ਖੇਤੀਬਾੜੀ ਵਿਰੋਧੀ ਕਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਚੱਲ ਰਹੇ ਮੌਜੂਦਾ ਸੰਘਰਸ਼ ਵਿੱਚ ਪੰਜਾਬ ਦੇ ਕਿਸਾਨਾਂ ਤੋਂ ਬਾਦ ਹਰਿਆਣਾ ਅਤੇ ਫਿਰ ਸਾਰੇ ਮੁਲਕ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਦਿੱਲੀ ਨੂੰ ਘੇਰ ਕੇ ਪ੍ਰੋਟੈਸਟ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ l ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਦਿੱਲੀ ਨੂੰ ਘੇਰੇ ਹੋਏ 21 ਦਿਨ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ l
ਕਿਸਾਨਾਂ ਦਾ ਹੌਂਸਲਾ ਬਹੁਤ ਮੁਸ਼ਕਲਾਂ ਦੇ ਬਾਵਯੂਦ ਵੀ ਬੁਲੰਦ ਹੈ l ਸ਼ਾਂਤਮਈ ਮੁਜ਼ਾਹਰਾ ਕਰਨ ਆਉਂਦੇ ਕਿਸਾਨਾਂ ਨੂੰ ਰਸਤੇ ਵਿੱਚ ਰੋਕਣ ਦੀ ਸਰਕਾਰ ਵਲੋਂ ਪੂਰੀ ਕੋਸ਼ਿਸ਼ ਕੀਤੀ ਗਈ l ਰਾਹ ਵਿੱਚ ਕਿਸਾਨਾਂ, ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਉੱਪਰ ਠੰਡ ਦੇ ਮੌਸਮ ਵਿੱਚ ਠੰਡੇ ਪਾਣੀ ਦੀਆਂ ਬੁਸ਼ਾਰਾਂ ਮਾਰੀਆਂ ਗਈਆਂ, ਰਾਹ ਵਿੱਚ ਵੱਡੇ ਵੱਡੇ ਪੱਥਰ ਲਗਾਏ ਗਏ, ਰਾਹ ਵਿੱਚ ਟੋਏ ਪੁਟੇ ਗਏ, ਕਾਫੀ ਭਾਰੀ ਮਸ਼ੀਨਰੀ ਰਾਹ ਵਿੱਚ ਖੜ੍ਹੀ ਕੀਤੀ ਗਈ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ l ਇਹ ਸਿੱਧਾ ਸਰਕਾਰ ਵਲੋਂ ਮਨੁੱਖੀ ਅਧਿਕਾਰਾਂ ਤੇ ਡਾਕਾ ਸੀ l ਇਸ ਤਰਾਂ ਤਾਂ ਗੁਲਾਮਾਂ ਨਾਲ ਵੀ ਵਤੀਰਾ ਨਹੀਂ ਕੀਤਾ ਜਾਂਦਾ ਜਿਸ ਤਰਾਂ ਸਰਕਾਰ ਨੇ ਆਪਣੇ ਹੀ ਮੁਲਕ ਦੇ ਲੋਕਾਂ ਨਾਲ ਕੀਤਾ l ਇਸ ਦੀ ਸਾਰੀ ਦੁਨੀਆਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ l
ਕਿਸਾਨਾਂ ਦੇ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਸਮਰਥਨ ਮਿਲਿਆ ਹੈ ਅਤੇ ਬਹੁਤ ਦੇਸ਼ਾਂ ਵਿੱਚ ਭਾਰਤੀ ਦੂਤਘਰਾਂ (Indian Embassies) ਅੱਗੇ ਜ਼ਬਰਦਸਤ ਮੁਜ਼ਾਹਰੇ ਕੀਤੇ ਗਏ ਹਨ l
ਇਸ ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ 25 ਦੇ ਕਰੀਬ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ ਅਤੇ ਕਈ ਜਖ਼ਮੀ ਵੀ ਹੋਏ ਹਨ l
