ਬੱਚਿਆਂ ਨੂੰ ਵੱਧ ਪੜ੍ਹਾਈ ਕਰਾਉਣ ਦਾ ਕੋਈ ਫਾਇਦਾ ਨਹੀਂ ਜੇ ਉਨ੍ਹਾਂ ਨੂੰ ਹਰ ਮਸਲੇ ਬਾਰੇ ਕੀ, ਕਿਉਂ, ਕਿੱਦਾਂ, ਕਿਵੇਂ, ਕਿਸ ਨੇ ਅਤੇ ਕਿੱਥੇ ਬਾਰੇ ਸੋਚਣਾ ਨਹੀਂ ਸਿਖਾਉਂਦੇ l
ਪੜ੍ਹਾਈ ਦਾ ਮੁੱਖ ਮਕਸਦ ਆਪਣੇ ਨਾਲ ਹੁੰਦੀ ਲੁੱਟ ਬਾਰੇ ਜਾਣੂ ਹੋਣਾ ਹੁੰਦਾ ਹੈ ਜਾਂ ਆਪਣੇ ਨਾਲ ਹੋ ਰਹੇ ਧੱਕੇ ਬਾਰੇ ਜਾਣੂ ਹੋਣਾ ਹੁੰਦਾ ਹੈ l ਉਹ ਲੁੱਟ ਭਾਵੇਂ ਧਾਰਮਿਕ ਤੌਰ ਤੇ ਹੁੰਦੀ ਹੋਵੇ, ਰਿਸ਼ਵਤ ਰਾਹੀਂ ਹੁੰਦੀ ਹੋਵੇ, ਸਰਮਾਏਦਾਰਾਂ ਰਾਹੀਂ ਹੁੰਦੀ ਹੋਵੇ ਅਤੇ ਭਾਵੇਂ ਸਰਕਾਰ ਰਾਹੀਂ ਹੁੰਦੀ ਹੋਵੇ l ਇਨ੍ਹਾਂ ਲੁੱਟਾਂ ਦਾ ਪਤਾ ਤਾਂ ਹੀ ਲਗਦਾ ਹੈ ਜੇ ਹਰ ਮਸਲੇ ਨੂੰ ਤਰਕ ਦੀ ਕਸੌਟੀ ਤੇ ਪਰਖਿਆ ਜਾਵੇ l ਤਰਕ ਦੀ ਕਸੌਟੀ ਤੇ ਤਾਂ ਹੀ ਪਰਖਿਆ ਜਾ ਸਕਦਾ ਹੈ ਜਦੋਂ ਅਸੀਂ ਸਵਾਲ ਕਰਨ ਅਤੇ ਜਵਾਬ ਲੱਭਣ ਦੇ ਯੋਗ ਹੋਈਏ l
ਜੇਕਰ ਬੱਚੇ ਹਰ ਮਸਲੇ ਬਾਰੇ ਉਪਰੋਕਤ ਸਵਾਲ ਕਰਨਗੇ ਤਾਂ ਹੀ ਉਨ੍ਹਾਂ ਦਾ ਦਿਮਾਗ ਮਸਲਿਆਂ ਦੇ ਹੱਲ ਬਾਰੇ ਸੋਚੇਗਾ l
ਦਿਮਾਗ ਕਿਸੇ ਦਾ ਵੱਧ ਜਾਂ ਘੱਟ ਨਹੀਂ ਹੁੰਦਾ l ਜਿਹੜੇ ਦਿਮਾਗ ਨੂੰ ਵੱਧ ਸਵਾਲ ਕਰਦੇ ਹਨ ਉਨ੍ਹਾਂ ਦਾ ਦਿਮਾਗ ਵੱਧ ਜਵਾਬ ਲੱਭਦਾ ਹੈ l ਦਿਮਾਗ ਦੀ ਕਸਰਤ ਵੀ ਸੋਚਣਾ ਹੀ ਹੁੰਦੀ ਹੈ l
ਜਿਹੜੇ ਆਪਣੇ ਬੱਚਿਆਂ ਨੂੰ ਕਿਸਮਤ ਅਤੇ ਰੱਬ ਅਨੁਸਾਰ ਜ਼ਿੰਦਗੀ ਜਿਉਣਾ ਸਿਖਾਉਂਦੇ ਹਨ l ਉਨ੍ਹਾਂ ਬੱਚਿਆਂ ਦੇ ਦਿਮਾਗ ਪ੍ਰਸ਼ਨ ਕਰਨਾ ਭੁੱਲ ਜਾਂਦੇ ਹਨ ਜਿਸ ਕਾਰਣ ਉਨ੍ਹਾਂ ਨੂੰ ਆਮ ਜ਼ਿੰਦਗੀ ਦੀਆਂ ਗੁੰਝਲਾਂ ਦੇ ਜਵਾਬ ਵੀ ਨਹੀਂ ਮਿਲਦੇ l ਉਹ ਬੱਚੇ ਆਮ ਜ਼ਿੰਦਗੀ ਦੀਆਂ ਗੁੰਝਲਾਂ ਦੇ ਹੱਲ ਲੱਭਣ ਦੀ ਬਜਾਏ ਡੇਰਿਆਂ, ਸਾਧਾਂ ਸੰਤਾਂ, ਧਾਰਮਿਕ ਅਸਥਾਨਾਂ ਤੇ ਸੁੱਖਾਂ ਸੁੱਖਦੇ, ਪ੍ਰਾਰਥਨਾਵਾਂ ਕਰਦੇ ਅਤੇ ਰੱਬ ਅੱਗੇ ਤਰਲੇ ਕਰਦੇ ਆਮ ਦਿਖਾਈ ਦਿੰਦੇ ਹਨ l ਉਹ ਬੱਚੇ ਰੱਬ ਕੋਲੋਂ ਉਨ੍ਹਾਂ ਗਲਤੀਆਂ ਦੀਆਂ ਭੁੱਲਾਂ ਬਖਸ਼ਾਉਂਦੇ ਰਹਿੰਦੇ ਹਨ ਜਿਹੜੀਆਂ ਉਨ੍ਹਾਂ ਕਦੇ ਕੀਤੀਆਂ ਹੀ ਨਹੀਂ l ਇਸੇ ਨੂੰ ਮਾਨਸਿਕ ਗੁਲਾਮੀ ਕਿਹਾ ਜਾਂਦਾ ਹੈ l
ਵਿਦੇਸ਼ਾਂ ਵਿੱਚ ਲੋਕ ਰੱਬ ਅਤੇ ਕਿਸਮਤ ਤੇ ਬਹੁਤ ਘੱਟ ਯਕੀਨ ਕਰਦੇ ਹਨ l ਇਸੇ ਕਰਕੇ ਚੰਗਾ ਜੀਵਨ ਜਿਉਂਦੇ ਹਨ l
ਆਓ ਆਪਣੇ ਬੱਚਿਆਂ ਨੂੰ ਲਾਈਲੱਗ ਬਣਾਉਣ ਦੀ ਬਜਾਏ ਵਿਗਿਆਨੀ ਬਣਾਈਏ ਜਿਨ੍ਹਾਂ ਤੇ ਇਕੱਲੇ ਤੁਹਾਨੂੰ ਹੀ ਨਹੀਂ ਪੂਰੀ ਦੁਨੀਆਂ ਨੂੰ ਮਾਣ ਹੋਵੇ l
ਤੁਹਾਡਾ ਇਹ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਬਦਲ ਦੇਵੇਗਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147