-ਆਪਣੇ ਤਜਰਬੇ ਤੇ ਅਧਾਰਤ
ਵਿਦੇਸ਼ਾਂ ਵਿੱਚ ਆ ਕੇ ਬਹੁਤ ਪੰਜਾਬ ਤੋਂ ਆਏ ਲੋਕ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਨਾ ਹੋਣਾ ਜਾਂ ਘੱਟ ਹੋਣਾ ਆਪਣੀ ਆਰਥਿਕਤਾ ਵਿੱਚ ਰੁਕਾਵਟ ਸਮਝਦੇ ਹਨ l
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਸ ਮੁਲਕ ਵਿੱਚ ਰਹਿ ਰਹੇ ਹੋਵੋ ਉਥੇ ਦੀ ਭਾਸ਼ਾ ਆਉਣੀ ਜਾਂ ਸਿੱਖਣੀ ਬਹੁਤ ਵਧੀਆ ਗੱਲ ਹੈ ਪਰ ਬਹੁਤੀਆਂ ਹਾਲਤਾਂ ਵਿੱਚ ਭਾਸ਼ਾ ਦਾ ਆਰਥਿਕ ਤਰੱਕੀ ਨਾਲ ਕੋਈ ਸੰਬੰਧ ਨਹੀਂ ਹੁੰਦਾ l
ਚੀਨ ਦੇ ਬਹੁਤੇ ਲੋਕ ਅੰਗਰੇਜ਼ੀ ਨਹੀਂ ਜਾਣਦੇ ਜਾਂ ਘੱਟ ਜਾਣਦੇ ਹਨ ਪਰ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਵੱਖ ਵੱਖ ਦੇਸ਼ਾਂ ਵਿੱਚ ਆਪਣੇ ਕਾਰੋਬਾਰ/ਬਿਜਨੇਸ ਕਰਦੇ ਹਨ l ਉਨ੍ਹਾਂ ਨੂੰ ਕਦੇ ਵੀ ਕਹਿੰਦੇ ਨਹੀਂ ਸੁਣਿਆ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਜਿਸ ਕਰਕੇ ਮੈਂ ਵਪਾਰ ਨਹੀਂ ਕਰ ਸਕਦਾ l
ਅਸੀਂ ਜਿੰਦਗੀ ਵਿੱਚ ਕਿਸੇ ਵੀ ਆਈ ਰੁਕਾਵਟ ਨੂੰ ਦੇਖ ਕੇ ਰੁਕ ਜਾਂਦੇ ਹਾਂ l ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਘੱਟ ਕਰਦੇ ਹਾਂ ਜਾਂ ਇਹ ਕਹਿ ਕੇ ਚੁੱਪ ਕਰਕੇ ਬੈਠ ਜਾਂਦੇ ਹਾਂ ਕਿ ਜੋ ਕਿਸਮਤ ਵਿੱਚ ਹੋਵੇਗਾ ਉਹ ਆਪ ਹੀ ਮਿਲ ਜਾਵੇਗਾ ਜਾਂ ਰੱਬ ਨੇ ਸਾਡੀ ਕਿਸਮਤ ਵਿੱਚ ਹੀ ਇਹ ਲਿਖਿਆ ਹੈ ਪਰ ਇਹ ਕਹਿਣਾ ਜਿੰਨਾ ਸੌਖਾ ਹੈ ਓਨਾ ਹੀ ਅਸਲੀਅਤ ਤੋਂ ਕੋਹਾਂ ਦੂਰ ਹੈ l
ਚੀਨ ਦੇ ਲੋਕਾਂ ਨੂੰ ਕਦੇ ਵੀ ਕਿਸਮਤ ਦੇ ਸਹਾਰੇ ਬੈਠਦੇ ਨਹੀਂ ਦੇਖਿਆ l ਚੀਨ ਦੇ ਲੋਕਾਂ ਨੇ ਅੰਗਰੇਜ਼ੀ ਨਾ ਆਉਣ ਕਾਰਣ ਆਪਣੇ ਕਾਰੋਬਾਰ ਕਰਨ ਦੇ ਢੰਗ ਨੂੰ ਬਦਲਿਆ l
ਉਦਾਹਰਣ ਦੇ ਤੌਰ ਤੇ ਫਲਾਂ ਅਤੇ ਸਬਜ਼ੀਆਂ ਦੀ ਦੁਕਾਨ ਤੇ ਕੰਮ ਕਰਨ ਵਾਲੇ ਚੀਨੀ ਵਿਅਕਤੀਆਂ ਲਈ ਕੰਪਿਊਟਰ ਜਾਂ ਟਿੱਲ ਇਸ ਤਰਾਂ ਦੀ ਬਣੀ ਹੋਈ ਹੈ ਜਿਸ ਦੀ ਸਕਰੀਨ ਉੱਪਰ ਸਬਜ਼ੀਆਂ ਅਤੇ ਫਲਾਂ ਦੀ ਫੋਟੋ ਬਣੀ ਹੋਈ ਹੁੰਦੀ ਹੈ l ਉਸ ਦੇ ਨਾਲ ਹੀ ਅੰਗਰੇਜ਼ੀ ਵੀ ਲਿਖੀ ਹੁੰਦੀ ਹੈ l ਹੁਣ ਜਦੋਂ ਗਾਹਕ ਚੀਨੀ ਵਿਅਕਤੀ ਕੋਲ ਸਬਜ਼ੀ ਜਾਂ ਫਲ ਖਰੀਦਣ ਲਈ ਕਾਉਂਟਰ ਉੱਪਰ ਜਾਂਦਾ ਹੈ ਤਾਂ ਚੀਨੀ ਵਿਅਕਤੀ ਫਲ ਜਾਂ ਸਬਜ਼ੀ ਦੀ ਫੋਟੋ ਦੇਖ ਕੇ ਸਕਰੀਨ ਤੇ ਟੈਪ ਕਰਦਾ ਹੈ ਤਾਂ ਉਸ ਚੀਜ਼ ਦਾ ਭਾਅ (ਕੀਮਤ) ਆਪਣੇ ਆਪ ਲੱਗ ਜਾਂਦਾ ਹੈ ਅਤੇ ਅੰਗਰੇਜ਼ੀ ਦੀ ਲੋੜ ਨਹੀਂ ਪੈਂਦੀ l ਫਿਰ ਉਹ ਆਪਣੇ ਨਿਊਜ਼ੀਲੈਂਡ ਵਿੱਚ ਜਨਮੇ ਛੋਟੇ ਬੱਚਿਆਂ ਨੂੰ ਕਾਉਂਟਰ ਤੇ ਲਗਾ ਲੈਂਦੇ ਹਨ ਅਤੇ ਉਨ੍ਹਾਂ ਦਾ ਅੰਗਰੇਜ਼ੀ ਬੋਲਣ ਦਾ ਮਸਲਾ ਹੱਲ ਹੋ ਜਾਂਦਾ ਹੈ l ਉਨ੍ਹਾਂ ਦੇ ਬੱਚੇ ਛੋਟੀ ਉਮਰ ਵਿੱਚ ਹੀ ਬਿਜਨੇਸ ਕਰਨਾ ਵੀ ਸਿੱਖ ਜਾਂਦੇ ਹਨ l ਇਸ ਨਾਲ ਉਨ੍ਹਾਂ ਨੂੰ ਦੂਜੇ ਲੋਕਾਂ ਨੂੰ ਤਨਖਾਹ ਤੇ ਨਹੀਂ ਰੱਖਣਾ ਪੈਂਦਾ l ਬੱਚੇ ਨੂੰ ਕੰਮ ਤੇ ਲਗਾਉਣ ਨਾਲ ਤਨਖਾਹ ਦੇ ਪੈਸੇ ਵੀ ਬਚ ਜਾਂਦੇ ਹਨ l
ਇਸੇ ਤਰਾਂ ਹੀ ਉਹ ਟੇਕ ਅਵੇ ਚਲਾਉਂਦੇ ਹਨ l ਟੇਕ ਅਵੇ ਉੱਪਰ ਮੰਨ ਲਵੋ ਉਹ ਦਸ ਖਾਣੇ ਵੇਚਦੇ ਹਨ l ਉਨ੍ਹਾਂ ਦੁਕਾਨ ਦੀ ਕੰਧ ਤੇ ਖਾਣਿਆਂ ਦੀ ਫੋਟੋ ਵਾਹ ਕੇ ਉਸ ਉੱਪਰ ਉਨ੍ਹਾਂ ਦਾ ਭਾਅ ਲਿਖਿਆ ਹੁੰਦਾ ਹੈ l ਉਨ੍ਹਾਂ ਦਸਾਂ ਖਾਣਿਆਂ ਉੱਪਰ 1 ਤੋਂ 10 ਤੱਕ ਨੰਬਰ ਲੱਗੇ ਹੁੰਦੇ ਹਨ l ਤੁਸੀਂ ਸਿਰਫ ਨੰਬਰ ਹੀ ਦੇਖ ਕੇ ਦੱਸਣਾ ਕਿ ਕਿਹੜੇ ਨੰਬਰ ਦਾ ਖਾਣਾ ਖਰੀਦਣਾ ਹੈ ? ਉਸ ਦਾ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ l ਜਦੋਂ ਉਹ ਕੰਪਿਊਟਰ ਜਾਂ ਟਿੱਲ ਦੀ ਸਕਰੀਨ ਤੇ ਉਸ ਨੰਬਰ ਤੇ ਟੈਪ ਕਰਦੇ ਹਨ ਤਾਂ ਉਸ ਖਾਣੇ ਦਾ ਭਾਅ ਪਤਾ ਲੱਗ ਜਾਂਦਾ ਹੈ l
ਇਸੇ ਤਰਾਂ ਹੀ ਮੈਂ ਅਤੇ ਮੇਰਾ ਇੱਕ ਪੰਜਾਬੀ ਦੋਸਤ ਡੇਅਰੀ ਸ਼ਾਪ ਚਲਾਉਂਦੇ ਹੁੰਦੇ ਸੀ l ਇਹ ਡੇਅਰੀ ਸ਼ਾਪ ਕਿਸਾਨਾਂ (ਫਾਰਮਰਾਂ) ਦੇ ਇਲਾਕੇ ਵਿੱਚ ਹੁੰਦੀ ਸੀ l ਉਹ ਮੇਰਾ ਦੋਸਤ ਪੰਜਾਬ ਦੇ ਸਰਕਾਰੀ ਸਕੂਲ ਵਿੱਚ ਤਿੰਨ ਜਮਾਤਾਂ ਪੜ੍ਹਿਆ ਹੋਇਆ ਸੀ ਅਤੇ ਮੈਂ ਪੰਜਾਬ ਦੇ ਸਰਕਾਰੀ ਸਕੂਲ ਵਿੱਚੋਂ ਦਸ ਪੜ੍ਹਿਆ ਹੋਇਆ ਸੀ l ਦੁਕਾਨ ਦੀਆਂ ਸਾਰੀਆਂ ਚੀਜ਼ਾਂ ਤੇ ਭਾਅ ਲਿਖਿਆ ਹੁੰਦਾ ਸੀ l ਉਸ ਨੂੰ ਟਿੱਲ ਚਲਾਉਣੀ ਸਿਖਾ ਦਿੱਤੀ l ਮੈਂ ਦਿਨ ਵੇਲੇ ਡੇਅਰੀ ਸ਼ਾਪ ਲਈ ਸਮਾਨ ਖਰੀਦਣ ਚਲੇ ਜਾਂਦਾ ਸੀ ਅਤੇ ਉਹ ਦਿਨ ਵੇਲੇ ਬਿਨਾਂ ਅੰਗਰੇਜ਼ੀ ਤੋਂ ਦੁਕਾਨ ਚਲਾਉਂਦਾ ਹੁੰਦਾ ਸੀ l ਦੁਕਾਨ ਤੇ ਆਉਣ ਵਾਲੇ ਜਿਆਦਾ ਗਾਹਕਾਂ ਦੇ ਮੈਨੂੰ ਨਾਮ ਪਤਾ ਸਨ ਅਤੇ ਮੈ ਇਹ ਵੀ ਜਾਣਦਾ ਸੀ ਕਿ ਕਿਹੜਾ ਗਾਹਕ ਆਮ ਤੌਰ ਤੇ ਕਿਹੜੀ ਚੀਜ਼ ਜਿਆਦਾ ਖਰੀਦਦਾ ਹੈ, ਕਿਹੜੀ ਉਸ ਕੋਲ ਕਾਰ ਹੈ, ਕਿਹੜਾ ਗਾਹਕ ਖੁਸ਼ ਰਹਿੰਦਾ ਹੈ, ਕਾਹਲੀ ਵਿੱਚ ਹੁੰਦਾ ਹੈ ਜਾਂ ਗੁੱਸੇ ਵਿੱਚ ਹੁੰਦਾ ਹੈ? ਜਦੋਂ ਮੈਂ ਦੁਕਾਨ ਤੇ ਨਹੀਂ ਹੁੰਦਾ ਸੀ ਤਾਂ ਮੇਰਾ ਤਿੰਨ ਜਮਾਤਾਂ ਪੜ੍ਹਿਆ ਦੋਸਤ ਦੁਕਾਨ ਚਲਾਉਂਦਾ ਹੁੰਦਾ ਸੀ l ਉਸ ਨੂੰ ਗਾਹਕਾਂ ਦੇ ਨਾਮ ਵੀ ਪਤਾ ਨਹੀਂ ਸਨ ਅਤੇ ਯਾਦ ਵੀ ਨਹੀਂ ਰਹਿੰਦੇ ਸਨ l ਜੇਕਰ ਉਸ ਕੋਲੋਂ ਗਾਹਕ ਕੁੱਝ ਪੁੱਛ ਲਵੇ ਤਾਂ ਉਸ ਨੂੰ ਅੰਗਰੇਜ਼ੀ ਭਾਸ਼ਾ ਸਮਝ ਵੀ ਨਹੀਂ ਲਗਦੀ ਸੀ l ਕਈ ਗੋਰਿਆਂ/ਗੋਰੀਆਂ ਨੇ ਸਮਾਨ ਉਧਾਰ ਖਰੀਦਣਾ ਹੁੰਦਾ ਸੀ l ਉਸ ਨੂੰ ਉਹ ਉਧਾਰ ਲਿਖਣਾ ਵੀ ਨਹੀਂ ਆਉਂਦਾ ਸੀ l
ਜਦੋਂ ਮੈਂ ਦੁਕਾਨ ਤੇ ਆ ਜਾਣਾ ਤਾਂ ਉਸ ਨੇ ਉਧਾਰ ਲੈ ਕੇ ਗਏ ਗਾਹਕਾਂ ਦੇ ਨਾਮ ਇਸ ਤਰਾਂ ਲਿਖਵਾਉਣੇ :- ਉਹ ਜਿਹੜੀ ਗੋਰੀ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਹੀ ਆ ਜਾਂਦੀ ਹੈ ਉਹ 20 ਡਾਲਰ ਦਾ ਸਮਾਨ ਲੈ ਗਈ ਸੀ, ਉਹ ਜਿਹੜੀ ਦੋ ਕੁ ਸਾਲਾਂ ਦੇ ਨਿਆਣੇ ਨੂੰ ਲੈ ਕੇ ਆਉਂਦੀ ਹੁੰਦੀ ਹੈ ਉਹ ਏਨੇ ਦਾ ਸਮਾਨ ਲੈ ਗਈ ਸੀ, ਉਹ ਜਿਹੜੀ ਬਹੁਤ ਹੱਸਦੀ ਰਹਿੰਦੀ ਹੈ ਉਹ 25 ਡਾਲਰ ਦਾ ਸਮਾਨ ਲੈ ਗਈ ਸੀ, ਕੁੰਡਲ ਵਾਲਾਂ ਵਾਲੀ ਏਨੇ ਦਾ ਸਮਾਨ ਲੈ ਗਈ ਸੀ, ਜਿਹੜੀ ਬਹੁਤ ਜਿਆਦਾ ਬਰੈੱਡ ਖਰੀਦ ਕੇ ਲਿਜਾਂਦੀ ਹੁੰਦੀ ਆ ਉਹ ਏਨੇ ਦਾ ਸਮਾਨ ਲੈ ਗਈ ਸੀ, ਉਹ ਜਿਹੜੀ ਨੇ ਵਾਲ ਦੋ ਰੰਗਾਂ ਵਿੱਚ ਰੰਗੇ ਹੁੰਦੇ ਹਨ ਉਹ ਏਨੇ ਦਾ ਸਮਾਨ ਲੈ ਗਈ ਸੀ, ਉਹ ਜਿਹੜੀ ਜਿੰਮ ਵਾਲੇ ਕੱਪੜੇ ਪਾ ਕੇ ਆਉਂਦੀ ਹੁੰਦੀ ਹੈ ਉਹ ਏਨੇ ਦਾ ਸਮਾਨ ਲੈ ਗਈ ਸੀ, ਉਹ ਗੋਰਾ ਜਿਹੜਾ ਕਾਰਾਂ ਵਾਲੀਆਂ ਮੈਗਜ਼ੀਨਾਂ ਖਰੀਦਦਾ ਹੁੰਦਾ ਉਹ ਏਨੇ ਦਾ ਸਮਾਨ ਲੈ ਗਿਆ, ਉਹ ਜਿਹੜਾ ਬਜ਼ੁਰਗ ਸਵੇਰੇ ਸਵੇਰੇ ਅਖ਼ਬਾਰ ਖਰੀਦਣ ਆਉਂਦਾ ਹੁੰਦਾ ਉਹ ਏਨੇ ਦਾ ਸਮਾਨ ਲੈ ਗਿਆ ਸੀ, ਉਹ ਜਿਹੜੀ ਗੋਰੀ ਕੁੱਤਾ ਨਾਲ ਲੈ ਕੇ ਆਉਂਦੀ ਹੁੰਦੀ ਹੈ ਉਹ ਏਨੇ ਦਾ ਸਮਾਨ ਲੈ ਗਈ ਸੀ ਅਤੇ ਉਹ ਜਿਹੜੀ ਗੋਰੀ ਦਾ ਪਿਛਲੇ ਸਾਲ ਤਲਾਕ ਹੋ ਗਿਆ ਸੀ ਉਹ ਏਨੇ ਦਾ ਸਮਾਨ ਲੈ ਗਈ ਸੀ l
ਉਸ ਦੀਆਂ ਦੱਸੀਆਂ ਪਛਾਣਾਂ ਨੂੰ ਸਮਝ ਕੇ ਮੈਂ ਉਨ੍ਹਾਂ ਦੇ ਨਾਮ ਲਿਖ ਲੈਂਦਾ ਅਤੇ ਬਕਾਇਆ ਲਿਖ ਲੈਂਦਾ ਸੀ ਪਰ ਉਹ ਜਾਣਕਾਰੀ ਕਦੇ ਵੀ ਗਲਤ ਨਹੀਂ ਹੋਈ ਸੀ l ਦੁਕਾਨ ਵੀ ਦਿਨੋਂ ਦਿਨ ਤਰੱਕੀ ਵੱਲ ਹੀ ਗਈ ਸੀ l ਕਿਸੇ ਵੀ ਗਾਹਕ ਨੇ ਕਦੇ ਵੀ ਨਹੀਂ ਕਿਹਾ ਸੀ ਕਿ ਤੁਹਾਨੂੰ ਜਾਂ ਦੁਕਾਨ ਤੇ ਕੰਮ ਕਰਨ ਵਾਲੇ ਨੂੰ ਅੰਗਰੇਜ਼ੀ ਨਹੀਂ ਆਉਂਦੀ l ਜਦੋਂ ਕਿਤੇ ਗਾਹਕਾਂ ਨੂੰ ਮੈਂ ਪੁੱਛ ਲੈਣਾ ਕਿ ਤੁਹਾਨੂੰ ਦੁਕਾਨ ਤੇ ਕੋਈ ਤੰਗੀ ਤਾਂ ਨਹੀਂ ਆਉਂਦੀ? ਉਨ੍ਹਾਂ ਕਹਿਣਾ ਕਿ ਬਿਲਕੁਲ ਤੰਗੀ ਨਹੀਂ ਆਉਂਦੀ l ਸਗੋਂ ਉਨ੍ਹਾਂ ਕਹਿਣਾ ਕਿ ਅਸੀਂ ਤਾਂ ਤੁਹਾਡੀ ਸਰਵਿਸ ਤੋਂ ਬਹੁਤ ਪ੍ਰਭਾਵਤ ਹਾਂ ਕਿ ਅੰਗਰੇਜ਼ੀ ਤੁਹਾਡੀ ਤੀਜੀ ਭਾਸ਼ਾ ਹੋਣ ਦੇ ਬਾਵਯੂਦ ਤੁਸੀਂ ਬੇਗ਼ਾਨੇ ਮੁਲਕ ਵਿੱਚ ਇੱਕ ਬਿਜਨੇਸ ਚਲਾ ਰਹੇ ਹੋ l ਕਈ ਗੋਰੇ /ਗੋਰੀਆਂ ਨੇ ਤਾਂ ਕਹਿਣਾ ਕਿ ਤੁਸੀਂ ਤਾਂ ਸਾਡੇ ਨਾਲੋਂ ਵੀ ਵੱਧ ਚੁਸਤ ਹੋ l ਸਾਨੂੰ ਇੱਕ ਭਾਸ਼ਾ ਆਉਂਦੀ ਹੈ ਅਤੇ ਤੁਸੀਂ ਤਿੰਨ ਭਾਸ਼ਾ ਬੋਲੀ ਜਾਂਦੇ ਹੋ l
ਇੱਕ ਵਾਰ ਆਪਣੇ ਪੰਜ ਪੜ੍ਹੇ ਦੋਸਤ ਨੂੰ ਮੈਂ ਪੁੱਛਿਆ ਕਿ ਗਾਹਕ ਜਿਹੜਾ ਸਮਾਨ ਤੇਰੇ ਕੋਲੋਂ ਖਰੀਦਦਾ ਹੈ ਉਸ ਸਮਾਨ ਦਾ ਭਾਅ ਤਾਂ ਸਮਾਨ ਤੇ ਲਿਖਿਆ ਹੁੰਦਾ ਹੈ ਅਤੇ ਤੂੰ ਓਨੇ ਪੈਸੇ ਲੈ ਲੈਂਦਾ ਹੈਂ ਪਰ ਜੇਕਰ ਕੋਈ ਤੈਨੂੰ ਕਿਸੇ ਸਮਾਨ ਬਾਰੇ ਪੁੱਛੇ ਕਿ ਤੁਹਾਡੇ ਕੋਲ ਹੈ ਜਾਂ ਨਹੀਂ? ਫਿਰ ਤੈਨੂੰ ਕਿਸ ਤਰਾਂ ਸਮਝ ਲਗਦੀ ਹੈ? ਉਹ ਕਹਿੰਦਾ ਸਮਝ ਮੈਨੂੰ ਬਿਲਕੁਲ ਨਹੀਂ ਲਗਦੀ ਪਰ ਮੈਂ ਕਦੇ ਗਾਹਕ ਨੂੰ ਇਹ ਨਹੀਂ ਕਹਿੰਦਾ ਕਿ ਮੈਨੂੰ ਸਮਝ ਨਹੀਂ ਲੱਗੀ ਅਤੇ ਨਾ ਹੀ ਕਹਿੰਦਾ ਹਾਂ ਕਿ ਸਾਡੇ ਕੋਲ ਸਮਾਨ ਨਹੀਂ ਹੈ l ਮੈਂ ਉਹ ਸਮਾਨ ਲੱਭਣ ਦਾ ਬਹਾਨਾ ਕਰਕੇ ਦੁਕਾਨ ਦੀਆਂ ਲਾਈਨਾਂ ਵਿੱਚ ਹੌਲੀ ਹੌਲੀ ਘੁੰਮਣ ਲੱਗ ਪੈਂਦਾ ਹਾਂ ਅਤੇ ਗਾਹਕ ਵੀ ਮੇਰੇ ਪਿੱਛੇ ਹੌਲੀ ਹੌਲੀ ਘੁੰਮਣ ਲੱਗ ਪੈਂਦਾ ਹੈ l ਗਾਹਕ ਨੂੰ ਲਗਦਾ ਹੈ ਕਿ ਮੈਂ ਉਸ ਵਾਸਤੇ ਸਮਾਨ ਲੱਭ ਰਿਹਾ ਹਾਂ ਪਰ ਮੈਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਗਾਹਕ ਲਈ ਲੱਭਣਾ ਕੀ ਹੈ? ਲਾਈਨਾਂ ਵਿੱਚ ਹੌਲੀ ਹੌਲੀ ਤੁਰਦਿਆਂ ਗਾਹਕ ਨੂੰ ਸਮਾਨ ਜਿਆਦਾ ਕੇਸਾਂ ਵਿੱਚ ਆਪ ਹੀ ਲੱਭ ਪੈਂਦਾ ਹੈ ਅਤੇ ਉਹ ਚੁੱਕ ਲੈਂਦਾ ਹੈ l ਮੈਂ ਕਿਹਾ ਕਿ ਜੇ ਸਾਰੀਆਂ ਲਾਈਨਾਂ ਘੁੰਮ ਕੇ ਵੀ ਸਮਾਨ ਨਾ ਲੱਭੇ ਤਾਂ ਉਹ ਕਹਿੰਦਾ ਮੈਂ ਸੌਰੀ ਆਖ ਦਿੰਦਾ ਹਾਂ ਅਤੇ ਗਾਹਕ ਵੀ ਖੁਸ਼ ਹੋ ਜਾਂਦਾ ਹੈ ਕਿ ਮੈਂ ਤਾਂ ਉਸ ਦੀ ਮੱਦਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ l
ਇਸੇ ਤਰਾਂ ਜਪਾਨ ਦੇ ਬਹੁਤੇ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਬਹੁਤ ਘੱਟ ਆਉਂਦੀ ਹੈ ਪਰ ਆਪਾਂ ਸਾਰੇ ਜਾਣਦੇ ਹਾਂ ਕਿ ਉਨ੍ਹਾਂ ਆਰਥਿਕ ਤੌਰ ਤੇ ਵਰਨਣਯੋਗ ਤਰੱਕੀ ਕੀਤੀ ਹੈ l ਉਨ੍ਹਾਂ ਦੀਆਂ ਬਣਾਈਆਂ ਚੀਜ਼ਾਂ ਦੀ ਸਾਰੀ ਦੁਨੀਆਂ ਵਿੱਚ ਮੰਗ ਹੈ l ਉਨ੍ਹਾਂ ਇਕੱਲਾ ਵਧੀਆ ਚੀਜ਼ਾਂ ਹੀ ਨਹੀਂ ਬਣਾਈਆਂ ਬਲਕਿ ਉਹ ਤਕਰੀਬਨ ਸਾਰੀ ਦੁਨੀਆਂ ਨਾਲੋਂ ਬੇਹਤਰ ਅਤੇ ਮਹਿੰਗਾ ਖਾਂਦੇ ਹਨ l ਮੈਂ ਤਾਂ ਕਹਿ ਸਕਦਾ ਹਾਂ ਕਿ ਉਹ ਅੱਖਾਂ ਨਾਲ ਖਾਂਦੇ ਹਨ l ਹੁਣ ਤੁਸੀਂ ਹੈਰਾਨ ਹੋਵੋਗੇ ਕਿ ਅੱਖਾਂ ਨਾਲ ਕਿਵੇਂ ਖਾਂਦੇ ਹਨ? ਜਿਹੜੇ ਫਲ ਅਤੇ ਸਬਜ਼ੀਆਂ ਉਹ ਬਾਕੀ ਮੁਲਕਾਂ ਤੋਂ ਖਰੀਦਦੇ ਹਨ ਉਨ੍ਹਾਂ ਦੇ ਆਕਾਰ ਵਿੱਚ ਥੋੜ੍ਹੀ ਵੀ ਖਰਾਬੀ ਹੋਵੇ ਤਾਂ ਉਹ ਖਰੀਦਦੇ ਹੀ ਨਹੀਂ l ਉਹ ਮਹਿੰਗੀ ਚੀਜ਼ ਖਰੀਦਦੇ ਹਨ ਅਤੇ ਉਸ ਦੀ ਕੁਆਲਿਟੀ ਵੀ ਵਧੀਆ ਹੀ ਭਾਲਦੇ ਹਨ l ਪਹਿਲਾਂ ਉਹ ਖਾਣ ਵਾਲੀ ਚੀਜ਼ ਉਨ੍ਹਾਂ ਨੂੰ ਦੇਖਣ ਨੂੰ ਚੰਗੀ ਲੱਗਣੀ ਚਾਹੀਦੀ ਹੈ ਅਤੇ ਫਿਰ ਸੁਆਦ ਵੀ ਚੰਗਾ ਹੋਣਾ ਚਾਹੀਦਾ ਹੈ l
