ਨਿਊਜ਼ੀਲੈਂਡ ਬਹੁਤ ਸੁੰਦਰ ਦੇਸ਼ ਹੈ ਜਿਸ ਦੀ ਅਬਾਦੀ 52 ਲੱਖ ਦੇ ਆਸ ਪਾਸ ਰਹਿੰਦੀ ਹੈ l
ਚਾਰੇ ਪਾਸਿਓਂ ਸਮੁੰਦਰਾਂ ਨਾਲ ਘਿਰਿਆ, ਹਰੇ ਦਰੱਖਤਾਂ, ਘਾਹ, ਉੱਚੀਆਂ ਉੱਚੀਆਂ ਪਹਾੜ੍ਹੀਆਂ ਵਾਲਾ, ਸੁੰਦਰ ਝੀਲਾਂ ਵਾਲਾ, ਸੁੰਦਰ ਝਰਨਿਆਂ ਵਾਲਾ ਅਤੇ ਪ੍ਰਦੂਸ਼ਣ ਰਹਿਤ ਇਹ ਸ਼ਾਂਤ ਦੇਸ਼ ਧਰਤੀ ਤੇ ਹੀ ਸਵਰਗ ਹੈ l ਇਸ ਨੂੰ ਦੇਖਣ ਤੋਂ ਬਾਦ ਕਿਸੇ ਹੋਰ ਸਵਰਗ ਨੂੰ ਦੇਖਣ ਦੀ ਇੱਛਾ ਨਹੀਂ ਰਹਿੰਦੀ l
ਇਸ ਦੇਸ਼ ਵਿੱਚ ਉਗਾਏ ਫਲਾਂ, ਸਬਜ਼ੀਆਂ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਬਹੁਤ ਕੀਮਤ ਪੈਂਦੀ ਹੈ ਅਤੇ ਇਥੇ ਦੇ ਡੇਅਰੀ ਪ੍ਰੋਡਕਟ ਵੀ ਹਮੇਸ਼ਾਂ ਮੰਗ ਵਿੱਚ ਰਹਿੰਦੇ ਹਨ l
ਇਸ ਸੁੰਦਰ ਦੇਸ਼ ਵਿੱਚ ਸੱਪ ਨਹੀਂ ਹੁੰਦੇ ਅਤੇ ਹੋਰ ਵੀ ਖਤਰਨਾਕ ਜਾਨਵਰ ਨਹੀਂ ਹੁੰਦੇ l ਬੱਚਿਆਂ ਤੋਂ ਬਜ਼ੁਰਗਾਂ ਤੱਕ ਲੋਕ ਬਿਨਾਂ ਕਿਸੇ ਡਰ ਤੋਂ ਘਾਹ ਅਤੇ ਜੰਗਲਾਂ ਵਿੱਚ ਫਿਰਦੇ ਆਮ ਨਜ਼ਰ ਆਉਂਦੇ ਹਨ l
ਛੋਟਾ ਮੁਲਕ ਅਤੇ ਅਬਾਦੀ ਘੱਟ ਹੋਣ ਕਾਰਣ ਇਥੇ ਕੋਈ ਕਾਰੋਬਾਰ ਚਲਾਉਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਅਤੇ ਗਾਹਕਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਮੁਲਕ ਛੋਟਾ ਹੋਣ ਕਾਰਣ ਉਹੀ ਗਾਹਕਾਂ ਨੇ ਮੁੜ ਮੁੜ ਆਉਣਾ ਹੁੰਦਾ ਹੈ l
ਇਸ ਮੁਲਕ ਵਿੱਚ ਨਵੇਂ ਸ਼ੁਰੂ ਕੀਤੇ ਬਿਜ਼ਨਸਾਂ ਵਿੱਚੋਂ ਤਕਰੀਬਨ 20% ਬਿਜ਼ਨਸ ਪਹਿਲੇ ਸਾਲ ਵਿੱਚ ਹੀ ਫੇਲ੍ਹ ਹੋ ਜਾਂਦੇ ਹਨ l
ਪਹਿਲੇ ਪੰਜ ਸਾਲਾਂ ਵਿੱਚ ਤਕਰੀਬਨ 70% ਨਵੇਂ ਖੋਲ੍ਹੇ ਬਿਜ਼ਨਸ ਫੇਲ੍ਹ ਹੋ ਜਾਂਦੇ ਹਨ l ਫੇਲ੍ਹ ਹੋਏ ਬਿਜ਼ਨਸਾਂ ਦੇ ਮਾਲਕ ਹੋਰ ਬਿਜ਼ਨਸ ਖੋਲ੍ਹ ਲੈਂਦੇ ਹਨ l ਕੋਸ਼ਿਸ਼ ਕਰਦੇ ਹਨ ਕਿ ਆਪਣੀਆਂ ਕਮੀਆਂ ਦੂਰ ਕੀਤੀਆਂ ਜਾਣ l ਉਹ ਅਕਸਰ ਚਾਰ ਪੰਜ ਬਿਜ਼ਨਸ ਖੋਲ੍ਹਣ ਤੋਂ ਬਾਦ ਕਾਮਯਾਬ ਹੋ ਜਾਂਦੇ ਹਨ l
