-ਆਪਣੇ ਤਜਰਬੇ ਤੇ ਅਧਾਰਤ
ਭਾਰਤ ਵਿੱਚ ਜਾਂ ਖਾਸ ਤੌਰ ਤੇ ਪੰਜਾਬ ਵਿੱਚ ਨੌਕਰੀ ਨਾ ਮਿਲਣ, ਪੰਜਾਬ ਦੇ ਮੁੱਖ ਕਿੱਤੇ ਖੇਤੀਬਾੜੀ ਵਿੱਚ ਸਰਕਾਰ ਵਲੋਂ ਫਸਲਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਅਤੇ ਤਕਰੀਬਨ ਹਰ ਕੰਮ ਕਰਵਾਉਣ ਵੇਲੇ ਰਿਸ਼ਵਤ ਦੀ ਮੰਗ ਕੀਤੇ ਜਾਣ ਕਾਰਨ ਨੌਜਵਾਨ ਭਾਰਤ ਛੱਡਣ ਦਾ ਫੈਸਲਾ ਕਰਦੇ ਹਨ l ਉਨ੍ਹਾਂ ਵਿੱਚੋਂ ਬਹੁਤ ਥੋੜ੍ਹੀ ਗਿਣਤੀ ਹੈ ਜੋ ਵਿਦੇਸ਼ਾਂ ਵਿੱਚੋਂ ਪੜ੍ਹ ਕੇ ਭਾਰਤ ਜਾ ਕੇ ਨੌਕਰੀ ਜਾਂ ਰੋਜਗਾਰ ਕਰਨਾ ਚਾਹੁੰਦੀ ਹੈ ਅਤੇ ਜਿਆਦਾ ਗਿਣਤੀ ਵਿਦੇਸ਼ ਵਿੱਚ ਪੜ੍ਹ ਕੇ ਉਥੇ ਹੀ ਪੱਕੇ ਤੌਰ ਤੇ ਵਸਣਾ ਚਾਹੁੰਦੀ ਹੈ l
ਭਾਰਤ ਵਿੱਚੋਂ ਜਾਣ ਵੇਲੇ ਵੀ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਮੁੱਖ ਮਕਸਦ ਵਿਦੇਸ਼ ਵਿੱਚ ਜਾ ਕੇ ਪੜ੍ਹਨਾ ਨਹੀਂ ਹੁੰਦਾ ਸਗੋਂ ਕੰਮ ਕਰਨਾ ਹੁੰਦਾ ਹੈ ਪਰ ਭਾਰਤ ਵਿੱਚੋਂ ਹੋਰ ਕਿਸੇ ਤਰਾਂ ਵੀ ਵਿਦੇਸ਼ ਜਾਣਾ ਸੌਖਾ ਨਹੀਂ ਹੁੰਦਾ l ਵਿਦੇਸ਼ੀ ਮੁਲਕ ਵਿਦਿਆਰਥੀਆਂ ਨੂੰ ਸੱਦਣ ਲਈ ਪਹਿਲ ਦਿੰਦੇ ਹਨ ਕਿਉਂਕਿ ਨਿਊਜ਼ੀਲੈਂਡ ਵਰਗੇ ਮੁਲਕ ਦੀ ਇਕੋਨਮੀ (Economy) ਹੀ ਵਿਦਿਆਰਥੀਆਂ ਵਲੋਂ ਮੁਲਕ ਵਿੱਚ ਲਿਆਂਦੇ ਪੈਸੇ ਨਾਲ ਚੱਲਦੀ ਹੈ l ਉਸ ਦੇ ਨਾਲ ਨਾਲ ਵਿਦਿਆਰਥੀ ਨਿਊਜ਼ੀਲੈਂਡ ਆ ਕੇ ਪੜ੍ਹਾਈ ਦੇ ਨਾਲ ਥੋੜ੍ਹਾ ਕੰਮ ਵੀ ਕਰਦੇ ਹਨ ਜਿਸ ਨਾਲ ਸਰਕਾਰ ਨੂੰ ਟੈਕਸ ਜਾਂਦਾ ਹੈ l ਜਿੰਨਾ ਪੈਸਾ ਖਾਣ ਪੀਣ, ਪਹਿਨਣ ਅਤੇ ਕਾਰਾਂ ਦੀ ਖਰੀਦੋ ਫਰੋਖਤ ਤੇ ਲਗਾਉਂਦੇ ਹਨ ਉਸ ਵਿੱਚੋਂ ਵੀ ਸਰਕਾਰ ਨੂੰ ਜੀ ਐਸ ਟੀ ਜਾਂਦੀ ਹੈ l ਜਿਹੜਾ ਪੈਸਾ ਬੈਂਕਾਂ ਵਿੱਚ ਜਮ੍ਹਾਂ ਕਰਵਾ ਕੇ ਰੱਖਦੇ ਹਨ ਉਸ ਦੇ ਵਿਆਜ਼ ਵਿੱਚੋਂ ਵੀ ਟੈਕਸ ਸਰਕਾਰ ਨੂੰ ਜਾਂਦਾ ਹੈ l