ਇੱਕ ਵਾਰ ਨਿਊਜ਼ੀਲੈਂਡ ਵਿੱਚ ਜਪਾਨੀ ਲੋਕ ਸਾਡੇ ਕੋਲੋਂ ਖੇਤੀ ਦੇ ਕੰਮ ਦੀ ਸਿਖਲਾਈ ਲੈਣ ਆ ਗਏ l ਉਹ ਟ੍ਰੈਕਟਰ ਵੀ ਚਲਾਉਂਦੇ ਹੁੰਦੇ ਸੀ l ਅੰਗਰੇਜ਼ੀ ਉਨ੍ਹਾਂ ਨੂੰ ਬਿਲਕੁਲ ਘੱਟ ਆਉਂਦੀ ਸੀ l ਜਦੋਂ ਕਿਤੇ ਟਰੈਕਟਰ ਖਰਾਬ ਹੋ ਜਾਵੇ ਤਾਂ ਉਹ ਬਹੁਤ ਛੇਤੀ ਠੀਕ ਕਰ ਦਿੰਦੇ ਸਨ l ਟ੍ਰੈਕਟਰ ਠੀਕ ਕਰਨ ਲਈ ਉਨ੍ਹਾਂ ਨੂੰ ਅੰਗਰੇਜ਼ੀ ਦੀ ਲੋੜ ਵੀ ਨਹੀਂ ਪੈਂਦੀ ਸੀ l
ਕਾਫੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਅੰਗਰੇਜ਼ੀ ਨਾ ਆਉਣ ਦਾ ਬਹਾਨਾ ਲਗਾ ਦਿੰਦਾ ਹੈ l ਉਨ੍ਹਾਂ ਦਾ ਕਹਿਣ ਹੁੰਦਾ ਹੈ ਕਿ ਅੰਗਰੇਜ਼ੀ ਨਾ ਆਉਣ ਕਰਕੇ ਉਹ ਜਿੰਦਗੀ ਵਿੱਚ ਬਹੁਤਾ ਕੁੱਝ ਨਹੀਂ ਕਰ ਸਕੇ ਜਾਂ ਆਰਥਿਕ ਤਰੱਕੀ ਨਹੀਂ ਕਰ ਸਕੇ l ਇਹ ਇੱਕ ਗਲਤ ਫਹਿਮੀ ਹੈ l ਬਹੁਤ ਕੁੱਝ ਕੀਤਾ ਜਾ ਸਕਦਾ ਹੈ l ਜੇ ਜਿਆਦਾ ਹੀ ਲੋੜ ਹੈ ਤਾਂ ਅੰਗਰੇਜ਼ੀ ਘਰ ਬੈਠੇ ਵੀ ਬੜੇ ਅਰਾਮ ਨਾਲ ਸਿੱਖੀ ਜਾ ਸਕਦੀ ਹੈ l
ਜੇਕਰ ਆਪਣੀ ਮਾਂ ਬੋਲੀ ਨੂੰ ਰੁਜ਼ਗਾਰ ਨਾਲ ਜੋੜ ਦਿੱਤਾ ਜਾਵੇ ਤਾਂ ਮਾਂ ਬੋਲੀ ਹਮੇਸ਼ਾਂ ਹੀ ਕਾਇਮ ਰਹਿੰਦੀ ਹੈ ਅਤੇ ਉਸ ਦੀ ਹੋਂਦ ਨੂੰ ਕੋਈ ਖਤਰਾ ਨਹੀਂ ਰਹਿੰਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147