-ਜ਼ਮੀਨੀ ਹਕੀਕਤ ਦੇ ਅਧਾਰ ਤੇ
ਪਿਛੋਕੜ :- ਨਿਊਜ਼ੀਲੈਂਡ ਵਿੱਚ ਕਰੋਨਾ ਦੀ ਸ਼ੁਰੂਆਤ ਤਕਰੀਬਨ ਅੱਜ ਤੋਂ ਦੋ ਕੁ ਸਾਲ ਪਹਿਲਾਂ ਹੋ ਗਈ ਸੀ ਜਿਸ ਦੌਰਾਨ ਸਰਕਾਰ ਵਲੋਂ ਇਸ ਦੇ ਕੰਟਰੋਲ ਵਾਸਤੇ ਵੱਖ ਵੱਖ ਸਮੇਂ ਵੱਖ ਵੱਖ ਪਬੰਦੀਆਂ ਲਗਾਈਆਂ ਗਈਆਂ l
ਦੋ ਸਾਲਾਂ ਦੌਰਾਨ 60 ਦੇ ਕਰੀਬ ਕਰੋਨਾ ਨਾਲ ਮੌਤਾਂ ਹੋਈਆਂ ਜਿਸ ਵਿੱਚ ਲੋਕਾਂ ਨੂੰ ਅੰਡਰਲਾਇੰਗ ਕੋਸ ਵੀ ਸੀ l ਭਾਵ ਕੁੱਝ ਲੋਕਾਂ ਨੂੰ ਕਰੋਨਾ ਦੇ ਨਾਲ ਹੋਰ ਬਿਮਾਰੀਆਂ ਵੀ ਸਨ l ਜੇਕਰ ਕਰੋਨਾ ਦੇ ਕੇਸਾਂ ਨੂੰ ਅੰਡਰਲਾਇੰਗ ਕੋਸ ਤੋਂ ਵੱਖ ਕਰਕੇ ਦੇਖਿਆ ਜਾਵੇ ਤਾਂ ਇਹ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੋਰ ਵੀ ਘੱਟ ਹੋ ਜਾਵੇਗੀ l ਮੌਤ ਕੋਈ ਵੀ ਦੁਖਦਾਈ ਹੁੰਦੀ ਹੈ ਪਰ ਇਸ ਦੇ ਨਾਲ ਇਹ ਵੀ ਸਚਾਈ ਕਿ ਜੋ ਪੈਦਾ ਹੋਇਆ ਉਸ ਦਾ ਅੰਤ ਵੀ ਹੋਣਾ ਹੈ l ਇਨ੍ਹਾਂ ਮੌਤਾਂ ਦੀ ਗਿਣਤੀ ਦੇ ਨਾਲ ਇੱਕ ਹੋਰ ਜਾਣਕਾਰੀ ਦੇਖਣ ਦੀ ਲੋੜ ਹੈ ਕਿ ਨਿਊਜ਼ੀਲੈਂਡ ਵਿੱਚ ਹਰ ਸਾਲ 400 ਤੋਂ 600 ਲੋਕ ਫਲੂ ਨਾਲ ਮਰਦੇ ਸੀ l ਪਿਛਲੇ ਸਾਲ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਸਿਰਫ 5 ਤੋਂ ਵੀ ਥੱਲੇ ਸੀ ਜਾਂ ਮੋਟੇ ਤੌਰ ਤੇ ਕਹਿ ਸਕਦੇ ਹਾਂ ਕਿ ਕਰੋਨਾ ਦੇ ਹੁੰਦਿਆਂ 400 ਤੋਂ ਵੱਧ ਲੋਕ ਬਚੇ ਜਿਨ੍ਹਾਂ ਮਰ ਜਾਣਾ ਸੀ l ਲੋਕਾਂ ਨੂੰ ਡਰਾਉਣ ਲਈ ਇਕੱਲਾ ਮੌਤਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ l ਜਿਹੜੇ ਵੱਧ ਬਚੇ ਉਨ੍ਹਾਂ ਦਾ ਨਹੀਂ ਦੱਸਿਆ ਜਾਂਦਾ l
ਇਨ੍ਹਾਂ ਲੱਗੀਆਂ ਪਬੰਦੀਆਂ ਵਿੱਚ ਕਈ ਵਾਰ ਲੌਕ ਡੌਨ ਲਗਾਏ ਗਏ, ਲੋਕਾਂ ਦੇ ਵੈਕਸੀਨਾਂ ਲਗਾਈਆਂ ਗਈਆਂ ਅਤੇ ਕਈਆਂ ਤੇ ਵੱਖ ਵੱਖ ਪਬੰਦੀਆਂ ਲਗਾਈਆਂ ਗਈਆਂ l
ਇਨ੍ਹਾਂ ਪਬੰਦੀਆਂ ਕਾਰਨ ਹਜ਼ਾਰਾਂ ਲੋਕਾਂ ਦੇ ਰੋਜ਼ਗਾਰ ਬੰਦ ਹੋ ਗਏ, ਹਜ਼ਾਰਾਂ ਹੋਰ ਰੋਜ਼ਗਾਰ ਬੰਦ ਹੋਣ ਦੇ ਕਿਨਾਰੇ ਹੋ ਗਏ ਅਤੇ ਹਜ਼ਾਰਾਂ ਨੌਕਰੀਆਂ ਚਲੇ ਗਈਆਂ l ਮਾਇਗਰੈਂਟ ਲੋਕ ਵਿਦੇਸ਼ਾਂ ਵਿੱਚ ਡੱਕੇ ਗਏ, ਮਾਪੇ ਬੱਚਿਆਂ ਤੋਂ ਦੂਰ ਹੋ ਗਏ, ਕਈਆਂ ਦੀਆਂ ਜ਼ਮੀਨਾਂ ਵਿਕ ਗਈਆਂ ਅਤੇ ਕਈਆਂ ਦੇ ਘਰ ਵੀ ਵਿਕ ਗਏ l ਜਿਸ ਕਾਰਨ ਅਣਗਿਣਤ ਲੋਕ ਮਾਨਸਿਕ ਰੋਗਾਂ ਦੇ ਸ਼ਿਕਾਰ ਹੋਏ l ਹਸਪਤਾਲਾਂ ਵਿੱਚ ਜਿਨ੍ਹਾਂ ਬਿਮਾਰੀਆਂ ਦੇ ਰੈਗੂਲਰ ਚੈੱਕ ਅਪ ਹੋਣੇ ਜਾਂ ਇਲਾਜ ਹੋਣੇ ਸਨ ਉਹ ਲੇਟ ਹੋ ਗਏ ਜੋ ਕਈ ਵਾਰੀ ਜਾਨਲੇਵਾ ਸਾਬਤ ਹੋਏ l
ਹਜ਼ਾਰਾਂ ਲੋਕਾਂ ਦੇ ਬੇਰੋਜ਼ਗਾਰ ਹੋਣ ਦਾ ਵੱਡਾ ਕਾਰਨ ਵੈਕਸੀਨ ਮੈਨਡੇਟ ਲਾਗੂ ਕਰਨਾ ਹੈ ਭਾਵ ਬਹੁਤੇ ਰੋਜ਼ਗਾਰਾਂ ਵਿੱਚ ਵੈਕਸੀਨ ਲਗਵਾਉਣੀ ਜਰੂਰੀ ਕਰ ਦਿੱਤੀ ਗਈ ਜਿਸ ਕਾਰਨ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਉਨ੍ਹਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ l ਕਈ ਕਾਰੋਬਾਰਾਂ ਵਿੱਚ ਅਨਵੈਕਸੀਨੇਟਡ ਲੋਕਾਂ ਨੂੰ ਜਾਣ ਦੀ ਮਨਾਹੀ ਹੋ ਗਈ ਜਿਸ ਨਾਲ ਉਨ੍ਹਾਂ ਕਾਰੋਬਾਰਾਂ ਦੀ ਆਮਦਨ ਘਟੀ ਅਤੇ ਖਰਚੇ ਵਧ ਗਏ l
ਪਹਿਲਾਂ ਸਰਕਾਰ ਦਾ ਨਿਸ਼ਾਨਾਂ ਘੱਟੋ ਘੱਟ 70% ਲੋਕਾਂ ਦੇ ਵੈਕਸੀਨ ਲਗਾਉਣ ਦਾ ਸੀ ਤਾਂ ਕਿ ਪਬੰਦੀਆਂ ਹਟਾਈਆਂ ਜਾਂ ਘੱਟ ਕੀਤੀਆਂ ਜਾ ਸਕਣ ਪਰ ਇਹ ਨਿਸ਼ਾਨਾ ਲਗਾਤਾਰ ਵਧਾਇਆ ਗਿਆ ਅਤੇ 90% ਵੈਕਸੀਨ ਲਗਾਉਣ ਤੋਂ ਬਾਦ ਵੀ ਪਬੰਦੀਆਂ ਜਾਰੀ ਰਹੀਆਂ l ਪੰਜਾਬੀ ਭਾਈਚਾਰੇ ਨੇ 98% ਵੈਕਸੀਨ ਲਗਵਾਈ ਅਤੇ ਉਨ੍ਹਾਂ ਤੇ ਵੀ ਉਹੀ ਪਬੰਦੀਆਂ ਜਾਰੀ ਰਹੀਆਂ l
