ਆਪਣੇ ਤਜ਼ਰਬੇ ਤੇ ਅਧਾਰਿਤ
(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਦੁਨੀਆਂ ਵਿੱਚ ਵਿਅਕਤੀਆਂ ਦਾ ਵਧਦਾ ਹੋਇਆ ਭਾਰ ਇੱਕ ਬਹੁਤ ਵੱਡੀ ਸਮੱਸਿਆ ਹੈ l ਕੋਈ ਸਮਾਂ ਹੁੰਦਾ ਸੀ ਕਿ ਭਾਰਤ ਵਿੱਚ ਵੱਧ ਭਾਰ ਵਾਲੇ ਨੂੰ ਤਕੜਾ ਜਾਂ ਸਿਹਤਮੰਦ ਕਿਹਾ ਜਾਂਦਾ ਸੀ ਪਰ ਹੁਣ ਪਤਲੇ ਨੂੰ ਜਿਆਦਾ ਸਿਹਤਮੰਦ ਮੰਨਿਆ ਜਾਂਦਾ ਹੈ l ਵਿਦੇਸ਼ਾਂ ਵਿੱਚ ਵੀ ਪਤਲੇ ਵਿਅਕਤੀ ਨੂੰ ਹੀ ਸਿਹਤਮੰਦ ਗਿਣਿਆ ਜਾਂਦਾ ਹੈ l ਭਾਰਤ ਵਿੱਚ ਅੱਜ ਤੋਂ 35 ਜਾਂ 40 ਸਾਲ ਪਹਿਲਾਂ ਜਿਹੜਾ ਵਿਅਕਤੀ ਜਿਆਦਾ ਪਤਲਾ ਹੁੰਦਾ ਸੀ l ਉਹ ਕਈ ਵਾਰ ਡਾਕਟਰ ਤੋਂ ਪੁੱਛਣ ਜਾਂਦਾ ਹੁੰਦਾ ਸੀ ਕਿ ਮੇਰਾ ਭਾਰ ਕਿਉਂ ਨਹੀਂ ਵਧਦਾ ?
ਭਾਰ ਵਧਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਵੱਧ ਖਾਣਾ, ਸਮੇਂ ਸਿਰ ਨਾਂ ਖਾਣਾ, ਤਲੀਆਂ ਚੀਜ਼ਾਂ ਖਾਣਾ, ਫਾਸਟ ਫ਼ੂਡ ਖਾਣਾ, ਦਵਾਈਆਂ ਦਾ ਬੁਰਾ ਅਸਰ, ਸੌਫਟ ਡ੍ਰਿੰਕਾਂ ਪੀਣਾ ਅਤੇ ਵੱਧ ਖੰਡ (ਮਿੱਠੇ) ਵਾਲੀਆਂ ਚੀਜ਼ਾਂ ਖਾਣਾ, ਜਿਆਦਾ ਚਰਬੀ ਵਾਲੀਆਂ ਚੀਜ਼ਾਂ ਖਾਣਾ ਆਦਿ l ਇਸ ਤੋਂ ਇਲਾਵਾ ਬਹੁਤ ਥੋੜ੍ਹੇ ਲੋਕਾਂ ਵਿੱਚ ਆਪਣੇ ਬਜ਼ੁਰਗਾਂ ਦੇ ਮੋਟੇ ਹੋਣ ਕਰਕੇ ਵੀ ਮੋਟਾਪਾ ਆ ਸਕਦਾ ਹੈ ਪਰ ਇਹ ਬਹੁਤ ਘੱਟ ਵਿਅਕਤੀਆਂ ਵਿੱਚ ਹੋ ਸਕਦਾ ਹੈ l ਭਾਰਤ ਵਿੱਚ ਕੋਈ ਮਹਿਮਾਨ ਆ ਜਾਵੇ ਤਾਂ ਅਸੀਂ ਉਸ ਦੀ ਸੇਵਾ ਹੀ ਇਸ ਵਿੱਚ ਸਮਝਦੇ ਹਾਂ ਕਿ ਇਸ ਨੂੰ ਪੂਰੀ ਤਰਾਂ ਰਜਾਇਆ ਜਾਵੇ ਅਤੇ ਸ਼ਰਾਬੀ ਕੀਤਾ ਜਾਵੇ l ਜਦੋਂ ਮਹਿਮਾਨ ਰੋਟੀ ਰੱਜ ਕੇ ਖਾ ਲਵੇ ਤਾਂ ਜ਼ਬਰਦਸਤੀ ਉਸ ਦੀ ਥਾਲੀ ਵਿੱਚ ਇੱਕ ਜਾਂ ਦੋ ਰੋਟੀਆਂ ਹੋਰ ਰੱਖ ਦਿਤੀਆਂ ਜਾਂਦੀਆਂ ਹਨ ਤੇ ਕਿਹਾ ਜਾਂਦਾ ਹੈ ਕਿ ਤੂੰ ਤਾਂ ਬਹੁਤ ਘੱਟ ਖਾਧਾ ਹੈ l ਕਈ ਵਾਰ ਮਹਿਮਾਨ ਨੂੰ ਖਾਣਾ ਸਵਾਦ ਲਗਦਾ ਹੈ ਤੇ ਉਹ ਆਪਣੇ ਆਪ ਹੀ ਲੋੜ ਨਾਲੋਂ ਵੱਧ ਖਾ ਜਾਂਦਾ ਹੈ l
ਮੈਨੂੰ ਕਈ ਵਾਰ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਖਾਣ ਵਾਲਾ ਕਹਿੰਦਾ ਹੈ ਕਿ ਦਾਲ ਤੇ ਸਬਜ਼ੀ ਬਹੁਤ ਸਵਾਦ ਸੀ ਅਤੇ ਮੈਂ ਇਸ ਕਰਕੇ ਦੋ ਰੋਟੀਆਂ ਫਾਲਤੂ ਖਾ ਗਿਆ l ਹੁਣ ਸੋਚਣ ਦੀ ਲੋੜ ਹੈ ਕਿ ਜੇ ਦਾਲ ਜਾਂ ਸਬਜ਼ੀ ਸਵਾਦ ਸੀ ਤਾਂ ਦਾਲ ਜਾਂ ਸਬਜ਼ੀ ਫਾਲਤੂ ਖਾਂਦਾ l ਰੋਟੀਆਂ ਫਾਲਤੂ ਕਿਉਂ ਖਾਧੀਆਂ ? ਜਿਸ ਤਰਾਂ ਅਸੀਂ ਆਏ ਹੋਏ ਮਹਿਮਾਨ ਦੇ ਖਾਣੇ ਨਾਲ ਰਜਾ ਕੇ ਵੱਟ ਕੱਢ ਦਿੰਦੇ ਹਾਂ ਇਸ ਤਰਾਂ ਕਈ ਮੁਲਕਾਂ ਵਿੱਚ ਮਹਿਮਾਨ ਨੂੰ ਖਾਣੇ ਦੀ ਬਜਾਏ ਤੁਰਨ /ਸੈਰ ਵਾਸਤੇ ਲੈ ਜਾਂਦੇ ਹਨ ਜਿਸ ਨਾਲ ਭਾਰ ਘਟਦਾ ਹੈ l
ਹਾਲਾਂਕਿ ਭਾਰ ਵਧਣ ਦੇ ਸਾਰੇ ਕਾਰਨ ਇੱਕ ਲੇਖ ਦੇ ਰੂਪ ਵਿੱਚ ਸ਼ਾਮਿਲ ਨਹੀਂ ਕੀਤੇ ਜਾ ਸਕਦੇ ਪਰ ਸੰਖੇਪ ਵਿੱਚ ਜਾਣਕਾਰੀ ਸਾਂਝੀ ਕਰ ਰਿਹਾ ਹਾਂ l
ਮੋਟਾਪਾ ਆਉਣ ਦੇ ਨਾਲ ਕਈ ਬਿਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਹਨ l ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਆਦਾ ਮਿੱਠੇ (ਖੰਡ ਵਾਲੇ) ਖਾਣੇ ਖਾਣਾ, ਤਲੀਆਂ ਚੀਜ਼ਾਂ ਖਾਣਾ, ਡ੍ਰਿੰਕਾਂ ਪੀਣਾ ਅਤੇ ਫਾਸਟ ਫ਼ੂਡ ਖਾਣਾ l ਅੱਜ ਤੋਂ ਤਕਰੀਬਨ 35 ਜਾਂ 40 ਕੁ ਸਾਲ ਪਿੱਛੇ ਨੂੰ ਦੇਖੀਏ ਤਾਂ ਪੰਜਾਬ ਵਿੱਚ ਪੈਸੇ ਦੀ ਕਾਫੀ ਘਾਟ ਹੁੰਦੀ ਸੀ ਜਿਸ ਕਰਕੇ ਵਿਆਹਾਂ- ਸ਼ਾਦੀਆਂ, ਧਾਰਮਿਕ ਸਮਾਗਮਾਂ ਅਤੇ ਪਾਰਟੀਆਂ ਵਿੱਚ ਬਹੁਤ ਜਿਆਦਾ ਮਿਠੀਆਂ ਚੀਜ਼ਾਂ ਖਾਣ ਨੂੰ ਨਹੀਂ ਹੁੰਦੀਆਂ ਸੀ l ਬੱਚਿਆਂ ਦੇ ਜਨਮ ਵੇਲੇ ਵੀ ਪਤਾਸੇ ਅਤੇ ਦੇਸੀ ਲੱਡੂ ਹੀ ਵੰਡੇ ਜਾਂਦੇ ਸੀ l ਉਹ ਲੱਡੂ ਵੀ ਘਰ ਹੀ ਬਣਾਏ ਹੁੰਦੇ ਸੀ ਜਿਨ੍ਹਾਂ ਵਿੱਚ ਮਿਲਾਵਟ ਬਹੁਤ ਘੱਟ ਹੁੰਦੀ ਸੀ l ਮਿਠਾਈਆਂ ਤਾਂ ਬਹੁਤਿਆਂ ਨੂੰ ਤਿਉਹਾਰਾਂ ਤੇ ਹੀ ਖਾਣ ਨੂੰ ਮਿਲਦੀਆਂ ਸਨ l ਲੋਹੜੀ ਉਤੇ ਵੀ ਲੱਡੂ ਅਤੇ ਰੇੜੀਆਂ ਆਦਿ ਹੀ ਖਾਣ ਨੂੰ ਹੁੰਦੇ ਸਨ l ਜਦੋਂ ਥੋੜ੍ਹਾ ਪੈਸਾ ਲੋਕਾਂ ਕੋਲ ਹੋਰ ਆਇਆ ਤਾਂ ਲੋਕਾਂ ਨੇ ਬਰਾਤ ਵਾਸਤੇ ਮਠਿਆਈਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਪਰ ਪਿੰਡ ਦੇ ਲੋਕਾਂ ਨੂੰ ਲੱਡੂ, ਨਮਕੀਨ ਜਾਂ ਬਦਾਨੇ ਨਾਲ ਹੀ ਚਾਹ ਮਿਲਦੀ ਸੀ l ਜਿਆਦਾ ਲੋਕ ਗੁੜ ਦੀ ਚਾਹ ਪੀਂਦੇ ਹੁੰਦੇ ਸੀ l ਖੰਡ ਦੀ ਚਾਹ ਅਮੀਰੀ ਦੀ ਨਿਸ਼ਾਨੀ ਹੁੰਦੀ ਸੀ ਜੋ ਕਿ ਥੋੜ੍ਹੇ ਲੋਕਾਂ ਨੂੰ ਹੀ ਮਿਲਦੀ ਸੀ l
ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਉਸ ਵੇਲੇ ਲੋਕ ਮਿੱਠਾ ਬਹੁਤ ਘੱਟ ਖਾਂਦੇ ਸੀ l ਉਸ ਸਮੇਂ ਸੌਫਟ ਡ੍ਰਿੰਕਾਂ ਬਹੁਤ ਘੱਟ ਹੁੰਦੀਆਂ ਸੀ l ਕੁੱਝ ਲੋਕ ਬੰਟੇ ਵਾਲਾ ਸੋਢਾ ਦੁੱਧ ਵਿੱਚ ਪਾ ਕੇ ਪੀ ਲੈਂਦੇ ਸਨ l ਅੱਜਕਲ੍ਹ ਸੌਫਟ ਡ੍ਰਿੰਕਾਂ ਵਿੱਚ ਬਹੁਤ ਮਾਤਰਾ ਵਿੱਚ ਖੰਡ ਪਾਈ ਹੁੰਦੀ ਹੈ ਤੇ ਲੋਕ ਅਣਗਿਣਤ ਸੌਫਟ ਡ੍ਰਿੰਕਾਂ ਪੀਂਦੇ ਹਨ l ਇਸ ਦੇ ਨਾਲ ਉਨ੍ਹਾਂ ਵਿੱਚ ਕੈਮੀਕਲ ਪਾਏ ਹੁੰਦੇ ਹਨ ਜੋ ਸਰੀਰ ਲਈ ਹੋਰ ਹਾਨੀਕਾਰਕ ਸਾਬਤ ਹੁੰਦੇ ਹਨ l ਖਾਣੇ ਤੋਂ ਇਲਾਵਾ 35 ਜਾਂ 40 ਸਾਲ ਪਹਿਲਾਂ ਲੋਕ ਕਸਰਤ ਬਹੁਤ ਕਰਦੇ ਹੁੰਦੇ ਸੀ ਜਿਸ ਕਰਕੇ ਖਾਧਾ ਹੋਇਆ ਮਿੱਠਾ ਜਾਂ ਖਾਣਾ ਪਚ ਜਾਂਦਾ ਸੀ l ਕਾਰਾਂ ਤੇ ਮੋਟਰ ਸਾਇਕਲ ਘੱਟ ਸਨ l ਲੋਕ ਜਿਆਦਾ ਕੰਮ ਤੁਰ ਕੇ ਜਾਂ ਸਾਇਕਲ ਤੇ ਜਾ ਕੇ ਕਰਦੇ ਸੀ l ਜੇ ਕਿਤੇ ਬੱਸ ਵਿੱਚ ਵੀ ਜਾਣਾ ਹੁੰਦਾ ਸੀ ਤਾਂ ਬੱਸ ਅੱਡੇ ਤੱਕ ਜਾਣ ਲਈ ਕਾਫੀ ਤੁਰਨਾ ਪੈਂਦਾ ਸੀ ਤੇ ਕਸਰਤ ਹੋ ਜਾਂਦੀ ਸੀ l ਇਸ ਕਰਕੇ ਵੱਧ ਭਾਰ ਨਾਲ ਸਬੰਧਿਤ ਬਿਮਾਰੀਆਂ ਵੀ ਘੱਟ ਲਗਦੀਆਂ ਸਨ l ਮੈਨੂੰ ਯਾਦ ਹੈ ਜਦੋਂ ਮੈਂ ਆਪਣੇ ਪਿੰਡੋਂ ਜਲੰਧਰ ਸਾਇਕਲ ਤੇ ਕੰਮ ਕਰਨ ਜਾਂਦਾ ਹੁੰਦਾ ਸੀ ਤਾਂ ਮੈਂ ਰੋਜ਼ਾਨਾ 30 ਕਿਲੋਮੀਟਰ ਤੋਂ ਵੱਧ ਸਾਇਕਲ ਚਲਾ ਲੈਂਦਾ ਸੀ l ਉਸ ਸਮੇਂ ਟੀ ਵੀ ਘੱਟ ਸਨ ਅਤੇ ਇੰਟਰਨੈਟ ਨਹੀਂ ਸੀ ਇਸ ਕਰਕੇ ਲੋਕਾਂ ਦਾ ਮਨੋਰੰਜਨ ਖੇਡਾਂ ਹੀ ਸਨ ਜਿਨ੍ਹਾਂ ਨਾਲ ਭਾਰ ਘਟਦਾ ਸੀ ਤੇ ਸਰੀਰ ਤੰਦਰੁਸਤ ਰਹਿੰਦਾ ਸੀ l
ਭਾਰ ਵਧਣ ਨਾਲ ਸ਼ੂਗਰ ਰੋਗ ਹੋ ਜਾਂਦਾ ਹੈ, ਕੋਲੈਸਟਰਲ ਲੈਵਲ ਵਧ ਜਾਂਦਾ ਹੈ, ਬਲੱਡ ਪ੍ਰੈਸ਼ਰ ਵਧਣ ਲਗਦਾ ਹੈ, ਕਿਡਨੀਆਂ ਤੇ ਮਾੜਾ ਅਸਰ ਪੈਂਦਾ ਹੈ, ਦਿਲ ਨਾਲ ਸਬੰਧਤ ਬਿਮਾਰੀਆਂ ਹੋ ਜਾਂਦੀਆਂ ਹਨ l ਇਹ ਸਭ ਬਿਮਾਰੀਆਂ ਇਕੋ ਵਾਰ ਨਹੀਂ ਹੁੰਦੀਆਂ l ਸ਼ੁਰੂ ਵਿੱਚ ਇੱਕ ਬਿਮਾਰੀ ਹੁੰਦੀ ਹੈ ਅਤੇ ਅਸੀਂ ਉਸ ਬਿਮਾਰੀ ਪ੍ਰਤੀ ਡਾਕਟਰ ਦੁਆਰਾ ਦੱਸਿਆ ਪ੍ਰਹੇਜ਼ ਨਹੀਂ ਕਰਦੇ ਅਤੇ ਫਿਰ ਹੋਰ ਬਿਮਾਰੀਆਂ ਸ਼ਾਮਿਲ ਹੋਈ ਜਾਂਦੀਆਂ ਹਨ l ਜਦੋਂ ਡਾਕਟਰ ਮਰੀਜ਼ ਨੂੰ ਕਹਿੰਦਾ ਹੈ ਕਿ ਭਾਰ ਘਟਾਓ ਤਾਂ ਬਹੁਤੇ ਮਰੀਜ਼ ਇਸ ਵੱਲ ਧਿਆਨ ਨਹੀਂ ਦਿੰਦੇ ਅਤੇ ਕੁੱਝ ਬਿਲਕੁਲ ਹੀ ਭੁੱਖੇ ਰਹਿਣਾ ਸ਼ੁਰੂ ਕਰ ਦਿੰਦੇ ਹਨ l ਉਹ ਭੁੱਖੇ ਰਹਿ ਕੇ ਭਾਰ ਤਾਂ ਘਟਾ ਲੈਂਦੇ ਹਨ ਪਰ ਜਦੋਂ ਫਿਰ ਖਾਣਾ ਸ਼ੁਰੂ ਕਰਦੇ ਹਨ ਤਾਂ ਭਾਰ ਫਿਰ ਪਹਿਲਾਂ ਜਿੰਨਾਂ ਹੀ ਹੋ ਜਾਂਦਾ ਹੈ l ਕਈ ਕਹਿੰਦੇ ਹਨ ਕਿ ਖਾਂਦੇ ਵੀ ਕੁੱਝ ਨਹੀਂ ਭਾਰ ਫਿਰ ਵੀ ਵਧੀ ਜਾਂਦਾ ਹੈ l ਜਿਹੜੇ ਲੋਕ ਇਸ ਤਰਾਂ ਕਹਿੰਦੇ ਹਨ ਉਨ੍ਹਾਂ ਨੂੰ ਸੁਝਾਅ ਹੈ ਕਿ ਮੂੰਹ ਵਿੱਚ ਜੋ ਵੀ ਪਾਉਣਾ ਹੈ ਉਸ ਨੂੰ ਲਿਖਿਆ ਜਾਵੇ ਅਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੰਨਾ ਖਾ ਰਹੇ ਹੋ ?
ਹੁਣ ਸੋਚਣ ਦੀ ਲੋੜ ਹੈ ਕਿ ਤੁਹਾਡਾ ਭਾਰ ਦੋ ਚਾਰ ਮਹੀਨਿਆਂ ਵਿੱਚ ਨਹੀਂ ਵਧਿਆ ਇਸ ਕਰਕੇ ਇਸ ਨੂੰ ਦੋ ਚਾਰ ਮਹੀਨੇ ਵਿੱਚ ਹੀ ਕਿਉਂ ਘਟਾਉਣਾ ਹੈ ? ਜਿਆਦਾ ਲੋਕਾਂ ਦਾ ਭਾਰ ਦੋ ਜਾਂ ਤਿੰਨ ਕਿੱਲੋ ਸਾਲ ਦਾ ਵਧਦਾ ਰਹਿੰਦਾ ਹੈ ਜੋ ਕਿ ਚਾਰ ਪੰਜ ਸਾਲਾਂ ਵਿੱਚ 12 ਤੋਂ 15 ਕਿੱਲੋ ਤੱਕ ਵਧ ਜਾਂਦਾ ਹੈ l ਇਸ ਦਾ ਮਤਲਬ ਹੈ ਕਿ ਵਿਅਕਤੀ 25 ਤੋਂ 50 ਊਰਜਾ ਇਕਾਈਆਂ (calories) ਰੋਜ਼ਾਨਾ ਵੱਧ ਖਾਂਦਾ ਰਿਹਾ ਜਿਸ ਕਰਕੇ ਉਸ ਦਾ ਐਨਾ ਭਾਰ ਵੱਧ ਗਿਆ l ਰੋਜ਼ਾਨਾ 25 ਕੈਲਰੀਆਂ ਵੱਧ ਖਾਣ ਨਾਲ ਇੱਕ ਸਾਲ ਦੀਆਂ 9125 ਕੈਲਰੀਆਂ ਫਾਲਤੂ ਬਣ ਗਈਆਂ ਜਿਸ ਦਾ ਮਤਲਬ ਤੁਹਾਡਾ ਦੋ ਕਿੱਲੋ ਤੋਂ ਵੱਧ ਭਾਰ ਸਲਾਨਾ ਵਧਣ ਲੱਗ ਪਿਆ ਜਾਂ ਇਸ ਤਰਾਂ ਵੀ ਸਮਝਿਆ ਜਾ ਸਕਦਾ ਹੈ ਕਿ ਵਿਅਕਤੀ ਰੋਜ਼ਾਨਾ ਇੱਕ ਰੋਟੀ ਫਾਲਤੂ ਖਾਂਦਾ ਰਿਹਾ l
ਆਓ ਦੇਖੀਏ ਇਸ ਨੂੰ ਸੌਖੇ ਤਰੀਕੇ ਨਾਲ ਕਿਸ ਤਰਾਂ ਘੱਟ ਕਰੀਏ ? ਰੋਜ਼ਾਨਾ ਇੱਕ ਰੋਟੀ ਘੱਟ ਖਾ ਲਵੋ ਜੇ ਭੁੱਖ ਲੱਗੇ ਤਾਂ ਘਰ ਉਗਾਇਆ ਹੋਇਆ ਸਲਾਦ ਖਾ ਲਵੋ l ਇੱਕ ਕੱਪ ਚਾਹ ਦਾ ਘੱਟ ਕਰ ਲਵੋ l ਮਠਿਆਈ ਖਾਣੀ ਬੰਦ ਕਰ ਲਵੋ l ਰਾਤ ਨੂੰ ਰੋਟੀ ਛੇ ਵਜੇ ਦੇ ਕਰੀਬ ਖਾ ਲਵੋ l ਜੇ ਹੋ ਸਕੇ ਚਾਹ ਵਿੱਚ ਘਰ ਦਾ ਬਣਾਇਆ ਗੁੜ ਪਾ ਲਵੋ ਜੋ ਕਿ ਖੰਡ ਦੇ ਮੁਕਾਬਲੇ ਸਿਹਤ ਲਈ ਵਧੀਆ ਹੈ ਜਾਂ ਖੰਡ ਦੀ ਬਜਾਏ ਸਟੀਵੀਆ (ਇੱਕ ਬੂਟੀ ਜੋ ਖੰਡ ਨਾਲੋਂ ਵੀ ਮਿੱਠੀ ਹੁੰਦੀ ਹੈ) ਪਾ ਲਵੋ l ਇਹ ਚੀਜ਼ਾਂ ਕਰਨ ਨਾਲ ਤੁਹਾਡੀਆਂ ਰੋਜ਼ਾਨਾ ਦੋ ਸੋ ਕੈਲਰੀਆਂ ਘਟ ਜਾਣਗੀਆਂ l ਅੱਧਾ ਘੰਟਾ ਤੁਰਨਾ ਸ਼ੁਰੂ ਕਰ ਦਿਓ ਅਤੇ ਤੁਹਾਡੀਆਂ 150 ਤੋਂ ਵੱਧ ਕੈਲਰੀਆਂ ਜਲ ਜਾਂ ਵਰਤ ਹੋ (burn) ਜਾਣਗੀਆਂ l ਇਸ ਦਾ ਮਤਲਬ ਰੋਜ਼ਾਨਾ ਤੁਹਾਡੀਆਂ ਕੈਲਰੀਆਂ 350 ਘਟ ਜਾਣਗੀਆਂ l ਇੱਕ ਸਾਲ ਬਾਦ ਹੀ ਤੁਹਾਡਾ ਭਾਰ ਘਟ ਜਾਵੇਗਾ ਅਤੇ ਬਾਦ ਵਿੱਚ ਵੀ ਘਟੀਆ ਹੀ ਰਹੇਗਾ l
ਸਿੱਟਾ:- ਭਾਰ ਹੌਲੀ ਹੌਲੀ ਵਧਿਆ ਹੈ ਅਤੇ ਇਸ ਨੂੰ ਹੌਲੀ ਹੌਲੀ ਘਟਣ ਦਿਓ l ਬਹੁਤ ਵੱਡੇ ਬਦਲਾ ਦੀ ਲੋੜ ਨਹੀਂ ਹੁੰਦੀ l ਇਥੇ ਇਹ ਵਰਨਣਯੋਗ ਹੈ ਕਿ ਇਹ ਲੇਖ ਸਿਰਫ ਮੇਰੇ ਆਪਣੇ ਤਜਰਬੇ ਤੇ ਅਧਾਰਤ ਹੈ l
ਨੋਟ :- ਜਿਹੜੇ ਵਿਅਕਤੀਆਂ ਨੂੰ ਕੋਈ ਬਿਮਾਰੀ ਹੈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਪਰੋਕਤ ਚੀਜ਼ਾਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)