-ਆਪਣੇ ਤਜਰਬੇ ਤੇ ਅਧਾਰਤ
ਬਹੁਤੇ ਲੋਕਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਚੰਗੀਆਂ ਲਗਦੀਆਂ ਹਨ l ਉਨ੍ਹਾਂ ਨੂੰ ਲਗਦਾ ਹੈ ਕਿ ਸਾਨੂੰ ਇਸ ਮੁਫ਼ਤ ਮਿਲੀ ਚੀਜ਼ ਦੀ ਕੋਈ ਕੀਮਤ ਨਹੀਂ ਚੁਕਾਉਣੀ ਪੈਂਦੀ l ਅਸਲ ਵਿੱਚ ਕੋਈ ਵੀ ਚੀਜ਼ ਦੁਨੀਆਂ ਵਿੱਚ ਮੁਫ਼ਤ ਨਹੀਂ ਮਿਲਦੀ l ਉਸ ਦੀ ਕੀਮਤ ਤੁਸੀਂ ਪਹਿਲਾਂ ਹੀ ਚੁਕਾ ਚੁੱਕੇ ਹੁੰਦੇ ਹੋ ਜਾਂ ਤੁਹਾਡੀ ਅਗਲੀ ਪੀੜ੍ਹੀ ਨੇ ਚੁਕਾਉਣੀ ਹੁੰਦੀ ਹੈ ਅਤੇ ਬਹੁਤ ਹਾਲਤਾਂ ਵਿੱਚ ਤੁਸੀਂ ਮੁਫ਼ਤ ਦੀ ਕੀਮਤ ਵਿਆਜ ਸਮੇਤ ਚੁਕਾਉਂਦੇ ਹੋ l
ਸਮੇਂ ਸਮੇਂ ਸਰਕਾਰਾਂ ਤੁਹਾਨੂੰ ਮੁਫ਼ਤ ਦੀਆਂ ਚੀਜ਼ਾਂ ਦੇ ਲਾਰੇ ਲਗਾਉਂਦੀਆਂ ਹਨ l ਸਰਕਾਰ ਕੋਲ ਪੈਸਾ ਲੋਕਾਂ ਦੇ ਤਾਰੇ ਟੈਕਸ ਦਾ ਹੁੰਦਾ ਹੈ ਜਾਂ ਸਰਕਾਰਾਂ ਕਰਜ਼ਾ ਚੁੱਕ ਕੇ ਤੁਹਾਨੂੰ ਮੁਫ਼ਤ ਚੀਜ਼ਾਂ ਦਿੰਦੀਆਂ ਹਨ l ਕਈ ਵਾਰ ਉਸ ਕਰਜ਼ੇ ਦਾ ਵਿਆਜ਼ ਵੀ ਬਹੁਤ ਮਹਿੰਗਾ ਹੁੰਦਾ ਹੈ l ਉਹ ਸਾਰਾ ਪੈਸਾ ਤੁਸੀਂ ਜਾਂ ਤੁਹਾਡੀ ਅਗਲੀ ਪੀੜ੍ਹੀ ਨੇ ਉਤਾਰਨਾ ਹੁੰਦਾ ਹੈ l ਭਾਵ ਤੁਸੀਂ ਵੀ ਗੁਲਾਮਾਂ ਵਾਲੀ ਜਿੰਦਗੀ ਗੁਜ਼ਾਰਦੇ ਹੋ ਅਤੇ ਤੁਹਾਡੀ ਅਗਲੀ ਪੀੜ੍ਹੀ ਵੀ ਗੁਲਾਮ ਹੀ ਪੈਦਾ ਹੁੰਦੀ ਹੈ l ਜਦੋਂ ਮੁਲਕ ਕੋਲੋਂ ਕਰਜ਼ਾ ਜਾਂ ਉਸ ਦਾ ਵਿਆਜ਼ ਨਹੀਂ ਮੋੜ ਹੁੰਦਾ ਤਾਂ ਕਰਜ਼ਾ ਦੇਣ ਵਾਲਾ ਆਪਣੀ ਮਰਜ਼ੀ ਦੀਆਂ ਨੀਤੀਆਂ ਤੁਹਾਡੀ ਸਰਕਾਰ ਕੋਲੋਂ ਲਾਗੂ ਕਰਵਾਉਂਦਾ ਹੈ l ਸਰਕਾਰਾਂ ਸਰਮਾਏਦਾਰ ਚੁਣਦੇ ਹਨ ਅਤੇ ਤੁਸੀਂ ਸਿਰਫ ਵੋਟਾਂ ਵੇਲੇ ਇੱਕ ਦੂਜੇ ਨਾਲ ਲੜ ਕੇ ਆਪਣਾ ਭਾਈਚਾਰਾ ਖਰਾਬ ਕਰਦੇ ਹੋ l ਉਨ੍ਹਾਂ ਨੀਤੀਆਂ ਦਾ ਮਕਸਦ ਹੀ ਆਮ ਇਨਸਾਨਾਂ ਨੂੰ ਲੁੱਟਣਾ ਹੁੰਦਾ ਹੈ l
ਸਰਕਾਰ ਕੋਲੋਂ ਸਿਰਫ ਸਸਤਾ ਜਾਂ ਮੁਫ਼ਤ ਮੈਡੀਕਲ, ਸਿੱਖਿਆ ਅਤੇ ਨੌਕਰੀ ਦੀ ਮੰਗ ਕਰਨੀ ਚਾਹੀਦੀ ਹੈ l ਬਾਕੀ ਚੀਜ਼ਾਂ ਇਨਸਾਨ ਖੁਦ ਪੈਦਾ ਕਰ ਸਕਦਾ ਹੈ l
ਨਿਊਜ਼ੀਲੈਂਡ ਦੇ ਮੂਲਵਾਸੀ ਜਿਨ੍ਹਾਂ ਨੂੰ ਮਾਓਰੀ ਕਿਹਾ ਜਾਂਦਾ ਹੈ ਨੂੰ ਗੋਰਿਆਂ ਦੁਆਰਾ ਡੌਲ ਦੀ ਆਦਤ ਪਾਈ ਗਈ l ਡੌਲ ਹਰ ਹਫ਼ਤੇ ਬੇਰੁਜ਼ਗਾਰਾਂ ਨੂੰ ਮਿਲਣ ਵਾਲੇ ਭੱਤੇ ਨੂੰ ਕਹਿੰਦੇ ਹਨ l ਵੈਸੇ ਨਿਊਜ਼ੀਲੈਂਡ ਦੇ ਸਾਰੇ ਸਿਟੀਜ਼ਨਾਂ ਜਾਂ ਰੇਸੀਡੈਂਟ (ਪੱਕੇ ਲੋਕਾਂ ਨੂੰ) ਇਹ ਸਹੂਲਤ ਮਿਲਦੀ ਹੈ ਜਿਨ੍ਹਾਂ ਕੋਲ ਕੋਈ ਨੌਕਰੀ ਨਾ ਹੋਵੇ l ਇਹ ਡੌਲ ਲੋਕਾਂ ਦੁਆਰਾ ਤਾਰੇ ਟੈਕਸ ਵਿੱਚੋਂ ਦਿੱਤੀ ਜਾਂਦੀ ਹੈ l
ਦੇਖਣ ਨੂੰ ਇਹ ਗੱਲ ਬਹੁਤ ਵਧੀਆ ਲਗਦੀ ਹੈ ਪਰ ਕੁੱਝ ਸਮਾਂ ਲੋਕ ਜਦੋਂ ਡੌਲ ਦੇ ਸਹਾਰੇ ਰਹਿੰਦੇ ਹਨ ਤਾਂ ਉਹ ਵਿਹਲੇ ਰਹਿਣਾ ਪਸੰਦ ਕਰਦੇ ਹਨ ਭਾਵ ਉਨ੍ਹਾਂ ਦਾ ਦਿਲ ਕੰਮ ਕਰਨ ਨੂੰ ਨਹੀਂ ਕਰਦਾ l ਉਹ ਸੋਚਦੇ ਹਨ ਕਿ ਖਾਣ ਪੀਣ ਜੋਗੇ ਪੈਸੇ ਤਾਂ ਮਿਲ ਹੀ ਜਾਣੇ ਹਨ l
ਡੌਲ ਦੇ ਪੈਸੇ ਕੋਈ ਬਹੁਤ ਜਿਆਦਾ ਨਹੀਂ ਮਿਲਦੇ l ਭਾਵ ਉਨ੍ਹਾਂ ਪੈਸਿਆਂ ਨਾਲ ਤੁਸੀਂ ਬੜੀ ਮੁਸ਼ਕਲ ਨਾਲ ਗਰੀਬੀ ਹਾਲਤ ਵਾਲਾ ਜੀਵਨ ਗੁਜ਼ਾਰ ਸਕਦੇ ਹੋ l ਉਨ੍ਹਾਂ ਦੇ ਬੱਚੇ ਵੀ ਗਰੀਬੀ ਹਾਲਤ ਵਿੱਚ ਪਲਦੇ ਹਨ l
ਉਨ੍ਹਾਂ ਦੀਆਂ ਪੀੜ੍ਹੀਆਂ ਨਸ਼ੇ ਦੀਆਂ ਗੁਲਾਮ ਹੋ ਜਾਂਦੀਆਂ ਹਨ l ਕਈ ਲੋਕ ਉਨ੍ਹਾਂ ਨੂੰ ਬੀਅਰ ਜਾਂ ਸ਼ਰਾਬ ਪਿਲਾ ਕੇ ਹੀ ਆਪਣਾ ਕਾਫੀ ਕੀਮਤ ਦਾ ਕੰਮ ਕਰਵਾ ਲੈਂਦੇ ਹਨ l ਉਹ ਮੁਫ਼ਤ ਦੀ ਬੀਅਰ ਪੀ ਕੇ ਹੀ ਧੰਨਵਾਦ ਧੰਨਵਾਦ ਕਰਦੇ ਫਿਰਦੇ ਹਨ l ਉਨ੍ਹਾਂ ਕੋਲ ਆਪਣਾ ਘਰ ਖਰੀਦਣ ਲਈ ਪੈਸੇ ਵੀ ਨਹੀਂ ਬਚਦੇ l ਕਈਆਂ ਕੋਲ ਕਿਰਾਏ ਵਾਲਾ ਘਰ ਵੀ ਨਹੀਂ ਹੁੰਦਾ l ਕਦੇ ਉਹ ਲੋਕ ਜ਼ਮੀਨਾਂ ਦੇ ਮਾਲਕ ਹੁੰਦੇ ਸੀ l ਕਈ ਗੋਰੇ ਵੀ ਇਸ ਤਰਾਂ ਦੀ ਆਦਤ ਪਾ ਲੈਂਦੇ ਹਨ l
ਕਿਸੇ ਵੀ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਜਾਂ ਘਰ ਖਰੀਦਣ ਲਈ ਬੈਂਕ ਤੋਂ ਕਰਜ਼ੇ ਦੀ ਲੋੜ ਪੈਂਦੀ ਹੈ l ਡੌਲ ਤੇ ਗੁਜ਼ਾਰਾ ਕਰਨ ਵਾਲੇ ਵਿਅਕਤੀ ਨੂੰ ਕੋਈ ਵੀ ਬੈਂਕ ਕਰਜ਼ਾ ਦੇਣ ਨੂੰ ਤਿਆਰ ਨਹੀਂ ਹੁੰਦੀ ਅਤੇ ਉਹ ਵਿਅਕਤੀ ਸਾਰੀ ਉਮਰ ਗੁਲਾਮਾਂ ਵਾਲੀ ਜਿੰਦਗੀ ਜਿਉਣ ਲਈ ਮਜ਼ਬੂਰ ਹੁੰਦਾ ਹੈ l