ਲੌਕ ਡੌਨ ਦੌਰਾਨ ਲੋਕਾਂ ਨੂੰ ਸਰਕਾਰ ਵਲੋਂ ਕਰਜ਼ਾ ਚੁੱਕ ਚੁੱਕ ਕੇ ਮੱਦਦ ਕੀਤੀ ਗਈ ਅਤੇ ਹੋਰ ਨੋਟ ਛਾਪ ਛਾਪ ਕੇ ਕਰੰਸੀ ਦੀ ਕੀਮਤ ਘਟਾਈ ਗਈ ਜਿਸ ਨਾਲ ਨੌਕਰੀਆਂ ਕਰਨ ਵਾਲਿਆਂ ਜਾਂ ਪੈਸੇ ਨੂੰ ਬਚਾਉਣ ਵਾਲਿਆਂ ਤੇ ਬੁਰਾ ਅਸਰ ਪਿਆ ਕਿਉਂਕਿ ਬੱਚਤ ਖਾਤੇ ਵਿੱਚ ਪਏ ਪੈਸੇ ਦੀ ਕੀਮਤ ਘੱਟ ਹੋ ਗਈ l ਮਹਿੰਗਾਈ ਦੀ ਦਰ 6% ਤੱਕ ਵਧੀ ਜੋ ਅਜੇ ਵੀ ਵਧਣੀ ਜਾਰੀ ਹੈ l ਘਰਾਂ ਦੀਆਂ ਕੀਮਤਾਂ ਇੱਕ ਸਾਲ ਵਿੱਚ 26% ਤੋਂ ਜਿਆਦਾ ਵਧੀਆਂ ਅਤੇ ਘਰਾਂ ਦੇ ਕਿਰਾਏ ਵਿੱਚ ਵੀ ਬਹੁਤ ਜਿਆਦਾ ਵਾਧਾ ਹੋਇਆ l
ਹੌਲੀ ਹੌਲੀ ਦੋ ਸਾਲ ਦੇ ਕਰੀਬ ਸਮਾਂ ਬੀਤਣ ਤੋਂ ਬਾਦ ਲੋਕਾਂ ਦੇ ਸਬਰ ਦਾ ਘੜ੍ਹਾ ਭਰਨ ਲੱਗਾ ਕਿਉਂਕਿ ਇਸ ਸਭ ਕੁੱਝ ਦਾ ਕੋਈ ਸਿਰਾ ਦਿਖਾਈ ਨਹੀਂ ਦਿੰਦਾ ਸੀ l
ਮੁਜ਼ਾਹਰਾ :-ਇਸ ਦੇ ਸਿੱਟੇ ਵਜੋਂ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗ਼ਟਨ ਵਿੱਚ ਪਾਰਲੀਮੈਂਟ ਅੱਗੇ 8 ਫਰਵਰੀ 2022 ਤੋਂ ਕੁੱਝ ਲੋਕਾਂ ਵਲੋਂ ਵੈਕਸੀਨ ਮੈਨਡੇਟ ਨੂੰ ਖਤਮ ਕਰਵਾਉਣ ਵਾਸਤੇ ਇੱਕ ਮੁਜ਼ਾਹਰਾ ਸ਼ੁਰੂ ਕੀਤਾ ਗਿਆ ਜਿਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਦਿਨੋਂ ਦਿਨ ਵਧਣੀ ਸ਼ੁਰੂ ਹੋ ਗਈ l
ਮੀਡੀਆ ਵਲੋਂ ਮੁਜ਼ਾਹਰਾ ਕਰਨ ਵਾਲਿਆਂ ਅਤੇ ਉਨ੍ਹਾਂ ਦੀਆਂ ਗੱਡੀਆਂ ਦੀ ਗਿਣਤੀ ਕੁੱਝ ਸੌ ਹੀ ਦੱਸੀ ਗਈ l ਮੀਡੀਆ ਵਲੋਂ ਇਹ ਵੀ ਕਿਹਾ ਗਿਆ ਕਿ ਮੁਜ਼ਾਹਰਾ ਕਰਨ ਵਾਲਿਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ ਅਤੇ ਕਈ ਲੋਕ ਆਪਣੇ ਤੰਬੂ ਪੁੱਟ ਕੇ ਲੈ ਗਏ ਹਨ l
