ਬੱਚੇ ਜਦੋਂ ਪੈਦਾ ਹੁੰਦੇ ਹਨ ਤਾਂ ਉਨ੍ਹਾਂ ਦਾ ਦਿਮਾਗ ਕੋਰੀ ਕਾਪੀ ਵਰਗਾ ਹੁੰਦਾ ਹੈ ਭਾਵ ਕਿ ਉਨ੍ਹਾਂ ਨੂੰ ਚੰਗਾ, ਮਾੜਾ, ਸੱਚ, ਝੂਠ ਆਦਿ ਦੀ ਵੀ ਕੋਈ ਜਾਣਕਾਰੀ ਨਹੀਂ ਹੁੰਦੀ l
ਉਸ ਸਮੇਂ ਬੱਚਿਆਂ ਵਿੱਚ ਬਹੁਤ ਕੁੱਝ ਜਾਨਣ ਦੀ ਇੱਛਾ ਹੁੰਦੀ ਹੈ l ਇਸੇ ਕਰਕੇ ਕੁੱਝ ਬੱਚੇ ਬਹੁਤ ਸਵਾਲ ਕਰਦੇ ਹਨ l ਕਈ ਵਾਰੀ ਤਾਂ ਭਾਰਤੀ ਮਾਪੇ ਏਨੇ ਅੱਕ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਤੇਰੇ ਕੋਲੋਂ ਚੁੱਪ ਕਰਕੇ ਨਹੀਂ ਬੈਠ ਹੁੰਦਾ?
ਇਸ ਛੋਟੀ ਉਮਰ ਦੇ ਬੱਚਿਆਂ ਵਿੱਚ ਐਨਰਜੀ ਵੀ ਬਹੁਤ ਹੁੰਦੀ ਹੈ ਜਿਸ ਕਾਰਣ ਉਹ ਕੁੱਝ ਨਾ ਕੁੱਝ ਕਰੀ ਜਾਂਦੇ ਰਹਿੰਦੇ ਹਨ l ਭਾਰਤੀ ਮਾਪੇ ਫਿਰ ਅੱਕ ਕੇ ਕਹਿੰਦੇ ਹਨ ਕਿ ਤੇਰੇ ਕੋਲੋਂ ਟਿਕ ਕੇ ਨਹੀਂ ਬੈਠ ਹੁੰਦਾ? ਜਾਂ ਐਵੇਂ ਕਿਉਂ ਬਾਂਦਰ ਵਾਂਗ ਟੱਪੀ ਜਾਂਦਾ ਹੈਂ?
ਸਾਨੂੰ ਬੱਚਿਆਂ ਵਲੋਂ ਉਠਾਏ ਸਾਰੇ ਸਵਾਲਾਂ ਦਾ ਜਵਾਬ ਇਮਾਨਦਾਰੀ ਨਾਲ ਦੇਣਾ ਚਾਹੀਦਾ ਹੈ l ਜਿਨਾਂ ਸਵਾਲਾਂ ਦਾ ਜਵਾਬ ਮਾਪੇ ਨਹੀਂ ਜਾਣਦੇ, ਉਹ ਬੱਚੇ ਨੂੰ ਕਹਿ ਸਕਦੇ ਹਨ ਕਿ ਸਾਨੂੰ ਨਹੀਂ ਪਤਾ ਤਾਂ ਕਿ ਬੱਚਾ ਉਹ ਜਵਾਬ ਖੁਦ ਲੱਭਣ ਦੀ ਕੋਸ਼ਿਸ਼ ਕਰੇ l
ਬੱਚਿਆਂ ਨੂੰ ਕਦੇ ਵੀ ਦੁਚਿੱਤੀ ਵਿੱਚ ਨਾ ਪਾਓ l ਦੁਚਿੱਤੀ ਵਿੱਚ ਪਏ ਬੱਚੇ ਨੂੰ ਪਤਾ ਨਹੀਂ ਲਗਦਾ ਕਿ ਦੋਨਾਂ ਵਿੱਚੋਂ ਸੱਚ ਕੀ ਹੈ? ਦੁਚਿੱਤੀ ਵਿੱਚ ਪਏ ਬੱਚਿਆਂ ਵਿੱਚ ਭਰੋਸੇ (Confidence) ਦੀ ਘਾਟ ਹੁੰਦੀ ਹੈ l ਉਹ ਬੱਚੇ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਸੱਚ ਕੀ ਹੈ?