ਹੁਣ ਇਸ ਦੇ ਮੁਕਾਬਲੇ ਭਾਰਤੀਆਂ ਜਾਂ ਪੰਜਾਬੀਆਂ ਨੂੰ ਦੇਖੋ ਜੋ ਪੰਜਾਬ ਛੱਡ ਕੇ ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਆਉਂਦੇ ਹਨ l ਉਨ੍ਹਾਂ ਵਿੱਚੋਂ ਕਈ ਬਹੁਤ ਘੱਟ ਪੜ੍ਹੇ ਲਿਖੇ ਹੁੰਦੇ ਹਨ ਜੋ ਅੰਗਰੇਜ਼ੀ ਬੋਲ ਨਹੀਂ ਸਕਦੇ, ਉਨ੍ਹਾਂ ਕੋਲ ਵਰਕ ਪਰਮਿਟ ਨਹੀਂ ਹੁੰਦਾ, ਰਹਿਣ ਨੂੰ ਘਰ ਨਹੀਂ ਹੁੰਦਾ, ਕੋਲ ਬਹੁਤੇ ਪੈਸੇ ਨਹੀਂ ਹੁੰਦੇ, ਕਾਰ ਵੀ ਚਲਾਉਣੀ ਨਹੀਂ ਆਉਂਦੀ, ਕਈ ਵਾਰ ਕਿਸੇ ਕਿੱਤੇ ਵਿੱਚ ਮੁਹਾਰਤ ਵੀ ਹਾਸਲ ਨਹੀਂ ਹੁੰਦੀ l ਕੱਚੇ ਹੋਣ ਕਰਕੇ ਉਨ੍ਹਾਂ ਨੂੰ ਡੌਲ ਵੀ ਨਹੀਂ ਮਿਲਦੀ ਭਾਵ ਉਨ੍ਹਾਂ ਪੰਜਾਬੀਆਂ ਨੂੰ ਨਿਊਜ਼ੀਲੈਂਡ ਪਹੁੰਚਣ ਵੇਲੇ ਕੁੱਝ ਵੀ ਮੁਫ਼ਤ ਨਹੀਂ ਮਿਲਦਾ, ਉਨ੍ਹਾਂ ਇਮੀਗ੍ਰੇਸ਼ਨ ਮਹਿਕਮੇ ਦੀਆਂ ਫੀਸਾਂ ਅਤੇ ਵਕੀਲਾਂ ਦੀਆਂ ਫੀਸਾਂ ਵੀ ਤਾਰਨੀਆਂ ਹੁੰਦੀਆਂ ਹਨ ਅਤੇ ਪੜ੍ਹਾਈ ਅਤੇ ਮੈਡੀਕਲ ਵੀ ਮੁਫ਼ਤ ਨਹੀਂ ਮਿਲਦਾ l ਇਸ ਦੇ ਨਾਲ ਨਾਲ ਉਨ੍ਹਾਂ ਪੰਜਾਬੀਆਂ ਸਿਰ ਕਰਜ਼ਾ ਹੁੰਦਾ ਹੈ ਜੋ ਉਹ ਚੁੱਕ ਕੇ ਨਿਊਜ਼ੀਲੈਂਡ ਆਏ ਹੁੰਦੇ ਹਨ l ਭਾਵ ਉਨ੍ਹਾਂ ਨੂੰ ਜ਼ਮੀਨੀ ਪੱਧਰ ਤੋਂ ਉੱਪਰ ਨਹੀਂ ਉੱਠਣਾ ਪੈਂਦਾ ਸਗੋਂ ਉਨ੍ਹਾਂ ਨੂੰ ਸਿਰ ਕਰਜ਼ਾ ਹੋਣ ਕਰਕੇ ਟੋਏ ਵਿੱਚੋਂ ਉੱਠਣਾ ਪੈਂਦਾ ਹੈ l ਉਨ੍ਹਾਂ ਨੂੰ ਜ਼ਮੀਨ ਪੱਧਰ (ground level) ਤੇ ਆਉਣ ਲਈ ਵੀ ਕਾਫੀ ਸੰਘਰਸ਼ ਕਰਨਾ ਪੈਂਦਾ ਹੈ l