ਮੀਡੀਆ ਵਲੋਂ ਇਹ ਵੀ ਕਿਹਾ ਗਿਆ ਕਿ ਮੁਜ਼ਾਹਰੇ ਵਿੱਚ ਸ਼ਾਮਲ ਲੋਕਾਂ ਦਾ ਸਲੂਕ ਪੁਲਿਸ ਪ੍ਰਤੀ ਅਤੇ ਦੂਜਿਆਂ ਪ੍ਰਤੀ ਠੀਕ ਨਹੀਂ ਹੈ l ਮੀਡੀਆ ਵਲੋਂ ਕਿਹਾ ਗਿਆ ਕਿ ਉਥੇ ਦੇ ਕਾਰੋਬਾਰੀ ਵੀ ਮੁਜ਼ਾਹਰੇ ਵਾਲਿਆਂ ਤੋਂ ਦੁਖੀ ਹਨ ਕਿਉਂਕਿ ਉਨ੍ਹਾਂ ਦੇ ਕਾਰੋਬਾਰਾਂ ਤੇ ਮਾੜਾ ਅਸਰ ਪਿਆ ਹੈ l
ਇਹ ਸਭ ਗੱਲਾਂ ਮੈਨੂੰ ਜਚੀਆਂ ਨਹੀਂ l ਮੈਨੂੰ ਲੱਗਾ ਕਿ ਇਹ ਇੱਕ ਬਹੁਤ ਵੱਡੀ ਸਾਜਸ਼ ਹੈ ਜੋ ਮੁਜ਼ਾਹਰੇ ਨੂੰ ਢਾਹ ਲਗਾਉਣ ਲਈ ਵਰਤੀ ਜਾ ਰਹੀ ਹੈ l
ਬੀਤੇ ਸ਼ਨੀਵਾਰ ਮੈਂ ਮੁਜ਼ਾਹਰੇ ਵਿੱਚ ਪਰਿਵਾਰ ਸਮੇਤ ਜਾਣ ਦਾ ਫੈਸਲਾ ਕੀਤਾ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਨਾਲ ਲੈ ਗਿਆ l ਮੇਰੇ ਘਰੋਂ 7-8 ਘੰਟੇ ਦਾ ਰਾਹ ਸੀ l ਇਸ ਕਰਕੇ ਮੈਂ ਸ਼ੁਕਰਵਾਰ ਹੀ ਚਲਾ ਗਿਆ ਅਤੇ ਰਾਤ ਰੋਟੋਰੂਆ ਸ਼ਹਿਰ ਰਹਿ ਕੇ ਤੜਕੇ 5 ਵਜੇ ਹੀ ਮੁਜ਼ਾਹਰੇ ਵਾਸਤੇ ਚਾਲੇ ਪਾ ਲਏ l ਮਜ਼ਾਹਰੇ ਵਿੱਚ ਜਾਣ ਦਾ ਵੱਡਾ ਕਾਰਨ ਲੋਕਾਂ ਤੱਕ ਅਤੇ ਮੀਡੀਆ ਤੱਕ ਸਚਾਈ ਲਿਆਉਣਾ ਸੀ l
ਉਥੇ ਜਾ ਕੇ ਅਸੀਂ ਸਾਰੇ ਇਕੱਠ ਵਿੱਚ ਘੁੰਮੇ ਜੋ ਪਾਰਲੀਮੈਂਟ ਗ੍ਰਾਉੰਡ ਸਮੇਤ ਕਈ ਸੜਕਾਂ ਤੇ ਫੈਲਿਆ ਹੋਇਆ ਸੀ l ਗੱਡੀਆਂ ਕਾਰਨ ਆਲੇ ਦੁਆਲੇ ਦੀਆਂ ਕੁੱਝ ਸੜਕਾਂ ਬੰਦ ਸਨ l ਲੋਕਾਂ ਨੇ ਛੋਟੇ ਛੋਟੇ ਤੰਬੂ ਲਗਾਏ ਹੋਏ ਸਨ ਅਤੇ ਕੁੱਝ ਨੇ ਵੱਡੇ ਤੰਬੂ ਲਗਾਏ ਹੋਏ ਸੀ l ਕੁੱਝ ਸੌਣ ਲਈ ਕੈਮਪਰਵੈਨਾਂ (Campervans) ਲੈ ਕੇ ਪਹੁੰਚੇ ਹੋਏ ਸੀ l ਵੱਖ ਵੱਖ ਕਮੀਉਨਿਟੀਆਂ ਦੇ ਲੋਕ ਇਕੱਠੇ ਮੁਜ਼ਾਹਰਾ ਕਰ ਰਹੇ ਸਨ l ਕਿਸੇ ਨੇ ਵੀ ਮਾਸਕ ਜਾਂ ਸੈਨੀਟਾਈਜ਼ਰ ਨਹੀਂ ਰੱਖੇ ਹੋਏ ਸੀ l
ਇਹ ਦੇਖ ਕੇ ਇਸ ਤਰਾਂ ਲੱਗ ਰਿਹਾ ਸੀ ਕਿ ਇਥੇ ਕਰੋਨਾ ਦਾ ਡਰ ਕਿਸੇ ਨੂੰ ਨਹੀਂ ਹੈ l ਲੋਕ ਇੱਕ ਦੂਜੇ ਨੂੰ ਜੱਫੀਆਂ ਪਾ ਰਹੇ ਸਨ ਅਤੇ ਹੱਥ ਮਿਲਾ ਰਹੇ ਸਨ l ਕਿਸੇ ਨੇ ਵੀ ਆਪਸ ਵਿੱਚੀਂ ਫਾਸਲਾ ਨਹੀਂ ਰੱਖਿਆ ਹੋਇਆ ਸੀ l
