ਮਈ ਦਿਹਾੜੇ ਤੇ ਦੁਨੀਆਂ ਦੇ ਸਭ ਮਜ਼ਦੂਰਾਂ ਨੂੰ ਸਿਜਦਾ ਕਰਦਾ ਹਾਂ l
ਜਦੋਂ ਅਸੀਂ ਕਿਸੇ ਦੂਜੇ ਦੇ ਕੰਮ, ਦਿਹਾੜੀ ਜਾਂ ਨੌਕਰੀ ਕਰਦੇ ਹਾਂ ਉਹ ਮਜ਼ਦੂਰੀ ਹੁੰਦੀ ਹੈ l ਇਕੱਲਾ ਇੱਟਾਂ ਚੁੱਕਣਾ, ਪੱਥਰ ਕੁੱਟਣਾ ਜਾਂ ਫੈਕਟਰੀਆਂ ਵਿੱਚ ਕੰਮ ਕਰਨਾ ਹੀ ਮਜ਼ਦੂਰੀ ਨਹੀਂ ਹੁੰਦੀ l
ਉੱਚੇ ਅਹੁਦਿਆਂ ਤੇ ਪ੍ਰਾਈਵੇਟ ਕੰਪਨੀਆਂ ਵਿੱਚ ਵੱਡੀਆਂ ਤਨਖਾਹਾਂ ਤੇ ਕੰਮ ਕਰਨਾ ਵੀ ਮਜ਼ਦੂਰੀ ਹੀ ਹੁੰਦੀ ਹੈ l ਫਰਕ ਸਿਰਫ ਇਹ ਹੈ ਕਿ ਭੱਠਾ ਮਜ਼ਦੂਰ, ਖੇਤ ਮਜ਼ਦੂਰ, ਸੜਕਾਂ ਤੇ ਕੰਮ ਕਰਨ ਵਾਲੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ, ਆਪਣੇ ਬੱਚਿਆਂ ਨੂੰ ਚੰਗੀ ਤਰਾਂ ਪਾਲ ਪੋਸ ਨਹੀਂ ਸਕਦੇ, ਪੜ੍ਹਾ ਨਹੀਂ ਸਕਦੇ ਅਤੇ ਬਹੁਤ ਸਾਰੀਆਂ ਸਿਹਤ ਸਹੂਲਤਾਂ ਤੋਂ ਬਾਂਝੇ ਰਹਿ ਜਾਂਦੇ ਹਨ ਜਦਕਿ ਉੱਚੇ ਅਹੁਦਿਆਂ ਤੇ ਪ੍ਰਾਈਵੇਟ ਕੰਪਨੀਆਂ ਵਿੱਚ ਨੌਕਰੀਆਂ ਕਰਦੇ ਮਜ਼ਦੂਰ ਆਪਣੇ ਆਪ ਨੂੰ ਹਾਈ ਫਾਈ ਸਮਝਣ ਲਗਦੇ ਹਨ ਅਤੇ ਆਪਣੇ ਖਰਚੇ ਇਸ ਹੱਦ ਤੱਕ ਵਧਾ ਲੈਂਦੇ ਹਨ ਕਿ ਤਨਖਾਹਾਂ ਵੱਧ ਹੋਣ ਦੇ ਬਾਵਯੂਦ ਉਹ ਕਰਜ਼ਾ ਲੈ ਲੈ ਕੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਨ l ਉਹ ਅਮੀਰ ਬਣਨ ਤੋਂ ਪਹਿਲਾਂ ਅਮੀਰ ਬਣਨ ਦਾ ਦਿਖਾਵਾ ਕਰਦੇ ਹਨ ਜਿਸ ਨਾਲ ਉਹ ਸਾਰੀ ਉਮਰ ਕਰਜ਼ੇ ਵਿੱਚ ਸਮੁੰਦਰ ਦੀ ਦਲਦਲ ਵਾਂਗ ਧਸਦੇ ਜਾਂਦੇ ਹਨ l
ਸਮੁੰਦਰ ਦੀ ਦਲਦਲ ਇਸ ਤਰਾਂ ਹੁੰਦੀ ਹੈ ਕਿ ਜਿੰਨਾ ਇਸ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੋ ਓਨਾ ਹੀ ਵਿਅਕਤੀ ਇਸ ਵਿੱਚ ਧਸਦਾ ਜਾਂਦਾ ਹੈ l ਇਹ ਉੱਚੇ ਅਹੁਦਿਆਂ ਤੇ ਨੌਕਰੀਆਂ ਕਰਦੇ ਮਜ਼ਦੂਰ ਆਪਣੇ ਗਰੀਬ ਮਜ਼ਦੂਰਾਂ ਨਾਲੋਂ ਵੀ ਟੁੱਟ ਜਾਂਦੇ ਹਨ ਅਤੇ ਬਹੁਤੀਆਂ ਰਿਸ਼ਤੇਦਾਰੀਆਂ ਤੋਂ ਵੀ ਟੁੱਟ ਜਾਂਦੇ ਹਨ l
