ਗਰੀਬ ਹਮੇਸ਼ਾਂ ਮਹਿੰਗਾਈ ਤੋਂ ਡਰਦਾ ਹੈ ਕਿਉਂਕਿ ਉਸ ਦੇ ਖਰਚੇ ਵਧ ਜਾਂਦੇ ਹਨ ਅਤੇ ਉਹ ਬਹੁਤ ਚੀਜ਼ਾਂ ਖਰੀਦਣ ਦੇ ਯੋਗ ਨਹੀਂ ਰਹਿੰਦਾ l
ਜਦੋਂ ਚੀਜ਼ਾਂ ਕੁੱਝ ਸਸਤੀਆਂ ਹੁੰਦੀਆਂ ਹਨ ਤਾਂ ਗਰੀਬ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ l
ਕੀ ਤੁਸੀਂ ਜਾਣਦੇ ਹੋ ਕਿ ਮਹਿੰਗਾ ਹੋਵੇ ਜਾਂ ਸਸਤਾ ਫਾਇਦਾ ਅਮੀਰ ਨੂੰ ਹੀ ਵੱਧ ਹੁੰਦਾ ਹੈ l ਇਹ ਸੁਣ ਕੇ ਤੁਸੀਂ ਹੈਰਾਨ ਵੀ ਬਹੁਤ ਹੋਏ ਹੋਵੋਗੇ l ਹੈਰਾਨ ਹੋਣ ਵਾਲੀ ਗੱਲ ਵੀ ਹੈ ਕਿਉਂਕਿ ਸ਼ਾਇਦ ਤੁਸੀਂ ਇਹ ਪਹਿਲਾਂ ਸੁਣਿਆ ਹੀ ਨਾ ਹੋਵੇ ਜਾਂ ਘੱਟ ਸੁਣਿਆ ਹੋਵੇ l
ਆਓ ਦੇਖਦੇ ਹਾਂ ਕਿਵੇਂ?
ਗਰੀਬ ਨੂੰ ਪੈਸੇ ਬਚਾਉਣ ਦੀ ਆਦਤ ਹੁੰਦੀ ਹੈ l ਇਸ ਕਰਕੇ ਗਰੀਬ ਦੇ ਪਰਿਵਾਰ ਦੇ ਸਾਰੇ ਕੰਮ ਕਰਨ ਵਾਲੇ ਜੀਅ ਕੁੱਝ ਨਾ ਕੁੱਝ ਬਚਾ ਕੇ ਬੈਂਕ ਦੇ ਬੱਚਤ ਖਾਤੇ ਵਿੱਚ ਰੱਖਦੇ ਰਹਿੰਦੇ ਹਨ ਜਿਸ ਤੋਂ ਉਨ੍ਹਾਂ ਨੂੰ ਕੁੱਝ ਵਿਆਜ਼ ਮਿਲਦਾ ਰਹਿੰਦਾ ਹੈ l ਪਰਿਵਾਰ ਖੁਸ਼ ਹੁੰਦਾ ਹੈ ਕਿ ਬਿਨਾਂ ਕੰਮ ਕੀਤਿਆਂ ਹੀ ਪੈਸੇ ਵਧੀ ਜਾਂਦੇ ਹਨ l
ਅਸਲ ਵਿੱਚ ਉਹ ਪੈਸੇ ਬੈਂਕ ਵਿੱਚ ਰੱਖੇ ਹੋਏ ਵਧਦੇ ਨਹੀਂ ਹਨ ਸਗੋਂ ਘਟਦੇ ਹਨ ਕਿਉਂਕਿ ਵਧਦੀ ਹੋਈ ਮਹਿੰਗਾਈ ਦਰ (Inflation) ਕਾਰਣ ਉਨ੍ਹਾਂ ਬੈਂਕ ਵਿੱਚ ਰੱਖੇ ਪੈਸਿਆਂ ਦੀ ਖਰੀਦ ਸ਼ਕਤੀ ਘਟਦੀ ਰਹਿੰਦੀ ਹੈ l
ਇਸ ਦੇ ਉਲਟ ਅਮੀਰ ਬੈਂਕਾਂ ਤੋਂ ਕਰਜ਼ਾ ਲੈ ਕੇ ਹੋਰ ਕਾਰੋਬਾਰ ਖੋਲ੍ਹਦੇ ਹਨ ਜਿੱਥੇ ਗਰੀਬਾਂ ਨੂੰ ਜਾਂ ਉਨ੍ਹਾਂ ਦੀ ਅਗਲੀ ਪੀੜ੍ਹੀ ਨੂੰ ਰੋਜ਼ਗਾਰ ਦਿੱਤਾ ਜਾਂਦਾ ਹੈ l ਇਹ ਸਿਲਸਿਲਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ l ਗਰੀਬ ਆਪਣੇ ਬੱਚਿਆਂ ਨੂੰ ਤੰਗ ਹੋ ਕੇ ਵੀ ਵੱਧ ਪੜ੍ਹਾਉਂਦਾ ਹੈ ਅਤੇ ਡਿਗਰੀਆਂ ਦਵਾਉਂਦਾ ਹੈ ਤਾਂ ਕਿ ਬੱਚੇ ਉੱਚੇ ਅਹੁਦਿਆਂ ਤੇ ਪਹੁੰਚ ਜਾਣ l