ਇਸ ਸਭ ਦੇ ਬਾਵਯੂਦ ਉਹ ਪੰਜਾਬੀ ਹੌਂਸਲਾ ਨਹੀਂ ਛੱਡਦੇ l ਦੱਬ ਕੇ ਮਿਹਨਤ ਕਰਦੇ ਹਨ, ਪੈਸਾ ਕਮਾਉਂਦੇ ਹਨ, ਪਿਛਲਾ ਕਰਜ਼ਾ ਲਾਹੁੰਦੇ ਹਨ, ਹੋਰ ਪੈਸਾ ਜ਼ਮਾਂ ਕਰਦੇ ਹਨ, ਆਪਣਾ ਵਿਆਹ ਕਰਵਾਉਂਦੇ ਹਨ, ਆਪਣੇ ਪਰਿਵਾਰਾਂ ਨੂੰ ਇਥੇ ਬੁਲਾਉਂਦੇ ਹਨ, ਕਾਰਾਂ ਖਰੀਦਦੇ ਹਨ, ਘਰ ਖਰੀਦਦੇ ਹਨ, ਆਪਣੇ ਕਾਰੋਬਾਰ ਖਰੀਦਦੇ ਹਨ ਅਤੇ ਫਿਰ ਹੋਰ ਲੋਕਾਂ ਨੂੰ ਆਪਣੇ ਕਾਰੋਬਾਰਾਂ ਵਿੱਚ ਨੌਕਰੀਆਂ ਦਿੰਦੇ ਹਨ, ਟੂਰਨਾਮੈਂਟ ਕਰਵਾਉਂਦੇ ਹਨ, ਆਪਣੇ ਧਾਰਮਿਕ ਅਸਥਾਨ ਉਸਾਰਦੇ ਹਨ, ਪਾਰਲੀਮੈਂਟ ਦਾ ਹਿੱਸਾ ਬਣਦੇ ਹਨ ਅਤੇ ਹੋਰ ਕਮਿਊਨਟੀ ਵਿੱਚ ਲੋਕ ਪੱਖੀ ਕੰਮ ਵੀ ਕਰਦੇ ਹਨ l ਇਸ ਸਭ ਵਿੱਚ ਉਨ੍ਹਾਂ ਪੰਜਾਬੀਆਂ ਨੂੰ ਮੁਫ਼ਤ ਕੁੱਝ ਵੀ ਨਹੀਂ ਮਿਲਦਾ l ਬੈਂਕਾਂ ਵੀ ਉਨ੍ਹਾਂ ਦੀ ਆਮਦਨ ਦੇਖ ਕੇ ਕਰਜ਼ਾ ਦੇ ਦਿੰਦੀਆਂ ਹਨ l
ਦੂਜੇ ਪਾਸੇ ਜਿਹੜੇ ਲੋਕਾਂ ਨੂੰ ਸਰਕਾਰ ਨੇ ਇਥੇ ਮੁਫ਼ਤ ਦੀ ਆਦਤ ਪਾਈ ਹੈ ਉਨ੍ਹਾਂ ਵਿੱਚ ਬਹੁਤਿਆਂ ਕੋਲ ਆਪਣੇ ਮੁੱਲ ਦੇ ਘਰ ਨਹੀਂ ਹਨ, ਕਈਆਂ ਕੋਲ ਕਿਰਾਏ ਦੇ ਘਰ ਵੀ ਨਹੀਂ ਹਨ ਅਤੇ ਉਪਰੋਕਤ ਸਭ ਸਹੂਲਤਾਂ ਤੋਂ ਵੀ ਉਹ ਵਾਂਝੇ ਹਨ l ਇਹ ਮੁਫ਼ਤ ਚੀਜ਼ਾਂ ਲੈਣ ਦੀ ਆਦਤ ਦਾ ਨਤੀਜਾ ਹੈ ਜੋ ਹਰ ਇੱਕ ਨੂੰ ਭੁਗਤਣਾ ਪੈਂਦਾ ਹੈ l
ਨਿਊਜ਼ੀਲੈਂਡ ਵਿੱਚ ਇਸ ਸਮੇਂ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੇਘਰ (Homeless) ਹਨ l ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਵਿੱਚ ਕੋਈ ਵੀ ਪੰਜਾਬੀ ਨਹੀਂ ਹੈ l ਉਸ ਦਾ ਕਾਰਣ ਇਹੀ ਹੈ ਕਿ ਇਥੇ ਪੰਜਾਬੀਆਂ ਨੇ ਮੁਫ਼ਤ ਦੀ ਆਦਤ ਨਹੀਂ ਪਾਈ ਹੈ l ਉਨ੍ਹਾਂ ਬੇਘਰ ਲੋਕਾਂ ਵਿੱਚ ਕੋਈ ਵੀ ਵਿਅਕਤੀ ਪਾਕਿਸਤਾਨ ਤੋਂ ਨਹੀਂ, ਅਰਬ ਮੁਲਕਾਂ ਤੋਂ ਨਹੀਂ, ਬੰਗਲਾ ਦੇਸ਼ ਤੋਂ ਨਹੀਂ, ਸ੍ਰੀ ਲੰਕਾ ਤੋਂ ਨਹੀਂ ਅਤੇ ਫੀਜੀ ਤੋਂ ਨਹੀਂ ਹੈ l ਭਾਵ ਜਿਹੜੇ ਮੁਲਕਾਂ ਵਿੱਚ ਕੰਮ ਕਰਕੇ ਪੈਸੇ ਕਮਾਉਣ ਦੀ ਆਦਤ ਹੈ ਉਹ ਲੋਕ ਇਥੇ ਵੀ ਹੋਮਲੈੱਸ ਨਹੀਂ ਹਨ l
ਨਿਊਜ਼ੀਲੈਂਡ ਵਿੱਚ ਲੌਟੋ ਜੋ ਲਾਟਰੀ ਦੀ ਤਰਾਂ ਹੈ ਜਿਸ ਵਿੱਚ ਲੋਕ ਟਿਕਟ ਲੈ ਕੇ ਇਨਾਮ ਜਿੱਤਦੇ ਹਨ l ਕਈ ਇਨਾਮ ਮਿਲੀਅਨਾਂ ਡਾਲਰਾਂ ਵਿੱਚ ਹੁੰਦੇ ਹਨ l ਉਹ ਮਿਲੀਅਨਾਂ ਡਾਲਰ ਜਿੱਤਣ ਵਾਲੇ ਲੋਕਾਂ ਵਿੱਚੋਂ ਤਕਰੀਬਨ 95% ਲੋਕ ਪੰਜ ਛੇ ਸਾਲਾਂ ਬਾਦ ਫਿਰ ਪਹਿਲਾਂ ਵਾਂਗ ਗਰੀਬੀ ਦੀ ਹਾਲਤ ਵਿੱਚ ਆ ਜਾਂਦੇ ਹਨ l ਉਸ ਦਾ ਵੀ ਕਾਰਣ ਇਹ ਹੀ ਹੈ ਕਿ ਲਾਟਰੀ ਦੇ ਪੈਸੇ ਜਿੱਤਣ ਲਈ ਉਨ੍ਹਾਂ ਕੋਈ ਖਾਸ ਮਿਹਨਤ ਨਹੀਂ ਕੀਤੀ ਹੁੰਦੀ ਅਤੇ ਨਾ ਹੀ ਜਿੱਤਣ ਦੌਰਾਨ ਉਨ੍ਹਾਂ ਕੁੱਝ ਸਿੱਖਿਆ ਹੁੰਦਾ ਹੈ l ਇਸੇ ਕਾਰਣ ਉਹ ਕੁੱਝ ਸਾਲਾਂ ਬਾਦ ਆਪਣੀ ਪਹਿਲੀ ਪੁਜੀਸ਼ਨ ਵਿੱਚ ਆ ਜਾਂਦੇ ਹਨ ਭਾਵ ਗਰੀਬੀ ਹਾਲਤ ਵਿੱਚ ਆ ਜਾਂਦੇ ਹਨ l