ਇਹ ਉੱਚੇ ਅਹੁਦਿਆਂ ਤੇ ਨੌਕਰੀਆਂ ਕਰਨ ਵਾਲੇ ਮਜ਼ਦੂਰਾਂ ਦੀ ਜਦੋਂ ਪ੍ਰਾਈਵੇਟ ਕੰਪਨੀਆਂ ਵਾਲਿਆਂ ਨੂੰ ਲੋੜ ਨਹੀਂ ਰਹਿੰਦੀ ਜਾਂ ਕੋਈ ਹੋਰ ਉਨ੍ਹਾਂ ਨੂੰ ਸਸਤਾ ਕਾਮਾ ਮਿਲ ਜਾਂਦਾ ਹੈ ਤਾਂ ਇਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਜਾਂਦਾ ਹੈ l ਉਸ ਵੇਲੇ ਉਹ ਅਸਮਾਨ ਤੋਂ ਜ਼ਮੀਨ ਤੇ ਡਿਗਿਆ ਮਹਿਸੂਸ ਕਰਦੇ ਹਨ l ਉਸ ਦਿਨ ਇਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਵੀ ਮਜ਼ਦੂਰ ਹੀ ਹਾਂ l
ਜਿਸ ਤਰਾਂ ਦੁਨੀਆਂ ਤੇ ਸਰਮਾਏਦਾਰੀ ਦਾ ਰਾਜ਼ ਹੈ ਅਤੇ ਮਜ਼ਦੂਰ ਆਪਣੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੇ, ਇਸ ਨੂੰ ਦੇਖਦਿਆਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਕਿਸੇ ਦੇ ਮਜ਼ਦੂਰੀ ਕਰਨ ਨਾਲੋਂ ਆਪਣੇ ਛੋਟੇ ਛੋਟੇ ਕੰਮ ਵਿਕਸਤ ਕਰਕੇ ਉਨ੍ਹਾਂ ਨੂੰ ਵੱਡੇ ਪੱਧਰ ਤੇ ਲਿਜਾਇਆ ਜਾ ਸਕਦਾ ਹੈ l
ਛੋਟੇ ਕਾਰੋਬਾਰਾਂ ਨੂੰ ਵੱਡੇ ਪੱਧਰ ਤੇ ਲਿਜਾਣ ਲਈ ਲੱਖਾਂ ਜਾਂ ਕਰੋੜਾਂ ਰੁਪਈਆਂ ਦੀ ਲੋੜ ਨਹੀਂ ਪੈਂਦੀ l ਜੇ ਲੋੜ ਪੈ ਵੀ ਜਾਵੇ ਤਾਂ ਬੈਂਕਾਂ ਦੀ ਮੱਦਦ ਲਈ ਜਾ ਸਕਦੀ ਹੈ ਜਾਂ ਬੈਂਕ ਤੋਂ ਕਰਜ਼ਾ ਲੈ ਕੇ ਵਰਤਿਆ ਜਾ ਸਕਦਾ ਹੈ l
ਇਹ ਕਰਨ ਲਈ ਮਜ਼ਦੂਰ ਦਾ ਬਹੁਤਾ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਨਹੀਂ ਅਤੇ ਨਾ ਹੀ ਅੰਗਰੇਜ਼ੀ ਭਾਸ਼ਾ ਦੀ ਲੋੜ ਹੁੰਦੀ ਹੈ ਕਿਉਂਕਿ ਅੰਗਰੇਜ਼ੀ ਭਾਸ਼ਾ ਬੋਲਣ ਵਾਲੇ ਅਤੇ ਪੜ੍ਹੇ ਲਿਖੇ ਤਾਂ ਨੌਕਰੀਆਂ ਕਰਨ ਵਾਸਤੇ ਮਿਲ ਜਾਂਦੇ ਹਨ ਜਿਨ੍ਹਾਂ ਦੀ ਯੋਗਤਾ ਨੂੰ ਵਰਤਿਆ ਜਾ ਸਕਦਾ ਹੈ l
