ਫੋਟੋ ਵਿੱਚ ਖੱਬੇ ਪਾਸੇ ਅੰਮ੍ਰਿਤਧਾਰੀ ਸਿੰਘ ਸਰਦਾਰ ਹਰਮੇਲ ਸਿੰਘ ਤੂਰ ਅਤੇ ਸੱਜੇ ਪਾਸੇ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਭਾਰਤੀ ਸਮਾਜ ਜਾਤਾਂ, ਧਰਮਾਂ ਅਤੇ ਵੱਖ ਵੱਖ ਸੰਸਥਾਵਾਂ ਦੀ ਵਜ੍ਹਾ ਕਰਕੇ ਆਪਸ ਵਿੱਚ ਵੰਡਿਆ ਹੋਇਆ ਹੈ l ਇਸ ਦੇ ਬਾਵਯੂਦ ਜਦੋਂ ਰੋਟੀ, ਕੱਪੜਾ ਅਤੇ ਮਕਾਨ ਦੀ ਗੱਲ ਆਉਂਦੀ ਹੈ ਤਾਂ ਇਹ ਮਸਲਾ ਸਭ ਵਾਸਤੇ ਸਾਂਝਾ ਹੈ ਅਤੇ ਸਾਨੂੰ ਸਭ ਨੂੰ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਸਾਂਝੇ ਉਪਰਾਲੇ ਕਰਨੇ ਪੈਂਦੇ ਹਨ l ਜਦੋਂ ਘਰਾਂ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੁਨੀਆਂ ਵਿੱਚ ਮਹਿੰਗੇ ਘਰਾਂ ਦੀ ਸੂਚੀ ਵਿੱਚ ਸ਼ਾਮਿਲ ਹੈ ਜਿਥੇ ਘਰ ਖਰੀਦਣਾ ਬਹੁਤ ਲੋਕਾਂ ਲਈ ਇੱਕ ਸੁਪਨਾ ਬਣ ਕੇ ਹੀ ਰਹਿ ਗਿਆ ਹੈ l
ਇਸੇ ਰੋਟੀ, ਕੱਪੜਾ ਅਤੇ ਮਕਾਨ ਦੀ ਭਾਲ ਵਿੱਚ ਇੱਕ ਮਿਹਨਤੀ ਅੰਮ੍ਰਿਤਧਾਰੀ ਸਿੰਘ ਸਰਦਾਰ ਹਰਮੇਲ ਸਿੰਘ ਤੂਰ ਪਿੰਡ ਖੋਸਾ ਰਣਧੀਰ (ਮੋਗਾ) ਤੋਂ 20 ਸਾਲ ਪਹਿਲਾਂ ਨਿਊਜ਼ੀਲੈਂਡ ਵਿੱਚ ਆਪਣੇ ਪਰਿਵਾਰ ਸਮੇਤ ਨਿਊਜ਼ੀਲੈਂਡ ਆ ਵਸਿਆ l
ਹਰਮੇਲ ਸਿੰਘ ਤੂਰ ਨੂੰ ਪੰਜਾਬ ਵਿਚੋਂ ਖੇਤੀ ਦਾ ਤਜਰਬਾ ਸੀ l ਇਸ ਕਰਕੇ ਇਸ ਸਿੰਘ ਨੇ ਨਿਊਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਖੇਤੀ ਦਾ ਕੰਮ ਨੌਕਰੀ ਵਜੋਂ ਕਰਨਾ ਸ਼ੁਰੂ ਕਰ ਦਿੱਤਾ l ਘੱਟ ਪੜ੍ਹੇ ਲਿਖੇ ਹੋਣ ਕਰਕੇ ਭਾਵੇਂ ਅੰਗਰੇਜ਼ੀ ਪੱਖੋਂ ਹੱਥ ਤੰਗ ਸੀ ਪਰ ਇਸ ਸਿੰਘ ਦੀ ਮਿਹਨਤ ਨੇ ਅੰਗਰੇਜ਼ੀ ਨੂੰ ਆਪਣੀ ਕਮਜ਼ੋਰੀ ਨਾ ਬਣਨ ਦਿੱਤਾ l