ਕਿਸਾਨ ਦਿੱਲੀ ਨੂੰ ਘੇਰ ਕੇ ਦੋ ਡਿਗਰੀ ਤਾਪਮਾਨ ਵਿੱਚ ਬੈਠੇ ਹਨ l ਜਿਥੇ ਸਰਕਾਰ ਨੂੰ ਉਨ੍ਹਾਂ ਦਾ ਕੋਈ ਫਿਕਰ ਨਹੀਂ ਹੈ ਉਥੇ ਉਨ੍ਹਾਂ ਦੇ ਪਿੱਛੇ ਵਸਦੇ ਪਰਿਵਾਰਾਂ, ਦੋਸਤਾਂ ਮਿੱਤਰਾਂ, ਸਹਿਯੋਗੀਆਂ ਅਤੇ ਲੋਕ ਪੱਖੀ ਕੰਮ ਕਰਨ ਵਾਲੀਆਂ ਸ਼ਖਸ਼ੀਅਤਾਂ ਕਿਸਾਨਾਂ ਦੀ ਮੱਦਦ ਲਈ ਅਹਿਮ ਯੋਗਦਾਨ ਪਾ ਰਹੀਆਂ ਹਨ l ਇਹ ਯੋਗਦਾਨ ਅੰਤਰਰਾਸ਼ਟਰੀ ਪੱਧਰ ਤੇ ਜਾਰੀ ਹੈ l
ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ ਹੋਰਾਂ 10 ਕੁ ਦਿਨ ਪਹਿਲਾਂ ਸਿੰਘੂ ਬਾਰਡਰ ਤੇ 500 ਤੋਂ ਵੱਧ ਕਿਤਾਬਾਂ ਦਾ ਲੰਗਰ ਲਾ ਕੇ ਅਹਿਮ ਯੋਗਦਾਨ ਪਾਇਆ ਸੀ l ਅੱਜ ਉਨ੍ਹਾਂ ਵਲੋਂ ਟਿਕਰੀ ਬਾਰਡਰ ਉਤੇ 1,000 ਤੋਂ ਵੱਧ ਕਿਤਾਬਾਂ ਅਤੇ ਮੈਗਜ਼ੀਨਾਂ ਦੇ ਨਾਲ ਨਾਲ ਕਿਸਾਨਾਂ ਵਾਸਤੇ ਗਰਮ ਜੁਰਾਬਾਂ ਅਤੇ ਮਫਲਰਾਂ ਦਾ ਵੀ ਲੰਗਰ ਲਾਇਆ ਜਾ ਰਿਹਾ ਹੈ l
ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ ਦੇ ਇਸ ਪ੍ਰਜੈਕਟ ਵਿੱਚ ਉਨ੍ਹਾਂ ਦੇ ਕਈ ਕਰੀਬੀ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਲੋਂ ਵੀ ਸਹਿਯੋਗ ਦਿੱਤਾ ਗਿਆ ਹੈ l
ਸ਼ਿਆਮ ਸੁੰਦਰ ਦੀਪਤੀ ਜੀ ਡਾਕਟਰ ਹੋਣ ਦੇ ਨਾਲ ਨਾਲ ਵਧੀਆ ਲੇਖਕ ਵੀ ਹਨ ਅਤੇ ਚਾਲੀ ਤੋਂ ਵੱਧ ਕਿਤਾਬਾਂ ਲਿਖ ਕੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ l ਕਰੋਨਾ ਵਾਇਰਸ ਦੇ ਸਮੇਂ ਦੌਰਾਨ ਜਦੋਂ ਲੋਕਾਂ ਵਿੱਚ ਬਹੁਤ ਡਰ ਦਾ ਮਹੌਲ ਸੀ l ਉਸ ਸਮੇਂ ਡਾਕਟਰ ਜੀ ਵਲੋਂ ਕਰੋਨਾ ਵਾਇਰਸ ਦੇ ਬਾਰੇ 75 ਆਰਟੀਕਲ ਲਿਖ ਕੇ ਅਖਬਾਰਾਂ ਵਿੱਚ ਛਪਵਾ ਕੇ ਭਾਈਚਾਰੇ ਦੀ ਮੱਦਦ ਕੀਤੀ ਗਈ ਸੀ l
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਦੇ ਸੱਦੇ ਤੇ ਉਨ੍ਹਾਂ ਦੀ ਨਿਊਜ਼ੀਲੈਂਡ ਫੇਰੀ ਦੌਰਾਨ ਮੈਨੂੰ ਉਨ੍ਹਾਂ ਨਾਲ ਇੱਕ ਮਹੀਨੇ ਦੇ ਕਰੀਬ ਸਮਾਂ ਬਿਤਾਉਣ ਨੂੰ ਮਿਲਿਆ ਸੀ ਅਤੇ ਇਸ ਸਮੇਂ ਦੌਰਾਨ ਕਾਫੀ ਕੁੱਝ ਸਿੱਖਣ ਨੂੰ ਮਿਲਿਆ l
ਮੈਨੂੰ ਉਨ੍ਹਾਂ ਦੀ ਅਗਲੀ ਛਪਣ ਵਾਲੀ ਕਿਤਾਬ ਦਾ ਖਰੜਾ ਸਭ ਤੋਂ ਪਹਿਲਾਂ ਪੜ੍ਹਨ ਦਾ ਮਾਣ ਪ੍ਰਾਪਤ ਹੋਇਆ l ਉਮੀਦ ਹੈ ਕਿ ਜਲਦੀ ਹੀ ਉਹ ਕਿਤਾਬ ਵੀ ਛਪ ਕੇ ਪਾਠਕਾਂ ਦੀ ਝੋਲੀ ਪਵੇਗੀ l
ਸਾਨੂੰ ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ ਵਰਗੀਆਂ ਸ਼ਖਸ਼ੀਅਤਾਂ ਤੇ ਹਮੇਸ਼ਾਂ ਮਾਣ ਰਹੇਗਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147