(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਆਪ ਵਲੋਂ ਫੇਸਬੁੱਕ ਤੇ ਮੇਰੀਆਂ ਪੋਸਟਾਂ/ਆਰਟੀਕਲਾਂ/ਵੀਡੀਓ ਨੂੰ ਬਹੁਤ ਪਿਆਰ ਮਿਲਿਆ ਹੈ l ਇਸ ਵਾਸਤੇ ਤੁਹਾਡਾ ਧੰਨਵਾਦ ਕਰਦਾ ਹਾਂ l ਇਸ ਦੇ ਨਾਲ ਹੀ ਆਪ ਨਾਲ ਇੱਕ ਗੱਲ ਦੀ ਸਾਂਝ ਪਾਉਂਦਾ ਹਾਂ ਕਿ ਪੋਸਟਾਂ ਪਾਉਣ ਪਿੱਛੇ ਮੇਰਾ ਮਕਸਦ ਆਪ ਨੂੰ ਵਿਗਿਆਨਕ ਸੋਚ ਲੜ ਲਾਉਣਾ, ਲਾਈਲੱਗਤਾ ਤੋਂ ਬਚਾਉਣਾ, ਲੋਕਾਂ ਦੀ ਮਾਨਸਿਕ, ਸਰੀਰਕ ਅਤੇ ਆਰਥਿਕ ਹਾਲਤ ਵਿੱਚ ਸੁਧਾਰ ਕਰਨ ਲਈ ਉਪਰਾਲਾ ਕਰਨਾ ਹੈ ਅਤੇ ਦੂਜਿਆਂ ਨੂੰ ਸਮਾਜ ਵਿੱਚ ਹੁੰਦੀ ਲੁੱਟ ਤੋਂ ਬਚਾਉਣਾ ਹੈ l ਇਸ ਵਿੱਚ ਮੇਰਾ ਕੋਈ ਨਿੱਜੀ ਫਾਇਦਾ ਨਹੀਂ ਹੈ l ਮੇਰੇ ਕੋਲ ਵੇਚਣ ਵਾਸਤੇ ਵੀ ਕੁੱਝ ਨਹੀਂ ਹੈ ਕਿ ਜਿਸ ਵਾਸਤੇ ਮੈਨੂੰ ਕੋਈ ਗਾਹਕਾਂ ਦੀ ਲੋੜ ਹੈ l ਮੈਂ ਸਿਰਫ ਇਨਸਾਨੀਅਤ ਪ੍ਰਤੀ ਆਪਣਾ ਫਰਜ਼ ਨਿਭਾਉਂਦਾ ਹਾਂ l ਸਮੇਂ ਸਮੇਂ ਤੇ ਆਪ ਕਮੈਂਟ ਕਰਕੇ ਪ੍ਰਸ਼ਨ ਪੁੱਛਦੇ ਹੋ ਜੋ ਕਿ ਬਹੁਤ ਵਧੀਆ ਗੱਲ ਹੈ l ਜਿਸ ਵੇਲੇ ਅਸੀਂ ਇੱਕ ਦੂਜੇ ਨਾਲ ਪ੍ਰਸ਼ਨ ਉਤਰ ਕਰਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਸਾਡਾ ਦਿਮਾਗ ਚੱਲਦਾ ਜਾਂ ਕੰਮ ਕਰਦਾ ਹੈ l ਬੰਦ ਦਿਮਾਗ ਨੂੰ ਕੰਮ ਤੇ ਲਾਉਣਾ ਹੀ ਮੇਰਾ ਮਕਸਦ ਹੈ l ਜੋ ਪ੍ਰਸ਼ਨ ਆਉਂਦੇ ਹਨ ਉਨ੍ਹਾਂ ਵਾਰੇ ਕੋਸ਼ਿਸ਼ ਰਹਿੰਦੀ ਹੈ ਕਿ ਨਾਲ ਦੀ ਨਾਲ ਹੀ ਉਤਰ ਦਿੱਤਾ ਜਾਵੇ l
ਇੱਕ ਕਾਫੀ ਦੋਸਤਾਂ ਦਾ ਵਾਰ ਵਾਰ ਪ੍ਰਸ਼ਨ ਆਇਆ l ਮੈਂ ਸੋਚਿਆ ਕਿ ਇਹ ਜਿਆਦਾ ਦੋਸਤਾਂ ਨਾਲ ਸਬੰਧਤ ਹੈ ਇਸ ਕਰਕੇ ਆਰਟੀਕਲ ਦੇ ਰੂਪ ਵਿੱਚ ਜਵਾਬ ਦੇ ਦਿੰਦਾ ਹਾਂ l
ਪ੍ਰਸ਼ਨ :- ਮੈਂ ਦਸ ਜਮਾਤਾਂ ਪੜ੍ਹੇ ਹੋਣ ਦੇ ਬਾਵਯੂਦ ਅੰਗਰੇਜ਼ੀ ਕਿਸ ਤਰ੍ਹਾਂ ਸਿੱਖੀ ?