ਨਿਊਜ਼ੀਲੈਂਡ ਵਿੱਚ ਵੱਡੀ ਉਮਰ ਦੇ ਲੋਕਾਂ ਦੀ ਗਿਣਤੀ ਬਹੁਤ ਜਿਆਦਾ ਹੈ l ਭਾਵ ਨੌਜਵਾਨ ਪੀੜ੍ਹੀ ਨਾਲੋਂ 62 ਸਾਲ ਦੇ ਲੋਕ ਵੱਧ ਹਨ l ਉਹ 62 ਸਾਲ ਦੇ ਲੋਕ ਰਿਟਾਇਰ ਹੋਣ ਵਾਲੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਕਿਲਡ ਵਰਕਰ ਹਨ l ਇਨ੍ਹਾਂ ਵਿੱਚ ਬਹੁਤ ਸਾਰੇ ਮਕੈਨਿਕ, ਬਿਲਡਰ, ਪਲੰਬਰ, ਪੇਂਟਰ, ਫਾਰਮਰ, ਟ੍ਰੈਕਟਰ ਡਰਾਈਵਰ, ਇਲੈਕਟ੍ਰੀਸ਼ਨ, ਕਾਰਪੈਟ ਲੇਅਰ, ਵਾਇਨਲ ਲੇਅਰ, ਫੋਰਕ ਲਿਫਟ ਡਰਾਈਵਰ, ਬਾਗਬਾਨੀ ਦੇ ਮਾਹਿਰ ਅਤੇ ਟਰੱਕ ਡਰਾਈਵਰ ਹਨ l ਇਹ ਕੰਮ ਔਖੇ ਹੋਣ ਕਰਕੇ ਇਨ੍ਹਾਂ ਦੀ ਨਵੀਂ ਪੀੜ੍ਹੀ ਨੇ ਇਹ ਕਿੱਤਿਆਂ ਦੀ ਟਰੇਨਿੰਗ ਨਹੀਂ ਲਈ ਅਤੇ ਨਾ ਹੀ ਉਹ ਇਨ੍ਹਾਂ ਕਿੱਤਿਆਂ ਵਿੱਚ ਪੈਣਾ ਚਾਹੁੰਦੇ ਹਨ l ਇਨ੍ਹਾਂ ਦੀ ਨਵੀਂ ਪੀੜ੍ਹੀ ਬਿਜਨੇਸ ਮੈਨੇਜਮੈਂਟ, ਵਕੀਲ, ਅਕਾਊਂਟੈਂਟ, ਮੌਰਗੇਜ ਬ੍ਰੋਕਰ, ਇੰਸ਼ੋਰੈਂਸ ਬ੍ਰੋਕਰ, ਜੱਜ, ਨੋਟਰੀ, ਡਾਕਟਰ, ਡੈਂਟਿਸਟ, ਬੈਂਕ ਮੈਨੇਜਰ, ਰਿਸੈਪਸ਼ਨਿਸਟ ਆਦਿ ਦੇ ਕੰਮਾਂ ਵਿੱਚ ਪੈ ਗਈ ਹੈ l ਉਸ ਦੀ ਵਜ੍ਹਾ ਹੈ ਕਿ ਇਹ ਕੰਮ ਵਾਈਟ ਕਾਲਰ ਜੌਬ ਵਿੱਚ ਆਉਂਦੇ ਹਨ ਅਤੇ ਇਨ੍ਹਾਂ ਵਿੱਚ ਮਿੱਟੀ ਨਾਲ ਮਿੱਟੀ ਨਹੀਂ ਹੋਣਾ ਪੈਂਦਾ l ਇਹ 62 ਸਾਲਾਂ ਦੇ ਸਾਰੇ ਵਿਅਕਤੀ ਰਿਟਾਇਰ ਹੋਣ ਵਾਲੇ ਹਨ ਅਤੇ ਇਨ੍ਹਾਂ ਦੀ ਜਗ੍ਹਾ ਸਰਕਾਰ ਨੂੰ ਨੌਜਵਾਨ ਪੀੜ੍ਹੀ ਦੀ ਲੋੜ ਹੈ ਜੋ ਇਨ੍ਹਾਂ ਵਾਲੇ ਕਿੱਤੇ ਕਰ ਸਕੇ l ਨਿਊਜ਼ੀਲੈਂਡ ਵਿੱਚ ਬੇਰੋਜ਼ਗਾਰੀ ਸਿਰਫ 6% ਦੇ ਲਾਗੇ ਹੈ l ਇਸ ਕਰਕੇ ਸਰਕਾਰ ਦੀ ਇਹ ਲੋੜ ਨਿਊਜ਼ੀਲੈਂਡ ਵਿੱਚੋਂ ਪੂਰੀ ਨਹੀਂ ਹੋ ਸਕਦੀ l
ਭਾਰਤ ਵਿੱਚ 35 ਸਾਲ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਹਨ l ਇਸ ਕਰਕੇ ਨਿਊਜ਼ੀਲੈਂਡ ਸਰਕਾਰ ਦੀ ਲੋੜ ਭਾਰਤ ਵਿੱਚੋਂ ਪੂਰੀ ਹੁੰਦੀ ਹੈ l ਇਸੇ ਕਰਕੇ ਉਥੋਂ ਕਾਫੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਨਿਊਜ਼ੀਲੈਂਡ ਪੜ੍ਹਨ ਲਈ ਆਉਂਦੇ ਹਨ l
ਇਸ ਲੇਖ ਵਿੱਚ ਕੋਸ਼ਿਸ਼ ਕਰਾਂਗਾ ਕਿ ਜੋ ਸਮੱਸਿਆਵਾਂ ਵਿਦਿਆਰਥੀਆਂ ਨੂੰ ਮੁੱਖ ਤੌਰ ਤੇ ਆਉਂਦੀਆਂ ਹਨ ਉਨ੍ਹਾਂ ਬਾਰੇ ਚਰਚਾ ਕੀਤੀ ਜਾਵੇ l
ਕੋਰਸ ਬਾਰੇ ਜਾਂ ਮੁਲਕ ਬਾਰੇ ਜਾਣਕਾਰੀ ਦੀ ਘਾਟ :- ਭਾਰਤ ਵਿੱਚੋਂ ਤੁਰਨ ਸਮੇਂ ਬਹੁਤ ਵਿਦਿਆਰਥੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਨਿਊਜ਼ੀਲੈਂਡ ਵਿੱਚ ਕੋਰਸ ਤੋਂ ਬਾਦ ਪੱਕੇ ਹੋਣ ਵਾਸਤੇ ਕਿਹੜਾ ਕੋਰਸ ਠੀਕ ਹੈ ? ਵੱਡੀ ਗਿਣਤੀ ਬਿਜਨੇਸ ਮੈਨੇਜਮੈਂਟ ਵਿੱਚ ਆਉਂਦੀ ਹੈ ਜਿਸ ਵਿੱਚ ਕੋਰਸ ਤੋਂ ਬਾਦ ਮੈਨੇਜਰ ਲੈਵਲ ਦੀ ਪੋਸਟ ਦੀ ਲੋੜ ਪੈਂਦੀ ਹੈ l ਬਹੁਤੀਆਂ ਕੰਪਨੀਆਂ ਨਵੇਂ ਮੈਨੇਜਰ ਨੂੰ ਰੱਖਣ ਲਈ ਤਿਆਰ ਹੀ ਨਹੀਂ ਹੁੰਦੀਆਂ l ਇਸ ਕਰਕੇ ਭਾਰਤ ਤੋਂ ਕੋਰਸ ਲੈਣ ਵੇਲੇ ਇਹ ਪਤਾ ਕਰਨਾ ਚਾਹੀਦਾ ਹੈ ਕਿ ਕਿਸ ਕੰਮ ਵਿੱਚ ਪੱਕੇ ਹੋਣਾ ਸੌਖਾ ਹੈ ? ਫਿਰ ਕੋਰਸ ਚੁਣਨਾ ਚਾਹੀਦਾ ਹੈ l ਜਾਣਕਾਰੀ ਇਮੀਗ੍ਰੇਸ਼ਨ ਵੈਬਸਾਈਟ ਤੋਂ ਲੈ ਸਕਦੇ ਹੋ l
ਰਿਹਾਇਸ਼ ਦੀ ਸਮੱਸਿਆ :- ਕਾਲਜ ਵਿੱਚ ਰਿਹਾਇਸ਼ ਮਹਿੰਗੀ ਹੁੰਦੀ ਹੈ ਇਸ ਕਰਕੇ ਬਹੁਤੇ ਨੌਜਵਾਨ ਇਕੱਠੇ ਹੋ ਕੇ ਘਰ ਕਿਰਾਏ ਤੇ ਲੈ ਕੇ ਰਹਿੰਦੇ ਹਨ l ਕਿਰਾਏ ਅਤੇ ਖਾਣ ਪੀਣ ਦੇ ਖਰਚੇ ਦਾ ਭਾਰਤ ਹੁੰਦਿਆਂ ਪਤਾ ਲਗਾ ਲੈਣਾ ਚਾਹੀਦਾ ਹੈ ਕਿ ਕਿੰਨਾ ਹੈ ?
ਡਰਾਈਵਿੰਗ ਦੀ ਸਮੱਸਿਆ :- ਬਹੁਤੇ ਨਿਊਜ਼ੀਲੈਂਡ ਪਹੁੰਚਦੇ ਨੌਜਵਾਨਾਂ ਨੂੰ ਡਰਾਈਵਿੰਗ ਨਹੀਂ ਆਉਂਦੀ ਜਾਂ ਭਾਰਤ ਦੇ ਹਿਸਾਬ ਨਾਲ ਆਉਂਦੀ ਹੈ l ਇਸ ਦੀ ਵਜ੍ਹਾ ਨਾਲ ਸੜ੍ਹਕ ਤੇ ਹੁੰਦੇ ਹਾਦਸਿਆਂ ਵਿੱਚ ਨੌਜਵਾਨਾਂ ਦੀ ਮੌਤ ਹੁੰਦੀ ਅਕਸਰ ਦੇਖਣ ਨੂੰ ਮਿਲਦੀ ਹੈ ਜੋ ਕਿ ਬਹੁਤ ਦੁਖਦਾਈ ਹੈ l ਇਸ ਵਾਸਤੇ ਵਧੀਆ ਗੱਲ ਹੈ ਕਿ ਨਿਊਜ਼ੀਲੈਂਡ ਦੇ ਡਰਾਈਵਿੰਗ ਸਕੂਲ ਤੋਂ ਟਰੇਨਿੰਗ ਲਈ ਜਾਵੇ ਜੋ ਕਿ ਸਿਰਫ $500 ਦੇ ਨਾਲ ਹੀ ਹੋ ਜਾਂਦੀ ਹੈ ਅਤੇ ਫਿਰ ਡਰਾਈਵਿੰਗ ਲਾਈਸੇਂਸ ਵੀ ਸੌਖਾ ਮਿਲ ਜਾਂਦਾ ਹੈ ਅਤੇ ਕਾਰ ਦੀ ਇੰਸ਼ੋਰੈਂਸ ਵੀ ਸਸਤੀ ਹੋ ਜਾਂਦੀ ਹੈ l ਐਕਸੀਡੈਂਟ ਹੋਣ ਦੀ ਵਜ੍ਹਾ ਨਾਲ ਪੱਕੇ ਹੋਣ ਵੇਲੇ ਵੀ ਮੁਸ਼ਕਲਾਂ ਆਉਂਦੀਆਂ ਹਨ l ਸ਼ੁਰੂਆਤ ਦੀਆਂ ਹਾਲਤਾਂ ਵਿੱਚ $500 ਬਹੁਤ ਵੱਡੀ ਰਕਮ ਲਗਦੀ ਹੈ ਪਰ ਸੜ੍ਹਕ ਹਾਦਸਿਆਂ ਵਿੱਚ ਜਾਨ ਗੁਆਉਣ ਨਾਲੋਂ ਬਹੁਤ ਸਸਤੀ ਹੈ l
ਕਾਲਜਾਂ ਦਾ ਫੇਲ੍ਹ ਹੋਣਾ :- ਕਈ ਕਾਲਜ ਫੇਲ੍ਹ ਹੋ ਜਾਂਦੇ ਹਨ l ਕੋਰਸ ਲੈਣ ਤੋਂ ਪਹਿਲਾਂ ਕਾਲਜ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ ਕਿ ਕਿਹੜਾ ਕਾਲਜ ਠੀਕ ਹੈ ?