ਬੱਚੇ ਉੱਚੇ ਅਹੁਦੇ ਤੇ ਪਹੁੰਚ ਕੇ ਵੀ ਅਮੀਰਾਂ ਦੇ ਗੁਲਾਮ ਹੀ ਰਹਿੰਦੇ ਹਨ ਕਿਉਂਕਿ ਨੌਕਰੀਆਂ ਫਿਰ ਵੀ ਅਮੀਰਾਂ ਦੀਆਂ ਕੰਪਨੀਆਂ ਵਿੱਚ ਹੀ ਕਰਨੀਆਂ ਪੈਂਦੀਆਂ ਹਨ l
ਅਨੋਖੀ ਗੱਲ ਇਹ ਹੈ ਕਿ ਗਰੀਬਾਂ ਦੇ ਬੈਂਕ ਵਿੱਚ ਰੱਖੇ ਹੋਏ ਪੈਸੇ ਨੂੰ ਮਹਿੰਗਾਈ ਦਰ ਖਤਮ ਕਰਦੀ ਹੈ ਅਤੇ ਮਹਿੰਗਾਈ ਦਰ ਅਮੀਰਾਂ ਦੇ ਬੈਂਕ ਤੋਂ ਲਏ ਕਰਜ਼ੇ ਨੂੰ ਵੀ ਖਤਮ ਕਰਦੀ ਹੈ l ਇਸ ਦੇ ਨਾਲ ਨਾਲ ਅਮੀਰਾਂ ਦੇ ਬਿਜ਼ਨਸ ਦੀ ਕੀਮਤ ਵੀ ਵਧਦੀ ਹੈ l
ਅਮੀਰਾਂ ਦੁਆਰਾ ਕਰਜ਼ੇ ਲੈ ਕੇ ਸ਼ੁਰੂ ਕੀਤੇ ਬਿਜ਼ਨਸ, ਘਰ ਜਾਂ ਬਿਲਡਿੰਗਾਂ ਇਨਫਲੇਸ਼ਨ (ਮਹਿੰਗਾਈ ਦਰ) ਕਾਰਣ ਕੁੱਝ ਸਾਲਾਂ ਬਾਦ ਮਹਿੰਗੇ ਹੋ ਜਾਂਦੇ ਹਨ ਜਦਕਿ ਲਿਆ ਹੋਇਆ ਕਰਜ਼ਾ ਪਹਿਲਾਂ ਨਾਲੋਂ ਘਟ ਜਾਂਦਾ ਹੈ l
ਜਦੋਂ ਵਿਆਜ਼ ਘੱਟ ਹੋ ਜਾਵੇ ਤਾਂ ਅਮੀਰ ਹੋਰ ਕਰਜ਼ਾ ਚੁੱਕਦੇ ਹਨ ਤਾਂ ਕਿ ਹੋਰ ਬਿਜ਼ਨਸ ਵਧਾਇਆ ਜਾਵੇ l ਇਸ ਦੇ ਉਲਟ ਵਿਆਜ਼ ਘਟਣ ਨਾਲ ਗਰੀਬ ਦੇ ਬੱਚਤ ਖਾਤੇ ਵਿੱਚ ਪਏ ਪੈਸਿਆਂ ਦਾ ਵਿਆਜ਼ ਘਟ ਜਾਂਦਾ ਹੈ l
ਇਸ ਚੱਕਰ ਨੂੰ ਸਮਝਣਾ ਅਤੇ ਆਪਣੀ ਹਿੰਮਤ ਨਾਲ ਇਸ ਚੱਕਰ ਵਿੱਚੋਂ ਬਾਹਰ ਆਉਣਾ ਵਿਰਲਿਆਂ ਦੇ ਹੱਥ ਹੀ ਆਉਂਦਾ ਹੈ l
ਇਸ ਚੱਕਰ ਵਿੱਚੋਂ ਬਾਹਰ ਆਉਣਾ ਕੋਈ ਔਖਾ ਨਹੀਂ ਸਿਰਫ ਆਪਣਾ ਮਾਈਂਡਸੈੱਟ ਹੀ ਬਦਲਣਾ ਹੁੰਦਾ ਹੈ ਜੋ ਵੱਡੀ ਗਿਣਤੀ ਨਹੀਂ ਕਰ ਪਾਉਂਦੀ l
ਇਹੋ ਕਾਰਣ ਹੈ ਕਿ ਦੁਨੀਆਂ ਵਿੱਚ ਵੱਡੀ ਗਿਣਤੀ ਪੇ-ਚੈੱਕ-ਟੂ-ਪੇ-ਚੈੱਕ ਰਹਿ ਰਹੀ ਹੈ ਭਾਵ ਉਹ ਹਰ ਹਫ਼ਤੇ ਆਪਣੀ ਕਮਾਈ ਖਰਚਿਆਂ ਵਿੱਚ ਖਤਮ ਕਰ ਲੈਂਦੇ ਹਨ l
ਇਸ ਕਰਕੇ ਸਸਤਾ ਹੋਣਾ ਤੇ ਮਹਿੰਗਾ ਹੋਣਾ ਦੋਨਾਂ ਹਾਲਤਾਂ ਵਿੱਚ ਅਮੀਰਾਂ ਦਾ ਹੀ ਫਾਇਦਾ ਕਰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147