ਉਥੇ ਬਹੁਤ ਸਾਰੇ ਥਾਵਾਂ ਤੇ ਖਾਣ ਪੀਣ ਵਾਲੇ ਸਮਾਨ ਦਾ ਇੰਤਜ਼ਾਮ ਸੀ ਅਤੇ ਸਭ ਖਾਣ ਪੀਣ ਦਾ ਸਮਾਨ ਮੁਫ਼ਤ ਹੀ ਦਿੱਤਾ ਜਾ ਰਿਹਾ ਸੀ l ਅਸੀਂ ਇੱਕ ਸਿਰੇ ਤੋਂ ਦੂਜੇ ਸਿਰੇ ਪਹੁੰਚੇ ਤਾਂ ਇੱਕ ਔਰਤ ਬਿਸਕੁਟਾਂ/ਕੁੱਕੀ ਦੇ ਕਈ ਥਾਲ ਲੈ ਕੇ ਪਹੁੰਚੀ ਜਿਸ ਵਿੱਚ ਇਕੱਲਾ ਇਕੱਲਾ ਕੁੱਕੀ ਲਪੇਟਿਆ ਹੋਇਆ ਸੀ l ਉਸ ਨੇ ਸਾਡੇ ਤੋਂ ਹੀ ਕੁੱਕੀ ਵੰਡਣੇ ਸ਼ੁਰੂ ਕੀਤੇ l ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਮੈਂ ਤੜਕੇ ਉੱਠ ਕੇ ਹੀ ਬਣਾ ਕੇ ਲਿਆਈ ਹਾਂ l ਉਹ ਗਈ ਤਾਂ ਪੰਜ ਕੁ ਮਿੰਟ ਬਾਦ ਦੂਜੀ ਔਰਤ ਚੂਪੇ (Lolli Pop) ਵੰਡਣ ਆ ਗਈ l ਭਾਵ ਇੱਕ ਤੋਂ ਬਾਦ ਦੂਜੀ ਚੀਜ਼ ਖਾਣ ਲਈ ਮੁਫ਼ਤ ਆ ਰਹੀ ਸੀ l ਪੰਜਾਬੀ ਭਾਈਚਾਰੇ ਨੂੰ ਤਾਂ ਮੈਂ ਬਚਪਨ ਤੋਂ ਜਾਣਦਾ ਹਾਂ ਕਿ ਉਹ ਇਸ ਤਰਾਂ ਦੇ ਉਪਰਾਲੇ ਕਰਦੇ ਰਹਿੰਦੇ ਹਨ ਜਿਸ ਵਿੱਚ ਲੋੜਵੰਦਾਂ ਨੂੰ ਖਾਣਾ ਜਾਂ ਲੋੜ ਅਨੁਸਾਰ ਸਮਾਨ ਪਹੁੰਚਾਉਣਾ ਸ਼ਾਮਲ ਹੁੰਦਾ ਹੈ l ਇਥੇ ਦੇ ਲੋਕਾਂ ਵਿੱਚ ਇਹ ਭਾਵਨਾ ਦੇਖ ਕੇ ਮੈਨੂੰ ਅਤਿਅੰਤ ਖੁਸ਼ੀ ਹੋਈ l ਉਨ੍ਹਾਂ ਦੀ ਵੰਡ ਕੇ ਛਕਣ ਦੀ ਭਾਵਨਾ ਸਾਫ ਦਿਖਾਈ ਦਿੰਦੀ ਸੀ l
ਉਥੇ ਲੋਕਾਂ ਦੇ ਵਾਲ ਵੀ ਮੁਫ਼ਤ ਹੀ ਕੱਟੇ ਜਾ ਰਹੇ ਸਨ l ਜਦੋਂ ਦੀਆਂ ਨਿਊਜ਼ੀਲੈਂਡ ਵਿੱਚ ਪਬੰਦੀਆਂ ਲੱਗੀਆਂ ਸਨ ਉਦੋਂ ਤੋਂ ਲੈ ਕੇ ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ ਉਨ੍ਹਾਂ ਨੂੰ ਦੁਕਾਨ ਉੱਪਰ ਜਾ ਕੇ ਵਾਲ ਕਟਵਾਉਣ ਦੀ ਵੀ ਇਜਾਜਤ ਨਹੀਂ ਹੈ l ਮੈਂ ਵੈਕਸੀਨ ਨਾ ਲਗਵਾਈ ਹੋਣ ਕਾਰਨ ਮੈਨੂੰ ਕਈ ਮਹੀਨਿਆਂ ਤੋਂ ਇਸ ਤੰਗੀ ਦਾ ਬਹੁਤ ਸਾਹਮਣਾ ਕਰਨਾ ਪਿਆ ਸੀ ਅਤੇ ਮੇਰੇ ਵਰਗੇ ਕਈ ਹੋਰ ਵੀ ਇਸ ਤਰਾਂ ਦੀਆਂ ਤੰਗੀਆਂ ਦੇ ਸ਼ਿਕਾਰ ਸਨ l
