦਵਾਣਾ 20 ਡਾਲਰ ਵਿੱਚ ਵਿਕਿਆ l ਇਸ ਤੋਂ ਇਲਾਵਾ ਕਰਿਆਨੇ ਦਾ ਬਹੁਤਾ ਸਮਾਨ ਵੀ ਦੁਕਾਨਾਂ ਦੀਆਂ ਸ਼ੈਲਫ਼ਾਂ ਤੋਂ ਗਾਇਬ ਹੀ ਹੁੰਦਾ ਸੀ l ਇਹ ਸਭ ਕੁੱਝ ਡਰ ਕਾਰਨ ਸੀ l
ਪੰਜਾਬੀ ਵਿੱਚ ਕਹਾਵਤ ਹੈ ਕਿ ਪਹਿਲੇ ਦਿਨ ਪ੍ਰਾਹੁਣਾ, ਦੂਜੇ ਦਿਨ ਪ੍ਰਾਹੁਣਾ ਅਤੇ ਤੀਜੇ ਦਿਨ ਦਾਦੇ ਮਗਾਉਣਾ l ਇਸੇ ਤਰਾਂ ਕਰੋਨਾ ਨਾਲ ਹੋਈ l ਲੰਬਾ ਸਮਾਂ ਉਥੇ ਰਹਿਣ ਕਾਰਨ ਇਸ ਦੀ ਬੇਕਦਰੀ ਸ਼ੁਰੂ ਹੋਈ l ਲੋਕਾਂ ਵਿੱਚੋਂ ਡਰ ਚੁੱਕ ਹੋਣਾ ਸ਼ੁਰੂ ਹੋਇਆ l
ਇਹ ਗੱਲ ਸਰਮਾਏਦਾਰਾਂ ਅਤੇ ਸਰਕਾਰਾਂ ਲਈ ਖਤਰਨਾਕ ਹੁੰਦੀ ਹੈ l ਪਹਿਲਾਂ ਤਾਂ ਲੋਕ ਹਰ ਰੋਜ਼ ਪ੍ਰਧਾਨ ਮੰਤਰੀ ਜੀ ਦੀ ਟੀ ਵੀ ਤੇ ਲਾਈਵ ਅਪਡੇਟ ਦੀ ਉਡੀਕ ਕਰਦੇ ਹੁੰਦੇ ਸੀ ਅਤੇ ਨਵੇਂ ਐਲਾਨ ਉਡੀਕਦੇ ਸੀ ਪਰ ਹੁਣ ਦੋ ਸਾਲ ਕਰੋਨਾ ਦੀ ਉਮਰ ਹੋਣ ਤੇ ਲੋਕਾਂ ਦੇ ਸਬਰ ਦਾ ਘੜ੍ਹਾ ਭਰ ਗਿਆ ਅਤੇ ਲੋਕ ਸੜਕਾਂ ਤੇ ਮੁਜ਼ਾਹਰੇ ਕਰਨ ਉੱਤਰ ਆਏ l
ਇਸੇ ਨੂੰ ਲੈ ਕੇ ਇੱਕ ਮੁਜ਼ਾਹਰਾ ਨਿਊਜ਼ੀਲੈਂਡ ਦੀ ਵਲਿੰਗ਼ਟਨ ਸਥਿਤ ਪਾਰਲੀਮੈਂਟ ਅੱਗੇ ਸ਼ੁਰੂ ਹੋਇਆ l ਉਸ ਤੋਂ ਬਾਦ ਮੁਜ਼ਾਹਰੇ ਮੁਲਕ ਦੇ ਹੋਰ ਸ਼ਹਿਰਾਂ ਵਿੱਚ ਸ਼ੁਰੂ ਹੋਏ l ਲੋਕ ਵੈਕਸੀਨ ਮੈਨਡੇਟ ਨੂੰ ਖਤਮ ਕਰਨ ਦੀ ਮੰਗ ਕਰਨ ਲੱਗੇ ਭਾਵ ਜਿਨ੍ਹਾਂ ਅਨਵੈਕਸੀਨ੍ਹੇਟਡ ਲੋਕਾਂ ਨੂੰ ਨੌਕਰੀਆਂ ਤੋਂ ਕੱਢਿਆ ਉਸ ਦੀ ਸਖਤ ਵਿਰੋਧਤਾ ਹੋਈ ਜੋ ਅਜੇ ਤੱਕ ਜਾਰੀ ਹੈ l ਸ਼ੁਰੂ ਹੋਏ ਮੁਜ਼ਾਹਰਿਆਂ ਨੂੰ ਤੀਜਾ ਹਫਤਾ ਜਾਰੀ ਹੈ l