ਇੰਸ਼ੋਰੈਂਸ ਕੰਪਨੀ :- ਨੌਜਵਾਨ ਜਾਂ ਕੋਈ ਵੀ ਕੱਚਾ ਵਿਅਕਤੀ ਵਧੀਆ ਇੰਸ਼ੋਰੈਂਸ ਕਰਵਾ ਕੇ ਆਵੇ ਤਾਂ ਕਿ ਲੋੜ ਪੈਣ ਤੇ ਕਲੇਮ ਮਿਲ ਸਕੇ l ਇਥੇ ਮੈਡੀਕਲ ਜਾਂ ਅਪ੍ਰੇਸ਼ਨ ਕਰਵਾਉਣਾ ਬਹੁਤ ਮਹਿੰਗਾ ਹੈ l
ਨੌਕਰੀ/ਜੌਬ ਨਾ ਮਿਲਣਾ :- ਜਿਆਦਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ 20 ਘੰਟੇ ਹਫਤੇ ਦੇ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਅਤੇ ਛੁਟੀਆਂ ਵਿੱਚ ਉਹ ਫੁੱਲ ਟਾਈਮ ਕੰਮ ਕਰ ਸਕਦੇ ਹਨ l ਜਿਨ੍ਹਾਂ ਵਿਦਿਆਰਥੀਆਂ ਨੇ ਇਥੇ ਹੀ ਕੰਮ ਕਰਕੇ ਕਾਲਜ ਦੀਆਂ ਫੀਸਾਂ ਤਾਰਨੀਆਂ ਹੁੰਦੀਆਂ ਹਨ ਉਨ੍ਹਾਂ ਦਾ 20 ਘੰਟੇ ਕੰਮ ਕਰਕੇ ਗੁਜ਼ਾਰਾ ਨਹੀਂ ਹੁੰਦਾ l ਇਥੇ ਜੌਬਾਂ ਕਾਫੀ ਹੋਣ ਕਰਕੇ 20 ਘੰਟੇ ਕੰਮ ਬਹੁਤੇ ਨੌਜਵਾਨਾਂ ਨੂੰ ਅਰਾਮ ਨਾਲ ਮਿਲ ਜਾਂਦਾ ਹੈ l ਜਦੋਂ ਨੌਜਵਾਨ 20 ਘੰਟੇ ਤੋਂ ਵੱਧ ਕੰਮ ਲੱਭਦੇ ਹਨ ਤਾਂ ਉਸ ਦੀ ਇਜਾਜ਼ਤ ਨਾ ਹੋਣ ਕਰਕੇ ਉਹ ਆਪਣਾ ਟੈਕਸ ਨੰਬਰ ਨਹੀਂ ਵਰਤ ਸਕਦੇ ਅਤੇ ਅੰਡਰ ਦੀ ਟੇਬਲ ਕੈਸ਼ ਜੌਬ ਦੀ ਭਾਲ ਕਰਦੇ ਹਨ l ਇਸ ਗੱਲ ਦਾ ਫਾਇਦਾ ਵਿਦਿਆਰਥੀਆਂ ਦੇ ਨਾਲ ਨਾਲ ਮਾਲਕਾਂ ਨੂੰ ਵੀ ਹੁੰਦਾ ਹੈ ਕਿਉਂਕਿ ਮਾਲਕ ਘੱਟ ਪੈਸੇ ਦੇਣਾ ਸ਼ੁਰੂ ਕਰ ਦਿੰਦੇ ਹਨ l ਸੋ ਵਿਦਿਆਰਥੀ ਦਾ ਫਾਇਦਾ ਹੋਇਆ ਕਿ ਉਸ ਨੇ ਬਿਨਾਂ ਵਰਕ ਪਰਮਿਟ ਤੋਂ ਕੰਮ ਕਰ ਲਿਆ ਅਤੇ ਮਾਲਕ ਦਾ ਫਾਇਦਾ ਹੋਇਆ ਕਿ ਉਸ ਨੇ ਘੱਟ ਪੈਸਿਆਂ ਤੇ ਕਾਮਾ ਰੱਖ ਲਿਆ l ਜਿੰਨ੍ਹਾਂ ਚਿਰ ਦੋਨਾਂ ਦੀ ਨਿਭਦੀ ਹੈ ਠੀਕ ਹੈ ਅਤੇ ਜਦੋਂ ਨਹੀਂ ਨਿਭਦੀ ਤਾਂ ਇੱਕ ਦੂਜੇ ਦੀਆਂ ਸ਼ਿਕਾਇਤਾਂ ਦਾ ਦੌਰ ਸ਼ੁਰੂ ਹੁੰਦਾ ਹੈ ਅਤੇ ਦੋਨੋਂ ਧਿਰਾਂ ਖੱਜਲ ਖਰਾਬ ਹੁੰਦੀਆਂ ਹਨ l ਇਸ ਕੇਸ ਵਿੱਚ ਕਨੂੰਨਨ ਤੌਰ ਤੇ ਮਾਲਕ ਅਤੇ ਕਾਮੇ ਦੋਨੋਂ ਗਲਤ ਹਨ l
ਕੋਰਸ ਤੋਂ ਬਾਦ ਜੌਬ ਲੈਟਰ ਨਾ ਮਿਲਣਾ :- ਕੋਰਸ ਖਤਮ ਹੋਣ ਤੋਂ ਬਾਦ ਦੋ ਜਾਂ ਤਿੰਨ ਸਾਲ ਦਾ ਵਰਕ ਪਰਮਿਟ /ਜੌਬ ਸਰਚ ਵੀਜ਼ਾ ਮਿਲਦਾ ਹੈ ਜਿਸ ਵਿੱਚ ਪੱਕੇ ਹੋਣ ਵਾਸਤੇ ਫੁੱਲ ਟਾਈਮ ਜੌਬ ਵਿਦਿਆਰਥੀ ਨੇ ਭਾਲਣੀ ਹੁੰਦੀ ਹੈ l ਉਸ ਫੁੱਲ ਟਾਈਮ ਜੌਬ ਲੈਟਰ ਨੂੰ ਦੇਣ ਵਾਸਤੇ ਬਹੁਤੇ ਕਾਰੋਬਾਰੀ ਪੈਸੇ ਦੀ ਮੰਗ ਕਰਦੇ ਹਨ l ਪੈਸੇ ਦੀ ਰਕਮ ਵੀ $25, 000 ਤੋਂ $35, 000 ਦੇ ਵਿੱਚ l ਉਸ ਸਮੇਂ ਦੌਰਾਨ ਕਈ ਵਾਰ ਵਿਦਿਆਰਥੀ ਨੂੰ ਪੈਸੇ ਵੀ ਨੌਕਰੀ ਦੇ ਘੱਟ ਦਿੱਤੇ ਜਾਂਦੇ ਹਨ l ਪਹਿਲਾਂ ਦੋਨੋਂ ਧਿਰਾਂ ਇਸ ਵਾਸਤੇ ਸਹਿਮਤ ਹੋ ਜਾਂਦੀਆਂ ਹਨ ਪਰ ਜਦ ਦੋ ਜਾਂ ਤਿੰਨ ਸਾਲ ਬੀਤਣ ਤੋਂ ਬਾਦ ਜੇਕਰ ਵਿਦਿਆਰਥੀ ਪੱਕਾ ਨਹੀਂ ਹੁੰਦਾ ਤਾਂ ਉਸ ਸਮੇਂ ਵਿਦਿਆਰਥੀ ਕੋਲ ਜੋੜਿਆ ਹੋਇਆ ਪੈਸਾ ਵੀ ਨਹੀਂ ਹੁੰਦਾ ਅਤੇ ਪੱਕੇ ਹੋਣ ਦੀ ਆਸ ਵੀ ਨਹੀਂ ਹੁੰਦੀ l ਉਲਟਾ ਮਾਲਕ ਨੂੰ ਵੀ $25, 000 ਤੋਂ $35, 000 ਦਿੱਤਾ ਹੁੰਦਾ ਹੈ l ਫਿਰ ਵਿਦਿਆਰਥੀ ਵਲੋਂ ਸਰਕਾਰ ਨੂੰ ਮਾਲਕ ਪ੍ਰਤੀ ਸ਼ਿਕਾਇਤ ਕਰਨੀ ਪੈਂਦੀ ਹੈ l ਕਈ ਹਾਲਤਾਂ ਵਿੱਚ ਮਾਲਕਾਂ ਨੂੰ ਤਕੜਾ ਜੁਰਮਾਨਾ ਵੀ ਹੁੰਦਾ ਹੈ l ਇਸ ਕਰਕੇ ਦੋਨੋਂ ਧਿਰਾਂ ਇਸ ਤਰਾਂ ਦਾ ਐਗਰੀਮੈਂਟ ਕਰਨ ਤੋਂ ਪਹਿਲਾਂ ਸੋਚਣ ਤਾਂ ਕਿ ਖੱਜਲ ਖਰਾਬੀ ਤੋਂ ਬਚਿਆ ਜਾ ਸਕੇ l
ਮਾਲਕ ਜੌਬ ਲੈਟਰ ਦੇਣ ਤੋਂ ਕਿਉਂ ਕੰਨੀਂ ਕਤਰਾਉਂਦੇ ਹਨ :- ਦੇਖਣ ਵਿੱਚ ਜੌਬ ਲੈਟਰ ਦੇਣਾ ਜਾਂ ਲੈਣਾ ਸੌਖਾ ਲਗਦਾ ਹੈ ਪਰ ਐਨਾ ਸੌਖਾ ਹੈ ਨਹੀਂ l ਜੇਕਰ ਕੋਈ ਮਾਲਕ ਜੌਬ ਲੈਟਰ ਕਿਸੇ ਨੂੰ ਪੱਕਾ ਹੋਣ ਵਾਸਤੇ ਦਿੰਦਾ ਹੈ ਤਾਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇਖਦੀ ਹੈ ਕਿ ਮਾਲਕ ਦੀ ਕੰਪਨੀ ਦੀ ਪਿਛਲੇ ਸਾਲ ਦੀ ਆਮਦਨ ਕਿੰਨੀ ਸੀ ? ਕੀ ਉਸ ਆਮਦਨ ਵਿੱਚੋਂ ਨਵੇਂ ਕਾਮੇ ਦੀ ਤਨਖਾਹ ਨਿਕਲ ਸਕਦੀ ਹੈ ? ਉਦਾਹਰਣ ਦੇ ਤੌਰ ਤੇ ਜੇ ਕਾਮੇ ਨੂੰ $50,000 ਸਲਾਨਾ ਤਨਖਾਹ ਵਾਲਾ ਲੈਟਰ ਦੇਣਾ ਹੈ ਤਾਂ ਕੰਪਨੀ ਨੇ ਪਿਛਲੇ ਸਾਲ $50,000 ਦਾ ਟੈਕਸ ਤਾਰਿਆ ਹੋਣਾ ਚਾਹੀਦਾ ਹੈ ਜੋ ਕਿ ਕੰਪਨੀ ਟੈਕਸ ਮੁਤਾਬਕ $14,000 ਬਣਦਾ ਹੈ l ਬਹੁਤੇ ਮਾਲਕਾਂ ਨੇ ਐਨਾ ਟੈਕਸ ਤਾਰਿਆ ਹੀ ਨਹੀਂ ਹੁੰਦਾ l ਫਿਰ ਇਮੀਗਰੇਸ਼ਨ ਮਾਲਕ ਦੀਆਂ ਸਾਰੀਆਂ ਕੰਪਨੀਆਂ ਦਾ ਰਿਕਾਰਡ ਚੈੱਕ ਕਰਦੀ ਹੈ ਕਿ ਉਨ੍ਹਾਂ ਕੰਪਨੀਆਂ ਵਿੱਚ ਇਸ ਨੇ ਕਿੰਨੇ ਵਿਅਕਤੀ ਪਹਿਲਾਂ ਪੱਕੇ ਕਰਵਾਏ ਹਨ ਅਤੇ ਉਨ੍ਹਾਂ ਕੰਪਨੀਆਂ ਦੀ ਆਮਦਨ ਕਿੰਨੀ ਕੁ ਹੈ ? ਇਹ ਸਾਰਾ ਰਿਕਾਰਡ ਅਕਾਊਂਟੈਂਟ ਤੋਂ ਲੈ ਕੇ ਇਮੀਗ੍ਰੇਸ਼ਨ ਤੱਕ ਪਹੁੰਚਾਉਣ ਲਈ ਮਾਲਕ ਦੇ ਹਜ਼ਾਰਾਂ ਡਾਲਰ ਲਗਦੇ ਹਨ ਜੋ ਕਿ ਮਾਲਕ ਖਰਚਣੇ ਹੀ ਨਹੀਂ ਚਾਹੁੰਦਾ l