ਮੇਰਾ ਮੰਨਣਾ ਹੈ ਕਿ ਵੱਡੀ ਗਿਣਤੀ ਦੀ ਮਜ਼ਦੂਰ ਜੰਮਣਾ ਮਜ਼ਬੂਰੀ ਹੋ ਸਕਦੀ ਹੈ ਅਤੇ ਮਜ਼ਦੂਰ ਮਰਨਾ ਮਜ਼ਬੂਰੀ ਨਹੀਂ ਹੋਣੀ ਚਾਹੀਦੀ l
ਦੁਨੀਆਂ ਤੇ ਵੱਡੀ ਗਿਣਤੀ ਮੁਲਕਾਂ ਵਿੱਚ ਕਾਰੋਬਾਰੀਆਂ ਅਤੇ ਉੱਚੇ ਅਹੁਦਿਆਂ ਤੇ ਨੌਕਰੀ ਕਰਨ ਵਾਲਿਆਂ ਲਈ ਵੱਖ ਵੱਖ ਕਨੂੰਨ ਹਨ l ਕਾਰੋਬਾਰੀਆਂ ਲਈ ਸਹੂਲਤਾਂ ਅਤੇ ਨੌਕਰੀਆਂ ਵਾਲੇ ਉਨ੍ਹਾਂ ਸਹੂਲਤਾਂ ਤੋਂ ਬਾਂਝੇ ਰਹਿ ਜਾਂਦੇ ਹਨ l
ਮੇਰੀਆਂ ਆਪਣੀਆਂ ਕੰਪਨੀਆਂ ਜਾਂ ਜਿਨ੍ਹਾਂ ਕੰਪਨੀਆਂ ਦੀ ਮੈਂ ਮੈਨੇਜਮੈਂਟ ਕੀਤੀ ਵਿੱਚ ਹਜ਼ਾਰਾਂ ਮਜ਼ਦੂਰਾਂ ਨੇ ਨੌਕਰੀਆਂ ਕੀਤੀਆਂ l ਸਾਰੇ ਮਜ਼ਦੂਰਾਂ ਨੂੰ ਇਹ ਦੱਸਿਆ ਜਾਂਦਾ ਸੀ ਕਿ ਤੁਸੀਂ ਦੂਜੇ ਦੇ ਕੰਮ ਕਰਕੇ ਕਦੇ ਵੀ ਅਮੀਰ ਨਹੀਂ ਹੋ ਸਕਦੇ l ਮਜ਼ਦੂਰਾਂ ਨੂੰ ਮੇਰੇ ਵਲੋਂ ਇਹ ਦੱਸਣ ਦਾ ਮਕਸਦ ਇਹੀ ਸੀ ਕਿ ਮਜ਼ਦੂਰ ਸਾਰੀ ਉਮਰ ਮਜ਼ਦੂਰੀ ਕਰਦੇ ਨਾ ਮਰ ਜਾਣ ਬਲਕਿ ਇਹ ਵੀ ਆਪਣੀ ਆਰਥਿਕ ਤਰੱਕੀ ਕਰਨ l
ਜਿਸ ਤਰਾਂ ਇੱਕ ਅਧਿਆਪਕ ਦੇ ਪੜ੍ਹਾਏ ਬੱਚੇ ਸਾਰੇ ਇੱਕੋ ਜਿਹੇ ਨਹੀਂ ਨਿਕਲਦੇ ਇਸੇ ਤਰਾਂ ਹੀ ਮੇਰੇ ਨਾਲ ਹੋਈ l ਬਹੁਤ ਸਾਰੇ ਮਜ਼ਦੂਰਾਂ (ਹਜ਼ਾਰਾਂ) ਨੂੰ ਇਹ ਗੱਲ ਸਮਝ ਲੱਗ ਗਈ ਅਤੇ ਉਹ ਵੱਖ ਵੱਖ ਮੁਲਕਾਂ ਵਿੱਚ ਕਾਮਯਾਬ ਕਾਰੋਬਾਰੀ ਬਣੇ ਅਤੇ ਜਿਨ੍ਹਾਂ ਨੂੰ ਮੇਰੀ ਗੱਲ ਸਮਝ ਨਹੀਂ ਲੱਗੀ ਜਾਂ ਜਿਨ੍ਹਾਂ ਨੇ ਖੁਦ ਨੂੰ ਨਹੀਂ ਬਦਲਿਆ ਉਹ ਅੱਜ ਵੀ ਨੌਕਰੀਆਂ ਜਾਂ ਮਜ਼ਦੂਰੀ ਕਰਦੇ ਹਨ l
ਮੈਂ ਸਾਰੇ ਮਜ਼ਦੂਰਾਂ ਜਾਂ ਨੌਕਰੀਆਂ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਕਰਦਾ ਹਾਂ ਅਤੇ ਮੇਰੇ ਵਲੋਂ ਸਾਰੇ ਕਿਰਤੀਆਂ ਨੂੰ ਸਲੂਟ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147