ਸੱਚ ਤੇ ਅਧਾਰਤ
(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਸਿਆਣਾ ਸ਼ਬਦ ਦੋ ਥਾਵਾਂ ਤੇ ਵਰਤਿਆ ਜਾਂਦਾ ਹੈ l ਇੱਕ ਜਦੋਂ ਕੋਈ ਉਮਰ ਵਿੱਚ ਸਿਆਣਾ ਹੋਵੇ ਅਤੇ ਦੂਜਾ ਜਦੋਂ ਕੋਈ ਅਕਲ ਵਿੱਚ ਸਿਆਣਾ ਹੋਵੇ l ਇਸ ਆਰਟੀਕਲ ਵਿੱਚ ਅਕਲ ਪੱਖੋਂ ਸਿਆਣੇ ਦੀ ਗੱਲ ਕਰਾਂਗਾ l ਸੰਨ 1987 ਦੇ ਲਾਗੇ ਦੀ ਹੈ ਜਦੋਂ ਮੈਂ ਥੋੜ੍ਹਾ ਚਿਰ ਰਾਮਾ ਮੰਡੀ (ਜਲੰਧਰ) ਵਿੱਚ ਇੱਕ ਛਾਪੇ ਖਾਨੇ ਤੇ ਨੌਕਰੀ ਕੀਤੀ l ਛਾਪੇ ਖਾਨੇ ਦੇ ਬਾਹਰ ਇੱਕ ਵਿਹੜਾ ਸੀ ਜਿਥੇ ਬੈਠ ਕੇ ਅਸੀਂ ਚਾਹ ਪਾਣੀ ਜਾਂ ਰੋਟੀ ਪਾਣੀ ਖਾਂਦੇ ਹੁੰਦੇ ਸੀ l ਇਹ ਛਾਪਾ ਖਾਨਾ ਇੱਕ ਭੀੜੀ ਜਿਹੀ ਗਲੀ ਵਿੱਚ ਸੀ l ਇਸ ਛਾਪੇ ਖਾਨੇ ਦੇ ਬਿਲਕੁਲ ਦੂਸਰੇ ਪਾਸੇ ਮਿੱਟੀ ਦੀਆਂ ਮੂਰਤੀਆਂ ਬਣਦੀਆਂ ਸਨ ਜੋ ਜਿਆਦਾ ਤੌਰ ਤੇ ਵੱਖ ਵੱਖ ਭਗਵਾਨਾਂ ਜਾਂ ਦੇਵੀ ਦੇਵਤਿਆਂ ਦੀਆਂ ਵੀ ਹੁੰਦੀਆਂ ਸਨ l ਉਥੇ ਕੰਮ ਕਰਨ ਵਾਲੇ ਕੁੱਝ ਸਥਾਨਕ ਦਿਹਾੜੀਦਾਰ ਹੁੰਦੇ ਸਨ ਅਤੇ ਜਿਆਦਾ ਪ੍ਰਵਾਸੀ ਦਿਹਾੜੀਦਾਰ ਹੁੰਦੇ ਸਨ l ਉਨ੍ਹਾਂ ਦਾ ਇੱਕ ਫੋਰਮੈਨ ਹੁੰਦਾ ਸੀ ਜੋ ਸਾਰੇ ਕੰਮ ਦੀ ਦੇਖ ਭਾਲ ਕਰਦਾ ਸੀ l
ਮੂਰਤੀਆਂ ਬਣਾਉਣ ਵੇਲੇ ਦਿਹਾੜੀਦਾਰ ਸਿਗਰਟਾਂ ਜਾਂ ਸ਼ਰਾਬ ਪੀਂਦੇ ਰਹਿੰਦੇ ਸਨ ਭਾਵੇਂ ਉਹ ਮੂਰਤੀ ਜਿਹੜੇ ਮਰਜ਼ੀ ਭਗਵਾਨ ਜਾਂ ਦੇਵੀ ਦੇਵਤੇ ਦੀ ਬਣਾ ਰਹੇ ਹੋਣ l ਕਿਸੇ ਭਗਵਾਨ ਨੇ ਕਦੇ ਵੀ ਇਸ ਬਦਲੇ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਸੀ l ਮੂਰਤੀਆਂ ਪੂਰੀਆਂ ਹੋਣ ਤੋਂ ਬਾਦ ਫੋਰਮੈਨ ਮੂਰਤੀਆਂ ਨੂੰ ਚੈੱਕ ਕਰਦਾ ਸੀ ਅਤੇ ਜਦੋਂ ਉਸ ਨੂੰ ਮੂਰਤੀ ਵਿੱਚ ਕੋਈ ਨੁਕਸ ਲੱਭਦਾ ਸੀ ਤਾਂ ਉਹ ਦੂਰੋਂ ਹੀ ਮੂਰਤੀ ਬਣਾਉਣ ਵਾਲੇ ਨੂੰ ਅਵਾਜ਼ ਮਾਰ ਕੇ ਮੂਰਤੀ ਵਾਲੇ ਭਗਵਾਨ ਦਾ ਨਾਮ ਲੈ ਕੇ ਅਤੇ ਭਗਵਾਨ ਨੂੰ ਗਾਲ਼ ਕੱਢ ਕੇ ਕਹਿੰਦਾ ਸੀ ਕਿ ਫਲਾਣੇ ਦਾ ਕੰਨ ਵਿੰਗਾ ਹੋ ਗਿਆ ਹੈ l ਉਸ ਤੋਂ ਬਾਦ ਮੂਰਤੀ ਬਣਾਉਣ ਵਾਲੇ ਨੂੰ ਮੂਰਤੀ ਦਾ ਕੰਨ ਠੀਕ ਕਰਨਾ ਪੈਂਦਾ ਸੀ l ਕਈ ਵਾਰੀ ਬਣੀ ਮੂਰਤੀ ਦਾ ਕੰਨ ਠੀਕ ਕਰਨਾ ਬਹੁਤ ਮੁਸ਼ਕਲ ਹੁੰਦਾ ਸੀ ਤਾਂ ਠੀਕ ਕਰਨ ਵਾਲਾ ਆਪਣੇ ਨਾਲ ਵਾਲੇ ਸਾਥੀ ਕਾਮੇ ਨੂੰ ਭਗਵਾਨ ਦਾ ਨਾਮ ਲੈ ਕੇ ਕਹਿੰਦਾ ਹੁੰਦਾ ਸੀ ਕਿ ਇਸ ਭਗਵਾਨ ਨੇ ਤਾਂ ਮੇਰਾ ਸਵੇਰ ਦਾ ਲਹੂ ਪੀ ਲਿਆ l ਇਹ ਚੀਜ਼ ਮੈਂ ਹਰ ਰੋਜ਼ ਦੇਖਦਾ ਹੁੰਦਾ ਸੀ l ਮੂਰਤੀ ਬਣਾਉਣ ਵੇਲੇ ਕੋਈ ਹੱਥ ਵੀ ਸੁੱਚੇ ਨਹੀਂ ਕਰਦਾ ਸੀ l
ਜਦੋਂ ਭਗਵਾਨ ਦੀ ਮੂਰਤੀ ਬਣਾਈ ਜਾਂਦੀ ਸੀ ਤਾਂ ਬਣਾਉਣ ਵੇਲੇ ਹਥੌੜੀ ਅਤੇ ਛੈਣੀ ਦੀ ਵਰਤੋਂ ਕੀਤੀ ਜਾਂਦੀ ਸੀ l ਇਸ ਦਾ ਮਤਲਬ ਕਿ ਭਗਵਾਨ ਦੀ ਮੂਰਤੀ ਬਣਾਉਣ ਲਈ ਭਗਵਾਨ ਦੇ ਸਿਰ ਵਿੱਚ ਹਥੌੜੇ ਮਾਰੇ ਜਾਂਦੇ ਸੀ l ਭਗਵਾਨ ਨੇ ਆਪਣੇ ਸਿਰ ਵਿੱਚ ਹਥੌੜੇ ਮਾਰਨ ਵਾਲਿਆਂ ਨੂੰ ਕਦੇ ਕੋਈ ਸਜ਼ਾ ਨਹੀਂ ਦਿੱਤੀ ਸੀ l ਮੂਰਤੀਆਂ ਬਣਾਉਣ ਵਾਲਿਆਂ ਦਾ ਆਪਣਾ ਰੋਟੀ ਪਾਣੀ ਅਤੇ ਉਨ੍ਹਾਂ ਦੇ ਘਰਦਿਆਂ ਦਾ ਰੋਟੀ ਪਾਣੀ ਬੜਾ ਵਧੀਆ ਚੱਲਦਾ ਹੁੰਦਾ ਸੀ ਭਾਵੇਂ ਕਿ ਇਹ ਰੋਟੀ ਪਾਣੀ ਭਗਵਾਨ ਦੇ ਸਿਰ ਵਿੱਚ ਹਥੌੜੇ ਮਾਰ ਕੇ ਹੀ ਮਿਲਦਾ ਸੀ l ਮੂਰਤੀਆਂ ਬਣਨ ਤੋਂ ਬਾਦ ਵੱਖ ਵੱਖ ਧਾਰਮਿਕ ਅਸਥਾਨਾਂ ਦੁਆਰਾ ਖਰੀਦ ਲਈਆਂ ਜਾਂਦੀਆਂ ਸਨ ਅਤੇ ਧਾਰਮਿਕ ਅਸਥਾਨਾਂ ਵਿੱਚ ਸਜਾ ਕੇ ਰੱਖ ਦਿਤੀਆਂ ਜਾਂਦੀਆਂ ਸਨ l ਫਿਰ ਉਨ੍ਹਾਂ ਮੂਰਤੀਆਂ ਅੱਗੇ ਲੋਕ ਆਪਣੀ ਮਿਹਨਤ ਦੀ ਕੀਤੀ ਕਮਾਈ ਵਿਚੋਂ ਪੈਸੇ ਬਚਾ ਕੇ ਚੜ੍ਹਾਵਾ ਚੜ੍ਹਾਉਂਦੇ ਸਨ ਅਤੇ ਮੂਰਤੀਆਂ ਅੱਗੇ ਵੱਖ ਵੱਖ ਸੁੱਖਾਂ ਸੁਖਦੇ ਸਨ l
ਮੈਂ ਛਾਪੇ ਖਾਨੇ ਦੇ ਵਿਹੜੇ ਵਿੱਚ ਬੈਠਾ ਸੋਚਦਾ ਰਹਿੰਦਾ ਸੀ ਕਿ ਇਨ੍ਹਾਂ ਦੋਨਾਂ ਧਿਰਾਂ ਵਿਚੋਂ ਸਿਆਣਾ (ਅਕਲਮੰਦ) ਕੌਣ ਹੈ ? ਸਿਆਣਾ ਉਹ ਹੈ ਜਿਸ ਨੇ ਭਗਵਾਨ ਦੇ ਸਿਰ ਵਿੱਚ ਹਥੌੜੇ ਮਾਰ ਕੇ ਅਤੇ ਗਾਲਾਂ ਕੱਢ ਕੇ ਪੈਸੇ ਕਮਾ ਕੇ ਆਪਣਾ ਪਰਿਵਾਰ ਪਾਲਿਆ ਜਾਂ ਸਿਆਣਾ ਉਹ ਹੈ ਜਿਸ ਨੇ ਆਪਣੀ ਕੀਤੀ ਕਮਾਈ ਆਪਣੇ ਪਰਿਵਾਰ ਨੂੰ ਦੇਣ ਦੀ ਬਜਾਏ ਭਗਵਾਨ ਨੂੰ ਦੇ ਦਿੱਤੀ ? ਫਿਰ ਮੈਂ ਇਹ ਵੀ ਸੋਚਦਾ ਕਿ ਭਗਵਾਨ ਦੀ ਮੂਰਤੀ ਦਾ ਕੰਨ ਠੀਕ ਕਰਨ ਵਾਲਾ ਮਜ਼ਦੂਰ ਤੰਗ ਹੋ ਕੇ ਕਹਿੰਦਾ ਸੀ ਕਿ ਮੇਰਾ ਤਾਂ ਇਸ ਭਗਵਾਨ ਨੇ ਲਹੂ ਹੀ ਪੀ ਲਿਆ l ਇਸ ਹਿਸਾਬ ਨਾਲ ਦੇਖੀਏ ਤਾਂ ਦੂਜੇ ਪਾਸੇ ਜੋ ਆਪਣੀ ਮਿਹਨਤ ਦੀ ਕਮਾਈ ਵਿਚੋਂ ਭਗਵਾਨ ਅੱਗੇ ਪੈਸਾ ਚਾੜ੍ਹ ਰਹੇ ਸਨ ਤਾਂ ਕੀ ਭਗਵਾਨ ਉਨ੍ਹਾਂ ਦਾ ਵੀ ਖੂਨ ਤਾਂ ਨਹੀਂ ਪੀ ਰਿਹਾ ਸੀ ? ਇਸ ਦਾ ਮੈਨੂੰ ਕਿਸੇ ਤੋਂ ਕਦੇ ਜਵਾਬ ਨਹੀਂ ਲੱਭਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)