ਆਦਤਾਂ ਨਾ ਮਿਲਣਾ :- ਜਦੋਂ ਨੌਜਵਾਨਾਂ ਨੂੰ ਇਕੱਠੇ ਰਹਿਣਾ ਪੈਂਦਾ ਹੈ ਤਾਂ ਵੱਖ ਵੱਖ ਪਰਿਵਾਰਾਂ ਵਿੱਚੋਂ ਆਉਣ ਕਰਕੇ ਉਨ੍ਹਾਂ ਦੀਆਂ ਆਦਤਾਂ ਨਹੀਂ ਮਿਲਦੀਆਂ ਜਿਸ ਕਰਕੇ ਕਈ ਵਾਰ ਲੜਾਈਆਂ ਹੁੰਦੀਆਂ ਹਨ ਅਤੇ ਪੁਲਿਸ ਕੇਸ ਹੋਣ ਕਾਰਨ ਕਈ ਵਾਰ ਪੱਕੇ ਹੋਣ ਵਿੱਚ ਤੰਗੀ ਹੁੰਦੀ ਹੈ ਅਤੇ ਕਈ ਵਾਰ ਉਨ੍ਹਾਂ ਨੂੰ ਘਰ ਵੀ ਖਾਲੀ ਕਰਨਾ ਪੈਂਦਾ ਹੈ ਅਤੇ ਦੁਬਾਰਾ ਰਿਹਾਇਸ਼ ਨਹੀਂ ਮਿਲਦੀ l
ਤੈਰਨ ਨਾਲ ਮੌਤਾਂ :- ਪੰਜਾਬ ਦੇ ਲਾਗੇ ਸਮੁੰਦਰ ਨਾ ਹੋਣ ਕਰਕੇ ਬਹੁਤ ਲੋਕ ਤੈਰਨਾ ਨਹੀਂ ਜਾਣਦੇ l ਨਿਊਜ਼ੀਲੈਂਡ ਦੇ ਸਾਰੇ ਪਾਸੇ ਸਮੁੰਦਰ ਹਨ l ਇਥੇ ਬੱਚਿਆਂ ਨੂੰ ਸਕੂਲਾਂ ਵਿੱਚ ਹੀ ਤੈਰਨਾ ਸਿਖਾ ਦਿੰਦੇ ਹਨ l ਭਾਰਤ ਤੋਂ ਆਏ ਨੌਜਵਾਨ ਕਈ ਵਾਰ ਤੈਰਨਾ ਨਾ ਆਉਣ ਦੇ ਬਾਵਯੂਦ ਸਮੁੰਦਰ ਵਿੱਚ ਤੈਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਦੀ ਵਜ੍ਹਾ ਕਰਕੇ ਕਈਆਂ ਦੀ ਮੌਤ ਹੋ ਜਾਂਦੀ ਹੈ ਜੋ ਕਿ ਦੁਖਦਾਈ ਹੈ l ਇਸ ਤੋਂ ਬਚਣਾ ਚਾਹੀਦਾ ਹੈ l
ਔਰਤਾਂ ਦੀ ਬਰਾਬਰਤਾ :- ਨਿਊਜ਼ੀਲੈਂਡ ਵਿੱਚ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਸਮਝਿਆ ਜਾਂਦਾ ਹੈ l ਇਸ ਕਰਕੇ ਔਰਤ ਦਾ ਸਨਮਾਨ ਕਰਨਾ ਵੀ ਸਿੱਖ ਕੇ ਆਉਣਾ ਚਾਹੀਦਾ ਹੈ l ਇਹ ਸਮਝ ਲੈਣਾ ਚਾਹੀਦਾ ਹੈ ਕਿ ਨਿਊਜ਼ੀਲੈਂਡ ਵਿੱਚ ਜੇ ਕਿਸੇ ਸਮੱਸਿਆ ਵਿੱਚ ਫਸੇ ਤਾਂ ਪੈਸੇ ਜਾਂ ਰਿਸ਼ਵਤ ਦੇ ਕੇ ਛੁਟਕਾਰਾ ਨਹੀਂ ਹੋਣਾ l
ਜਾਤ ਪਾਤ ਦਾ ਫਰਕ :- ਨਿਊਜ਼ੀਲੈਂਡ ਵਿੱਚ ਭਾਰਤ ਵਾਂਗ ਜਾਤ ਪਾਤ ਦੇ ਹਿਸਾਬ ਨਾਲ ਫਰਕ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਕਿੱਤੇ ਜਾਤਾਂ ਦੇ ਅਧਾਰ ਤੇ ਵੰਡੇ ਹੋਏ ਹਨ l ਇਸ ਕਰਕੇ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰਕੇ ਆਓ ਕਿ ਇਥੇ ਕੋਈ ਵੀ ਕੰਮ ਕਰਨਾ ਪੈ ਸਕਦਾ ਹੈ l ਇਥੇ ਕਿਸੇ ਵੀ ਦਫ਼ਤਰ ਵਿੱਚ ਚਪੜਾਸੀ ਨਹੀਂ ਹੁੰਦਾ l ਜੇਕਰ ਕਿਸੇ ਨੂੰ ਪੁੱਛੋ ਕਿ ਚਪੜਾਸੀ (Peon) ਕੀ ਹੁੰਦਾ ਹੈ ? ਤੁਸੀਂ ਹੈਰਾਨ ਹੋਵੋਗੇ ਕਿ 95% ਗੋਰਿਆਂ ਨੂੰ ਇਹ ਨਹੀਂ ਪਤਾ ਕਿ ਚਪੜਾਸੀ ਕੀ ਹੁੰਦਾ ਹੈ ? ਉਸ ਦੀ ਵਜ੍ਹਾ ਇਹੀ ਹੈ ਕਿ ਇਥੇ ਜਦ ਚਪੜਾਸੀ ਦੀ ਜੌਬ ਹੀ ਨਹੀਂ ਹੈ ਤਾਂ ਚਪੜਾਸੀ ਦਾ ਪਤਾ ਕਿਵੇਂ ਲੱਗੇਗਾ ?