ਜਿੱਥੇ ਗੋਰੇ ਆਪਣੀਆਂ ਕਮੀਆਂ ਦੂਰ ਕਰਕੇ ਬਿਜ਼ਨਸ ਚਲਾਉਣ ਦੀ ਕੋਸ਼ਿਸ਼ ਕਰਦੇ ਹਨ ਉੱਥੇ ਹੀ ਵੱਡੀ ਗਿਣਤੀ ਭਾਰਤੀ ਲੋਕ ਸੁੱਖਣਾ ਸੁੱਖ ਕੇ, ਮੱਥੇ ਟੇਕ ਕੇ ਅਤੇ ਚੜ੍ਹਾਵੇ ਚਾੜ੍ਹ ਕੇ ਆਪਣੇ ਬਿਜ਼ਨਸ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਨ l
ਭਾਰਤੀ ਲੋਕ ਬਿਜ਼ਨਸ ਵਿੱਚੋਂ ਇੱਕ ਦੋ ਵਾਰ ਫੇਲ੍ਹ ਹੋ ਕੇ ਹੀ ਸੋਚਣ ਲੱਗ ਪੈਂਦੇ ਹਨ ਕਿ ਸਾਡੀ ਕਿਸਮਤ ਹੀ ਮਾੜੀ ਹੈ ਜਿਸ ਕਾਰਣ ਬਿਜ਼ਨਸ ਨਹੀਂ ਚੱਲਦਾ l
ਗੱਲ ਮਾੜੀ ਕਿਸਮਤ ਦੀ ਨਹੀਂ, ਗੱਲ ਪੂਅਰ ਮੈਨੇਜਮੈਂਟ ਦੀ ਹੈ, ਕੈਸ਼ਫਲੋ ਨੂੰ ਠੀਕ ਤਰਾਂ ਮੈਨੇਜ ਨਾ ਕਰਨ ਦੀ ਹੈ, ਸਹੀ ਮਾਰਕੀਟਿੰਗ ਨਾ ਕਰਨ ਦੀ ਹੈ, ਕੰਮ ਨੂੰ ਸਹੀ ਸਮੇਂ ਨਾ ਕਰਨ ਦੀ ਹੈ ਅਤੇ ਕੁਆਲਿਟੀ ਦੀ ਘਾਟ ਦੀ ਹੈ l
ਕਿਸਮਤ ਮਾੜੀ ਕਹਿ ਕੇ ਬੈਠ ਜਾਣ ਵਾਲਿਆਂ ਨੂੰ ਉਪਰ ਦੱਸੀਆਂ ਕਮੀਆਂ ਦਿਖਾਈ ਨਹੀਂ ਦਿੰਦੀਆਂ l ਕਮੀਆਂ ਜਾਨਣ ਲਈ ਫੇਲ੍ਹ ਹੋਣ ਦੇ ਕਾਰਣ ਲੱਭਣੇ ਪੈਂਦੇ ਹਨ l ਕਾਰਣ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਨਜ਼ਰ ਆਉਂਦੇ ਹਨ ਜੋ ਕੀ, ਕਿਉਂ, ਕਿਵੇਂ, ਕਿੱਥੇ ਅਤੇ ਕਿਸ ਨੇ ਦੇ ਅਧਾਰ ਤੇ ਜ਼ਿੰਦਗੀ ਜਿਉਂਦੇ ਹਨ l
ਕਿਸਮਤ ਤੇ ਰੱਖਿਆ ਹੋਇਆ ਯਕੀਨ ਵਿਅਕਤੀ ਨੂੰ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਣ ਦਿੰਦਾ l ਵਿਗਿਆਨਿਕ ਨਜ਼ਰੀਆ ਅਪਣਾਉਣ ਨਾਲ ਹੀ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ l
ਆਓ ਕਿਸਮਤ ਨੂੰ ਕੋਸਣਾ ਛੱਡੀਏ, ਸੋਚ ਬਦਲੀਏ ਅਤੇ ਨਤੀਜ਼ੇ ਖੁਦ ਹੀ ਬਦਲ ਜਾਣਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147