(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਨਿਊਜ਼ੀਲੈਂਡ ਵਿੱਚ ਔਕਲੈਂਡ ਸ਼ਹਿਰ ਦੀ ਇੱਕ ਵੱਡੀ ਕੰਪਨੀ ਦਾ ਮੈਨੇਜਰ ਹੋਣ ਕਰਕੇ ਮੇਰੇ ਨਾਲ ਹਜ਼ਾਰਾਂ ਲੋਕਾਂ ਨੇ ਕੰਮ ਕੀਤਾ ਜੋ ਵੱਖ ਵੱਖ ਮੁਲਕਾਂ ਦੇ ਹੁੰਦੇ ਸਨ l ਉਹ ਸਭ ਵੱਖ ਵੱਖ ਪਿਛੋਕੜ ਨਾਲ ਸਬੰਧ ਰੱਖਦੇ ਸਨ l ਉਨ੍ਹਾਂ ਵਿਚੋਂ ਜਿਆਦਾ ਧਾਰਮਿਕ ਹੁੰਦੇ ਸਨ ਪਰ ਗੋਰਿਆਂ ਵਿਚੋਂ ਵੱਡੀ ਗਿਣਤੀ ਨਾਸਤਿਕਾਂ ਦੀ ਹੁੰਦੀ ਸੀ l ਭਾਰਤ, ਪਾਕਿਸਤਾਨ, ਫੀਜ਼ੀ ਅਤੇ ਸ੍ਰੀ ਲੰਕਾ ਵਰਗੇ ਮੁਲਕਾਂ ਤੋਂ ਆਏ ਲੋਕ ਵੱਖ ਵੱਖ ਧਰਮਾਂ ਅਤੇ ਜਾਤਾਂ ਵਿੱਚ ਯਕੀਨ ਰੱਖਦੇ ਸਨ l ਵੱਖ ਵੱਖ ਧਰਮਾਂ ਨੂੰ ਮੰਨਣ ਕਰਕੇ ਉਨ੍ਹਾਂ ਵਿੱਚ ਇੱਕ ਦੂਜੇ ਪ੍ਰਤੀ ਵਖਰੇਵਾਂ ਸੀ l ਉਸ ਦਾ ਇੱਕ ਕਾਰਨ ਇਹ ਵੀ ਸੀ ਕਿ ਹਰ ਧਰਮ ਦਾ ਵਿਅਕਤੀ ਆਪਣੇ ਧਰਮ ਨੂੰ ਵਧੀਆ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਸੀ l ਉਹ ਉਸ ਮੁਤਾਬਕ ਉਦਾਹਰਣਾਂ ਵੀ ਇਕੱਠੀਆਂ ਕਰ ਲੈਂਦਾ ਸੀ l ਉਨ੍ਹਾਂ ਵਿਚੋਂ ਜਿਆਦਾ ਧਰਮਾਂ ਦੇ ਲੋਕ ਸਵਰਗ ਤੇ ਨਰਕ ਵਿੱਚ ਯਕੀਨ ਵੀ ਰੱਖਦੇ ਸਨ l
ਮੈਂ ਸਭ ਦਾ ਸੀਨੀਅਰ ਹੁੰਦਾ ਸੀ ਪਰ ਮੈਂ ਕਿਸੇ ਨਾਲ ਕਦੇ ਕੋਈ ਫਰਕ ਨਹੀਂ ਕੀਤਾ ਸੀ ਅਤੇ ਨਾ ਹੀ ਕਦੇ ਆਪਣੇ ਸੀਨੀਅਰ ਹੋਣ ਦਾ ਕਿਸੇ ਤੇ ਰੋਅਬ ਪਾਇਆ ਸੀ l ਇਸ ਕਰਕੇ ਹਰ ਕੋਈ ਮੇਰੇ ਤੋਂ ਡਰਨ ਦੀ ਬਜਾਏ ਆਮ ਇਨਸਾਨਾਂ ਵਾਂਗ ਗੱਲ ਕਰ ਲੈਂਦਾ ਸੀ ਅਤੇ ਅਸੀਂ ਸਭ ਇੱਕ ਥਾਂ ਬੈਠ ਕੇ ਰੋਟੀ ਪਾਣੀ ਵੀ ਖਾ ਲੈਂਦੇ ਸੀ l ਜਿਸ ਵੇਲੇ ਤੁਸੀਂ ਵੱਖ ਵੱਖ ਵਿਚਾਰਾਂ ਵਾਲੇ ਵਿਅਕਤੀਆਂ ਨਾਲ ਗੱਲਬਾਤ ਕਰਦੇ ਹੋ ਤਾਂ ਤੁਹਾਨੂੰ ਵੱਖ ਵੱਖ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ l
ਉਨ੍ਹਾਂ ਵਿਚੋਂ ਹਰ ਕੋਈ ਮੈਨੂੰ ਆਪਣੇ ਧਰਮ ਦੀ ਮਹਾਨਤਾ ਦੱਸ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ l ਮੈਂ ਪਹਿਲਾਂ ਵੀ ਕਾਫੀ ਧਰਮਾਂ ਬਾਰੇ ਪੜ੍ਹ ਚੁੱਕਾ ਸੀ ਅਤੇ ਕੁੱਝ ਧਰਮਾਂ ਪ੍ਰਤੀ ਜਾਣਕਾਰੀ ਰੱਖਦਾ ਸੀ l ਉਹ ਜਾਣਕਾਰੀ ਉਨ੍ਹਾਂ ਨਾਲ ਗੱਲਬਾਤ ਵੇਲੇ ਬੜੀ ਕੰਮ ਆਉਂਦੀ ਸੀ l
ਜਿਸ ਵੇਲੇ ਏਨੇ ਸਾਲ ਮੈਂ ਹਜ਼ਾਰਾਂ ਵੱਖ ਵੱਖ ਧਰਮਾਂ ਅਤੇ ਰੱਬ ਨੂੰ ਮੰਨਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਇਹ ਸਿਰਫ ਰੱਬ ਨੂੰ ਮੰਨਦੇ ਹੀ ਹਨ ਪਰ ਰੱਬ ਨੂੰ ਲੱਭਦੇ ਨਹੀਂ l
ਤੁਸੀਂ ਹੈਰਾਨ ਹੋਵੋਗੇ ਕਿ ਰੱਬ ਨੂੰ ਮੰਨਣ ਜਾਂ ਲੱਭਣ ਵਿੱਚ ਕੀ ਫਰਕ ਹੋਇਆ ? ਗੱਲ ਤਾਂ ਇੱਕ ਹੀ ਹੈ l ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਦ ਹੀ ਮੈਨੂੰ ਪਤਾ ਲੱਗਾ ਕਿ ਇਹ ਇੱਕ ਗੱਲ ਨਹੀਂ ਦੋ ਗੱਲਾਂ ਹਨ l
ਜਿਹੜੇ ਰੱਬ ਨੂੰ ਮੰਨਦੇ ਸਨ ਉਹ ਰੱਬ ਦੀ ਪਾਠ ਪੂਜਾ ਆਪੋ ਆਪਣੇ ਧਰਮ ਦੇ ਦੱਸੇ ਮੁਤਾਬਕ ਕਰਦੇ ਸਨ l ਆਪੋ ਆਪਣੇ ਧਾਰਮਿਕ ਅਸਥਾਨਾਂ ਤੇ ਜਾਂਦੇ ਸਨ l ਉਸ ਧਰਮ ਦੇ ਦੱਸੇ ਜਾਂ ਆਪੇ ਬਣਾਏ ਰੀਤੀ ਰਿਵਾਜ਼ ਅਨੁਸਾਰ ਧੂਫ ਬੱਤੀ ਕਰਦੇ ਸਨ, ਮੱਥਾ ਟੇਕਦੇ ਸੀ, ਜੋਤਾਂ ਜਗਾਉਂਦੇ ਸੀ, ਜਾਦੂ ਟੂਣੇ, ਮੰਤਰ ਯੰਤਰ ਵਰਤਦੇ, ਘੋਟੇ ਲਾ ਲਾ ਕੇ ਆਪਣੇ ਧਰਮ ਬਾਰੇ ਪੜ੍ਹਦੇ ਸੀ, ਧਾਰਮਿਕ ਅਸਥਾਨਾਂ ਤੇ ਜਾਂਦੇ ਅਤੇ ਮੜ੍ਹੀਆਂ ਮਸਾਣੀਆਂ ਨੂੰ ਪੂਜਦੇ ਸਨ ਪਰ ਇੱਕ ਗੱਲ ਤਕਰੀਬਨ ਸਭ ਵਿੱਚ ਸਾਂਝੀ ਸੀ ਕਿ ਜੋ ਉਨ੍ਹਾਂ ਧਰਮਾਂ ਵਿੱਚ ਲੋਕ ਭਲਾਈ ਕਰਨ ਵਾਸਤੇ ਕਿਹਾ ਜਾਂ ਲੋਕ ਪੱਖੀ ਕੰਮ ਕਰਨ ਨੂੰ ਕਿਹਾ ਉਸ ਤੋਂ ਬਹੁਤ ਸਾਰੇ ਬਹੁਤ ਦੂਰ ਸਨ ਅਤੇ ਜੇ ਕਰਦੇ ਵੀ ਸੀ ਤਾਂ ਬਹੁਤ ਘੱਟ ਗਿਣਤੀ ਵਿੱਚ ਕਰਦੇ ਸੀ l ਮੈਨੂੰ ਹਮੇਸ਼ਾਂ ਹੈਰਾਨੀ ਹੁੰਦੀ ਸੀ ਕਿ ਜੇ ਧਰਮ ਦੀਆਂ ਚੰਗੀਆਂ ਦੱਸੀਆਂ ਗੱਲਾਂ ਆਪਣੀ ਜਿੰਦਗੀ ਵਿੱਚ ਨਾ ਅਪਣਾਈਆਂ ਤਾਂ ਇਨ੍ਹਾਂ ਸਭ ਰਸਮਾਂ ਦਾ ਅਤੇ ਸਮੇਂ ਦੀ ਬਰਬਾਦੀ ਦਾ ਕੀ ਫਾਇਦਾ ਹੋਇਆ ? ਇਸ ਦੇ ਉਲਟ ਜੇ ਧਰਮ ਦੀਆਂ ਚੰਗੀਆਂ ਦੱਸੀਆਂ ਗੱਲਾਂ ਅਪਣਾ ਲਈਆਂ ਤਾਂ ਬਾਕੀ ਰਸਮਾਂ ਦੀ ਲੋੜ ਵੀ ਨਹੀਂ ਰਹਿੰਦੀ l
ਗੋਰਿਆਂ ਦੀ ਕੰਪਨੀ ਵਿੱਚ ਮੈਨੇਜਰ ਹੋਣ ਕਰਕੇ ਉਥੇ ਮੈਂ ਆਪਣੇ ਅਸੂਲ ਹੀ ਲਾਗੂ ਕੀਤੇ ਹੋਏ ਸੀ ਜਿਸ ਦਾ ਸਭ ਨੂੰ ਪਾਲਣ ਕਰਨਾ ਪੈਂਦਾ ਸੀ ਅਤੇ ਮੈਂ ਖੁਦ ਵੀ ਉਨ੍ਹਾਂ ਅਸੂਲਾਂ ਤੇ ਚੱਲਦਾ ਸੀ l ਉਨ੍ਹਾਂ ਵਿਚੋਂ ਇੱਕ ਸੀ ਕਿ ਕਿਸੇ ਦੀ ਤਨਖਾਹ ਇੱਕ ਦਿਨ ਵੀ ਦੇਰ ਨਾਲ ਨਹੀਂ ਮਿਲੇਗੀ l ਦੂਜਾ ਸੀ ਕਿ ਕਿਸੇ ਨੂੰ ਵੀ ਤਰੱਕੀ ਦੇਣ ਵੇਲੇ ਉਸ ਦੀ ਜਾਤ, ਧਰਮ, ਮੁਲਕ ਅਤੇ ਰਿਸ਼ਤੇਦਾਰੀ ਨਹੀਂ ਦੇਖੀ ਜਾਵੇਗੀ ਸਿਰਫ ਕਾਬਲੀਅਤ ਦੇਖੀ ਜਾਵੇਗੀ l ਤੀਜਾ ਸੀ ਕਿ ਕੋਈ ਵੀ ਕਿਸੇ ਨੂੰ ਗਾਲ ਨਹੀਂ ਕੱਢੇਗਾ ਅਤੇ ਨਾ ਹੀ ਅਸੱਭਿਅਕ ਭਾਸ਼ਾ ਵਰਤੇਗਾ l ਚੌਥਾ ਸੀ ਕਿ ਚੋਰੀ ਨਹੀਂ ਕਰੇਗਾ l ਪੰਜਵਾਂ ਸੀ ਕਿ ਸਮੇਂ ਸਿਰ ਕੰਮ ਤੇ ਆਵੇਗਾ ਅਤੇ ਜਾਵੇਗਾ l ਬਾਕੀ ਗਲਤੀਆਂ ਤਕਰੀਬਨ ਮਾਫ਼ ਸਨ l
ਇਸ ਦੇ ਨਾਲ ਨਾਲ ਮੇਰੀਆਂ ਆਪਣੀਆਂ ਕੰਪਨੀਆਂ ਵੀ ਚੱਲਦੀਆਂ ਸੀ l ਅਸੂਲ ਉਨ੍ਹਾਂ ਵਿੱਚ ਵੀ ਇਹੀ ਸਨ l ਹਰ ਹਫਤੇ ਪੈਸੇ ਸੋਮਵਾਰ ਤੋਂ ਐਤਵਾਰ ਤੱਕ ਦੇਣੇ ਹੁੰਦੇ ਸਨ ਅਤੇ ਉਹ ਪੈਸੇ ਐਤਵਾਰ ਤੋਂ ਬਾਦ ਅਗਲੇ ਵੀਰਵਾਰ ਤੋਂ ਪਹਿਲਾਂ ਦੇਣੇ ਹੁੰਦੇ ਸੀ l ਜਿਆਦਾ ਤੌਰ ਤੇ ਪੈਸੇ ਮੰਗਲਵਾਰ ਜਾਂ ਬੁੱਧਵਾਰ ਨੂੰ ਦੇ ਦਿੱਤੇ ਜਾਂਦੇ ਸੀ l
ਇੱਕ ਵਾਰ ਇੱਕ ਕਾਮਾ ਮੇਰੇ ਨਾਲ ਮੁਸਲਿਮ ਧਰਮ ਨਾਲ ਸਬੰਧਿਤ ਕੰਮ ਕਰਦਾ ਸੀ ਗੱਲ ਕਰਨ ਲੱਗ ਪਿਆ l ਉਸ ਕਾਮੇ ਨੇ ਮੈਨੂੰ ਘੱਟ ਮਿਲਣਾ ਹੁੰਦਾ ਸੀ ਭਾਵ ਹਫਤੇ ਵਿੱਚ ਇੱਕ ਵਾਰੀ ਹੀ ਮਿਲਣਾ ਹੁੰਦਾ ਸੀ l ਜੇ ਉਹ ਮੈਨੂੰ ਸ਼ੁਕਰਵਾਰ ਨੂੰ ਮਿਲ ਪਵੇ ਤਾਂ ਮੈਂ ਉਸ ਨੂੰ ਆਉਣ ਵਾਲੇ ਸ਼ਨਿਚਰਵਾਰ ਤੇ ਐਤਵਾਰ ਦੇ ਪੈਸੇ ਵੀ ਪਹਿਲਾਂ (advance) ਹੀ ਦੇ ਦਿੰਦਾ ਸੀ ਤੇ ਉਸ ਨੂੰ ਕਹਿ ਦਿੰਦਾ ਸੀ ਕਿ ਜੇ ਘਾਟ ਵਾਧ ਹੋਈ ਤਾਂ ਉਹ ਅਗਲੇ ਹਫਤੇ ਹਿਸਾਬ ਕਰ ਲਵਾਂਗੇ l