ਪਿਛਲੇ ਸਰਵੇ ਮੁਤਾਬਕ ਮੁਲਕ ਦੇ 30% ਤੋਂ ਵੱਧ ਲੋਕ ਵੈਕਸੀਨ ਮੈਨਡੇਟ ਦੇ ਖਿਲਾਫ ਹੋ ਗਏ l ਵੈਕਸੀਨ ਮੈਨ ਡੇਟ ਖਿਲਾਫ ਇੱਕ ਪਟੀਸ਼ਨ ਵੀ ਪਾਰਲੀਮੈਂਟ ਵਿੱਚ ਦਾਖਲ ਹੋਈ ਜਿਸ ਤੇ 87,000 ਤੋਂ ਵੱਧ ਲੋਕਾਂ ਨੇ ਸਾਈਨ ਕੀਤੇ ਜੋ ਅਜੇ ਵਿਚਾਰ ਅਧੀਨ ਹੈ l
ਇਸ ਦੇ ਸਿੱਟੇ ਵਜੋਂ ਪੁਲਿਸ ਅਤੇ ਡਿਫੈਂਸ ਫੋਰਸ ਕੋਰਟ ਵਿੱਚ ਵੈਕਸੀਨ ਮੈਨਡੇਟ ਖਿਲਾਫ ਜਿੱਤ ਗਏ ਜਿਸ ਨਾਲ ਸਰਕਾਰ ਉੱਤੇ ਹੋਰ ਦਬਾ ਬਣਿਆ l
ਇਸੇ ਦਬਾ ਦੇ ਚੱਲਦਿਆਂ ਹੁਣ ਨਿਊਜ਼ੀਲੈਂਡ ਦੇ ਵਿਦੇਸ਼ਾਂ ਵਿੱਚ ਫਸੇ ਵਾਸੀਆਂ ਨੂੰ ਜਿਨ੍ਹਾਂ ਦੇ ਵੈਕਸੀਨ ਲੱਗੀ ਹੋਈ ਹੈ ਨੂੰ ਬਿਨਾਂ ਆਈਸੋਲੇਸ਼ਨ ਮੁਲਕ ਵਿੱਚ ਆਉਣ ਦੀ ਇਜਾਜਤ ਮਿਲ ਗਈ ਜੋ ਕਿ ਬਹੁਤ ਵਧੀਆ ਗੱਲ ਹੈ l ਇਸ ਦੀ ਸ਼ੁਰੂਆਤ ਇਸੇ ਹਫ਼ਤੇ ਹੋ ਜਾਵੇਗੀ l
ਇਥੇ ਮੁਲਕ ਵਿੱਚ ਰੋਜ਼ਾਨਾ ਕਰੋਨਾ ਦੇ 15,000 ਦੇ ਕਰੀਬ ਕੇਸ ਆਉਂਦੇ ਹਨ ਜੋ ਥੋੜ੍ਹੇ ਦਿਨਾਂ ਵਿੱਚ ਹੀ ਵਧ ਕੇ ਵੱਡੀ ਗਿਣਤੀ ਬਣ ਜਾਵੇਗੀ l ਇਸ ਕਰਕੇ ਮੇਰਾ ਮੰਨਣਾ ਹੈ ਕਿ ਨਿਊਜ਼ੀਲੈਂਡ ਵਿੱਚ ਵਿਦੇਸ਼ਾਂ ਤੋਂ ਆਏ ਲੋਕਾਂ ਤੋਂ ਕੋਈ ਖਤਰਾ ਨਹੀਂ ਹੈ l ਭਾਵੇਂ ਉਨ੍ਹਾਂ ਦੇ ਵੈਕਸੀਨ ਲੱਗੀ ਹੋਵੇ ਜਾਂ ਨਾ l
ਮੈਂ ਸੋਚਦਾ ਹਾਂ ਕਿ ਸਰਕਾਰ ਨੂੰ ਮੁਲਕ ਦੇ ਬਾਰਡਰ ਬਿਨਾਂ ਸ਼ਰਤ ਸਭ ਲਈ ਖੋਲ੍ਹ ਦੇਣੇ ਚਾਹੀਦੇ ਹਨ l ਜੇਕਰ ਨਿਊਜ਼ੀਲੈਂਡ ਵਾਸੀ ਇਥੇ ਵਾਪਸ ਆ ਸਕਦੇ ਹਨ ਤਾਂ ਵਿਦੇਸ਼ੀਆਂ ਦੇ ਆਉਣ ਨਾਲ ਵੀ ਖਤਰਾ ਵਧਦਾ ਨਹੀਂ ਹੈ l ਕਰੋਨਾ ਕਦੇ ਵੀ ਵਿਅਕਤੀ ਦੀ ਸਿਟੀਜ਼ਨਸ਼ਿਪ ਜਾਂ ਕੱਚੇ ਪੱਕੇ ਹੋਣਾ ਦੇਖ ਕੇ ਨਹੀਂ ਹੁੰਦਾ ਭਾਵ ਸਰਕਾਰਾਂ ਫਰਕ ਕਰ ਸਕਦੀਆਂ ਹਨ ਪਰ ਕਰੋਨਾ ਫਰਕ ਨਹੀਂ ਕਰਦਾ l ਭਾਰਤ ਵਿੱਚ ਤਾਂ ਲੱਖਾਂ ਕਿਸਾਨਾਂ ਨੇ ਮੁਜ਼ਾਹਰੇ ਦੌਰਾਨ ਇੱਕ ਸਾਲ ਦਿੱਲੀ ਘੇਰੀ ਰੱਖੀ ਸੀ ਉਨ੍ਹਾਂ ਨੂੰ ਬਿਨਾਂ ਮਾਸਕ ਵੀ ਕਰੋਨਾ ਨਹੀਂ ਹੋਇਆ l ਜੇ ਕਿਸੇ ਨੂੰ ਹੋ ਵੀ ਜਾਵੇ ਤਾਂ ਉਥੇ ਤਾਂ ਲੋਕ ਇਸ ਨੂੰ ਨਜ਼ਲਾ ਜ਼ੁਕਾਮ ਹੀ ਮੰਨਦੇ ਹਨ l ਕਿਸਾਨੀ ਸੰਘਰਸ਼ ਵਿੱਚ ਜਿਨ੍ਹਾਂ 700 ਤੋਂ ਵੱਧ ਲੋਕਾਂ ਦੀ ਮੌਤ ਹੋਈ ਉਸ ਦੀ ਵਜ੍ਹਾ ਕਰੋਨਾ ਨਹੀਂ ਸੀ l
ਮਾਈਗਰੇਂਟਸ ਜੋ ਲੰਬੇ ਸਮੇਂ ਤੋਂ ਵਿਦੇਸ਼ਾਂ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਵੀ ਤੁਰੰਤ ਨਿਊਜ਼ੀਲੈਂਡ ਵਾਪਸ ਬੁਲਾਉਣਾ ਚਾਹੀਦਾ ਹੈ l ਜਿਨ੍ਹਾਂ ਦੇ ਵੀਜ਼ੇ ਜਾਂ ਵਰਕ ਪਰਮਿਟ ਉਥੇ ਫਸੇ ਹੋਏ ਖਤਮ ਹੋ ਗਏ ਹਨ ਉਹ ਬਿਨਾਂ ਕੋਈ ਫੀਸ ਲਿਆਂ ਵਧਾ ਦੇਣੇ ਚਾਹੀਦੇ ਹਨ l ਉਨ੍ਹਾਂ ਦੀ ਨਿਊਜ਼ੀਲੈਂਡ ਨੂੰ ਹਰ ਖੇਤਰ ਵਿੱਚ ਲੋੜ ਹੈ l ਏਨਾ ਹੀ ਨਹੀਂ ਉਨ੍ਹਾਂ ਨੂੰ ਨਿਊਜ਼ੀਲੈਂਡ ਆਉਂਦਿਆਂ ਵੱਧ ਘੰਟੇ ਕੰਮ ਕਰਨ ਦੀ ਇਜਾਜਤ ਹੋਣੀ ਚਾਹੀਦੀ ਹੈ ਜਿਸ ਨਾਲ ਜਿਥੇ ਉਹ ਆਪਣੀ ਆਰਥਿਕ ਹਾਲਤ ਮਜ਼ਬੂਤ ਕਰਨਗੇ ਉਥੇ ਹੀ ਮੁਲਕ ਦੀ ਆਰਥਿਕ ਹਾਲਤ ਹੋਰ ਮਜ਼ਬੂਤ ਹੋਵੇਗੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147