
ਅੱਜ ਸਾਡੇ ਵਿਆਹ ਨੂੰ 27 ਸਾਲ ਹੋਏ
27 ਸਾਲ ਪਹਿਲਾਂ ਜਦੋਂ ਨਿਊਜ਼ੀਲੈਂਡ ਵਿੱਚ ਮੇਰਾ ਵਿਆਹ ਮਨਜੀਤ ਕੌਰ ਨਾਲ ਹੋਇਆ ਤਾਂ ਅਸੀਂ ਦੋਵੇਂ ਓਵਰਸਟੇ ਸੀ l ਵਿਚੋਲਾ ਜਸਵੀਰ ਸਿੰਘ ਝਨੇਰ ਮੇਰਾ ਦੋਸਤ ਹੈ ਜਿਸ ਨੇ ਰਿਸ਼ਤਾ ਕਰਵਾਇਆ ਸੀ l
ਵਿਆਹ ਤੋਂ ਪਹਿਲਾਂ ਜਦੋਂ ਸਾਡਾ ਦੇਖ ਦਿਖਾਲਾ ਹੋਇਆ ਤਾਂ ਮਨਜੀਤ ਨਾਲ ਮੈਂ ਆਉਣ ਵਾਲੇ ਔਖੇ ਸਮੇਂ ਬਾਰੇ ਜਾਣਕਾਰੀ ਸਾਂਝੀ ਕਰ ਦਿੱਤੀ ਸੀ l ਦੱਸ ਦਿੱਤਾ ਸੀ ਕਿ ਆਪਾਂ ਦੋਵੇਂ ਓਵਰਸਟੇ ਹਾਂ ਅਤੇ ਸਾਨੂੰ ਦੋਨਾਂ ਨੂੰ ਜਾਂ ਦੋਨਾਂ ਵਿੱਚੋਂ ਇੱਕ ਨੂੰ ਇਮੀਗ੍ਰੇਸ਼ਨ ਕਦੇ ਵੀ ਦੇਸ਼ ਨਿਕਾਲਾ (ਡਿਪੋਰਟ/ ਮੁਲਕ ਵਿੱਚੋਂ ਕੱਢਣਾ) ਦੇ ਸਕਦੀ ਹੈ l ਮਨਜੀਤ ਨੂੰ ਦੱਸਿਆ ਕਿ ਅਸੀਂ ਪੰਜਾਬ ਜਾ ਕੇ ਵੀ ਠੀਕ ਠਾਕ ਰਹਿ ਸਕਦੇ ਹਾਂ ਅਤੇ ਮੈਂ ਕੋਈ ਵੀ ਕੰਮ ਕਰ ਸਕਦਾ ਹਾਂ l ਨਿਊਜ਼ੀਲੈਂਡ ਰਹਿੰਦਿਆਂ ਮੈਂ ਕਈ ਕੰਮ ਸਿੱਖ ਲਏ ਸਨ l
ਇਸ ਸਭ ਤੋਂ ਬਾਦ ਸਾਡਾ ਵਿਆਹ ਹੋਇਆ ਅਤੇ ਤਕਰੀਬਨ 600 ਦੇ ਕਰੀਬ ਮਹਿਮਾਨ ਵਿਆਹ ਵਿੱਚ ਸ਼ਾਮਿਲ ਹੋਏ l ਕਿਸੇ ਓਵਰਸਟੇ ਦੇ ਵਿਆਹ ਤੇ ਨਿਊਜ਼ੀਲੈਂਡ ਵਿੱਚ ਏਨਾ ਵੱਡਾ ਇਕੱਠ ਹੋਣਾ ਆਪਣੇ ਆਪ ਵਿੱਚ ਰਿਕਾਰਡ ਸੀ l
ਖੁਦ ਦੀ ਤਰਕਸ਼ੀਲ ਵਿਚਾਰਧਾਰਾ ਹੋਣ ਕਾਰਣ ਨਿਊਜ਼ੀਲੈਂਡ ਦੀ ਹਿਊਮਨਿਸਟ ਅਤੇ ਰੈਸ਼ਨਲਿਸਟ ਸੁਸਾਇਟੀ ਔਕਲੈਂਡ ਦੇ ਸਾਥੀ ਵੀ ਵਿਆਹ ਤੇ ਸੱਦੇ ਹੋਏ ਸੀ ਜਿਨ੍ਹਾਂ ਸਟੇਜ ਤੋਂ ਆਪਣੇ ਤਰਕਸ਼ੀਲ ਵਿਚਾਰਾਂ ਦੀ ਸਾਂਝ ਪਾਈ ਅਤੇ ਮੁਬਾਰਕਬਾਦ ਦਿੱਤੀ l
ਵਿਆਹ ਦੀ ਪਾਰਟੀ ਤੇ ਦੋਸਤ ਰਣਜੀਤ ਰਾਣਾ ਅਤੇ ਵਰਿੰਦਰ ਸਿੰਘ ਬਰੇਲੀ ਜੀ (ਕਬੱਡੀ ਖਿਡਾਰੀ) ਤੇ ਸਾਥੀਆਂ ਨੇ ਅਖਾੜਾ ਲਾਇਆ l ਪਾਰਟੀ ਸ਼ਾਮ 5 ਵਜੇ ਸ਼ੁਰੂ ਹੋਈ ਅਤੇ 8 ਘੰਟੇ ਲਗਾਤਾਰ ਚੱਲੀ l ਇਸ ਤਰਾਂ ਦੀ ਪਾਰਟੀ ਵੀ ਨਿਊਜ਼ੀਲੈਂਡ ਵਿੱਚ ਉਨ੍ਹਾਂ ਦਿਨਾਂ ਵਿੱਚ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੀ ਸੀ l ਬਚਪਨ ਤੋਂ ਲੈ ਕੇ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਖੁਸ਼ੀ ਦਾ ਮੌਕਾ ਸੀ l
ਦੋਸਤਾਂ ਕੋਲੋਂ ਏਨੇ ਤੋਹਫ਼ੇ ਆਏ ਕਿ ਸਾਡੇ ਦੋ ਬੈੱਡਰੂਮ ਵਾਲੇ ਕਿਰਾਏ ਦੇ ਘਰ ਵਿੱਚ ਅੱਧੇ ਹੀ ਫਿੱਟ ਹੋ ਸਕੇ ਅਤੇ ਅੱਧੇ ਤੋਹਫ਼ੇ ਰਿਸ਼ਤੇਦਾਰਾਂ ਦੇ ਘਰ ਹੀ ਰੱਖਣੇ ਪਏ l
ਅਜੇ ਸਾਲ ਹੀ ਬੀਤਿਆ ਸੀ ਜਦੋਂ ਮੈਨੂੰ ਮੁਲਕ ਵਿੱਚੋਂ ਡਿਪੋਰਟ ਕਰ ਦਿੱਤਾ ਗਿਆ l ਪਹਿਲਾਂ ਹੀ ਪੈਕ ਕੀਤਾ ਅਟੈਚੀ ਮਨਜੀਤ ਨੇ ਮੈਨੂੰ ਏਅਰਪੋਰਟ ਤੇ ਫੜਾ ਦਿੱਤਾ l ਮੇਰੇ ਤੇ ਪੰਜ ਸਾਲ ਦਾ ਨਿਊਜ਼ੀਲੈਂਡ ਵਿੱਚ ਆਉਣ ਤੇ ਬੈਨ ਲਗਾ ਦਿੱਤਾ ਗਿਆ l
ਮੇਰੇ ਡਿਪੋਰਟ ਹੋਣ ਤੋਂ ਬਾਦ ਮਨਜੀਤ ਕੌਰ ਸਾਡੇ ਵਿਚੋਲਿਆਂ ਦੇ ਪਰਿਵਾਰ ਨਾਲ ਹੀ ਰਹੀ ਜਿਨ੍ਹਾਂ ਨਾਲ ਸਾਡਾ ਅੱਜ ਵੀ ਬਹੁਤ ਪਿਆਰ ਹੈ l
ਦਸ ਸਾਲ ਬਾਦ ਪੰਜਾਬ ਪਹੁੰਚਾ ਤਾਂ ਪਿੰਡ ਵਿੱਚ ਕੁੱਝ ਲੋਕ ਹੀ ਪਹਿਚਾਣਦੇ ਸਨ l ਨਿਊਜ਼ੀਲੈਂਡ ਜਾਣ ਵਾਸਤੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਚਾਰ ਮਹੀਨੇ ਬਾਦ ਹੀ ਨਿਊਜ਼ੀਲੈਂਡ ਇਮੀਗ੍ਰੇਸ਼ਨ ਮਨਿਸਟਰ ਨੇ ਮੇਰਾ ਪੰਜ ਸਾਲਾ ਬੈਨ ਖਤਮ ਕਰਕੇ ਮੈਨੂੰ ਨਿਊਜ਼ੀਲੈਂਡ ਜਾਣ ਲਈ ਵਰਕ ਪਰਮਿਟ ਦੇ ਦਿੱਤਾ l ਨਿਊਜ਼ੀਲੈਂਡ ਦੀ ਜਿਸ ਕੰਪਨੀ ਵਿੱਚ ਮੈਂ ਮੈਨੇਜਰ ਸੀ ਉਸ ਕੰਪਨੀ ਨੇ ਮੈਨੂੰ ਸੱਦਣ ਵਿੱਚ ਅਹਿਮ ਯੋਗਦਾਨ ਪਾਇਆ ਸੀ l
