-ਆਪਣੇ ਵਿਚਾਰਾਂ ਤੇ ਅਧਾਰਤ
ਜਿੰਦਗੀ ਇੱਕ ਸੰਘਰਸ਼ ਹੈ l ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਨੂੰ ਕੁੱਝ ਸੌਖਾ ਜਾਂ ਕੀਤਾ ਕਰਾਇਆ ਮਿਲ ਜਾਵੇਗਾ ਕਿਉਂਕਿ ਇਸ ਤਰਾਂ ਮਿਲਦਾ ਨਹੀਂ ਹੈ l ਜੇਕਰ ਬਿਨਾਂ ਹਿੰਮਤ ਕੀਤਿਆਂ ਮਿਲ ਵੀ ਜਾਵੇ ਤਾਂ ਵੀ 99% ਲੋਕ ਉਸ ਨੂੰ ਗੁਆ ਲੈਂਦੇ ਹਨ l ਉਸ ਦੀ ਵਜ੍ਹਾ ਹੈ ਕਿ ਜਦੋਂ ਵੀ ਤੁਸੀਂ ਕੁੱਝ ਪ੍ਰਾਪਤੀ ਲਈ ਸੰਘਰਸ਼ ਕਰਦੇ ਹੋ ਤਾਂ ਨਾਲੋਂ ਨਾਲ ਤੁਹਾਨੂੰ ਉਸ ਸਫ਼ਰ ਦਾ ਤਜਰਬਾ ਹੁੰਦਾ ਹੈ l ਰਾਹ ਵਿੱਚ ਆਈਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਤਰੀਕਾ ਤੁਸੀਂ ਸਿੱਖਦੇ ਹੋ l ਜੇਕਰ ਉਸ ਸਫ਼ਰ ਤੋਂ ਬਾਦ ਕੀਤੀ ਪ੍ਰਾਪਤੀ ਨੂੰ ਤੁਸੀਂ ਕਿਤੇ ਗੁਆ ਵੀ ਦਿੰਦੇ ਹੋ ਤਾਂ ਤੁਸੀਂ ਦੁਬਾਰਾ ਜਲਦੀ ਫਿਰ ਪ੍ਰਾਪਤ ਕਰ ਲੈਂਦੇ ਹੋ ਕਿਉਂਕਿ ਤੁਹਾਡਾ ਤਜਰਬਾ ਤੁਹਾਡੇ ਕੋਲ ਹੁੰਦਾ ਹੈ l
ਜੇਕਰ ਕੋਈ ਪ੍ਰਾਪਤੀ ਬਿਨਾਂ ਸੰਘਰਸ਼ ਕੀਤਿਆਂ ਹੀ ਹੋ ਜਾਂਦੀ ਹੈ ਅਤੇ ਜੇ ਤੁਸੀਂ ਉਸ ਪ੍ਰਾਪਤੀ ਨੂੰ ਗੁਆ ਲੈਂਦੇ ਹੋ ਤਾਂ ਤੁਸੀਂ ਦੁਬਾਰਾ ਪ੍ਰਾਪਤ ਨਹੀਂ ਕਰ ਸਕੋਗੇ ਕਿਉਂਕਿ ਉਸ ਵਾਸਤੇ ਤੁਸੀਂ ਕੋਈ ਤਜਰਬਾ ਹਾਸਲ ਨਹੀਂ ਕੀਤਾ ਸੀ l
ਜਿੰਦਗੀ ਵਿੱਚ ਮਾੜੇ ਹਲਾਤਾਂ ਤੋਂ ਘਬਰਾਉਣਾ ਨਹੀਂ ਚਾਹੀਦਾ l ਬਹੁਤ ਗਿਣਤੀ ਚੰਗੇ ਹਲਾਤਾਂ ਵਾਲਿਆਂ ਲੋਕਾਂ ਨੇ ਵੀ ਉੱਥੇ ਪਹੁੰਚਣ ਵਾਸਤੇ ਵੱਡਾ ਸੰਘਰਸ਼ ਕੀਤਾ ਹੁੰਦਾ ਹੈ l ਇਹ ਗੱਲ ਵੱਖਰੀ ਹੈ ਕਿ ਉਹ ਸੰਘਰਸ਼ ਸਭ ਨੂੰ ਦਿਖਾਈ ਨਹੀਂ ਦਿੰਦਾ l
ਬੇਸ਼ੱਕ ਸਾਰੀ ਦੁਨੀਆਂ ਤੇ ਮਾੜੇ ਹਲਾਤ ਆ ਜਾਣ l ਫਿਰ ਵੀ ਉਨ੍ਹਾਂ ਹਲਾਤਾਂ ਵਿੱਚੋਂ ਚੰਗੇ ਹਲਾਤ ਲੱਭਣ ਦੀ ਲੋੜ ਹੁੰਦੀ ਹੈ l
ਮੈਨੂੰ ਬਚਪਨ ਤੋਂ ਹੀ ਮਾੜੇ ਹਲਾਤਾਂ ਵਿੱਚੋਂ ਚੰਗੇ ਲੱਭਣ ਦੀ ਆਦਤ ਪੈ ਗਈ ਸੀ ਜੋ ਅਜੇ ਵੀ ਨਾਲ ਹੀ ਹੈ l
ਕੋਈ ਸਵਾ ਦੋ ਸਾਲ ਪਹਿਲਾਂ ਜਦੋਂ ਕਰੋਨਾ ਦਾ ਦੌਰ ਨਿਊਜ਼ੀਲੈਂਡ ਵਿੱਚ ਸ਼ੁਰੂ ਹੋਇਆ ਤਾਂ ਬੜਾ ਸਖਤ ਲੌਕ ਡੌਨ ਲਗਾ ਦਿੱਤਾ ਗਿਆ l ਸਭ ਨੂੰ ਆਪੋ ਆਪਣੇ ਕੰਮਾਂ ਕਾਰਾਂ ਦਾ ਫਿਕਰ ਲੱਗਾ l ਵੱਡੀ ਗਿਣਤੀ ਕੰਮਾਂ ਕਾਰਾਂ ਵਾਲਿਆਂ ਨੂੰ ਅਤੇ ਕਾਰੋਬਾਰੀਆਂ ਨੂੰ ਨਿਊਜ਼ੀਲੈਂਡ ਵਿੱਚ ਸਰਕਾਰ ਨੇ ਹਫ਼ਤੇ ਦੇ ਕੁੱਝ ਪੈਸੇ ਘਰ ਬੈਠਿਆਂ ਦੇਣੇ ਸ਼ੁਰੂ ਕਰ ਦਿੱਤੇ l ਭਾਵੇਂ ਉਹ ਪੈਸੇ ਬਹੁਤ ਨਹੀਂ ਸਨ ਪਰ ਫਿਰ ਵੀ ਜਿਨ੍ਹਾਂ ਨੂੰ ਮਿਲੇ ਉਨ੍ਹਾਂ ਦਾ ਰੋਟੀ ਪਾਣੀ ਚੱਲਦਾ ਰਹਿ ਗਿਆ l ਕਾਫੀ ਲੋਕਾਂ ਨੇ ਇਨ੍ਹਾਂ ਛੁੱਟੀਆਂ ਦਾ ਖੂਬ ਅਨੰਦ ਮਾਣਿਆ ਅਤੇ ਖੂਬ ਸੁੱਤੇ l
ਮੈਨੂੰ ਸਰਕਾਰ ਵਲੋਂ ਕਿਸੇ ਕਿਸਮ ਦੀ ਕੋਈ ਸੁਪੋਰਟ ਨਹੀਂ ਮਿਲੀ ਸੀ l ਕੰਮਕਾਰ ਤੇ ਕਾਫੀ ਅਸਰ ਸੀ l ਦਫਤਰ ਵਿੱਚ ਵੀ ਬਹੁਤ ਕੁੱਝ ਕਰਨ ਨੂੰ ਨਹੀਂ ਸੀ l ਲੌਕ ਡੌਨ ਕਰਕੇ ਸਾਰੀਆਂ ਮੈਨੇਜਰ ਗੋਰੀਆਂ ਵੀ ਆਪਣੇ ਘਰੋਂ ਬੈਠ ਕੇ ਆਨਲਾਈਨ ਕੰਮ ਕਰਨ ਲੱਗ ਪਈਆਂ ਸਨ l ਮੇਰੇ ਲਈ ਵੱਡੀ ਪ੍ਰੇਸ਼ਾਨੀ ਸੀ ਕਿ ਮੈਂ ਕਦੇ ਵਿਹਲਾ ਨਹੀਂ ਰਿਹਾ ਸੀ l ਇੱਕ ਖੁਸ਼ੀ ਦੀ ਗੱਲ ਸੀ ਕਿ ਸਾਡੇ ਘਰ ਲਾਇਬਰੇਰੀ ਵਿੱਚ ਸੈਂਕੜੇ ਕਿਤਾਬਾਂ ਪੜ੍ਹਨ ਨੂੰ ਸਨ l ਮੈਨੂੰ ਬਹੁਤਾ ਸੌਣ ਦੀ ਆਦਤ ਨਹੀਂ ਸੀ l
ਪੰਜਾਬ ਵਿੱਚ ਵੀ ਉਸ ਸਮੇਂ ਲੌਕ ਡੌਨ ਲੱਗ ਗਿਆ ਸੀ ਅਤੇ ਕਾਫੀ ਲੋਕਲ ਮਜ਼ਦੂਰ ਅਤੇ ਪ੍ਰਵਾਸੀ ਮਜ਼ਦੂਰ ਰੋਟੀ ਪਾਣੀ ਤੋਂ ਤੰਗ ਸਨ l ਕਈ ਪ੍ਰਵਾਸੀ ਮਜ਼ਦੂਰ ਰਾਹਾਂ ਵਿੱਚ ਦਮ ਤੋੜ ਰਹੇ ਸਨ ਜਾਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਸਨ l
ਮੈਂ ਨਿਊਜ਼ੀਲੈਂਡ ਵਿੱਚ ਸ਼ਹੀਦ ਭਗਤ ਸਿੰਘ ਚੇਰੀਟੇਬਲ ਟਰੱਸਟ ਔਕਲੈਂਡ ਦੇ ਸਾਥੀਆਂ ਨਾਲ ਗੱਲ ਕਰਕੇ ਨਿਊਜ਼ੀਲੈਂਡ ਵਿੱਚ ਅਤੇ ਪੰਜਾਬ ਦੇ ਕਈ ਪਿੰਡਾਂ ਵਿੱਚ ਰਾਸ਼ਣ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ l ਸਾਰੇ ਪਾਸਿਆਂ ਤੋਂ ਫੋਨ ਮੈਨੂੰ ਹੀ ਆਉਂਦੇ ਸਨ l ਮੈਂ ਰਾਤ ਦੇ 11 ਵਜੇ ਤੱਕ ਕਮਿਊਨਟੀ ਵਰਕ ਲਈ ਜਾਗਣਾ ਸ਼ੁਰੂ ਕਰ ਦਿੱਤਾ l ਇੱਕ ਦਿਨ ਇੱਕ ਮਿੱਤਰ ਦਾ ਸਾਢੇ ਕੁ ਦਸ ਵਜੇ ਰਾਤ ਨੂੰ ਫੋਨ ਆਇਆ l ਕਹਿੰਦਾ ਸੌਰੀ ਫੋਨ ਲੇਟ ਕਰ ਦਿੱਤਾ l ਮੈਂ ਕਿਹਾ ਕਿ ਮੈਂ ਤਾਂ ਅੱਜਕਲ ਲੇਟ ਹੀ ਸੌਂਦਾ ਹਾਂ l ਉਹ ਕਹਿੰਦਾ ਸਾਰਾ ਨਿਊਜ਼ੀਲੈਂਡ ਤਾਂ ਛੁੱਟੀਆਂ ਕਰਕੇ (ਲੌਕਡੌਨ ਕਰਕੇ) ਵੱਧ ਸੌਂ ਰਿਹਾ ਹੈ ਪਰ ਤੂੰ ਕਿਉਂ ਜਾਗ ਰਿਹਾ ਹੈਂ? ਮੈਂ ਕਿਹਾ ਕਿ ਮੈਂ ਇਸੇ ਕਰਕੇ ਜਾਗ ਰਿਹਾ ਹਾਂ ਕਿਉਂਕਿ ਸਾਡਾ ਸਮਾਜ ਸੁੱਤਾ ਪਿਆ ਹੈ l ਜਦੋਂ ਸਮਾਜ ਸੁੱਤਾ ਹੋਵੇ ਤਾਂ ਤੁਹਾਡਾ ਜਾਗਣਾ ਬਹੁਤ ਜਰੂਰੀ ਹੋ ਜਾਂਦਾ ਹੈ l ਉਸ ਦੇ ਪੁੱਛਣ ਤੇ ਉਸ ਨੂੰ ਦੱਸਿਆ ਕਿ ਕਿਵੇਂ ਮੈਂ ਇਨ੍ਹਾਂ ਬੁਰੇ ਹਲਾਤਾਂ ਵਿੱਚੋਂ ਵੀ ਚੰਗੇ ਲੱਭਣ ਦੀ ਕੋਸ਼ਿਸ਼ ਵਿੱਚ ਹਾਂ l ਉਹ ਮੇਰੇ ਕੰਮ ਤੋਂ ਕਾਫੀ ਖੁਸ਼ ਹੋਇਆ l ਕਈ ਮੇਰੇ ਦੋਸਤਾਂ ਨੂੰ ਸਾਡੇ ਦੁਆਰਾ ਕੀਤੇ ਕੰਮ ਦਾ ਪਤਾ ਲੱਗਾ ਤਾਂ ਉਹ ਬਿਨਾਂ ਕਿਹਾਂ ਆਪਣਾ ਯੋਗਦਾਨ ਪਾਉਣ ਸਾਡੇ ਘਰ ਆਏ ਤਾਂ ਕਿ ਲੋੜਵੰਦਾਂ ਨੂੰ ਵੱਧ ਤੋਂ ਵੱਧ ਪੰਜਾਬ ਵਿੱਚ ਰਾਸ਼ਣ ਪਹੁੰਚਾਇਆ ਜਾਵੇ l ਮੇਰੇ ਪਿੰਡ ਖੁਰਦਪੁਰ ਦੇ ਸਾਰੇ ਨਿਊਜ਼ੀਲੈਂਡ ਰਹਿ ਰਹੇ ਪੇਂਡੂ ਵੀਰਾਂ ਨੇ ਵੀ ਦਿਲ ਖੋਲ੍ਹ ਕੇ ਰਾਸ਼ਣ ਵਿੱਚ ਯੋਗਦਾਨ ਪਾਇਆ l
ਕੁੱਝ ਦਿਨਾਂ ਬਾਦ ਮੇਰੇ ਕੋਲ ਸਮਾਂ ਬਚਣ ਲੱਗਾ ਕਿਉਂਕਿ ਮੈਂ ਬਾਕੀ ਕੰਮ ਛੇਤੀ ਖਤਮ ਕਰ ਦਿੰਦਾ ਸੀ l ਉਸ ਸਮੇਂ ਤੋਂ ਪਹਿਲਾਂ ਮੈਂ ਨਾ ਹੀ ਲਿਖਦਾ ਸੀ ਅਤੇ ਨਾ ਹੀ ਫੇਸਬੁੱਕ ਵਰਤਦਾ ਸੀ l ਕਈ ਵਾਰ ਮੇਰੇ ਦੋ ਮਿੱਤਰਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਲਿਖਿਆ ਜਰੂਰ ਕਰ l ਇੱਕ ਦਿਨ ਇੱਕ ਮਿੱਤਰ ਆਇਆ ਉਸ ਨੇ ਮੇਰਾ ਫੇਸਬੁੱਕ ਅਕਾਊਂਟ ਬਣਾ ਦਿੱਤਾ l ਮੈਂ ਫੇਸਬੁੱਕ ਅਕਾਊਂਟ ਲਿਖਣ ਲਈ ਨਹੀਂ ਸਗੋਂ ਹੋਰਾਂ ਦਾ ਲਿਖਿਆ ਪੜ੍ਹਨ ਲਈ ਬਣਾਇਆ ਸੀ ਕਿਉਂਕਿ ਮੈਨੂੰ ਬਚਪਨ ਤੋਂ ਪੜ੍ਹਨ ਦਾ ਸ਼ੌਂਕ ਸੀ l
