ਤਮੰਨਾ ਜੀਣ ਦੀ ਜੀਵੇ, ਖਿੜੇ ਰਹਿਣਾ ਖ਼ਿਜ਼ਾਵਾਂ ਵਿੱਚ।
ਉਜਾਲੇ ਉਂਝ ਨਹੀਂ ਹੋਣੇ, ਲਹੂ ਪਾਓ ਚਿਰਾਗ਼ਾਂ ਵਿਚ।
ਨਾ ਰਹਿਣੇ ਖ਼ੇਤ ਨੇ ਸਾਡੇ, ਨਾ ਰਹਿਣੀ ਉਪਜ ਹੈ ਸਾਡੀ,
ਲਿਖੀ ਹੈ ਜਾ ਰਹੀ ਹੋਣੀ,ਕਿਸਾਨਾਂ ਦੀ ਕਿਤਾਬਾਂ ਵਿੱਚ।
ਨਾ ਦੱਬੇ ਸ਼ੂਦਰਾਂ ਰਹਿਣਾ, ਨਾ ਅੰਦਰ ਹੁਣ ਰਹੂ ਔਰਤ,
ਅਜੇ ਵੀ ਲੱਦਿਆ ਕੂੜਾ, ਕਈਆਂ ਦੇ ਦਿਮਾਗ਼ਾਂ ਵਿੱਚ।
ਅਸੀਂ ਫ਼ੱਕਰ ਨਹੀਂ ਮੁਹਤਾਜ ਤੇਰੇ ਜਾਮ ਦੇ ਹਰਗਿਜ਼,
ਹਊਗਾ ਉੱਠਣਾ ਬਹਿਣਾ, ਤਿਰਾ ਚਾਹੇ ਨਵਾਬਾਂ ਵਿੱਚ।
ਹਜ਼ਾਰਾਂ ਵਾਰ ਛਾਂਗੇ ਹਾਂ, ਮਗਰ ਹਾਂ ਮੌਲਦੇ ਫਿਰ ਵੀ,
ਤਮੰਨਾ ਮੁੜ ਪੁੰਗਾਰੇ ਦੀ,ਨਹੀਂ ਮਰਦੀ ਗੁਲਾਬਾਂ ਵਿੱਚ।
ਜ਼ਰੂਰੀ ਹਨ, ਉਡਾਰੀ ਦੇ ਲਈ ਪਰ ਮੰਨਿਆ, ਐਪਰ
ਭਮੱਕੜ ਭਰ ਨਹੀਂ ਸਕਦੇ ਕਦੇ ਪ੍ਰਵਾਜ਼ ਉਕਾਬਾਂ ਵਿੱਚ।
ਨਾ ਸੋਚੀਂ ਤੂੰ ਕਿ ਮੁੜ ਆਊ, ਗਿਆ ਜੋ ਤੋੜ ਕੇ ਝਾਂਜਰ,
ਅਵਾਰਾ ਬਾਜ਼ ਸੀ ਸੋਹੀ, ਕਿਵੇਂ ਬੱਝਦਾ ਅਦਾਵਾਂ ਵਿਚ।
—Sarbjeet Sohi