ਦੋਸਤੋ ਰੋਜ਼ਾਨਾ ਜਿਉਣ ਵਾਸਤੇ ਜਿਥੇ ਖਾਣੇ ਦੇ ਲੰਗਰ ਦੀ ਬੇਹੱਦ ਜਰੂਰਤ ਹੈ ਉਥੇ ਹੀ ਅਗਾਂਹ ਵਧੂ ਸਾਹਿਤ ਦੀ ਵੀ ਬਹੁਤ ਮਹੱਤਤਾ ਹੈ l ਜਿਥੇ ਖਾਣੇ ਦਾ ਲੰਗਰ ਸਾਡੇ ਢਿੱਡ ਦੀ ਭੁੱਖ ਮਿਟਾਉਂਦਾ ਹੈ ਉਥੇ ਹੀ ਅਗਾਂਹ ਵਧੂ ਕਿਤਾਬਾਂ ਦਾ ਲੰਗਰ ਸਾਨੂੰ ਮਾਨਸਿਕ ਤੌਰ ਤੇ ਮਜਬੂਤ ਅਤੇ ਤੰਦਰੁਸਤ ਕਰਦਾ ਹੈ l ਕਈ ਵਰਤਾਰੇ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਉਨ੍ਹਾਂ ਬਾਰੇ ਗਿਆਨ ਦਿੰਦਾ ਹੈ l
ਕਿਤਾਬਾਂ ਦੇ ਲੰਗਰ ਦੀ ਇੱਕ ਅਹਿਮੀਅਤ ਇਹ ਵੀ ਹੈ ਕਿ ਕਿਤਾਬਾਂ ਤੋਂ ਪ੍ਰਾਪਤ ਕੀਤੇ ਗਿਆਨ ਨੂੰ ਕੋਈ ਵੀ ਵਿਅਕਤੀ ਕਿਸੇ ਤੋਂ ਸਾਰੀ ਉਮਰ ਖੋਹ ਨਹੀਂ ਸਕਦਾ l ਬੇਸ਼ੱਕ ਉਹ ਕਿੰਨਾ ਤਾਕਤਵਰ ਹੋਵੇ l ਕਾਰਪੋਰੇਟ ਘਰਾਣੇ ਵੀ ਕਿਤਾਬੀ ਗਿਆਨ ਨੂੰ ਖੋਹ ਨਹੀਂ ਸਕਦੇ l ਸਰਕਾਰਾਂ ਦੁਆਰਾ ਬਣਾਏ ਕਨੂੰਨ ਵੀ ਗਿਆਨ ਨੂੰ ਖੋਹ ਨਹੀਂ ਸਕਦੇ l
ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ ਇੱਕ ਜਾਣੀ ਪਹਿਚਾਣੀ ਸ਼ਖਸ਼ੀਅਤ ਹਨ ਜਿਨ੍ਹਾਂ ਡਾਕਟਰੀ ਦੇ ਨਾਲ ਨਾਲ ਸਾਹਿਤ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ l ਉਹ ਹੁਣ ਤੱਕ 40 ਦੇ ਕਰੀਬ ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ l ਮੈਂ ਉਨ੍ਹਾਂ ਦੀਆਂ 20 ਤੋਂ ਵੱਧ ਕਿਤਾਬਾਂ ਪੜ੍ਹ ਚੁੱਕਾ ਹਾਂ ਅਤੇ ਹਰ ਕਿਤਾਬ ਵਿੱਚੋਂ ਮੈਨੂੰ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ l ਆਪ ਕਿਤਾਬਾਂ ਪੜ੍ਹਨ ਦੇ ਨਾਲ ਨਾਲ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਮੈਂ ਆਪਣੀਆਂ ਲਾਇਬ੍ਰੇਰੀਆਂ ਦੇ ਰਾਹੀਂ ਹਜ਼ਾਰਾਂ ਪਾਠਕਾਂ ਤੱਕ ਵੀ ਪਹੁੰਚਾ ਚੁੱਕਿਆ ਹਾਂ l
ਕਰੋਨਾ ਵਾਇਰਸ (COVID-19) ਦੇ ਦੌਰ ਵਿੱਚ ਜਦ ਦੁਨੀਆਂ ਵਿੱਚ ਬਹੁਤੇ ਲੋਕ ਆਪਣੇ ਘਰਾਂ ਵਿੱਚ ਲੌਕ ਡੌਨ ਦੀ ਵਜ੍ਹਾ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਵਿੱਚ ਸਨ ਤਾਂ ਉਸ ਸਮੇਂ ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ ਨੇ ਲਗਾਤਾਰ 75 ਦਿਨ ਕਰੋਨਾ ਵਾਇਰਸ ਦਾ ਡਰ ਦੂਰ ਕਰਨ ਵਾਸਤੇ ਅਖਬਾਰਾਂ ਵਿੱਚ ਲੇਖ ਲਿਖ ਕੇ ਹਜ਼ਾਰਾਂ ਲੋਕਾਂ ਨੂੰ ਜਾਣਕਾਰੀ ਦਿੱਤੀ l ਇਸ ਜਾਣਕਾਰੀ ਨਾਲ ਲੋਕਾਂ ਵਿੱਚੋਂ ਕਰੋਨਾ ਪ੍ਰਤੀ ਡਰ ਘਟਿਆ l ਜਿਥੇ ਗਿਆਨ ਹੁੰਦਾ ਹੈ ਉਥੋਂ ਡਰ ਭੱਜ ਜਾਂਦਾ ਹੈ ਅਤੇ ਜਿਥੇ ਡਰ ਹੁੰਦਾ ਹੈ ਉਥੇ ਗਿਆਨ ਨਹੀਂ ਹੁੰਦਾ l ਇਸ ਤਰਾਂ ਵੀ ਕਹਿ ਸਕਦੇ ਹਾਂ ਕਿ ਗਿਆਨ ਦੀ ਘਾਟ ਕਰਕੇ ਹੀ ਡਰ ਹੁੰਦਾ ਹੈ l
ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ ਬਹੁਤ ਸਾਲਾਂ ਤੋਂ ਤਰਕਸ਼ੀਲ ਮੈਗਜ਼ੀਨ ਵਿੱਚ ਲੇਖ ਲਿਖ ਕੇ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਦੇ ਰਹੇ ਹਨ l ਇਸ ਤੋਂ ਇਲਾਵਾ ਕਈ ਅਖਬਾਰਾਂ ਵਿੱਚ ਆਪਣੇ ਲੇਖ ਲਿਖ ਕੇ ਪਾਠਕਾਂ ਦੀ ਜਾਣਕਾਰੀ ਵਧਾਉਂਦੇ ਰਹਿੰਦੇ ਹਨ l
ਸੰਨ 2016 ਵਿੱਚ ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਦੇ ਸੱਦੇ ਤੇ ਨਿਊਜ਼ੀਲੈਂਡ ਵਿੱਚ ਵੀ ਕਈ ਸੈਮੀਨਾਰ ਅਤੇ ਰੇਡੀਓ ਪ੍ਰੋਗਰਾਮ ਕਰਕੇ ਇਥੇ ਵਸਦੇ ਪੰਜਾਬੀ ਭਾਈਚਾਰੇ ਦੇ ਗਿਆਨ ਵਿੱਚ ਵਾਧਾ ਕਰ ਚੁੱਕੇ ਹਨ l ਨਿਊਜ਼ੀਲੈਂਡ ਦੇ ਸਫ਼ਰ ਦੌਰਾਨ ਡਾਕਟਰ ਸਾਹਿਬ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਦੀਪਤੀ ਜੀ ਮੇਰੇ ਘਰ ਠਹਿਰੇ ਸਨ l ਮੈਨੂੰ ਵੀ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ l ਅਸੀਂ ਪੂਰਾ ਪੂਰਾ ਦਿਨ ਗੱਲਾਂ ਵਿੱਚ ਗੁਜ਼ਾਰਿਆ l ਗੱਲਾਂ ਵੀ ਉਹ ਜਿਨ੍ਹਾਂ ਨਾਲ ਇੱਕ ਦੂਜੇ ਦੀ ਜਾਣਕਾਰੀ ਵਿੱਚ ਵਾਧਾ ਹੋਵੇ l ਸਾਨੂੰ ਪਤਾ ਹੀ ਨਹੀਂ ਲਗਦਾ ਸੀ ਕਿ ਦਿਨ ਕਿੰਨੀ ਜਲਦੀ ਬੀਤ ਜਾਂਦਾ ਸੀ l
ਮੌਜੂਦਾ ਕਿਸਾਨੀ ਸੰਘਰਸ਼ ਦੌਰਾਨ ਡਾਕਟਰ ਸਾਹਿਬ ਅੱਜ ਸਿੰਘੂ ਬਾਰਡਰ ਅਤੇ ਸੋਨੀਪਤ ਇਲਾਕੇ ਵਿੱਚ 500 ਕਿਤਾਬਾਂ ਕਿਸਾਨਾਂ ਦੇ ਪੜ੍ਹਨ ਵਾਸਤੇ ਦੇਣ ਗਏ ਹਨ ਜੋ ਕਿ ਉਥੇ ਲੱਗੇ ਵੱਖ ਵੱਖ ਸਟਾਲਾਂ ਤੇ ਰੱਖ ਦਿੱਤੀਆਂ ਜਾਣਗੀਆਂ l ਪੜ੍ਹਨ ਦੇ ਚਾਹਵਾਨ ਉਹ ਕਿਤਾਬਾਂ ਪੜ੍ਹ ਕੇ ਆਪਣੀ ਸਾਹਿਤ ਦੀ ਭੁੱਖ ਮਿਟਾ ਸਕਦੇ ਹਨ l ਇਹ ਕਿਤਾਬਾਂ ਤਕਰੀਬਨ 30 ਕਿਲੋਮੀਟਰ ਦੇ ਇਲਾਕੇ ਵਿੱਚ ਹੋਣਗੀਆਂ l
ਜਿਥੇ ਮੈਂ ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਸਾਰੇ ਕਿਸਾਨਾਂ ਤੇ ਸਹਿਯੋਗੀਆਂ ਨੂੰ ਸਲੂਟ ਆਖਦਾ ਹਾਂ ਉਥੇ ਹੀ ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ ਦੇ ਇਸ ਲੋਕ ਪੱਖੀ ਉਪਰਾਲੇ ਦੀ ਸ਼ਲਾਘਾ ਕਰਦਾ ਹਾਂ l ਥੱਲੇ ਕੁੱਝ ਕਿਤਾਬਾਂ ਦੇ ਬਾਹਰਲੇ ਕਵਰ ਦੀਆਂ ਫੋਟੋ ਭੇਜ ਰਿਹਾ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147