ਮੈਂ ਪੰਜਾਬੀ ਤਕਰੀਬਨ 30 ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਲਿਖੀ ਨਹੀਂ ਸੀ ਕਿਉਂਕਿ ਇਥੇ ਸਾਰਾ ਲਿਖਤੀ ਕੰਮ ਅੰਗਰੇਜ਼ੀ ਵਿੱਚ ਹੀ ਕਰਨਾ ਪੈਂਦਾ ਸੀ l ਕੁੱਝ ਦਿਨ ਮੈਂ ਪੜ੍ਹਦਾ ਰਿਹਾ l ਮੈਨੂੰ ਕਿਸੇ ਨੂੰ ਫਰੈਂਡ ਰੁਕੇਸਟ (friend request) ਵੀ ਭੇਜਣੀ ਨਹੀਂ ਆਉਂਦੀ ਸੀ l
ਲੋਕਾਂ ਵਿੱਚ ਕਰੋਨਾ ਨੂੰ ਲੈ ਕੇ ਬਹੁਤ ਡਰ ਦਾ ਮਹੌਲ ਸੀ l ਸਭ ਪਾਸੇ ਨਾਂਹ ਪੱਖੀ ਮਹੌਲ ਸੀ l ਇਸ ਤਰਾਂ ਡਰ ਪਾਇਆ ਗਿਆ ਸੀ ਕਿ ਸ਼ਾਇਦ ਕਰੋਨਾ ਦੁਨੀਆਂ ਨੂੰ ਖਤਮ ਕਰਨ ਆਇਆ ਹੈ ਜਾਂ ਕਰ ਦੇਵੇਗਾ l ਹਰ ਪਾਸੇ ਕਰੋਨਾ, ਵੈਕਸੀਨ, ਭੁੱਖਮਰੀ, ਮੌਤਾਂ ਅਤੇ ਵੱਖ ਵੱਖ ਮੁਲਕਾਂ ਦੇ ਬਾਰਡਰ ਬੰਦ ਹੋਣ ਤੋਂ ਇਲਾਵਾ ਹੋਰ ਕੋਈ ਖ਼ਬਰ ਨਹੀਂ ਸੀ l
ਮੈਂ ਕਰੋਨਾ ਦੇ ਸਬੰਧੀ ਇੱਕ ਤੱਥਾਂ ਤੇ ਅਧਾਰਤ ਲੇਖ ਲਿਖਿਆ ਤਾਂ ਕਿ ਲੋਕਾਂ ਦਾ ਡਰ ਚੁੱਕਿਆ ਜਾ ਸਕੇ l ਉਸ ਸਮੇਂ ਮੇਰਾ ਕੋਈ ਵੀ ਫੇਸਬੁੱਕ ਦੋਸਤ ਨਹੀਂ ਸੀ ਅਤੇ ਮੈਂ ਕਿਸੇ ਨੂੰ ਫਰੈਂਡ ਰੁਕੇਸਟ ਵੀ ਨਹੀਂ ਭੇਜੀ ਸੀ l ਜਦੋਂ ਉਹ ਲੇਖ ਲਿਖਿਆ ਤਾਂ ਮੈਂ ਸੋਚਿਆ ਕਿ ਇਸ ਨੂੰ ਪੜ੍ਹੇਗਾ ਕੌਣ? ਫੇਸਬੁੱਕ ਦੋਸਤ ਤਾਂ ਕੋਈ ਹੈ ਨਹੀਂ l