ਉਨ੍ਹਾਂ ਮੁਜ਼ਾਹਰਾ ਕਰਨ ਵਾਲਿਆਂ ਦਾ ਵਿਹਾਰ ਦੇਖ ਕੇ ਇੰਜ ਲੱਗਾ ਕਿ ਮੈਂ ਇੱਕ ਵੱਖਰੀ ਧਰਤੀ ਤੇ ਆ ਗਿਆ ਹਾਂ ਜਿਥੇ ਕੋਈ ਵੈਰ ਵਿਰੋਧ ਨਹੀਂ, ਕੋਈ ਆਪਣਾ ਪਰਾਇਆ ਨਹੀਂ, ਕੋਈ ਵੈਕਸੀਨ੍ਹੇਟਡ ਅਤੇ ਅਨਵੈਕਸੀਨ੍ਹੇਟਡ ਦਾ ਫਰਕ ਨਹੀਂ l ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਮੈਨੂੰ ਸਭ ਆਪਣਾ ਆਪਣਾ ਲੱਗਿਆ l ਮੁਜ਼ਾਹਰੇ ਵਿੱਚ ਵੈਕਸੀਨ੍ਹੇਟਡ ਅਤੇ ਅਨਵੈਕਸੀਨ੍ਹੇਟਡ ਲੋਕ ਸ਼ਾਮਲ ਸਨ l
ਮੈਨੂੰ ਨਿਊਜ਼ੀਲੈਂਡ ਅਤੇ ਹੋਰ ਮੁਲਕਾਂ ਦੇ ਲੋਕਾਂ ਤੋਂ ਇਲਾਵਾ ਉੱਤਰ ਪਰਦੇਸ਼, ਜੰਮੂ ਅਤੇ ਬੰਗਾਲ ਦੇ ਲੋਕ ਵੀ ਮਿਲੇ ਪਰ ਕੋਈ ਵੀ ਪੰਜਾਬੀ ਨਾ ਮਿਲਿਆ l ਭਾਵੇਂ ਕਿ ਉਸ ਸ਼ਹਿਰ ਵਿੱਚ ਵੀ ਬਹੁਤ ਪੰਜਾਬੀ ਰਹਿੰਦੇ ਹਨ l
ਮੈਨੂੰ ਇੱਕ ਕੁੜੀ ਉੱਤਰ ਪ੍ਰਦੇਸ਼ ਦੀ ਮਿਲੀ ਜੋ ਸਾਨੂੰ ਦੇਖ ਬਹੁਤ ਜਿਆਦਾ ਖੁਸ਼ ਹੋਈ ਕਿ ਕੋਈ ਪੰਜਾਬੀ ਵੀ ਮੁਜ਼ਾਹਰੇ ਵਿੱਚ ਦਿਸਿਆ ਹੈ l ਮੈਨੂੰ ਕਹਿੰਦੀ ਕਿ ਤੁਹਾਡੇ ਸਮਾਜ ਨੂੰ ਕੀ ਹੋਇਆ? ਮੈਂ ਕਿਹਾ ਕਿ ਇਹੀ ਮੈਂ ਪਤਾ ਕਰਦਾ ਫਿਰਦਾ ਹਾਂ l ਉਸ ਕੁੜੀ ਨੇ ਦੱਸਿਆ ਕਿ ਉਹ ਸਰਕਾਰੀ ਨੌਕਰੀ ਕਰਦੀ ਹੈ l ਵੈਕਸੀਨ ਨਾ ਲਗਵਾਈ ਹੋਣ ਕਰਕੇ ਉਸ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ ਹੈ ਅਤੇ ਦੋ ਹਫ਼ਤੇ ਬਾਦ ਉਹ ਬੇਰੁਜ਼ਗਾਰ ਹੋ ਜਾਵੇਗੀ l ਉਸ ਨੇ ਕਿਹਾ ਕਿ ਉਹ ਨੌਕਰੀ ਤੋਂ ਬਾਦ ਅਤੇ ਛੁੱਟੀ ਵਾਲੇ ਦਿਨ ਹਰ ਰੋਜ਼ ਮੁਜ਼ਾਹਰੇ ਤੇ ਆਉਂਦੀ ਹੈ ਅਤੇ ਉਸ ਨੇ ਇੱਕ ਵੀ ਪੰਜਾਬੀ ਮੁਜ਼ਾਹਰੇ ਵਿੱਚ ਨਹੀਂ ਦੇਖਿਆ l ਉਸ ਨੇ ਦੱਸਿਆ ਕਿ ਉਸ ਦੇ ਮਾਂ ਬਾਪ ਵੀ ਡਾਕਟਰ ਹਨ ਜਿਨ੍ਹਾਂ ਵੈਕਸੀਨ ਨਹੀਂ ਲਗਵਾਈ l ਇਸ ਕਰਕੇ ਉਨ੍ਹਾਂ ਨੂੰ ਡਾਕਟਰੀ ਦੀ ਨੌਕਰੀ ਤੋਂ ਜਵਾਬ ਹੋ ਗਿਆ l ਪਰਿਵਾਰ ਵਿੱਚ ਤਿੰਨ ਹੀ ਜੀਅ ਸਨ ਜੋ ਸਾਰੇ ਵੱਡੀਆਂ ਤਨਖਾਹਾਂ ਵਾਲੇ ਸਨ l ਉਹ ਕਹਿੰਦੀ ਅਸੀਂ ਸਰਕਾਰ ਦੀਆਂ ਵੈਕਸੀਨ ਮੈਨਡੇਟਸ ਦੀ ਵਜ੍ਹਾ ਨਾਲ ਲੱਖਾਂ ਤੋਂ ਕੱਖਾਂ ਦੇ ਹੋ ਗਏ ਹਾਂ l
ਮੈਂ ਸਾਰੀਆਂ ਮੁਜ਼ਾਹਰੇ ਵਾਲੀਆਂ ਜਗ੍ਹਾ ਘੁੰਮੀਆਂ ਪਰ ਕੋਈ ਵੀ ਗੁੱਸੇ ਵਿੱਚ ਨਹੀਂ ਸੀ ਅਤੇ ਨਾ ਹੀ ਕੋਈ ਕਿਸੇ ਨੂੰ ਗਾਲ ਕੱਢ ਰਿਹਾ ਸੀ l ਜਿਆਦਾ ਭੀੜ ਕਰਕੇ ਕੋਈ ਵਿੱਚ ਵੱਜ ਜਾਂਦਾ ਤਾਂ ਉਹ ਮਾਫੀ ਮੰਗਦਾ l ਪੁਲਿਸ ਲੋਕਾਂ ਤੋਂ 10 ਕੁ ਮੀਟਰ ਦੀ ਦੂਰੀ ਤੇ ਤਾਇਨਾਤ ਸੀ l ਮਿਊਜ਼ਿਕ ਲੱਗਾ ਹੋਣ ਕਰਕੇ ਅਤੇ ਲੋਕਾਂ ਦੀ ਅਵਾਜ਼ ਕਾਰਨ ਲੋਕਾਂ ਦੀ ਅਵਾਜ਼ ਪੁਲਿਸ ਤੱਕ ਮੁਸ਼ਕਲ ਨਾਲ ਹੀ ਪਹੁੰਚਦੀ ਸੀ l ਪੁਲਿਸ ਅਤੇ ਲੋਕਾਂ ਵਿੱਚ ਇੱਕ ਪੱਥਰ ਦੀ ਟੈਂਪਰੇਰੀ ਕੰਧ ਸੀ ਜੋ ਸਿਰਫ ਇੱਕ ਮੀਟਰ ਉੱਚੀ ਸੀ ਪਰ ਉਸ ਨੂੰ ਕੋਈ ਵੀ ਟੱਪ ਨਹੀਂ ਰਿਹਾ ਸੀ l
ਕਈ ਲੋਕ ਪੁਲਿਸ ਵਾਲਿਆਂ ਵਲੋਂ ਆਪਣਾ ਫਰਜ਼ ਨਿਭਾਉਣ ਬਦਲੇ ਉਨ੍ਹਾਂ ਦਾ ਧੰਨਵਾਦ ਕਰ ਰਹੇ ਸਨ l ਮੈਨੂੰ ਬੜੀ ਹੈਰਾਨੀ ਹੋਈ ਕਿ ਮੀਡੀਆ ਕਹਿ ਰਿਹਾ ਹੈ ਕਿ ਲੋਕ ਪੁਲਿਸ ਨਾਲ ਮਾੜਾ ਸਲੂਕ ਕਰਦੇ ਹਨ ਪਰ ਇਥੇ ਤਾਂ ਲੋਕ ਪੁਲਿਸ ਦਾ ਧੰਨਵਾਦ ਕਰ ਰਹੇ ਹਨ l ਜੇਕਰ ਕਿਸੇ ਇੱਕ ਜਾਂ ਦੋ ਵਿਅਕਤੀਆਂ ਨੇ ਪੁਲਿਸ ਨੂੰ ਕੁੱਝ ਕਹਿ ਵੀ ਦਿੱਤਾ ਹੋਵੇਗਾ ਤਾਂ ਮੀਡੀਆ ਨੂੰ ਲੋਕਾਂ ਵਲੋਂ ਕੀਤਾ ਧੰਨਵਾਦ ਕਿਉਂ ਨਹੀਂ ਦਿਸਿਆ? ਉਸ ਦੀ ਰਿਪੋਰਟ ਲੋਕਾਂ ਤੱਕ ਕਿਉਂ ਨਹੀਂ ਪਹੁੰਚਾਈ ਗਈ ?
