ਕੂੜਾਦਾਨ ਜਾਂ ਰਬਿਸ਼ ਬਿਨ ਜਾਂ ਗਾਰਬੇਜ ਬਿਨ ਉਸ ਨੂੰ ਕਿਹਾ ਜਾਂਦਾ ਹੈ ਜਿਥੇ ਕੂੜਾ ਜਾਂ ਬੇਲੋੜੀਆਂ ਚੀਜ਼ਾਂ ਸੁੱਟੀਆਂ ਜਾਂਦੀਆਂ ਹਨ l ਵੱਖ ਵੱਖ ਮੁਲਕਾਂ ਅਤੇ ਕਲਚਰਾਂ ਵਿੱਚ ਖਾਣ ਪੀਣ ਪ੍ਰਤੀ ਵੱਖ ਵੱਖ ਆਦਤਾਂ ਹਨ l ਇਸੇ ਤਰਾਂ ਵੱਖ ਵੱਖ ਮੁਲਕਾਂ ਵਿੱਚ ਵੱਖ ਵੱਖ ਤਰਾਂ ਮਹਿਮਾਨ ਨਿਵਾਜੀ ਕੀਤੀ ਜਾਂਦੀ ਹੈ l ਵੱਖ ਵੱਖ ਕਲਚਰਾਂ ਵਿੱਚ ਦਿਨ ਤਿਓਹਾਰਾਂ ਤੇ ਵੀ ਵੱਖ ਵੱਖ ਤਰ੍ਹਾਂ ਖਾਣਾ ਖਵਾਉਣ ਦੀਆਂ ਆਦਤਾਂ ਹਨ l ਖਾਣ ਪੀਣ ਦੀਆਂ ਆਦਤਾਂ ਅਤੇ ਵੱਖ ਵੱਖ ਤਰਾਂ ਕੀਤੀ ਮਹਿਮਾਨ ਨਿਵਾਜੀ ਸਿਹਤ ਤੇ ਵੀ ਵੱਖ ਵੱਖ ਪ੍ਰਭਾਵ ਪਾਉਂਦੀ ਹੈ l

ਭਾਰਤੀ ਕਲਚਰ ਵਿੱਚ ਜਿਸ ਵੇਲੇ ਕੋਈ ਮਹਿਮਾਨ ਘਰ ਆਉਂਦਾ ਹੈ ਤਾਂ ਉਸ ਨੂੰ ਤਰਾਂ ਤਰਾਂ ਦੇ ਪਕਵਾਨ ਖਵਾ ਕੇ ਸੇਵਾ ਕੀਤੀ ਜਾਂਦੀ ਹੈ l ਜੇ ਉਹ ਰੋਟੀ ਖਾ ਰਿਹਾ ਹੈ ਤਾਂ ਰੋਟੀ ਖਾ ਕੇ ਰੱਜ ਜਾਣ ਤੋਂ ਬਾਦ ਵੀ ਇੱਕ ਜਾਂ ਦੋ ਰੋਟੀਆਂ ਉਸ ਦੀ ਥਾਲੀ ਵਿੱਚ ਇਹ ਕਹਿ ਕੇ ਰੱਖ ਦਿਤੀਆਂ ਜਾਂਦੀਆਂ ਹਨ ਕਿ ਤੂੰ ਤਾਂ ਅਜੇ ਖਾਧਾ ਹੀ ਕੁੱਝ ਨਹੀਂ l ਇਸੇ ਤਰਾਂ ਭਾਰਤੀ ਵਿਆਹਾਂ ਵਿੱਚ ਹੁੰਦਾ ਹੈ ਜਿਥੇ ਜਿਆਦਾ ਵਿਆਹ ਪੈਲਸ ਵਿੱਚ ਹੁੰਦੇ ਹਨ l ਤਕਰੀਬਨ 10 ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਮਹਿਮਾਨ ਖਾਂਦੇ ਹੀ ਰਹਿੰਦੇ ਹਨ l