ਡਿਪੋਰਟ ਹੋਣ ਤੋਂ ਸਿਰਫ ਚਾਰ ਮਹੀਨੇ ਬਾਦ ਵਾਪਸ ਨਿਊਜ਼ੀਲੈਂਡ ਪਹੁੰਚਣ ਵਾਲਾ ਮੈਂ ਪਹਿਲਾ ਵਿਅਕਤੀ ਬਣਿਆ l ਉਸ ਤੋਂ ਬਾਦ ਵੀ ਅਜੇ ਤੱਕ ਇਸ ਤਰਾਂ ਦਾ ਕੋਈ ਕੇਸ ਨਹੀਂ ਹੋਇਆ ਕਿ ਵਿਅਕਤੀ ਡਿਪੋਰਟ ਹੋਣ ਤੋਂ ਚਾਰ ਮਹੀਨੇ ਬਾਦ ਵਾਪਿਸ ਆ ਗਿਆ ਹੋਵੇ l ਇਹ ਕੇਸ ਬਿਨਾਂ ਵਕੀਲ ਤੋਂ ਲੜਿਆ ਗਿਆ ਸੀ l
ਇਹ ਮੇਰੇ ਲਈ ਮਾਣ ਵਾਲੀ ਗੱਲ ਵੀ ਹੈ ਅਤੇ ਪਾਠਕਾਂ ਵਾਸਤੇ ਇਹ ਵੀ ਜਾਨਣ ਵਾਲੀ ਗੱਲ ਹੈ ਕਿ ਵਿਅਕਤੀ ਨੂੰ ਉਹ ਕੰਮ ਵੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਕਿਸੇ ਤੋਂ ਪਹਿਲਾਂ ਨਾ ਹੋਏ ਹੋਣ l ਕਈ ਵਾਰ ਉਸ ਕੰਮ ਨੂੰ ਕਰਨ ਵਾਲੇ ਤੁਸੀਂ ਪਹਿਲੇ ਵਿਅਕਤੀ ਵੀ ਬਣ ਜਾਂਦੇ ਹੋ l
ਦੁਬਾਰਾ ਨਿਊਜ਼ੀਲੈਂਡ ਵਿੱਚ ਕੀਵੀਫਰੂਟ ਕੰਪਨੀ ਵਿੱਚ ਮੈਨੇਜਰ ਦੀ ਨੌਕਰੀ ਸ਼ੁਰੂ ਕੀਤੀ l ਸੰਨ 2001 ਵਿੱਚ ਅਸੀਂ ਦੋਵੇਂ ਪੱਕੇ ਹੋ ਗਏ l
ਸੰਨ 2005 ਵਿੱਚ ਕੀਵੀਫਰੂਟ ਕੰਪਨੀ ਨੇ ਮੇਰੀ ਨੌਕਰੀ ਖਤਮ ਕਰ ਦਿੱਤੀ ਜਿਸ ਨਾਲ ਦੁਬਾਰਾ ਸਾਨੂੰ ਕੁੱਝ ਆਰਥਿਕ ਤੰਗੀ ਆਈ l
ਇੱਕ ਮਹੀਨੇ ਬਾਦ ਹੀ ਮੈਂ ਆਪਣੀ ਕੀਵੀਫਰੂਟ ਕੰਪਨੀ ਸ਼ੁਰੂ ਕੀਤੀ ਜੋ ਕਾਮਯਾਬੀ ਨਾਲ ਚੱਲੀ l ਇਸ ਦੇ ਨਾਲ ਆਪਣੀਆਂ ਚਾਰ ਹੋਰ ਕੰਪਨੀਆਂ ਦੀ ਸ਼ੁਰੂਆਤ ਕੀਤੀ ਜੋ ਵੱਖ ਵੱਖ ਖੇਤਰ ਵਿੱਚ ਸਰਵਿਸ ਪਰਵਾਈਡ ਕਰਦੀਆਂ ਸਨ l
ਸਾਡੇ ਤਿੰਨ ਬੇਟੇ ਨਵਦੀਪ ਸਿੰਘ, ਲਵਦੀਪ ਸਿੰਘ ਅਤੇ ਸੀਰਤਦੀਪ ਸਿੰਘ ਹਨ l
ਅਜੇ ਤੱਕ ਸਾਡੇ ਪਰਿਵਾਰ ਵਿੱਚ ਕੋਈ ਵੀ ਨਸ਼ਾ ਨਹੀਂ ਕਰਦਾ ਹੈ ਭਾਵੇਂ ਕਿ ਸਾਨੂੰ ਤੋਹਫੇ ਵੀ ਗੋਰਿਆਂ ਵਲੋਂ ਸ਼ਰਾਬ ਦੇ ਹੀ ਮਿਲਦੇ ਹਨ l
ਜ਼ਿੰਦਗੀ ਦੇ ਇਸ ਉਤਰਾਅ ਝੜਾਅ ਵਿੱਚ ਸਾਡੀ ਆਪਸ ਵਿੱਚ ਕਦੇ ਵੀ ਲੜਾਈ ਨਹੀਂ ਹੋਈ l
ਅੱਜ ਵਿਆਹ ਦੇ 27 ਸਾਲ ਹੋਣ ਤੇ Manjit Kaur ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147