ਸਫਾਈ ਨਾ ਰੱਖਣ ਦੀ ਆਦਤ :- ਕਿਰਾਏ ਤੇ ਲਏ ਘਰਾਂ ਵਿੱਚ ਸਫਾਈ ਰੱਖਣ ਦੀ ਲੋੜ ਹੁੰਦੀ ਹੈ l ਘਰ ਵਿੱਚ ਜਿਆਦਾ ਨੌਜਵਾਨ 5 ਜਾਂ 6 ਜਣਿਆਂ ਦੇ ਗਰੁੱਪਾਂ ਵਿੱਚ ਰਹਿੰਦੇ ਹਨ l ਜੇਕਰ ਉਹ ਹਫਤੇ ਵਿੱਚ ਦੋ ਦੋ ਘੰਟੇ ਘਰ ਦੀ ਸਫਾਈ ਤੇ ਲਗਾਉਣ ਤਾਂ ਘਰ ਅਰਾਮ ਨਾਲ ਸਾਫ ਹੋ ਜਾਂਦਾ ਹੈ l ਸਫਾਈ ਨਾ ਰੱਖਣ ਦੀ ਸੂਰਤ ਵਿੱਚ ਕਈ ਵਾਰ ਮਾਲਕ ਮਕਾਨ ਨੌਜਵਾਨਾਂ ਨੂੰ ਘਰ ਖਾਲੀ ਕਰਨ ਨੂੰ ਕਹਿ ਦਿੰਦੇ ਹਨ l ਮੈਂ ਖੁਦ ਇਸ ਤਰਾਂ ਰਹਿੰਦਾ ਹੁੰਦਾ ਸੀ ਪਰ ਸਾਡੇ ਘਰ ਵਿੱਚ ਕਦੇ ਵੀ ਸਫਾਈ ਦੀ ਸਮੱਸਿਆ ਨਹੀਂ ਸੀ ਆਉਂਦੀ l
ਖਾਣਾ ਬਣਾਉਣਾ ਨਾ ਆਉਣਾ :- ਭਾਰਤ ਵਿੱਚੋਂ ਜਿਹੜੇ ਮੁੰਡੇ ਆਉਂਦੇ ਹਨ ਉਨ੍ਹਾਂ ਨੂੰ ਖਾਣਾ ਬਣਾਉਣ ਵਿੱਚ ਤੰਗੀ ਆਉਂਦੀ ਹੈ l ਖਾਣਾ ਬਣਾਉਣਾ ਸਿੱਖ ਕੇ ਆਉਣਾ ਚਾਹੀਦਾ ਹੈ l ਹਰ ਰੋਜ਼ ਫਾਸਟ ਫ਼ੂਡ ਖਾਣਾ ਮਹਿੰਗਾ ਅਤੇ ਸਿਹਤ ਲਈ ਹਾਨੀਕਾਰਕ ਸਾਬਤ ਹੁੰਦਾ ਹੈ l
ਮਾਲਕ ਮਕਾਨਾਂ ਵਲੋਂ ਬੇਇਨਸਾਫ਼ੀ :- ਕਈ ਮਾਲਕ ਮਕਾਨ ਘਰਾਂ ਦੀ ਮੁਰੰਮਤ ਨਹੀਂ ਕਰਾਉਂਦੇ ਅਤੇ ਕਿਰਾਇਆ ਵੀ ਪੂਰਾ ਲੈਂਦੇ ਹਨ l ਇਹ ਵੀ ਸਾਹਮਣੇ ਆਇਆ ਹੈ ਕਿ ਕਈ ਮਾਲਕ ਤਾਂ ਲੀਕ ਕਰਦੀਆਂ ਟੂਟੀਆਂ ਜਾਂ ਛੱਤਾਂ ਵੀ ਠੀਕ ਨਹੀਂ ਕਰਵਾਉਂਦੇ l ਇਥੇ ਟੇਨੈਂਸੀ ਟਰਿਬਿਉਨਲ ਬਣਿਆ ਹੋਇਆ ਹੈ ਜਿਸ ਵਿੱਚ ਮਾਲਕ ਜਾਂ ਕਿਰਾਏਦਾਰ ਦੋਨੋਂ ਹੀ ਇੱਕ ਦੂਜੇ ਪ੍ਰਤੀ ਹੋਈ ਬੇਇਨਸਾਫ਼ੀ ਦੀ ਸ਼ਿਕਾਇਤ ਕਰ ਸਕਦੇ ਹਨ l
ਨਸ਼ਿਆਂ ਦੀ ਆਦਤ :- ਕਈ ਨੌਜਵਾਨਾਂ ਨੂੰ ਨਸ਼ਿਆਂ ਦੀ ਆਦਤ ਹੋ ਜਾਂਦੀ ਹੈ ਕਿਉਂਕਿ ਇਥੇ ਕਮਾਈ ਵੱਧ ਹੋਣ ਕਾਰਨ ਸ਼ਰਾਬ ਖਰੀਦਣੀ ਸੌਖੀ ਹੁੰਦੀ ਹੈ l ਸ਼ਰਾਬ ਪੀਣ ਨਾਲ ਜਿਥੇ ਸਰੀਰਕ ਨੁਕਸਾਨ ਹੁੰਦਾ ਹੈ ਉਥੇ ਹੀ ਕਈ ਸ਼ਰਾਬ ਦੀ ਭਾਨ ਪਏ ਹੋਣ ਕਾਰਨ ਦੂਜੇ ਦਿਨ ਕੰਮ ਤੇ ਵੀ ਨਹੀਂ ਜਾ ਸਕਦੇ l ਸ਼ਰਾਬ ਦੀ ਵਜ੍ਹਾ ਨਾਲ ਲੜਾਈਆਂ ਵੀ ਹੁੰਦੀਆਂ ਹਨ ਅਤੇ ਫਿਰ ਪੁਲਿਸ ਕੇਸ l ਇਸ ਬਾਰੇ ਵੀ ਨੌਜਵਾਨ ਪੀੜ੍ਹੀ ਨੂੰ ਸੁਚੇਤ ਹੋਣ ਦੀ ਲੋੜ ਹੈ l ਕਈ ਵਾਰ ਸ਼ਰਾਬ ਦੀ ਵਜ੍ਹਾ ਨਾਲ ਕੰਮ ਤੇ ਨਾ ਜਾਣ ਨਾਲ ਕੰਮ ਤੋਂ ਵੀ ਜਵਾਬ ਮਿਲ ਜਾਂਦਾ ਹੈ l