ਇੱਕ ਦਿਨ ਮੈਨੂੰ ਉਹੀ ਮੁਸਲਿਮ ਕਾਮਾ ਕਹਿਣ ਲੱਗਾ ਕਿ ਜੀ ਸਾਰੇ ਧਰਮਾਂ ਨਾਲੋਂ ਸਾਡਾ ਧਰਮ ਵਧੀਆ ਹੈ l ਮੈਂ ਉਸ ਨੂੰ ਕਿਹਾ ਕਿ ਸਭ ਧਰਮਾਂ ਨੂੰ ਮੰਨਣ ਵਾਲੇ ਵੀ ਇਹੀ ਕਹਿੰਦੇ ਹਨ ਕਿ ਉਨ੍ਹਾਂ ਦਾ ਧਰਮ ਵਧੀਆ ਹੈ ਪਰ ਤੂੰ ਵੀ ਮੈਨੂੰ ਦੱਸ ਦੇ ਕਿ ਤੇਰਾ ਧਰਮ ਦੂਜਿਆਂ ਨਾਲੋਂ ਕਿਉਂ ਵਧੀਆ ਹੈ ? ਉਹ ਕਹਿਣ ਲੱਗਾ ਕਿ ਸਾਡਾ ਧਰਮ ਕਹਿੰਦਾ ਕਿ ਮਜ਼ਦੂਰ ਨੂੰ ਪੈਸੇ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਦੇ ਦੇਣੇ ਚਾਹੀਦੇ ਹਨ ਭਾਵ ਜਿਹੜਾ ਕੰਮ ਕਰਕੇ ਉਸ ਨੂੰ ਪਸੀਨਾ ਆਇਆ ਉਸ ਦੇ ਸੁੱਕਣ ਤੋਂ ਪਹਿਲਾਂ ਪੈਸੇ ਮਿਲ ਜਾਣੇ ਚਾਹੀਦੇ ਹਨ l ਮੈਂ ਕਿਹਾ ਗੱਲ ਤਾਂ ਬਹੁਤ ਵਧੀਆ ਹੈ ਪਰ ਤੇਰੇ ਧਰਮ ਨੂੰ ਮੰਨਣ ਵਾਲੇ ਇਸ ਤਰਾਂ ਕਰਦੇ ਵੀ ਹਨ ? ਉਹ ਕਹਿੰਦਾ ਨਹੀਂ l ਮੈਂ ਕਿਹਾ ਫਿਰ ਧਰਮ ਦੇ ਕਹੇ ਦਾ ਤੇ ਤੁਹਾਡੇ ਮੰਨੇ ਦਾ ਕੀ ਫਾਇਦਾ ?
ਉਸ ਤੋਂ ਅੱਗੇ ਮੈਂ ਉਸ ਨੂੰ ਦੱਸਿਆ ਕਿ ਮੈਂ ਕਿਸੇ ਧਰਮ ਜਾਂ ਰੱਬ ਨੂੰ ਨਹੀਂ ਮੰਨਦਾ ਪਰ ਤੈਨੂੰ ਪੈਸੇ ਕਈ ਵਾਰ ਮੈਂ ਸ਼ੁਕਰਵਾਰ ਨੂੰ ਦੇ ਦਿੰਦਾ ਹਾਂ ਅਤੇ ਪਸੀਨਾ ਤੈਨੂੰ ਅਜੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਆਉਣਾ ਹੁੰਦਾ ਹੈ l ਫਿਰ ਧਰਮ ਨੂੰ ਮੰਨਣ ਵਾਲਿਆਂ ਨਾਲੋਂ ਤਾਂ ਮੈਂ ਨਾਸਤਿਕ ਹੀ ਠੀਕ ਹਾਂ l ਇਹ ਸੁਣ ਕੇ ਕਹਿੰਦਾ ਕਿ ਮੈਂ ਅੱਜ ਤੋਂ ਬਾਦ ਤੁਹਾਨੂੰ ਨਹੀਂ ਕਹਿਣਾ ਕਿ ਮੇਰਾ ਧਰਮ ਵਧੀਆ ਹੈ l ਉਹ ਇਹ ਵੀ ਕਹਿਣ ਲੱਗਾ ਕਿ ਤੁਸੀਂ ਰੱਬ ਨੂੰ ਨਹੀਂ ਮੰਨਦੇ ਪਰ ਕਰ ਉਹ ਕੁੱਝ ਰਹੇ ਹੋ ਜੋ ਰੱਬ ਨੂੰ ਮੰਨਣ ਵਾਲਿਆਂ ਨੂੰ ਕਰਨਾ ਚਾਹੀਦਾ l
