ਨਿਊਜ਼ੀਲੈਂਡ ਦੀ ਪਾਰਲੀਮੈਂਟ ਅੱਗੇ ਹੋ ਰਹੇ ਵੈਕਸੀਨ ਮੈਨਡੇਟ ਖਿਲਾਫ ਮੁਜ਼ਾਹਰੇ ਨੂੰ ਉਸ ਵੇਲੇ ਪਹਿਲੀ ਸਫਲਤਾ ਮਿਲੀ ਜਦੋਂ ਅੱਜ ਵਲਿੰਗ਼ਟਨ ਹਾਈ ਕੋਰਟ ਵਲੋਂ ਪੁਲਿਸ ਅਤੇ ਡਿਫੈਂਸ ਫੋਰਸ ਵਾਸਤੇ ਵੈਕਸੀਨ ਮੈਨਡੇਟ ਖਤਮ ਕਰ ਦਿਤੀ ਗਈ l ਹਾਈ ਕੋਰਟ ਨੇ ਵੈਕਸੀਨ ਮੈਨਡੇਟ ਨੂੰ ਬਿੱਲ ਆਫ ਰਾਈਟਸ ਦੀ ਉਲੰਘਣਾ ਦੱਸਿਆ l ਇਥੇ ਇਹ ਗੱਲ ਵਰਨਣਯੋਗ ਹੈ ਕਿ ਸਰਕਾਰ ਨੂੰ ਵਾਰ ਵਾਰ ਲੋਕਾਂ ਵਲੋਂ ਬਿੱਲ ਆਫ ਰਾਈਟਸ ਦੀ ਉਲੰਘਣਾ ਨਾ ਕਰਨ ਵਾਸਤੇ ਕਿਹਾ ਗਿਆ ਸੀ ਪਰ ਉਸ ਨੇ ਇੱਕ ਨਾ ਸੁਣੀ l ਜਦੋਂ ਪੁੱਕੀਕੋਹੀ ਤੋਂ ਥੋੜ੍ਹੀ ਦੂਰ ਇੱਕ ਬੱਸ ਖੜ੍ਹੀ ਕਰਕੇ ਲੋਕਾਂ ਦੇ ਵੈਕਸੀਨ ਲਗਾਈ ਜਾ ਰਹੀ ਸੀ ਤਾਂ ਇੱਕ ਸਿਆਣੀ ਉਮਰ ਦੇ ਵਿਅਕਤੀ ਨੇ ਜਬਰਦਸਤ ਵਿਰੋਧ ਕੀਤਾ ਸੀ ਅਤੇ ਟੀਕਾ ਲਗਾਉਣ ਵਾਲਿਆਂ ਨੂੰ ਪੁੱਛਿਆ ਸੀ ਕਿ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਬਿੱਲ ਆਫ ਰਾਈਟਸ ਦੀ ਉਲੰਘਣਾ ਕਰ ਰਹੇ ਹੋ? ਇਸ ਦਾ ਜਵਾਬ ਵੈਕਸੀਨ ਲਗਾਉਣ ਵਾਲੇ ਨਹੀਂ ਦੇ ਸਕੇ ਸੀ ਅਤੇ ਉਨ੍ਹਾਂ ਡਰਦਿਆਂ ਬੱਸ ਨੂੰ ਲੌਕ ਲਗਾ ਲਏ ਸਨ l ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਇਲਾਕੇ ਦੇ ਬੰਦੇ ਨੇ ਲੋਕਾਂ ਪ੍ਰਤੀ ਹਾਅ ਦਾ ਨਾਹਰਾ ਮਾਰਿਆ ਸੀ ਜਿਸ ਦਾ ਦੂਜੀ ਧਿਰ ਜਵਾਬ ਵੀ ਨਹੀਂ ਦੇ ਸਕੀ ਸੀ l
ਵੈਕਸੀਨ ਮੈਨਡੇਟ ਦੀ ਵਜ੍ਹਾ ਕਰਕੇ ਹਜ਼ਾਰਾਂ ਲੋਕ ਨਿਊਜ਼ੀਲੈਂਡ ਵਿੱਚ ਰੁਜਗਾਰ ਖੋਹ ਚੁੱਕੇ ਹਨ ਜਾਂ ਖੋਹ ਹੋਣ ਦੇ ਕਿਨਾਰੇ ਹਨ l ਇਸੇ ਨੂੰ ਲੈ ਕੇ 8 ਫਰਵਰੀ 2022 ਤੋਂ ਨਿਊਜ਼ੀਲੈਂਡ ਦੀ ਪਾਰਲੀਮੈਂਟ ਅੱਗੇ ਮੁਜ਼ਾਹਰਾ ਚੱਲ ਰਿਹਾ ਹੈ ਜੋ ਅਜੇ ਵੀ ਜਾਰੀ ਹੈ l ਪ੍ਰਸ਼ਾਸਨ ਵਲੋਂ ਮੁਜ਼ਾਹਰੇ ਨੂੰ ਖਿੰਡਾਉਣ ਦੀਆਂ ਕੋਸ਼ਿਸ਼ਾਂ ਨਕਾਮ ਰਹੀਆਂ ਹਨ l ਮੁਜ਼ਾਹਰੇ ਵਿੱਚ ਆਦਮੀ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਜੋ ਇਸ ਮੁਜ਼ਾਹਰੇ ਨੂੰ ਆਪਣੀ ਆਜ਼ਾਦੀ ਦੀ ਲੜਾਈ ਮੰਨਦੇ ਹਨ l