ਉਸ ਲੇਖ ਨੂੰ ਪਬਲਿਕ ਕੀਤਾ ਗਿਆ ਜਿਸ ਨੂੰ ਬਹੁਤ ਪਸੰਦ ਕੀਤਾ ਗਿਆ l ਅਖ਼ਬਾਰ ਨੇ ਵੀ ਛਾਪ ਦਿੱਤਾ l ਬਹੁਤ ਫਰੈਂਡ ਰੈਕੁਸਟਾਂ ਆਈਆਂ ਜਿਨ੍ਹਾਂ ਨੂੰ ਕਬੂਲ ਕਰ ਲਿਆ ਗਿਆ l ਉਹ ਸਾਰੇ ਦੋਸਤ ਅਸਲੀ ਪੜ੍ਹਨ ਵਾਲੇ ਦੋਸਤ ਸਨ l
ਉਸ ਤੋਂ ਬਾਦ ਫਿਰ ਮੇਰਾ ਲਿਖਣ ਦਾ ਕੋਈ ਵਿਚਾਰ ਨਹੀਂ ਸੀ ਭਾਵੇਂ ਕਿ ਮੈਂ ਬਹੁਤ ਵਿਸ਼ਿਆਂ ਤੇ ਲਿਖ ਸਕਦਾ ਸੀ l ਲੇਖ ਸਾਰੀ ਜਿੰਦਗੀ ਖਤਮ ਨਹੀਂ ਹੋ ਸਕਦੇ l
ਕੁੱਝ ਦਿਨ ਬਾਦ ਮੈਨੂੰ ਮੇਰੇ ਨਵੇਂ ਬਣੇ ਦੋਸਤ ਪੁੱਛਣ ਲੱਗੇ ਕਿ ਤੁਸੀਂ ਅਗਲਾ ਲੇਖ ਕਦੋਂ ਲਿਖੋਗੇ? ਇਸ ਤਰਾਂ ਉਨ੍ਹਾਂ ਦੇ ਕਹਿਣ ਅਤੇ ਪਸੰਦ ਕਰਨ ਤੇ ਮੇਰਾ ਲਿਖਣ ਦਾ ਸਿਲਸਿਲਾ ਸ਼ੁਰੂ ਹੋਇਆ l
ਮੈਂ ਸਾਰੀ ਦੁਨੀਆਂ ਤੇ ਆਏ ਮਾੜੇ ਹਲਾਤਾਂ ਵਿੱਚੋਂ ਵੀ ਚੰਗੇ ਹਲਾਤ ਲੱਭ ਲਏ ਸੀ l ਮੈਨੂੰ ਮਾੜੇ ਹਲਾਤਾਂ ਵਿੱਚੋਂ ਵੀ ਹਜ਼ਾਰਾਂ ਫੇਸਬੁੱਕ ਦੋਸਤ ਮਿਲੇ ਜਿਨ੍ਹਾਂ ਨੂੰ ਕਦੇ ਵੀ ਮੈਂ ਮਿਲਿਆ ਨਹੀਂ, ਜਾਣਦਾ ਵੀ ਨਹੀਂ ਹਾਂ l ਸਾਡੀ ਸ਼ਬਦਾਂ ਦੀ, ਲੋਕ ਪੱਖੀ ਕੰਮਾਂ ਦੀ ਅਤੇ ਕੀਤੇ ਹੋਏ ਸੰਘਰਸ਼ਾਂ ਦੀ ਸਾਂਝ ਹੈ l
ਉਨ੍ਹਾਂ ਦੋਸਤਾਂ ਵਿੱਚ ਸਭ ਜਾਤਾਂ ਦੇ, ਸਭ ਪਿੰਡਾਂ ਦੇ, ਸਭ ਮੁਲਕਾਂ ਦੇ, ਘੱਟ ਪੜ੍ਹੇ ਲਿਖੇ, ਰੱਬ ਨੂੰ ਮੰਨਣ ਵਾਲੇ, ਰੱਬ ਨੂੰ ਨਾ ਮੰਨਣ ਵਾਲੇ ਅਤੇ ਬਹੁਤ ਵੱਧ ਪੜ੍ਹੇ ਲਿਖੇ ਦੋਸਤ ਵੀ ਹਨ ਜੋ ਸਧਾਰਣ ਦਿਹਾੜੀਦਾਰਾਂ ਤੋਂ ਡਾਕਟਰ, ਅਧਿਆਪਕ, ਅਫ਼ਸਰ, ਵਕੀਲ, ਮਿਲਟਰੀ ਵਾਲੇ, ਪੁਲਿਸ ਅਫ਼ਸਰ, ਸਰਕਾਰੀ ਨੌਕਰੀਆਂ ਵਾਲੇ, ਪਰਾਈਵੇਟ ਨੌਕਰੀਆਂ ਵਾਲੇ, ਵੱਖ ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਨ ਪੜ੍ਹਾਉਣ ਵਾਲੇ, ਲੇਖਕ, ਪਬਲਿਸ਼ਰ, ਰੇਡੀਓ ਅਤੇ ਅਖਬਾਰਾਂ ਵਿੱਚ ਕੰਮ ਕਰਨ ਵਾਲੇ ਵੀ ਹਨ ਜੋ ਵੱਖ ਵੱਖ ਭਾਸ਼ਾਵਾਂ ਬੋਲਦੇ ਹਨ l ਕਈ ਦੋਸਤ ਮੇਰੇ ਲੇਖ ਟਰਾਂਸਲੇਟ ਕਰਕੇ ਪੜ੍ਹਦੇ ਹਨ l ਸਾਡਾ ਸਾਰੇ ਦੋਸਤਾਂ ਨਾਲ ਰਿਸ਼ਤਾ ਸ਼ਬਦਾਂ ਦੀ ਵਜ੍ਹਾ ਨਾਲ ਜੁੜਿਆ ਹੈ l ਇਸ ਵਿੱਚ ਕਰੋਨਾ ਦਾ ਬਹੁਤ ਯੋਗਦਾਨ ਹੈ l ਭਾਵੇਂ ਕਰੋਨਾ ਦੇ ਨਾਮ ਤੇ ਦੁਨੀਆਂ ਵਿੱਚ ਕਹਿਰ ਵਰਤਿਆ ਪਰ ਮੈਨੂੰ ਉਸ ਕਹਿਰ ਅਤੇ ਡਰ ਦੇ ਮਹੌਲ ਵਿੱਚੋਂ ਵੀ ਚੰਗੇ ਹਲਾਤ ਲੱਭਣ ਦਾ ਮੌਕਾ ਮਿਲਿਆ l ਮੈਂ ਕਦੇ ਵੀ ਨਾਂਹ ਪੱਖੀ ਨਹੀਂ ਸੋਚਦਾ l
ਇਸ ਕਰਕੇ ਕਦੇ ਵੀ ਮਾੜੇ ਹਲਾਤਾਂ ਵਿੱਚ ਹੱਥ ਨਹੀਂ ਖੜ੍ਹੇ ਕਰਨੇ ਚਾਹੀਦੇ l ਹਨੇਰੇ ਪਿੱਛੋਂ ਚਾਨਣ ਨੇ ਆਉਣਾ ਹੀ ਹੁੰਦਾ ਹੈ l ਅੱਜ ਮਨੁੱਖ ਕੋਲ ਜੋ ਹੈ ਉਹ ਮਨੁੱਖ ਦੀਆਂ ਪਿਛਲੀਆਂ ਪੀੜ੍ਹੀਆਂ ਦੇ ਕੀਤੇ ਸੰਘਰਸ਼ ਕਰਕੇ ਹੀ ਹੈ l ਇਹ ਇੱਕੋ ਜਿੰਦਗੀ ਇਨਸਾਨ ਦੇ ਹਿੱਸੇ ਆਈ ਹੈ l ਇਸ ਦਾ ਅਨੰਦ ਮਾਨਣਾ ਚਾਹੀਦਾ ਹੈ ਅਤੇ ਸਮਾਜ ਲਈ ਵੀ ਯੋਗ ਉਪਰਾਲੇ ਕਰਨੇ ਚਾਹੀਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147