ਇਹ ਸਭ ਕੁੱਝ ਮੇਰੇ ਲਈ ਹੈਰਾਨੀਜਨਕ ਸੀ l ਮੈਂ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਸੱਚ ਦੱਸਣਾ ਚਾਹੁੰਦਾ ਸੀ l ਉਹ ਵੀ ਸਬੂਤਾਂ ਸਮੇਤ l ਮੈਂ ਉਥੋਂ ਫੇਸਬੁੱਕ ਲਾਈਵ ਹੋ ਕੇ ਅੱਧੇ ਘੰਟੇ ਦੇ ਕਰੀਬ ਮੁਜ਼ਾਹਰੇ ਦੀ ਦੇਖਣ ਵਾਲਿਆਂ ਨੂੰ ਸਚਾਈ ਦਿਖਾਈ ਜਿਸ ਦਾ ਬਹੁਤ ਲੋਕਾਂ ਧੰਨਵਾਦ ਕੀਤਾ ਅਤੇ ਮੈਨੂੰ ਫੋਨ ਕਰਕੇ ਵੀ ਬਹੁਤਿਆਂ ਦੋਸਤਾਂ ਮਿੱਤਰਾਂ ਨੇ ਧੰਨਵਾਦ ਕੀਤਾ l ਮੈਂ ਲਾਈਵ ਹੋ ਕੇ ਦਿਖਾਇਆ ਕਿ ਇਥੇ ਸੈਂਕੜੇ ਲੋਕ ਨਹੀਂ ਹਨ ਹਜ਼ਾਰਾਂ ਲੋਕ ਹਨ l
ਮੈਨੂੰ ਨਿਊਜ਼ੀਲੈਂਡ ਦੇ ਬਹੁਤ ਵਸਨੀਕ ਮਿਲੇ ਜਿਨ੍ਹਾਂ ਮੈਨੂੰ ਤਕੀਦ ਕੀਤੀ ਕਿ ਇਸ ਮਜ਼ਾਹਰੇ ਦੀ ਸਹੀ ਜਾਣਕਾਰੀ ਮੈਂ ਭਾਰਤੀ ਭਾਈਚਾਰੇ ਨੂੰ ਦੇਵਾਂ l ਮੈਂ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਮੈਂ ਸਹੀ ਜਾਣਕਾਰੀ ਇੰਟਰਨੈਸ਼ਨਲ ਪੱਧਰ ਤੇ ਦਿਆਂਗਾ l ਉਨ੍ਹਾਂ ਕਿਹਾ ਕਿ ਆਪਣੇ ਭਾਈਚਾਰੇ ਨੂੰ ਜਾ ਕੇ ਦੱਸੀਂ ਕਿ ਸਾਨੂੰ ਪਬੰਦੀਆਂ ਲਗਾ ਕੇ ਕੰਟਰੋਲ ਕੀਤਾ ਜਾ ਰਿਹਾ ਹੈ l
ਮੈਂ ਜਦੋਂ ਮੁਜ਼ਾਹਰੇ ਵਿੱਚ ਘੁੰਮਿਆ ਤਾਂ ਗੋਰਿਆਂ ਦੇ ਛੋਟੇ ਛੋਟੇ ਬੱਚੇ ਚਾਕ ਨਾਲ ਜ਼ਮੀਨ ਤੇ ਆਜ਼ਾਦੀ (Freedom) ਲਿਖ ਰਹੇ ਸਨ l ਮੈਨੂੰ ਬੜੀ ਖੁਸ਼ੀ ਕਿ ਇਨ੍ਹਾਂ ਦੇ ਮਾਂ ਬਾਪ ਨੇ ਇਨ੍ਹਾਂ ਨੂੰ ਛੋਟੇ ਹੁੰਦੇ ਹੀ ਆਜ਼ਾਦੀ (Freedom) ਦੇ ਅਰਥ ਸਮਝਾ ਦਿੱਤੇ ਹਨ l ਦੂਜੇ ਪਾਸੇ ਆਪਣੇ ਸਮਾਜ ਵੱਲ ਨਿਗ੍ਹਾ ਮਾਰੀ ਤਾਂ ਅੱਖਾਂ ਵਿੱਚੋਂ ਹੰਝੂ ਆ ਗਏ ਕਿ ਅਸੀਂ ਤਾਂ ਖੁਦ ਆਜ਼ਾਦੀ ਦੇ ਅਰਥ ਨਹੀਂ ਸਮਝੇ ਤਾਂ ਨਿਆਣਿਆਂ ਨੂੰ ਕੀ ਸਮਝਾਵਾਂਗੇ? ਇਹ ਸਵਾਲ ਮੈਂ ਆਪ ਸਭ ਦੇ ਸੋਚਣ ਲਈ ਛੱਡਦਾ ਹੋਇਆ ਇਜਾਜਤ ਲੈਂਦਾ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147