ਨੌਜਵਾਨਾਂ ਦਾ ਭਵਿੱਖ :-ਹਾਲਾਂਕਿ ਪੱਕੇ ਹੋਣ ਤੱਕ ਸਰਕਾਰਾਂ ਦੀਆਂ ਪਾਲਸੀਆਂ ਹੀ ਨੌਜਵਾਨਾਂ ਦਾ ਭਵਿੱਖ ਤੈਅ ਕਰਦੀਆਂ ਹਨ l ਜਿਨ੍ਹਾਂ ਚਿਰ ਨੌਜਵਾਨ ਪੱਕੇ ਨਹੀਂ ਹੁੰਦੇ ਉਨ੍ਹਾਂ ਨੂੰ ਕਈ ਸਹੂਲਤਾਂ ਨਹੀਂ ਮਿਲਦੀਆਂ l ਕਿਸੇ ਵੀ ਕੰਪਨੀ ਤੋਂ ਜੌਬ ਲੈਟਰ ਹਾਸਲ ਕਰਨ ਵਾਸਤੇ ਵਧੀਆ ਕਾਮੇ ਸਾਬਤ ਹੋਣਾ ਪੈਂਦਾ ਹੈ l ਜੇਕਰ ਤੁਸੀਂ ਆਪਣੇ ਆਪ ਨੂੰ ਇਸ ਤਰਾਂ ਦਾ ਕਾਮਾ ਸਾਬਤ ਕਰ ਦਿੰਦੇ ਹੋ ਕਿ ਤੁਹਾਡਾ ਮੁਕਾਬਲਾ ਹੋਰ ਬਹੁਤੇ ਕਾਮੇ ਨਾ ਕਰਨ ਤਾਂ ਤੁਸੀਂ ਕੰਪਨੀ ਦੀ ਮਜ਼ਬੂਰੀ ਬਣ ਜਾਂਦੇ ਹੋ l ਫਿਰ ਕੰਪਨੀ ਤੁਹਾਨੂੰ ਪੱਕਾ ਕਰਵਾਉਣ ਦੀ ਆਪ ਕੋਸ਼ਿਸ਼ ਕਰੇਗੀ ਅਤੇ ਸਰਕਾਰਾਂ ਕਨੂੰਨ ਬਦਲ ਕੇ ਵੀ ਤੁਹਾਨੂੰ ਪੱਕਾ ਕਰਨਗੀਆਂ l ਮੈਨੂੰ ਕੰਪਨੀ ਨੇ ਡਿਪੋਰਟ ਹੋਣ ਤੋਂ ਬਾਦ ਵੀ ਵਾਪਸ ਸੱਦ ਲਿਆ ਸੀ ਕਿਉਂਕਿ ਮੇਰੀ ਜੌਬ ਕਰਨ ਵਾਲਾ ਨਿਊਜ਼ੀਲੈਂਡ ਵਿੱਚੋਂ ਕੋਈ ਵਿਅਕਤੀ ਨਹੀਂ ਮਿਲਿਆ ਸੀ l ਇਸ ਕਰਕੇ ਸਰਕਾਰਾਂ ਦੇ ਨਾਲ ਨਾਲ ਕੁੱਝ ਭਵਿੱਖ ਆਪਣੇ ਹੱਥ ਵੀ ਹੈ l
ਇਸ ਲੇਖ ਨੂੰ ਲਿਖਣ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਉਂਦੀਆਂ ਸਮੱਸਿਆਵਾਂ ਤੋਂ ਸੁਚੇਤ ਕਰਨਾ ਹੈ l ਜੇਕਰ ਅਸੀਂ ਕਿਸੇ ਆਉਣ ਵਾਲੀ ਮੁਸੀਬਤ ਬਾਰੇ ਪਹਿਲਾਂ ਸੋਚ ਲੈਂਦੇ ਹਾਂ ਤਾਂ ਅਸੀਂ ਉਸ ਵਾਸਤੇ ਆਪਣੇ ਆਪ ਨੂੰ ਪਹਿਲਾਂ ਹੀ ਤਿਆਰ ਕਰ ਸਕਦੇ ਹਾਂ ਜਿਸ ਨਾਲ ਅਸੀਂ ਆਰਥਿਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਬਚ ਸਕਦੇ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
ਫੋਨ 006421392147