ਜਿਸ ਵੇਲੇ ਤੁਸੀਂ ਪੈਸਾ ਕਮਾਉਣ ਲਈ ਕੰਮ ਕਰਦੇ ਹੋ ਜਾਂ ਬਿਜਨੇਸ ਕਰਦੇ ਹੋ ਤਾਂ ਇਸ ਦੌਰਾਨ ਤੁਹਾਨੂੰ ਬਹੁਤ ਚੀਜ਼ਾਂ ਬਾਰੇ ਤਜਰਬਾ ਵੀ ਪ੍ਰਾਪਤ ਹੁੰਦਾ ਹੈ l ਤੁਸੀਂ ਇਕੱਲਾ ਪੈਸਾ ਪ੍ਰਾਪਤ ਨਹੀਂ ਕਰਦੇ ਉਸ ਨਾਲ ਤਜਰਬਾ ਵੀ ਹਾਸਲ ਕਰਦੇ ਹੋ l ਜੇਕਰ ਕਿਸੇ ਵਜ੍ਹਾ ਕਰਕੇ ਤੁਸੀਂ ਉਹ ਪੈਸਾ ਗੁਆ ਲੈਂਦੇ ਹੋ ਤਾਂ ਤੁਸੀਂ ਦੁਬਾਰਾ ਉਹ ਪੈਸਾ ਪਹਿਲਾਂ ਨਾਲੋਂ ਜਲਦੀ ਕਮਾ ਲਵੋਗੇ ਕਿਉਂਕਿ ਜਦੋਂ ਤੁਸੀਂ ਦੁਬਾਰਾ ਸ਼ੁਰੂਆਤ ਕਰਨੀ ਹੁੰਦੀ ਹੈ ਤਾਂ ਤਜਰਬਾ ਤੁਹਾਡੇ ਕੋਲ ਪਹਿਲਾਂ ਹੀ ਹੁੰਦਾ ਹੈ l
ਅੱਜ ਦੇ ਸੰਦਰਭ ਵਿੱਚ ਮੁਫ਼ਤ ਦੀਆਂ ਸਹੂਲਤਾਂ ਪਿੱਛੇ ਬਹੁਤ ਧਿਰਾਂ ਸੋਸ਼ਲ ਮੀਡੀਆ ਤੇ ਇੱਕ ਦੂਜੇ ਨਾਲ ਤੱਤੀਆਂ ਹੁੰਦੀਆਂ ਰਹਿੰਦੀਆਂ ਹਨ l ਉਨ੍ਹਾਂ ਸਭ ਨੂੰ ਸ਼ਾਂਤੀ ਰੱਖ ਕੇ ਸੋਚ ਵਿਚਾਰ ਕਰਨ ਦੀ ਲੋੜ ਹੈ ਅਤੇ ਲੰਬੇ ਸਮੇਂ ਤੱਕ ਹੋਣ ਵਾਲੇ ਅਸਰ ਨੂੰ ਵਿਚਾਰਨ ਦੀ ਲੋੜ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੇ ਮਾਣ ਕਰ ਸਕਣ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਪੜ੍ਹਾਈ ਕਰਨਾ ਗੁਲਾਮੀ ਤੋਂ ਮੁਕਤੀ ਦਾ ਰਾਹ ਹੈ l ਮੇਰੇ ਘਰ ਵਿੱਚ ਬਣੀ ਲਾਇਬਰੇਰੀ ਜਿੱਥੋਂ ਪਾਠਕ ਮੁਫ਼ਤ ਪੜ੍ਹਨ ਲਈ ਕਿਤਾਬਾਂ ਲਿਜਾ ਸਕਦੇ ਹਨ ਅਤੇ ਪੂਰੇ ਨਿਊਜ਼ੀਲੈਂਡ ਵਿੱਚ ਮੇਰੇ ਵਲੋਂ ਮੁਫ਼ਤ ਕਿਤਾਬਾਂ ਪੜ੍ਹਨ ਲਈ ਭੇਜੀਆਂ ਜਾਂਦੀਆਂ ਹਨ l ਪੂਰੇ ਨਿਊਜ਼ੀਲੈਂਡ ਵਾਸਤੇ ਮੁਫ਼ਤ ਫੋਨ 0800MANAVTA ਜਾਂ 08006262882