ਪਰਿਵਾਰ ਸਖਤ ਮਿਹਨਤੀ ਹੋਣ ਕਰਕੇ ਇਨ੍ਹਾਂ ਕੁੱਝ ਡਿਪੋਜਿੱਟ ਦੇ ਕੇ ਅਤੇ ਬਾਕੀ ਬੈਂਕ ਤੋਂ ਕਰਜ਼ਾ ਲੈ ਕੇ ਆਪਣੇ ਰਹਿਣ ਲਈ ਇੱਕ ਘਰ ਵੀ ਖਰੀਦ ਲਿਆ ਸੀ l ਵਿਦੇਸ਼ਾਂ ਵਿੱਚ ਆ ਕੇ ਪੱਕੇ ਹੋ ਕੇ ਆਪਣਾ ਘਰ ਖਰੀਦਣਾ ਹਰ ਭਾਰਤੀ ਦਾ ਸੁਪਨਾ ਹੁੰਦਾ ਹੈl ਇਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਭਾਰਤੀ ਲੋਕ ਦਿਨ ਰਾਤ ਇੱਕ ਕਰ ਦਿੰਦੇ ਹਨ l ਸਰਦਾਰ ਹਰਮੇਲ ਸਿੰਘ ਤੂਰ ਤੇ ਉਸ ਦਾ ਪਰਿਵਾਰ ਵੀ ਇਸ ਤਰਾਂ ਦੇ ਮਿਹਨਤੀ ਪਰਿਵਾਰਾਂ ਵਿਚੋਂ ਸੀ l ਵੱਖ ਵੱਖ ਸ਼ਹਿਰਾਂ ਵਿੱਚ ਕੰਮ ਕਰਨ ਤੋਂ ਬਾਦ ਇਸ ਸਿੰਘ ਨੇ ਸੰਨ 2005 ਵਿੱਚ ਮੇਰੇ ਨਾਲ (ਅਵਤਾਰ ਤਰਕਸ਼ੀਲ ਨਾਲ) ਕੀਵੀ ਫਰੂਟ ਦੇ ਬਾਗਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ l ਉਨ੍ਹਾਂ ਦਿਨਾਂ ਵਿੱਚ ਮੈਂ ਕੀਵੀ ਫਰੂਟ ਦੇ ਨਾਲ ਨਾਲ ਘਰ ਵੇਚਣ ਅਤੇ ਖਰੀਦਣ ਦਾ ਕੰਮ ਕਰਦਾ ਹੁੰਦਾ ਸੀ l ਮੈਂ ਘਰਾਂ ਦੇ ਕੰਮ ਬਾਰੇ ਵੱਖ ਵੱਖ ਸੈਮੀਨਾਰਾਂ ਤੇ ਜਾਂਦਾ ਰਹਿੰਦਾ ਸੀ l ਕੰਮ ਕਰਨ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਮੈਂ ਨਵੀਆਂ ਸਿੱਖਦਾ ਉਹ ਆ ਕੇ ਆਪਣੇ ਸਟਾਫ ਮੈਂਬਰਾਂ ਨੂੰ ਵੀ ਦੱਸਦਾ l ਜਦੋਂ ਵੀ ਕੋਈ ਘਰ ਖਰੀਦਦਾ ਤਾਂ ਮਠਿਆਈ ਦਾ ਡੱਬਾ ਵੀ ਲਿਆਉਂਦਾ ਤਾਂ ਕਿ ਆਪਣੇ ਸਟਾਫ ਮੈਂਬਰਾਂ ਨਾਲ ਖੁਸ਼ੀ ਸਾਂਝੀ ਹੋ ਸਕੇ l ਘਰ ਲੈਣ ਵੇਲੇ ਸਟਾਫ ਵਲੋਂ ਵਧਾਈਆਂ ਵੀ ਦਿੱਤੀਆਂ ਜਾਂਦੀਆਂ l ਕਈ ਦਿਨ ਇਸ ਤਰਾਂ ਦੇ ਆਉਣੇ ਕਿ ਮੈਂ ਦੋ ਤਿੰਨ ਦਿਨ ਇਕੱਠੇ ਮਠਿਆਈ ਦੇ ਡੱਬੇ ਸਟਾਫ ਮੈਂਬਰਾਂ ਵਾਸਤੇ ਲੈ ਆਉਣੇ l ਸਟਾਫ ਨੇ ਪੁੱਛਣਾ ਕਿ ਹਰ ਰੋਜ਼ ਮਠਿਆਈ ਦਾ ਡੱਬਾ ਕਿਉਂ ? ਮੈਂ ਕਹਿਣਾ ਕਿ ਦੋ ਤਿੰਨ ਸੌਦੇ ਇਕੱਠੇ ਹੋ ਗਏ l ਇਹ ਸੁਣ ਕੇ ਸਭ ਨੂੰ ਹੈਰਾਨੀ ਹੋਣੀ ਕਿ ਏਨੀ ਜਲਦੀ ਤਾਂ ਆਦਮੀ ਕਰਿਆਨਾ ਲੈਣ ਵੀ ਨਹੀਂ ਜਾਂਦਾ ਜਿੰਨੀ ਜਲਦੀ ਇਹ ਘਰ ਲੈ ਲੈਂਦਾ ਹੈ l

ਇਸ ਤਰਾਂ ਕਰਦਿਆਂ ਤਿੰਨ ਚਾਰ ਸਾਲ ਬੀਤ ਗਏ ਅਤੇ ਸੰਨ 2009 ਚੜ੍ਹ ਗਿਆ ਤਾਂ ਸਰਦਾਰ ਹਰਮੇਲ ਸਿੰਘ ਤੂਰ ਮੇਰੇ ਵਲੋਂ ਕੀਤੇ ਘਰਾਂ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਵੀ ਘਰ ਖਰੀਦ ਕੇ ਕਿਰਾਏ ਤੇ ਦੇਣ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ l ਸ਼ਾਇਦ ਜਿੰਦਗੀ ਵਿੱਚ ਫੈਸਲਾ ਕਰਨਾ ਹੀ ਸਭ ਤੋਂ ਔਖਾ ਕੰਮ ਹੁੰਦਾ ਹੈ l ਉਹ ਵੀ ਉਸ ਕੰਮ ਬਾਰੇ ਫੈਸਲਾ ਜਿਸ ਉਪਰ ਲੱਖਾਂ ਡਾਲਰ ਲੱਗਣੇ ਹੋਣ l ਇਸ ਸਿੰਘ ਦੇ ਫੈਸਲਾ ਕਰਨ ਦੀ ਦੇਰ ਸੀ ਕਿ ਇਸ ਨੇ ਦੁਬਾਰਾ ਪਿੱਛਾ ਮੁੜ ਕੇ ਨਹੀਂ ਦੇਖਿਆ l ਇਸ ਸਿੰਘ ਵਿੱਚ ਇੱਕ ਹੋਰ ਗੁਣ ਹੈ ਕਿ ਇਹ ਆਪਣੇ ਘਰਾਂ ਵਿੱਚ ਆਪ ਹੀ ਕੰਮ ਕਰਦਾ ਹੈ ਜਿਸ ਤਰਾਂ ਪੇਂਟ ਕਰਨਾ, ਕਾਰਪੈਟ ਪਾਉਣੀ, ਵਾਇਨਲ ਪਾਉਣੀ ਅਤੇ ਤਾਕੀਆਂ ਨੂੰ ਪਰਦੇ ਲਗਾਉਣੇ ਆਦਿ I ਇਸ ਕਰਕੇ ਇਸ ਨੂੰ ਇਹ ਮੁਰੰਮਤ ਦਾ ਖਰਚਾ ਵੀ ਬਚ ਜਾਂਦਾ ਹੈ l ਜਿਸ ਤਰਾਂ ਇਸ ਸਿੰਘ ਦੇ ਘਰਾਂ ਦੀ ਗਿਣਤੀ ਵਧੀ ਤਾਂ ਇਸ ਨੇ ਆਪਣੇ ਘਰਾਂ ਵਿੱਚ ਫੁੱਲ ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਾਰਮਾਂ ਦਾ ਕੰਮ ਕਰਨਾ ਬੰਦ ਕਰ ਦਿੱਤਾ l ਇਸ ਸਿੰਘ ਨੇ ਔਕਲੈਂਡ, ਹੈਮਿਲਟਨ, ਰੋਟੋਰੂਆ ਅਤੇ ਟਮਰਾਨੂਈ ਸ਼ਹਿਰਾਂ ਵਿੱਚ ਘਰ ਖਰੀਦੇ l ਐਨੀ ਘੱਟ ਪੜ੍ਹਾਈ ਦੇ ਬਾਵਯੂਦ ਹੌਂਸਲਾ ਬੁਲੰਦ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ l ਆਪ ਹੀ ਨਕਸ਼ੇ ਦੇਖ ਕੇ ਸੜਕਾਂ ਦੀ ਭਾਲ ਕਰਨੀ l ਇੰਟਰਨੈਟ ਤੇ ਘਰਾਂ ਦੀ ਭਾਲ ਕਰਨੀ ਆਪਣੇ ਆਪ ਵਿੱਚ ਮਿਸਾਲ ਹੈ l ਅੱਜ ਇਸ ਸਿੰਘ ਨੇ ਉਹ ਕਰ ਦਿਖਾਇਆ ਹੈ ਜਿਸ ਬਾਰੇ ਬਹੁਤੇ ਪੜ੍ਹੇ ਲਿਖੇ ਵੀ ਸੁਪਨਾ ਨਹੀਂ ਲੈ ਸਕਦੇ l

ਕੱਲ੍ਹ ਮੈਨੂੰ ਆਪਣੇ ਹੋਰ ਦੋਸਤਾਂ ਸਮੇਤ ਇਸ ਸਿੰਘ ਦੇ ਟਮਰਾਨੂਈ ਵਿੱਚ ਖਰੀਦੇ ਹੋਏ ਘਰਾਂ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਇਸ ਸਿੰਘ ਦੇ ਕੰਮ ਨੂੰ ਦੇਖ ਕੇ ਬਹੁਤ ਪ੍ਰਭਾਵਤ ਹੋਇਆ l ਜੋ ਮੇਰੇ ਨਾਲ ਮੇਰੇ ਦੋਸਤ ਘਰਾਂ ਦਾ ਕੰਮ ਸਿੱਖਣ ਗਏ ਉਨ੍ਹਾਂ ਨੂੰ ਮੈਂ ਪ੍ਰੈਕਟੀਕਲ ਤੌਰ ਤੇ ਲੱਖਾਂ ਡਾਲਰ ਬਣਦੇ ਦਿਖਾਉਣ ਗਿਆ ਸੀ l ਉਹ ਵੀ ਇਸ ਸਿੰਘ ਦਾ ਕੰਮ ਦੇਖ ਕੇ ਬਹੁਤ ਪ੍ਰਭਾਵਤ ਹੋਏ l ਇਨ੍ਹਾਂ ਦਿਨਾਂ ਵਿੱਚ ਨਿਊਜ਼ੀਲੈਂਡ ਵਿੱਚ ਘਰਾਂ ਨੂੰ ਖਰੀਦਣ ਵਾਸਤੇ ਬੈਂਕਾਂ ਤੋਂ ਕਰਜ਼ਾ ਲੈਣਾ ਬਹੁਤ ਔਖਾ ਹੁੰਦਾ ਹੈ I ਜੇਕਰ ਤੁਹਾਡੇ ਘਰ ਵਿੱਚ ਇੱਕ ਵਿਅਕਤੀ ਦੀ ਹੀ ਆਮਦਨ ਹੈ ਤਾਂ ਕਰਜ਼ਾ ਲੈਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ l ਇਸ ਤੋਂ ਇਲਾਵਾ ਜੇ ਤੁਹਾਡੀ ਉਮਰ ਜਿਆਦਾ ਹੈ ਤਾਂ ਬੈਂਕਾਂ ਫਿਰ ਵੀ ਕਰਜ਼ਾ ਦੇਣ ਤੋਂ ਪੈਰ ਪਿੱਛੇ ਨੂੰ ਖਿੱਚਦੀਆਂ ਹਨ l ਇਨ੍ਹਾਂ ਸਭ ਸਮੱਸਿਆਵਾਂ ਦੇ ਬਾਵਯੂਦ ਇਸ ਸਿੰਘ ਨੇ 69 ਸਾਲ ਦੀ ਉਮਰ ਵਿੱਚ ਆਪਣੀ ਇਕੱਲੇ ਦੀ ਆਮਦਨ ਨਾਲ ਕਰਜ਼ਾ ਬੈਂਕ ਤੋਂ ਲਿਆ l

ਜਦੋਂ ਮੈਂ ਇਸ ਸਿੰਘ ਨੂੰ ਪੁੱਛਿਆ ਕਿ ਪੜ੍ਹਾਈ ਦੀ ਘਾਟ ਤੁਹਾਡੇ ਰਾਹ ਵਿੱਚ ਕਦੇ ਰੁਕਾਵਟ ਨਹੀਂ ਬਣਦੀ ? ਇਸ ਸਿੰਘ ਨੇ ਜਵਾਬ ਵਿੱਚ ਕਿਹਾ ਕਿ ਪੜ੍ਹਾਈ ਜਾਂ ਡਿਗਰੀਆਂ ਜੇ ਵਰਤੀਆਂ ਨਾ ਜਾਣ ਤਾਂ ਇਨ੍ਹਾਂ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ l ਉਸ ਨੇ ਕਿਹਾ ਕਿ ਪੜ੍ਹਾਈ ਕਰ ਕੇ ਵੀ ਜਦੋਂ ਤੱਕ ਤੁਸੀਂ ਪ੍ਰੈਕਟੀਕਲ ਨਹੀਂ ਕਰਦੇ ਤਾਂ ਪੜ੍ਹਾਈ ਵੀ ਕਿਸੇ ਕੰਮ ਦੀ ਨਹੀਂ l ਉਨ੍ਹਾਂ ਕਿਹਾ ਕਿ ਮੈਂ ਬਿਨਾਂ ਪੜ੍ਹਾਈ ਤੋਂ ਸਿੱਧਾ ਹੀ ਪ੍ਰੈਕਟੀਕਲ ਕਰ ਰਿਹਾ ਹਾਂ l ਮੈਂ ਇਸ ਸਿੰਘ ਨੂੰ ਉਸ ਦੀ ਕਮਾਈ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਉਸ ਨੇ ਘਰਾਂ ਵਿੱਚ ਪੰਜਾਹ ਹਜ਼ਾਰ ਡਾਲਰ ਦਾ ਕੰਮ ਕੀਤਾ ਹੈ l ਹੁਣ ਦੇਖੀਏ ਤਾਂ ਪੜ੍ਹੇ ਲਿਖੇ ਨੂੰ ਸਾਲ ਵਿੱਚ ਵੀ ਪੰਜਾਹ ਹਜ਼ਾਰ ਨਹੀਂ ਬਚਦੇ I ਇਸ ਕਰਕੇ ਏਨੇ ਡਾਲਰ ਤਿੰਨ ਮਹੀਨਿਆਂ ਵਿੱਚ ਆਪਣਾ ਕਾਰੋਬਾਰ ਕਰਕੇ ਕਮਾਉਣੇ ਆਪਣੇ ਆਪ ਵਿੱਚ ਇੱਕ ਮਿਸਾਲ ਹੈ l

ਜਦੋਂ ਮੈਂ ਪੁੱਛਿਆ ਕਿ ਤੁਹਾਡੀ ਉਮਰ 69 ਸਾਲ ਹੈ l ਤੁਸੀਂ ਕੰਮ ਕਰਦੇ ਥੱਕਦੇ ਨਹੀਂ ? ਇਸ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਕਦੇ ਵੀ ਜਿੰਦਗੀ ਵਿੱਚ ਥੱਕਿਆ ਲਫ਼ਜ਼ ਨਹੀਂ ਵਰਤਿਆ l ਉਸ ਦਾ ਕਹਿਣਾ ਸੀ ਕਿ ਸਰੀਰਕ ਥਕਾਵਟ ਮੰਨਣ ਵਾਲਾ ਮਾਨਸਿਕ ਤੌਰ ਤੇ ਵੀ ਥੱਕ ਜਾਂਦਾ ਹੈ l

ਇਸ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਦ ਹੇਠ ਲਿਖੀਆਂ ਗੱਲਾਂ ਸਾਹਮਣੇ ਆਈਆਂ :-

  • ਘਰ ਖਰੀਦਣ ਵਾਸਤੇ ਬਹੁਤ ਪੈਸੇ ਦੀ ਲੋੜ ਨਹੀਂ ਹੁੰਦੀ l
  • ਨਿਊਜ਼ੀਲੈਂਡ ਵਰਗੇ ਮਹਿੰਗੇ ਮੁਲਕ ਵਿੱਚ ਵੀ ਸਸਤੇ ਘਰ ਲੱਭੇ ਜਾ ਸਕਦੇ ਹਨ l
  • ਸੰਨ 2020 ਵਿੱਚ ਜਦ ਨਿਊਜ਼ੀਲੈਂਡ ਵਿੱਚ ਘਰਾਂ ਦੀ ਕੀਮਤ ਸਿਖਰਾਂ ਤੇ ਹੈ ਫਿਰ ਵੀ ਇਸ ਸਿੰਘ ਨੇ ਘਰ $131,000 ਵਿੱਚ ਖਰੀਦਿਆ l
  • ਘਰ ਕਿਸੇ ਵੀ ਸ਼ਹਿਰ ਵਿੱਚ ਖਰੀਦਿਆ ਜਾ ਸਕਦਾ ਹੈ l
  • 69 ਸਾਲ ਦੀ ਉਮਰ ਵਿੱਚ ਵੀ ਨੌਜਵਾਨਾਂ ਵਾਂਗ ਕੰਮ ਕੀਤਾ ਜਾ ਸਕਦਾ ਹੈ l
  • ਘਰਾਂ ਦਾ ਕੰਮ ਕਰਨ ਲਈ ਅੰਗਰੇਜ਼ੀ ਦੀ ਲੋੜ ਨਹੀਂ ਹੁੰਦੀ l
  • ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ l ਸਿਰਫ ਛੋਟੀ ਸਾਡੀ ਸੋਚ ਹੁੰਦੀ ਹੈ l
  • ਕਾਮਯਾਬ ਹੋਣ ਲਈ ਕੋਈ ਵੀ ਕੰਮ ਕੀਤਾ ਜਾ ਸਕਦਾ ਹੈ l
  • ਘਰਾਂ ਦਾ ਕੋਈ ਕੰਮ ਸਿੱਖਣ ਨੂੰ ਬਹੁਤਾ ਸਮਾਂ ਨਹੀਂ ਲਗਦਾ l
  • ਕੰਮ ਵਿੱਚ ਲਗਾਤਾਰਤਾ ਬਣਾਈ ਰੱਖਣੀ ਜ਼ਰੂਰੀ ਹੁੰਦੀ ਹੈ l
  • ਸਿਰੜ੍ਹ, ਮਿਹਨਤ, ਲਗਾਤਾਰਤਾ, ਹੌਂਸਲਾ ਅਤੇ ਨਵੇਂ ਰਾਹਾਂ ਦੀ ਖੋਜ ਇਨਸਾਨ ਨੂੰ ਤਰੱਕੀਆਂ ਵੱਲ ਲਿਜਾਂਦੀ ਹੈ l
  • ਜਿੰਦਗੀ ਵਿੱਚ ਹਾਂ ਪੱਖੀ ਲੋਕਾਂ ਦਾ ਮਿਲਣਾ ਤੁਹਾਡਾ ਰਾਹ ਪੱਧਰਾ ਕਰ ਦਿੰਦਾ ਹੈ l

ਮੈਂ ਇਹ ਦੱਸਦਿਆਂ ਮਾਣ ਮਹਿਸੂਸ ਕਰਦਾ ਹਾਂ ਕਿ ਸਰਦਾਰ ਹਰਮੇਲ ਸਿੰਘ ਤੂਰ ਮੇਰੇ ਵਾਲੇ ਸ਼ਹਿਰ ਪੁਕੀਕੋਹੀ ਦਾ ਹੀ ਰਹਿਣ ਵਾਲਾ ਹੈ ਅਤੇ ਅਸੀਂ ਕੀਵੀ ਫਰੂਟ ਦੇ ਬਾਗਾਂ ਵਿੱਚ ਬਹੁਤ ਸਾਲ ਇਕੱਠੇ ਘਾਹ ਤੇ ਬੈਠ ਕੇ ਰੋਟੀ ਖਾਂਦੇ ਰਹੇ ਹਾਂ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
avtar31@hotmail.com