ਉੱਤਰ :- ਜਦੋਂ ਮੈਨੂੰ ਪਤਾ ਲੱਗਾ ਕਿ ਦਸਵੀਂ ਤੋਂ ਅੱਗੇ ਮੈਂ ਪੜ੍ਹ ਨਹੀਂ ਸਕਾਂਗਾ ਤਾਂ ਮੈਂ ਘਰ ਹੀ ਦੋ ਸ਼ਬਦ ਹਰ ਰੋਜ਼ ਅੰਗਰੇਜ਼ੀ ਦੇ ਸਿੱਖਣੇ ਸ਼ੁਰੂ ਕੀਤੇ l ਇੱਕ ਸ਼ਬਦ ਦੇ ਦੋ ਪੰਨੇ ਹਰ ਰੋਜ਼ ਲਿਖਦਾ ਹੁੰਦਾ ਸੀ l ਉਸ ਨਾਲ ਮੈਨੂੰ ਅੰਗਰੇਜ਼ੀ ਲਿਖਣ ਵਿੱਚ ਮੁਹਾਰਤ ਹਾਸਲ ਹੋਈ l ਸ਼ਬਦਾਂ ਦੇ ਸਪੈਲਿੰਗ ਯਾਦ ਹੋ ਗਏ ਅਤੇ ਸ਼ਬਦਾਂ ਦੇ ਅਰਥ ਪਤਾ ਲੱਗੇ l ਇਕੋ ਸ਼ਬਦ ਦੋ ਪੰਨਿਆਂ ਤੇ ਲਿਖਣ ਕਰਕੇ ਉਸ ਦੇ ਸਪੈਲਿੰਗ ਤੇ ਅਰਥ ਵੀ ਦੁਬਾਰਾ ਭੁੱਲਦੇ ਨਹੀਂ ਸਨ l ਇਸ ਤਰਾਂ ਸਾਲ ਵਿੱਚ ਤਕਰੀਬਨ 700 ਤੋਂ ਵੱਧ ਸ਼ਬਦ ਯਾਦ ਹੋ ਜਾਂਦੇ ਸੀ l ਇਹ ਕੰਮ ਨਿਊਜ਼ੀਲੈਂਡ ਵਿੱਚ ਆ ਕੇ ਵੀ ਜਾਰੀ ਰੱਖਿਆ l ਥੋੜ੍ਹੇ ਸਾਲਾਂ ਵਿੱਚ ਹੀ ਕਈ ਹਜ਼ਾਰ ਸ਼ਬਦ ਮੈਂ ਸਿੱਖ ਗਿਆ l ਸੱਤਵੀਂ ਜਮਾਤ ਵਿੱਚ ਮੇਰੇ ਅਧਿਆਪਕ ਨੇ ਸਕੂਲ ਵਿੱਚ ਪੜ੍ਹਾਉਂਦਿਆਂ ਹੈ, ਹਾਂ, ਹਨ, ਸੀ, ਸਨ, ਰੱਖਦਾ ਹਾਂ, ਰੱਖਦੇ ਹਾਂ, ਰੱਖਦਾ ਸੀ (is, am, are, was, were, has, have, had) ਦੀ ਵਰਤੋਂ ਕਰਨੀ ਸਿਖਾ ਦਿੱਤੀ ਸੀ l ਵੱਖ ਵੱਖ ਕਾਲਾਂ (Tenses) ਦੀ ਵਰਤੋਂ ਮੈਂ ਅੱਠਵੀਂ ਵਿੱਚ ਸਿੱਖ ਲਈ ਸੀ ਜਿਸ ਨਾਲ ਪੰਜਾਬੀ ਤੋਂ ਅੰਗਰੇਜ਼ੀ ਬਣਾਉਣਾ ਮੇਰੇ ਲਈ ਸੌਖਾ ਹੋ ਗਿਆ ਸੀ l ਸੱਤਵੀਂ ਜਮਾਤ ਤੋਂ ਬਾਦ ਜਿੰਨੇ ਵੀ ਅੰਗਰੇਜ਼ੀ ਵਿੱਚ ਲੇਖ ਲਿਖਣੇ ਸਿੱਖੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਘੋਟਾ ਲਗਾ ਕੇ ਨਹੀਂ ਸਿੱਖਿਆ ਸੀ l ਲੇਖ ਪੰਜਾਬੀ ਵਿੱਚ ਪੜ੍ਹ ਕੇ ਅੰਗਰੇਜ਼ੀ ਬਣਾ ਦਿੱਤੀ ਤੇ ਉਸ ਨਾਲ ਹੀ ਉਹ ਅੰਗਰੇਜ਼ੀ ਦਾ ਲੇਖ ਬਣ ਗਿਆ l ਫਿਰ ਉਸ ਦਾ ਹੋਰ ਫਾਇਦਾ ਹੋਇਆ ਕਿ ਘੋਟਾ ਲਾਈ ਅੰਗਰੇਜ਼ੀ ਭੁੱਲ ਜਾਂਦੀ ਹੈ ਪਰ ਇਸ ਤਰਾਂ ਸਿੱਖੀ ਨਹੀਂ l ਮੈਂ ਨਿਊਜ਼ੀਲੈਂਡ ਆਉਣ ਵੇਲੇ ਡਿਕਸ਼ਨਰੀ ਅਤੇ ਸਪੀਕਿੰਗ ਕੋਰਸ ਦੀਆਂ ਕਿਤਾਬਾਂ ਨਾਲ ਲੈ ਆਇਆ ਸੀ l ਉਨ੍ਹਾਂ ਤੋਂ ਮੱਦਦ ਹਾਸਲ ਕੀਤੀ l ਕੁੱਝ ਅੰਗਰੇਜ਼ੀ ਗੋਰਿਆਂ ਨਾਲ ਗੱਲ ਕਰਕੇ ਸਿੱਖੀ l
ਜਦੋਂ ਮੈਂ 1989 ਵਿੱਚ ਨਿਊਜ਼ੀਲੈਂਡ ਪਹੁੰਚਾ ਤਾਂ ਉਸ ਵੇਲੇ ਵੱਡਾ ਮਸਲਾ ਇਹ ਸੀ ਕਿ ਗੋਰਿਆਂ ਦੇ ਬੋਲਣ ਦਾ ਢੰਗ ਸਾਡੇ ਨਾਲੋਂ ਬਿਲਕੁਲ ਵੱਖਰਾ ਸੀ l ਉਸ ਨੂੰ ਸਮਝ ਆਉਣ ਵਿੱਚ ਕੁੱਝ ਸਮਾਂ ਲੱਗਾ l ਭਾਰਤ ਵਿੱਚ ਆਪਾਂ ਕੰਪਿਊਟਰ ਕਹਿੰਦੇ ਹਾਂ ਤੇ ਇਥੇ ਇਸ ਨੂੰ ਕੰਪਿਉਠਾ ਬੋਲਦੇ ਹਨ l ਪਾਣੀ ਨੂੰ ਆਪਾਂ ਵਾਟਰ ਕਹਿੰਦੇ ਹਾਂ ਤੇ ਇਥੇ ਵੋਠਾ ਕਹਿੰਦੇ ਹਨ l
ਕੁੱਝ ਸਾਲਾਂ ਬਾਦ ਮੇਰੀ ਅੰਗਰੇਜ਼ੀ ਲਿਖਣ ਦੀ ਰਫਤਾਰ ਪੰਜਾਬੀ ਜਿੰਨੀਂ ਹੋ ਗਈ ਸੀ l ਹੁਣ ਮੈਂ ਤਕਰੀਬਨ 97% ਇਥੇ ਦੇ ਵਾਸੀਆਂ ਨਾਲੋਂ ਵਧੀਆ ਅੰਗਰੇਜ਼ੀ ਲਿਖ ਲੈਂਦਾ ਹਾਂ l ਆਰਟੀਕਲਾਂ ਵਿੱਚ ਮੈਂ ਜਾਣ ਬੁਝ ਕੇ ਦੇਸੀ ਪੰਜਾਬੀ ਲਿਖਦਾ ਹਾਂ ਤਾਂ ਕਿ ਸਭ ਦੀ ਸਮਝ ਵਿੱਚ ਆ ਜਾਵੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