ਮੈਂ ਕੁੱਝ ਦਿਨ ਪਹਿਲਾਂ ਇਸ ਮੁਜ਼ਾਹਰੇ ਦੀ ਲਾਈਵ ਅਪਡੇਟ ਵੀ ਦਿੱਤੀ ਸੀ ਅਤੇ ਲੇਖ ਵੀ ਲਿਖਿਆ ਸੀ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਪਸੰਦ ਕੀਤਾ ਗਿਆ l ਲੇਖ ਵਿੱਚ ਮੁਜ਼ਾਹਰੇ ਬਾਰੇ ਸੱਚੀ ਜਾਣਕਾਰੀ ਸਾਂਝੀ ਕੀਤੀ ਸੀ ਜੋ ਮੈਂ ਅੱਖੀਂ ਦੇਖੀ ਸੀ l ਮੀਡੀਆ ਵਲੋਂ ਲਗਾਤਾਰ ਇਸ ਮੁਜ਼ਾਹਰੇ ਪ੍ਰਤੀ ਗਲਤ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ l ਇਸ ਦੇ ਨਾਲ ਹੀ ਮੈਂ ਨਵਾਂ ਜ਼ਮਾਨਾ, ਅਕਾਲੀ ਪੱਤ੍ਰਿਕਾ, ਪੰਜਾਬੀ ਹੈਰਾਲਡ ਅਤੇ ਰੇਡੀਓ ਸਪਾਈਸ ਦਾ ਧੰਨਵਾਦੀ ਹਾਂ ਜਿਨ੍ਹਾਂ ਮੇਰੇ ਵਲੋਂ ਮੌਕੇ ਤੇ ਜਾ ਕੇ ਇਕੱਠੀ ਕੀਤੀ ਜਾਣਕਾਰੀ ਨੂੰ ਆਪ ਤੱਕ ਪਹੁੰਚਾਇਆ l ਉਨ੍ਹਾਂ ਸੱਜਣਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਮੇਰੀ ਲਿਖਤ ਹੋਰਨਾਂ ਨਾਲ ਸਾਂਝੀ ਕੀਤੀ ਸੀ l
ਇਹ ਜਿੱਤ ਆਪ ਸਭ ਦੀ ਜਿੱਤ ਹੈ ਜੋ ਅਜੇ ਸੰਪੂਰਨ ਜਿੱਤ ਨਹੀਂ ਹੈ l ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਰੇ ਖੇਤਰਾਂ ਵਿੱਚੋਂ ਵੈਕਸੀਨ ਮੈਨਡੇਟ ਖਤਮ ਨਹੀਂ ਕੀਤੀਆਂ ਜਾਂਦੀਆਂ l
ਖੁਸ਼ੀ ਦੀ ਗੱਲ ਹੈ ਕਿ ਹੁਣ ਐਕਟ ਪਾਰਟੀ ਵੀ ਵੈਕਸੀਨ ਮੈਨਡੇਟ ਨੂੰ ਖਤਮ ਕਰਨ ਦੇ ਹੱਕ ਵਿੱਚ ਹੈ l ਇਸ ਤੋਂ ਬਾਦ ਮੀਡੀਆ ਦੀ ਟੋਨ ਵੀ ਬਦਲੀ ਦਿਖਾਈ ਦੇਵੇਗੀ l
ਇਸ ਨੂੰ ਲੈ ਕੇ ਜੋ ਪਟੀਸ਼ਨ ਪਾਰਲੀਮੈਂਟ ਵਿੱਚ ਦਾਖਲ ਕੀਤੀ ਗਈ ਸੀ ਜਿਸ ਉੱਪਰ 87,000 ਤੋਂ ਵੱਧ ਸਾਈਨ ਹੋਏ ਸਨ ਉਸ ਨੂੰ ਵੀ ਇਸ ਕੋਰਟ ਦੇ ਫੈਸਲੇ ਨਾਲ ਹੋਰ ਤਾਕਤ ਮਿਲੇਗੀ l