ਕੁੱਝ ਧਾਰਮਿਕ ਅਸਥਾਨਾਂ ਵਿੱਚ ਵੀ ਖਾਣਾ ਖਵਾਉਣ ਦਾ ਰਿਵਾਜ਼ ਹੈ ਪਰ ਧਾਰਮਿਕ ਅਸਥਾਨਾਂ ਵਿੱਚ ਜ਼ਬਰਦਸਤੀ ਨਹੀਂ ਖਵਾਇਆ ਜਾਂਦਾ l ਤੁਸੀਂ ਆਪ ਬੇਸ਼ੱਕ ਜਿਆਦਾ ਖਾ ਜਾਵੋ l ਕਈ ਵਾਰ ਕੋਈ ਖਾਣਾ ਬਚ ਜਾਂਦਾ ਹੈ l ਅਸੀਂ ਸੋਚਦੇ ਹਾਂ ਕਿ ਇਹ ਖਰਾਬ ਹੋ ਜਾਊ ਜਾਂ ਵਿਅਰਥ ਹੋ ਜਾਊ ਤਾਂ ਅਸੀਂ ਉਸ ਨੂੰ ਵੀ ਖਾ ਕੇ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ l ਇਸ ਕਰਕੇ ਵੱਧ ਖਾ ਜਾਣਾ ਵੀ ਖਾਣਾ ਖਰਾਬ ਕਰਨ ਦੇ ਬਰਾਬਰ ਹੀ ਹੈ l ਕਈ ਮੁਲਕਾਂ ਵਿੱਚ ਰਿਵਾਜ਼ ਹੈ ਕਿ ਜਦੋਂ ਕੋਈ ਮਹਿਮਾਨ ਆਵੇ ਤਾਂ ਉਹ ਉਸ ਨੂੰ ਨਾਲ ਲੈ ਕੇ ਅਤੇ ਪਾਣੀ ਦੀ ਬੋਤਲ ਲੈ ਕੇ ਪੈਦਲ ਤੁਰਨ ਵਾਸਤੇ ਨਿਕਲ ਜਾਂਦੇ ਹਨ ਜਿਸ ਨਾਲ ਉਹ ਹੋਰ ਪਤਲੇ ਅਤੇ ਤੰਦਰੁਸਤ ਰਹਿੰਦੇ ਹਨ ਜਾਂ ਸਾਇਕਲ ਚਲਾਉਣ ਨਿਕਲ ਜਾਂਦੇ ਹਨ l ਸਾਇਕਲ ਚਲਾਉਣ ਨਾਲ ਵੀ ਵਿਅਕਤੀ ਪਤਲਾ ਹੋ ਜਾਂਦਾ ਹੈ l ਸਾਹ ਚੜ੍ਹਨ ਨਾਲ ਸਰੀਰ ਦੇ ਦੂਜੇ ਅੰਗਾਂ ਦੇ ਨਾਲ ਨਾਲ ਦਿਲ ਦੀ ਵੀ ਕਸਰਤ ਹੋ ਜਾਂਦੀ ਹੈ l

ਇਨ੍ਹਾਂ ਵੱਖ ਵੱਖ ਖਾਣ ਦੀਆਂ ਆਦਤਾਂ ਤੋਂ ਪਤਾ ਲਗਦਾ ਹੈ ਕਿ ਕੁੱਝ ਲੋਕ ਜਿਉਣ ਲਈ ਖਾਂਦੇ ਹਨ ਅਤੇ ਕੁੱਝ ਖਾਣ ਲਈ ਜਿਉਂਦੇ ਹਨ l ਜਿਹੜੇ ਲੋਕ ਜਿਉਣ ਲਈ ਖਾਂਦੇ ਹਨ l ਉਹ ਆਮ ਤੌਰ ਤੇ ਪਤਲੇ ਅਤੇ ਫੁਰਤੀਲੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਮਾਰੀਆਂ ਮੋਟੇ ਲੋਕਾਂ ਦੇ ਮੁਕਾਬਲੇ ਘੱਟ ਲਗਦੀਆਂ ਹਨ l ਇਸ ਦੇ ਉਲਟ ਜਿਹੜੇ ਲੋਕ ਖਾਣ ਲਈ ਜਿਉਂਦੇ ਹਨ l ਉਹ ਮੋਟੇ ਹੁੰਦੇ ਹਨ, ਸਰੀਰ ਵਿੱਚ ਫੁਰਤੀ ਘੱਟ ਹੁੰਦੀ ਹੈ, ਥੱਕੇ ਹੋਏ ਮਹਿਸੂਸ ਕਰਦੇ ਹਨ l ਉਨ੍ਹਾਂ ਦਾ ਕਸਰਤ ਕਰਨ ਨੂੰ ਵੀ ਦਿਲ ਨਹੀਂ ਕਰਦਾ l ਆਮ ਤੌਰ ਤੇ ਡਾਕਟਰ ਨੂੰ ਸ਼ਿਕਾਇਤ ਕਰਦੇ ਹਨ ਕਿ ਖਾਧਾ ਹੋਇਆ ਪਚਦਾ ਨਹੀਂ l ਜਿਸ ਵੇਲੇ ਉਨ੍ਹਾਂ ਤੇ ਮੋਟਾਪਾ ਆਉਂਦਾ ਜਾਂਦਾ ਹੈ ਤਾਂ ਹਰ ਹਫਤੇ ਉਸ ਵਿੱਚ ਵਾਧਾ ਹੁੰਦਾ ਰਹਿੰਦਾ ਹੈ l ਉਹ ਅਕਸਰ ਕਹਿੰਦੇ ਸੁਣਦੇ ਹਨ ਕਿ ਖਾਈ ਦਾ ਵੀ ਕੁੱਝ ਨਹੀਂ ਪਰ ਭਾਰ ਫਿਰ ਵੀ ਵਧੀ ਜਾਂਦਾ ਹੈ l

ਜੇ ਕਿਸੇ ਵਿਅਕਤੀ ਨੂੰ ਖਾਣਾ ਨਾ ਦਿੱਤਾ ਜਾਵੇ ਤਾਂ ਉਸ ਦਾ ਭਾਰ ਨਹੀਂ ਵਧ ਸਕਦਾ l ਇਸ ਕਰਕੇ ਜੇ ਭਾਰ ਵਧ ਰਿਹਾ ਹੈ ਤਾਂ ਅਸੀਂ ਲੋੜ ਤੋਂ ਵੱਧ ਖਾ ਰਹੇ ਹਾਂ l ਜੇ ਅਸੀਂ ਖਾਣਾ ਲੋੜ ਮੁਤਾਬਕ ਖਾਂਦੇ ਹਾਂ ਅਤੇ ਕੰਮ ਜਾਂ ਕਸਰਤ ਕਰਦੇ ਹਾਂ ਤਾਂ ਖਾਣਾ ਸਾਨੂੰ ਤਾਕਤ (energy) ਦਿੰਦਾ ਹੈ l ਭਾਵ ਕਿ ਖਾਧੀਆਂ ਹੋਈਆਂ ਊਰਜਾ ਇਕਾਈਆਂ (calories) ਵਰਤ (burn) ਹੁੰਦੀਆਂ ਹਨ l ਜੇ ਅਸੀਂ ਲੋੜ ਤੋਂ ਵੱਧ ਖਾਂਦੇ ਹਾਂ ਅਤੇ ਕੰਮ ਅਤੇ ਕਸਰਤ ਘੱਟ ਕਰਦੇ ਹਾਂ ਤਾਂ ਵੱਧ ਖਾਧਾ ਹੋਇਆ ਖਾਣਾ ਸਾਡੇ ਸਰੀਰ ਵਿੱਚ ਚਰਬੀ ਦੇ ਤੌਰ ਤੇ ਜਮ੍ਹਾ ਹੁੰਦਾ ਹੈ l ਜਿਸ ਵੇਲੇ ਚਰਬੀ ਵਧਦੀ ਰਹਿੰਦੀ ਹੈ ਤਾਂ ਮੋਟੇ ਹੋਣ ਦੇ ਨਾਲ ਨਾਲ ਕਈ ਹੋਰ ਬਿਮਾਰੀਆਂ ਪੈਦਾ ਹੁੰਦੀਆਂ ਹਨ l ਆਪਣਾ ਮੋਟਾਪਾ ਲੁਕੋਣ ਲਈ ਕਈ ਵਾਰ ਦੂਸਰਿਆਂ ਸਾਹਮਣੇ ਭਾਰ ਨਹੀਂ ਤੋਲਦੇ, ਫੋਟੋ ਖਿਚਵਾਉਣ ਵੇਲੇ ਆਪਣਾ ਢਿੱਡ ਅੰਦਰ ਨੂੰ ਖਿੱਚ ਕੇ ਰੱਖਦੇ ਹਾਂ ਕਿ ਅਸੀਂ ਫੋਟੋ ਵਿੱਚ ਪਤਲੇ ਆਈਏ l ਸਾਹ ਅੰਦਰ ਨੂੰ ਖਿੱਚ ਕੇ ਫੋਟੋ ਕਰਵਾਉਣ ਨਾਲ ਅਸੀਂ ਦੂਸਰੇ ਮੁਲਕ ਬੈਠੇ ਲੋਕਾਂ ਨੂੰ ਤਾਂ ਭੁਲੇਖਾ ਪਾ ਸਕਦੇ ਹਾਂ ਪਰ ਉਨ੍ਹਾਂ ਨੂੰ ਨਹੀਂ ਜਿਨ੍ਹਾਂ ਤੁਹਾਨੂੰ ਰੋਜ਼ ਦੇਖਣਾ ਹੁੰਦਾ ਹੈ ਜਾਂ ਆਪਣੇ ਘਰ ਵਿੱਚ ਲੱਗੇ ਸ਼ੀਸ਼ੇ ਨੂੰ ਭੁਲੇਖਾ ਕਿਸ ਤਰਾਂ ਪਾਓਗੇ ?

ਜਿਸ ਤਰਾਂ ਕਈ ਡਿਸਆਰਡਰ ਹੁੰਦੇ ਹਨ ਜਿਵੇਂ ਮੈਂਟਲ ਡਿਸਆਰਡਰ ਇਸੇ ਤਰਾਂ ਵੱਧ ਖਾਣਾ ਈਟਿੰਗ ਡਿਸਆਰਡਰ ਹੈ ਜੋ ਕਿ ਗੁੰਜਲਦਾਰ ਸਮੱਸਿਆ ਹੈ l ਵੱਧ ਖਾਣ ਵਾਲੇ ਜਿਆਦਾ ਲੋਕ ਇਸ ਕਰਕੇ ਵੱਧ ਨਹੀਂ ਖਾਂਦੇ ਕਿ ਉਨ੍ਹਾਂ ਨੂੰ ਭੁੱਖ ਜਿਆਦਾ ਲਗਦੀ ਹੈ l ਉਨ੍ਹਾਂ ਦੇ ਖਾਣੇ ਦੀ ਕਿਸਮ ਦਾ ਵੀ ਫਰਕ ਹੈ l ਜਿਆਦਾ ਮੋਟੇ ਲੋਕ ਵੱਧ ਤਲੀਆਂ ਚੀਜ਼ਾਂ ਖਾਣਗੇ, ਜਿਆਦਾ ਮਿੱਠੇ ਵਾਲੀਆਂ ਖਾਣਗੇ, ਡ੍ਰਿੰਕਾਂ ਪੀਣਗੇ, ਫਾਸਟ ਫ਼ੂਡ ਖਾਣਗੇ ਅਤੇ ਹੋਰ ਰੈਸਟੋਰੈਂਟਾਂ ਤੇ ਖਾਣਗੇ l ਇਹ ਗਲਤ ਕਿਸਮ ਦਾ ਖਾਣਾ ਖਾ ਕੇ ਸਰੀਰ ਦੇ ਵਾਸਤੇ ਜੋ ਤੱਤ ਚਾਹੀਦੇ ਹਨ ਉਹ ਨਹੀਂ ਮਿਲ ਪਾਉਂਦੇ ਅਤੇ ਤੁਹਾਨੂੰ ਵਾਰ ਵਾਰ ਭੁੱਖ ਲਗਦੀ ਹੈ l ਉਦਾਹਰਣ ਦੇ ਤੌਰ ਤੇ ਤੁਸੀਂ ਇੱਕ ਬਰਗਰ, ਇੱਕ ਚਿਪਸ, ਇੱਕ ਸੋਸ ਅਤੇ ਇੱਕ ਡਰਿੰਕ ਪੀ ਲਵੋ ਤਾਂ ਤੁਸੀਂ 800 ਦੇ ਕਰੀਬ ਕੈਲਰੀ ਖਾ ਲਈ l ਇਸ ਦੇ ਬਾਵਯੂਦ ਇੱਕ ਘੰਟੇ ਬਾਦ ਭੁੱਖ ਫਿਰ ਲੱਗ ਜਾਵੇਗੀ l

ਜਦੋਂ ਵੀ ਤੁਸੀਂ ਕਿਸੇ ਸੁਪਰ ਮਾਰਕੀਟ (ਕਰਿਆਨੇ ਵਾਲੀ ਦੁਕਾਨ) ਤੇ ਜਾਓ ਤਾਂ ਮੋਟੇ ਅਤੇ ਪਤਲੇ ਬੰਦੇ ਦੀ ਟਰਾਲੀ ਵੱਲ ਦੇਖੋ ਕਿ ਉਸ ਵਿੱਚ ਕੀ ਸਮਾਨ ਖਰੀਦਿਆ ਹੋਇਆ ਹੈ ? ਤੁਸੀਂ ਹੈਰਾਨ ਹੋਵੋਗੇ ਕਿ ਮੋਟੇ ਵਿਅਕਤੀ ਦੀ ਟਰਾਲੀ ਵਿੱਚ ਉਪਰੋਕਤ ਸਭ ਚੀਜ਼ਾਂ ਹੋਣਗੀਆਂ ਜੋ ਹੋਰ ਮੋਟਾ ਕਰਨਗੀਆਂ l ਬਹੁਤ ਘੱਟ ਲੋਕ ਹੁੰਦੇ ਹਨ ਜੋ ਕਿਸੇ ਬਿਮਾਰੀ ਦੇ ਕਾਰਣ ਮੋਟੇ ਹੋ ਗਏ ਹੋਣ l ਉਨ੍ਹਾਂ ਨੂੰ ਛੱਡ ਕੇ ਬਾਕੀ ਸਭ ਆਪਣੇ ਖਾਣੇ ਦੀਆਂ ਆਦਤਾਂ ਕਰਕੇ ਹੀ ਮੋਟੇ ਹੁੰਦੇ ਹਨ l ਲੋੜ ਤੋਂ ਵੱਧ ਮੋਟੇ ਹੋਣਾ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ l ਇਸ ਕਰਕੇ ਵਧੀਆ ਗੱਲ ਹੈ ਕਿ ਆਪਣੇ ਢਿੱਡ ਨੂੰ ਕੂੜਾਦਾਨ ਨਾ ਸਮਝਿਆ ਜਾਵੇ l ਖਾਣਾ ਜਿਉਣ ਵਾਸਤੇ ਖਾਧਾ ਜਾਵੇ l ਖਾਣਾ ਖਾਣ ਲਈ ਨਾ ਜਿਉਂਦੇ ਰਿਹਾ ਜਾਵੇ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
avtar31@hotmail.com