ਇਹ ਰਿਵਿਊ ਡਾਕਟਰ ਜਗਤਾਰ ਸਿੰਘ ਮਿਸਤਰੀ ਜੀ ਦੁਆਰਾ ਕਿਤਾਬ “ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ” ਬਾਰੇ ਹੈ l ਸ਼ੇਅਰ ਓਪਸ਼ਨ ਨਾ ਹੋਣ ਕਾਰਣ ਕਾਪੀ ਪੇਸਟ ਰਾਹੀਂ ਆਪ ਨਾਲ ਸਾਂਝਾ ਕਰ ਰਿਹਾ ਹਾਂ ਜੀ l ਡਾਕਟਰ ਜਗਤਾਰ ਮਿਸਤਰੀ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਸਮਾਂ ਕੱਢ ਕੇ ਕਿਤਾਬ ਬਰੀਕੀ ਨਾਲ ਪੜ੍ਹੀ ਤੇ ਆਪਣਾ ਕਿਤਾਬ ਬਾਰੇ ਨਜ਼ਰੀਆ ਹੋਰ ਪਾਠਕਾਂ ਨਾਲ ਸਾਂਝਾ ਕੀਤਾ l
ਇਸ ਪੁਸਤਕ ਦੇ ਲੇਖਕ ਅਵਤਾਰ ਤਰਕਸ਼ੀਲ ਬਾਰੇ ਬਹੁਤ ਕੁੱਝ ਸੁਣਿਆਂ ਸੀ ਜਿਸ ਕਾਰਨ ਪੜ੍ਹਣ ਦੀ ਇੱਛਾ ਨਾਲ ਕਿਤਾਬ ਮੰਗਵਾ ਲਈ। ਇੱਕ ਹੋਰ ਵੱਡਾ ਕਾਰਨ ਸੀ ਉਹਦਾ ਪਿੰਡ ਖੁਰਦਪੁਰ ਸਾਡੇ ਪਿੰਡਾਂ ਲਾਗੇ ਸੀ। ਮਾਰਚ ਮਹੀਨੇ ਦਿੱਲੀ ਜਾਣ ਲੱਗਿਆਂ ਸੋਚਿਆ ਕਿ ਸਫ਼ਰ ਚ ਪੜ੍ਹ ਲਵਾਂਗਾ ਤੇ ਪੜ੍ਹ ਵੀ ਰਿਹਾ ਸੀ ਕਿ ਜਦੋਂ ਚੰਡੀਗੜ੍ਹ ਤੋਂ ਚੱਲੇ ਤਾਂ ਪੜ੍ਹਣ ਚ ਲਿੰਕ ਟੁੱਟਣ ਲੱਗਾ ਤਾਂ ਦੇਖਿਆ ਕਿ ਪੁਸਤਕ ਦੇ ਕੁੱਝ ਪੰਨੇ ਗਾਇਬ ਹਨ। ਮੈਂ ਕੁੱਝ ਹੋਰ ਪੜ੍ਹਣ ਲੱਗ ਪਿਆ ਤੇ ਵਾਪਸ ਆ ਕੇ ਅਵਤਾਰ ਸਿੰਘ ਨੂੰ ਸਾਰੀ ਗੱਲ ਦੱਸੀ। ਸ਼ਾਇਦ ਕੁੱਝ ਪੁਸਤਕਾਂ ਚ ਇਹ ਸਮੱਸਿਆ ਆਈ ਪਰ ਮੈਨੂੰ ਅਵਤਾਰ ਸਿੰਘ ਨੇ ਕਿਤਾਬ ਭਿਜਵਾ ਦਿੱਤੀ। ਹੁਣ ਦੁਬਾਰਾ ਪੜ੍ਹੀ ਹੈ ਕਿਉਂਕਿ ਪਹਿਲਾਂ ਦੋਹਾਂ ਕਿਤਾਬਾਂ ਨੂੰ ਪੜ੍ਹਣ ਚ ਕਾਫੀ ਸਮਾਂ ਪੈ ਗਿਆ ਸੀ। ਕੌਮੀ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਡਾ ਰਾਜਾ ਰਾਮ ਹੰਢਿਆਇਆ ਨੇ ਅਵਤਾਰ ਤਰਕਸ਼ੀਲ ਕੋਲ ਰਹਿ ਕੇ ਸਾਰੀ ਜਾਣਕਾਰੀ ਇਕੱਠ ਕਰ ਕੇ ਬਹੁਤ ਮਿਹਨਤ ਨਾਲ ਇਹ ਪੁਸਤਕ ਲਿਖੀ ਹੈ।
ਹੋਰ ਪੰਜਾਬੀਆਂ ਵਾਂਗ ਅਵਤਾਰ ਵੀ ਪੈਸੇ ਕਮਾਉਣ ਲਈ ਟੂਰਿਸਟ ਵੀਜ਼ੇ ਤੇ ਕਿਸੇ ਨਾਲ ਨਿਊਜ਼ੀਲੈਂਡ ਗਿਆ ਜਿਸ ਦਾ ਵੱਡਾ ਕਾਰਨ ਸਾਡੇ ਆਪਣੇ ਮੁਲਕ ਦਾ ਸਿਸਟਮ ਸੀ। ਅਵਤਾਰ ਦਾ ਪਿਤਾ ਸਰਕਾਰੀ ਨੌਕਰੀ ਕਰਦਾ ਸੀ ਤੇ ਨਿਯਮਾਂ ਅਧੀਨ ਉਸ ਨੂੰ ਆਪਣੇ ਪਿਤਾ ਦੀ ਥਾਂ ਨੌਕਰੀ ਮਿਲਣੀ ਚਾਹੀਦੀ ਸੀ ਕਿਉਂਕਿ ਜਦੋਂ ਅਵਤਾਰ ਦੇ ਪਿਤਾ ਦੀ ਮੌਤ ਹੋਈ ਉਦੋਂ ਉਹ ਕੇਵਲ ਢਾਈ ਸਾਲ ਦਾ ਸੀ। ਅਵਤਾਰ ਨੇ ਆਦਮਪੁਰ ਚ ਪ੍ਰਿੰਟਿੰਗ ਪ੍ਰੈੱਸ ਦਾ ਕੰਮ ਕੀਤਾ ਪਰ ਕਿਸੇ ਧਾਰਮਕ ਦਿੱਖ ਵਾਲੇ ਬੰਦੇ ਨੇ ਉਸ ਨਾਲ ਧੋਖਾ ਕੀਤਾ ਜਿਸ ਨਾਲ ਉਹਦੀ ਸੋਚ ਬਹੁਤ ਵੱਡੀ ਤਬਦੀਲੀ ਆਈ ਤੇ ਉਹ ਤਰਕਸ਼ੀਲ ਹੋ ਕੇ ਜੀਣ ਲੱਗਾ। ਵੈਸੇ ਮਜ਼ਦੂਰਾਂ ਨਾਲ ਧੋਖਾ ਹਰ ਥਾਂ ਹੁੰਦਾ ਹੈ ਭਾਵੇਂ ਆਪਣਾ ਮੁਲਕ ਹੋਵੇ ਜਾਂ ਬਿਗਾਨਾ। ਆਪਣੀ ਪ੍ਰਿਟਿੰਗ ਪ੍ਰੈੱਸ ਲਈ ਉਸ ਨੂੰ ਕਰਜ਼ਾ ਲੈਣਾ ਪੈਣਾ ਸੀ ਜੋ ਕਿ ਆਮ ਆਦਮੀ ਲਈ ਬਹੁਤ ਜਟਿਲ ਪ੍ਰਕਿਰਿਆ ਹੈ। ਪਰ ਉਹ ਕਾਮਯਾਬ ਹੋ ਜਾਂਦਾ ਹੈ ਅਨੇਕਾਂ ਰੁਕਾਵਟਾਂ ਦੇ ਬਾਵਜੂਦ। ਪਰ ਵਿਦੇਸ਼ ਚ ਡਾਲਰ ਕਮਾਉਣ ਦੀ ਖਿੱਚ ਕਾਰਨ ਉਹ ਆਪਣੇ ਦੋਸਤ ਦੇ ਸੱਦੇ ਤੇ ਨਿਊਜ਼ੀਲੈਂਡ ਚਲਾ ਜਾਂਦਾ ਹੈ ਜਿਹੜਾ ਇੱਥੇ ਹਿੱਲਾਂ ਉਹਦੀ ਦੁਕਾਨ ਚ ਆਪਣਾ ਕੰਮ ਕਰਦਾ ਸੀ। ਉਹਦੇ ਜੀਵਨ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ।
ਵਿਦੇਸ਼ ਜਾ ਕੇ ਆਪਣੇ ਦੇਸ਼ ਦੀ ਯਾਦ ਆਉਂਦੀ ਹੈ ਜਦੋਂ ਫਾਰਮਾਂ ਤੇ ਬਾਗਾਂ ਚ ਕੈਰਾਵੈਨਾਂ ਚ ਰਹਿਣਾ ਪੈਂਦਾ ਹੈ। ਅਵਤਾਰ ਵੱਲੋਂ ਕੀਤਾ ਸੰਘਰਸ਼ ਲੂੰ ਕੰਡੇ ਖੜ੍ਹੇ ਕਰਦਾ ਹੈ। ਕੰਮ ਵੀ ਲਗਾਤਾਰ 14-15 ਘੰਟੇ ਤੇ ਉੱਪਰੋਂ ਠੇਕੇਦਾਰਾਂ ਵੱਲੋਂ ਹੁੰਦੀ ਲੁੱਟ ਬੰਦੇ ਨੂੰ ਤੋੜ ਦਿੰਦੀ ਹੈ। ਪਰਵਾਸ ਸਭ ਤੋਂ ਪਹਿਲਾਂ ਸਵੈ-ਮਾਣ ਤੋੜਦਾ ਹੈ ਤੇ ਬੰਦੇ ਨੂੰ ਜ਼ਲੀਲ ਕਰਦਾ ਹੈ ਪਰ ਫਸਿਆ ਬੰਦਾ ਨਾ ਅੱਗੇ ਨਾ ਪਿੱਛੇ ਜੋਗਾ। ਸਾਰੀ ਪੁਸਤਕ ਚ ਅਵਤਾਰ ਵੱਲੋਂ ਕੀਤੀ ਸਖ਼ਤ ਮਿਹਨਤ ,ਪੁਲੀਸ ਨਾਲ ਲੁਕਣ-ਮੀਚੀ ਤੇ ਆਪਣਿਆਂ ਵੱਲੋਂ ਕੀਤੀ ਲੁੱਟ-ਖਸੁੱਟ ਦਾ ਵਰਨਣ ਹੈ। ਅਵਤਾਰ ਸਿਰਫ ਸਖ਼ਤ ਮੁਸ਼ੱਕਤ ਕਰਨ ਵਾਲਾ ਹੀ ਨਹੀਂ ਸੁਪਨਸਾਜ਼ ਹੈ ਜਿਸ ਕੋਲ ਅਨੇਕਾਂ ਸੁਪਨੇ ਹਨ। ਸਭ ਤੋਂ ਵੱਡਾ ਸੁਪਨਾ ਪੈਸਾ ਕਮਾ ਕੇ ਉਹ ਤੰਗੀ ਦੂਰ ਕਰਨਾ ਸੀ ਜਿਸ ਦਾ ਸਤਾਇਆ ਉਹ ਆਪਣਾ ਪਰਿਵਾਰ ਛੱਡ ਕੇ ਆਇਆ ਸੀ। ਅਵਤਾਰ 1989 ਚ ਵਿਦੇਸ਼ ਪਹੁੰਚਦਾ ਤੇ ਪਹਿਲੇ ਦਸ ਸਾਲ ਉਸ ਦੇ ਬਹੁਤ ਸਖ਼ਤ ਸੰਘਰਸ਼ ਦੇ ਸਾਲ ਹਨ ਇਨ੍ਹਾਂ ਦਸਾਂ ਸਾਲਾਂ ਉਸ ਦੀ ਮਾਂ ਤੇ ਭਰਾ ਦੁਨੀਆਂ ਤੋਂ ਰੁਖ਼ਸਤ ਹੋ ਜਾਂਦੇ ਹਨ ਪਰ ਉਹ ਕੱਚਾ ਹੋਣ ਕਾਰਨ ਭਾਰਤ ਆ ਨਹੀਂ ਸਕਦਾ ਸੀ। ਇਹ ਪਰਵਾਸ ਦੀ ਕੌੜੀ ਹਕੀਕਤ ਹੈ ਜਿਸ ਲਈ ਸਾਡਾ ਸਿਸਟਮ ਜ਼ਿੰਮੇਵਾਰ ਹੈ ਕਿਉਂਕਿ ਜੇ ਇੱਥੇ ਕੰਮ ਹੋਵੇ ਤਾਂ ਪਰਦੇ ਧੱਕੇ ਨਾ ਖਾਣੇ ਪੈਣ। ਹੌਲੀ ਹੌਲੀ ਉਹ ਤਰੱਕੀ ਦੇ ਰਾਹਾਂ ਤੇ ਤੁਰ ਪੈਂਦਾ ਕਿਉਂਕਿ ਮਿਹਨਤੀ ਹੋਣ ਦੇ ਨਾਲ ਤੱਕ ਉਸ ਕੋਲ ਵਿਜ਼ਿਨ ਵੀ ਹੈ। ਇਸ ਵੇਲੇ ਕਦੀ ਡਾਲਰ ਡਾਲਰ ਗਿਣਨ ਵਾਲਾ ਅਵਤਾਰ ਤਰਕਸ਼ੀਲ ਅਰਬਪਤੀ ਹੈ ਪਰ ਇਸ ਪਿੱਛੇ ਉਸ ਦੀ ਮਿਹਨਤ ਤੇ ਦੂਰ-ਅੰਦੇਸ਼ੀ ਸੀ ਜਿਸ ਨੇ ਉਸ ਨੂੰ ਇੱਕ ਸਫਲ ਕਾਰੋਬਾਰੀ ਵਜੋਂ ਸਥਾਪਿਤ ਕੀਤਾ।
ਅਵਤਾਰ ਸਿਰਫ ਨਾ ਦਾ ਹੀ ਤਰਕਸ਼ੀਲ ਨਹੀਂ ਸਗੋਂ ਸਮੁੱਚੇ ਵਿਵਹਾਰ ਚ ਵੀ ਤਰਕਸ਼ੀਲ ਹੈ। ਇਸ ਸੋਚ ਨੂੰ ਫੈਲਾਉਣ ਤੇ ਪੰਜਾਬੀ ਸਾਹਿਤ ਲੋਕਾਂ ਤੱਕ ਪਹੁੰਚਾਉਣ ਲਈ ਜਿੱਥੇ ਉਸ ਦੇ ਉੱਦਮ ਨਾਲ ਨਿਊਜ਼ੀਲੈਂਡ ਚ ਲਾਇਬ੍ਰੇਰੀਆਂ ਸਥਾਪਿਤ ਹੋਈਆਂ ਉੱਥੇ ਵਿਦਵਾਨਾਂ ਨੂੰ ਬੁਲਾ ਕੇ ਸੈਮੀਨਾਰ ਵੀ ਕਰਵਾਏ।ਇਹ ਨਿਰਸੰਦੇਹ ਇੱਕ ਅਗਾਂਹਵਧੂ ਤੇ ਮਨੁੱਖਤਾ ਦੇ ਭਲੇ ਵਾਲਾ ਕੰਮ ਸੀ। ਇੱਥੇ ਅਵਤਾਰ ਦੱਸਦਾ ਹੈ ਕਿ ਉੱਥੇ ਲੋਕੀਂ ਸਿਰਫ ਕੰਮ ਕਰਨ ਜਾਂਦੇ ਸਨ ਟੂਰਿਸਟ ਵੀਜ਼ਾ ਤਾਂ ਸਿਰਫ ਦਿਖਾਵੇ ਲਈ ਹੈ। ਅਸਲ ਮਕਸਦ ਡਾਲਰ ਕਮਾਉਣਾ ਸੀ ਪਰ ਉੱਥੇ ਬਹੁਤ ਔਖੇ ਸਨ ਤੇ ਉਸ ਅਨੁਸਾਰ ਇੱਥੋਂ ਦੇ ਭਈਆਂ ਨਾਲੋਂ ਵੀ ਮਾੜੇ ਸਨ। ਨਾ ਰਹਿਣ ਦਾ ਪੱਕਾ ਟਿਕਾਣਾ ਨਾ ਕੰਮ ਦਾ ਤੇ ਹਰ ਥੋੜ੍ਹੇ ਸਮੇਂ ਬਾਅਦ ਕੰਮ ਲੱਭਣਾ ਪੈਂਦਾ ਸੀ। ਅਵਤਾਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਚੋਂ ਲੰਘ ਕੇ ਵੀ ਤਰੱਕੀ ਕਰ ਗਿਆ ਜਿਸ ਦਾ ਵੱਡਾ ਕਾਰਨ ਉਸ ਦਾ ਮਿਹਨਤੀ ਤੇ ਈਮਾਨਦਾਰ ਹੋਣਾ ਹੈ। ਉਹਦੇ ਕੰਮ ਦੀ ਕਦਰ ਕਰਦਿਆਂ ਹੀ ਉਸ ਦੀ ਕੰਪਨੀ ਉਸ ਨੂੰ ਇੰਡੀਆ ਤੋਂ ਵਾਪਿਸ ਨਿਊਜ਼ੀਲੈਂਡ ਵਾਪਸ ਮੰਗਾਉਣ ਚ ਮੱਦਦ ਕਰਦੀ ਹੈ ਜਦੋ ਓਵਰਸਟੇਅ ਹੋਣ ਕਾਰਨ ਪੁਲੀਸ ਦੁਆਰਾ ਪਕੜੇ ਜਾਣ ਤੇ ਡਿਪੋਰਟ ਹੋ ਕੇ ਇੰਡੀਆ ਆ ਜਾਂਦਾ ਹੈ।
ਅਵਤਾਰ ਕੋਲ ਜ਼ਿੰਦਗੀ ਦਾ ਬਹੁਤ ਤਜਰਬਾ ਹੈ ਜਿਸ ਤੋਂ ਹੋਰ ਲੋਕ ਅਗਵਾਈ ਲੈ ਸਕਦੇ ਹਨ। ਰਿਚ ਡੈਡ ਪੂਅਰ ਡੈਡ ਵਰਗੀਆਂ ਪੁਸਤਕਾਂ ਪੜ੍ਹ ਕੇ ਉਸ ਦੇ ਗਿਆਨ ਚ ਵਾਧਾ ਹੁੰਦਾ ਹੈ ਜਿਸ ਨਾਲ ਉਹ ਆਪਣਾ ਕਾਰੋਬਾਰ ਖੜ੍ਹਾ ਕਰ ਲੈਂਦਾ ਹੈ। ਇਹ ਪੁਸਤਕ ਉਸ ਦੇ ਕਾਰੋਬਾਰ ਚ ਸਫਲ ਹੋਣ ਦੀ ਯਥਾਰਥਕ ਕਹਾਣੀ ਹੈ। ਅੱਜ ਉਹ ਖੁਦ ਆਪਣੀ ਅਮੀਰੀ ਨੂੰ ਮੰਨਦਾ ਹੈ ਤੇ ਨਿਊਜ਼ੀਲੈਂਡ ਚ ਲੋੜਵੰਦ ਪੰਜਾਬੀਆਂ ਦੀ ਮੱਦਦ ਵੀ ਕਰਦਾ ਹੈ। ਪੰਜਾਬ ਨੂੰ ਆਪਣੇ ਇਸ ਹੋਣਹਾਰ ਪੁੱਤਰ ਤੇ ਮਾਣ ਹੈ। ਅੰਤ ਚ ਧੰਨਵਾਦ ਕਰਨਾ ਬਣਦਾ ਹੈ ਡਾ ਰਾਜਾ ਰਾਮ ਜੀ ਦਾ ਜਿਨ੍ਹਾਂ ਨੇ ਅਵਤਾਰ ਤਰਕਸ਼ੀਲ ਦੀ ਜੀਵਨ ਕਹਾਣੀ ਪੰਜਾਬੀਆਂ ਤੱਕ ਪਹੁੰਚਾਈ ਹੈ ਜਿਸ ਤੋਂ ਆਸ ਹੈ ਨਵੀਂ ਪੀੜ੍ਹੀ ਅਗਵਾਈ ਲੈ ਸਕੇਗੀ।
ਡਾ ਜਗਤਾਰ ਮਿਸਤਰੀ