ਆਪ ਨਾਲ ਸਾਂਝ ਪਾਉਣੀ ਚਾਹਾਂਗਾ ਕਿ ਪਾਰਲੀਮੈਂਟ ਅੱਗੇ ਮੁਜ਼ਾਹਰਾ ਕਰਨ ਵਾਲੇ ਲੋਕਾਂ ਨੂੰ ਕਈਆਂ ਵਿਹਲੜ੍ਹ ਵੀ ਆਖਿਆ l ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਵਿੱਚੋਂ ਕਈ ਲੋਕ ਤੁਹਾਡੇ ਨਾਲੋਂ ਵੀ ਵੱਧ ਤਨਖਾਹ ਲੈਣ ਵਾਲੇ ਹਨ ਤਾਂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ l ਇਹ ਸੰਘਰਸ਼ ਲੋਕਾਂ ਦਾ ਸੰਘਰਸ਼ ਹੈ l ਇਸ ਵਿੱਚ ਹਰ ਇੱਕ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ l
ਜਿਹੜੇ ਪੁਲਿਸ ਵਾਲੇ ਜਾਂ ਡਿਫੈਂਸ ਫੋਰਸ ਵਾਲੇ ਆਪਣੀਆਂ ਨੌਕਰੀਆਂ ਤੋਂ ਹੱਥ ਧੋਣ ਵਾਲੇ ਸਨ ਉਹ ਹੁਣ ਨੌਕਰੀਆਂ ਕਰ ਸਕਣਗੇ l
ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕ ਵੀ ਇਸੇ ਕੇਸ ਦੀ ਉਦਾਹਰਣ ਦੇ ਕੇ ਵੈਕਸੀਨ ਮੈਨ ਡੇਟ ਨੂੰ ਖਤਮ ਕਰਵਾਉਣ ਦੀ ਕੋਸ਼ਿਸ਼ ਕਰਨਗੇ ਜਿਸ ਵਿੱਚ ਕਾਮਯਾਬੀ ਮਿਲਣ ਦੀ ਵੀ ਆਸ ਹੈ l
ਪਾਰਲੀਮੈਂਟ ਵਿੱਚ ਚੱਲ ਰਹੇ ਮੁਜ਼ਾਹਰੇ ਤੋਂ ਇਲਾਵਾ ਕ੍ਰਿਸਟਚਰਚ, ਡੁਨੀਡਨ, ਪਿਕਟਨ ਅਤੇ ਕੁੱਝ ਹੋਰ ਸ਼ਹਿਰਾਂ ਵਿੱਚ ਵੀ ਮੁਜ਼ਾਹਰੇ ਚੱਲ ਰਹੇ ਹਨ l ਕੱਲ੍ਹ ਨੂੰ ਔਕਲੈਂਡ ਵਿੱਚ ਜ਼ਬਰਦਸਤ ਮੁਜ਼ਾਹਰਾ ਹੋਵੇਗਾ ਜਿਸ ਵਿੱਚ ਕਿਹਾ ਗਿਆ ਹੈ ਕਿ ਲੋਕ ਔਕਲੈਂਡ ਦੇ ਹਾਰਬਰ ਬ੍ਰਿਜ ਤੇ ਮੁਜ਼ਾਹਰਾ ਕਰਨਗੇ ਪਰ ਸੇਫਟੀ ਕਾਰਨਾਂ ਕਰਕੇ ਸ਼ਾਇਦ ਪੁਲਿਸ ਉਨ੍ਹਾਂ ਨੂੰ ਉਥੋਂ ਰੋਕ ਕੇ ਹੋਰ ਥਾਂ ਵਰਤਣ ਵਾਸਤੇ ਕਹੇ l
ਮੈਂ ਸਾਰੇ ਮੁਜ਼ਾਹਰਾ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਇਸ ਜਿੱਤ ਤੇ ਵਧਾਈ ਦਿੰਦਾ ਹਾਂ ਜਿਨ੍ਹਾਂ ਮੁਲਕ ਦੇ ਵੱਡੀ ਗਿਣਤੀ ਲੋਕ ਆਪਣੇ ਹੱਕ ਵਿੱਚ ਕਰ ਲਏ ਹਨ l
ਥੱਲੇ ਛੋਟੀ ਵੀਡੀਓ ਸਾਂਝੀ ਕੀਤੀ ਹੈ ਜਦੋਂ ਹਾਈ ਕੋਰਟ ਦੇ ਫੈਸਲੇ ਤੋਂ ਬਾਦ ਜਿੱਤ ਦੀ ਅਨਾਉਂਸਮੈਂਟ ਪਾਰਲੀਮੈਂਟ ਦੇ ਅੱਗੇ ਮੁਜ਼ਾਹਰੇ ਵਿੱਚ ਕੀਤੀ ਗਈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147