ਜਿਸ ਤਰ੍ਹਾਂ ਉਪਰ ਦੱਸਿਆ ਕਿ ਵੱਖ ਵੱਖ ਰੱਬ ਨੂੰ ਮੰਨਣ ਵਾਲੇ ਰੱਬ ਨੂੰ ਖੁਸ਼ ਕਰਨ ਲਈ ਰਸਮਾਂ ਕਰਦੇ ਸੀ ਕਿਉਂਕਿ ਉਹ ਰੱਬ ਨੂੰ ਮੰਨਦੇ ਸੀ ਪਰ ਉਨ੍ਹਾਂ ਵਿਚੋਂ ਕੋਈ ਵੀ ਰੱਬ ਨੂੰ ਲੱਭਦਾ ਨਹੀਂ ਸੀ l ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਉਨ੍ਹਾਂ ਲੋਕਾਂ ਨੂੰ ਪੁੱਛਿਆ ਜਿਹੜੇ ਰੱਬ ਨੂੰ ਲੱਭਦੇ ਸੀ l ਉਹ ਸਾਰੇ ਦੇ ਸਾਰੇ ਹੀ ਨਾਸਤਿਕ ਬਣ ਗਏ ਸੀ l ਉਨ੍ਹਾਂ ਮੈਨੂੰ ਦੱਸਿਆ ਕਿ ਅਸੀਂ ਬਾਕੀਆਂ ਵਾਂਗ ਲਾਈਲੱਗਤਾ ਵਿੱਚ ਯਕੀਨ ਨਹੀਂ ਰੱਖਦੇ ਸੀ ਇਸ ਕਰਕੇ ਅਸੀਂ ਰੱਬ ਨੂੰ ਮੰਨਣ ਦੀ ਬਜਾਏ ਰੱਬ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਸੀ l ਉਨ੍ਹਾਂ ਮੈਨੂੰ ਇਹ ਵੀ ਦੱਸਿਆ ਕਿ ਰੱਬ ਨੂੰ ਲੱਭਦਿਆਂ ਲੱਭਦਿਆਂ ਸਾਨੂੰ ਪਤਾ ਲੱਗਿਆ ਕਿ ਰੱਬ ਤਾਂ ਹੈ ਹੀ ਨਹੀਂ ਤੇ ਅਸੀਂ ਨਾਸਤਿਕ ਬਣ ਗਏ l
ਉਨ੍ਹਾਂ ਦੀ ਗੱਲ ਸੁਣ ਕੇ ਮੈਨੂੰ ਕੋਈ ਬਹੁਤੀ ਹੈਰਾਨੀ ਨਾ ਹੋਈ l ਮੈਂ ਗੱਲ ਸੁਣਦਿਆਂ ਸਾਰ ਹੀ ਆਪਣੀ ਜਿੰਦਗੀ ਵੱਲ ਨਜ਼ਰ ਮਾਰੀ ਤਾਂ ਮੈਨੂੰ ਪਤਾ ਲੱਗਾ ਕਿ ਮੈਂ ਵੀ ਤਾਂ ਰੱਬ ਦੀ ਭਾਲ ਕਰਦਾ ਕਰਦਾ ਹੀ ਨਾਸਤਿਕ ਬਣ ਗਿਆ ਸੀl
ਸਿੱਟਾ :- ਰੱਬ ਨੂੰ ਮੰਨਣ ਦੀ ਬਜਾਏ ਉਸ ਦੀ ਭਾਲ ਕਰੋ ਤਾਂ ਸਾਰਥਿਕ ਨਤੀਜੇ ਨਿਕਲਣਗੇ ਕਿਉਂਕਿ ਰੱਬ ਨਾ ਮਿਲਣ ਦੀ ਸੂਰਤ ਵਿੱਚ ਪਤਾ ਲੱਗ ਜਾਵੇਗਾ ਕਿ ਰੱਬ ਨਹੀਂ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ
avtar31@hotmail.com