ਦੁਚਿੱਤੀ ਬੱਚਿਆਂ ਨੂੰ ਦੂਜਿਆਂ ਸਾਹਮਣੇ ਮਜ਼ਾਕ ਦੇ ਪਾਤਰ ਵੀ ਬਣਾਉਂਦੀ ਹੈ l ਉਦਾਹਰਣ ਦੇ ਤੌਰ ਤੇ ਜਦੋਂ ਬੱਚਾ ਮਾਪਿਆਂ ਨੂੰ ਪੁੱਛਦਾ ਹੈ ਕਿ ਮੇਰਾ ਭੈਣ ਭਰਾ ਕਿੱਥੋਂ ਲਿਆ ਹੈ ਤਾਂ ਭਾਰਤੀ ਮਾਪੇ ਆਖ ਦਿੰਦੇ ਹਨ ਕਿ ਉੱਪਰ ਵਾਲੇ ਤੋਂ ਲਿਆ ਹੈ ਜਾਂ ਕਿਸੇ ਥਾਂ ਸੁੱਖਣਾ ਸੁੱਖ ਕੇ ਲਿਆ ਹੈ ਜਾਂ ਕਿਸੇ ਬਾਬੇ ਦੀ ਕਿਰਪਾ ਹੋਈ ਹੈ l ਬੱਚੇ ਲਈ ਇਹ ਦੱਸਿਆ ਸੱਚ ਹੁੰਦਾ ਹੈ ਜੋ ਕਿ ਗਲਤ ਜਾਣਕਾਰੀ ਹੈ l
ਜੇ ਉਸੇ ਭਾਰਤੀ ਬੱਚੇ ਨੂੰ ਗੋਰਿਆਂ ਦੇ ਬੱਚਿਆਂ ਨਾਲ ਪੜ੍ਹਨਾ ਪਵੇ ਤਾਂ ਗੋਰਿਆਂ ਦੇ ਬੱਚੇ ਉਸ ਨੂੰ ਪੁੱਛਣ ਕਿ ਤੇਰਾ ਭੈਣ ਭਰਾ ਕਿੱਥੋਂ ਆਏ ਤਾਂ ਬੱਚਾ ਉਹੀ ਦੱਸੇਗਾ ਜੋ ਉਸ ਦੇ ਮਾਪਿਆਂ ਨੇ ਉਸ ਨੂੰ ਦੱਸਿਆ ਸੀ l ਭਾਵ ਉਹ ਕਹੇਗਾ ਕਿ ਰੱਬ ਤੋਂ ਲਿਆ ਹੈ ਜਾਂ ਕਿਸੇ ਬਾਬੇ ਤੋਂ ਲਿਆ ਹੈ l ਗੋਰਿਆਂ ਦੇ ਬੱਚੇ ਉਸ ਦਾ ਮਜ਼ਾਕ ਉਡਾਉਣਗੇ l ਮਾਪਿਆਂ ਦਾ ਦੱਸਿਆ ਇਹ ਝੂਠ ਬੱਚੇ ਨੂੰ ਮਜ਼ਾਕ ਦਾ ਪਾਤਰ ਬਣਾਵੇਗਾ l
ਇਸੇ ਤਰਾਂ ਭਾਰਤੀ ਮਾਪੇ ਬੱਚੇ ਨੂੰ ਕਹਿੰਦੇ ਹਨ ਕਿ ਰੱਬ ਹੀ ਸਭ ਕੁੱਝ ਕਰਦਾ ਹੈ, ਰੱਬ ਨੇ ਹੀ ਦੁਨੀਆਂ ਬਣਾਈ ਹੈ, ਜਿੰਨੇ ਸਾਹ ਰੱਬ ਨੇ ਲਿਖੇ ਹਨ ਉਹ ਹੀ ਭੋਗਣੇ ਹਨ ਅਤੇ ਜੋ ਕਿਸਮਤ ਵਿੱਚ ਹੈ ਉਹ ਮਿਲ ਹੀ ਜਾਣਾ ਹੈ l ਬੱਚਾ ਜਦੋਂ ਸਕੂਲ ਜਾਂਦਾ ਹੈ ਤਾਂ ਅਧਿਆਪਕ ਜੀਵ ਵਿਕਾਸ ਪੜ੍ਹਾਉਂਦੇ ਹਨ l ਬੱਚਾ ਫਿਰ ਦੁਚਿੱਤੀ ਵਿੱਚ ਫਸ ਜਾਂਦਾ ਹੈ ਕਿ ਬੰਦਾ ਰੱਬ ਦੁਆਰਾ ਪੈਦਾ ਕੀਤਾ ਗਿਆ ਜਾਂ ਜੀਵ ਵਿਕਾਸ ਦੁਆਰਾ ਬੰਦਾ ਹੋਂਦ ਵਿੱਚ ਆਇਆ l ਬੱਚੇ ਨੂੰ ਪਤਾ ਹੀ ਨਹੀਂ ਲਗਦਾ ਕਿ ਮਾਪੇ ਝੂਠ ਬੋਲਦੇ ਹਨ ਜਾਂ ਅਧਿਆਪਕ ਝੂਠ ਬੋਲਦੇ ਹਨ?
ਇਸ ਕਰਕੇ ਬੱਚਿਆਂ ਨੂੰ ਗਲਤ ਜਾਣਕਾਰੀ ਦੇਣੀ ਜਾਂ ਦਚਿੱਤੀ ਵਿੱਚ ਪਾਉਣਾ ਬਹੁਤ ਖ਼ਤਰਨਾਕ ਹੈ ਜਿਸ ਤੋਂ ਮਾਪਿਆਂ ਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ l
ਵੱਡੇ ਹੋ ਕੇ ਇਹੀ ਬੱਚੇ ਵਿਦੇਸ਼ਾਂ ਵਿੱਚ ਜਾਂਦੇ ਹਨ ਜਿਨਾਂ ਸਾਰੀ ਉਮਰ ਗੋਰਿਆਂ ਨਾਲ ਕੰਮ ਕਰਨਾ ਹੁੰਦਾ ਹੈ l ਜੇ ਉਹ ਗੋਰਿਆਂ ਸਾਹਮਣੇ ਲਾਈਲੱਗਤਾ ਵਾਲੀਆਂ ਗੱਲਾਂ ਕਰਨਗੇ ਤਾਂ ਸਾਰੀ ਉਮਰ ਮਜ਼ਾਕ ਦੇ ਪਾਤਰ ਹੀ ਬਣਨਗੇ l
ਮਾਪਿਆਂ ਨੂੰ ਚਾਹੀਦਾ ਹੈ ਕਿ ਇੱਕ ਪੀੜ੍ਹੀ ਦੇ ਵਹਿਮ ਭਰਮ ਦੂਜੀ ਪੀੜ੍ਹੀ ਤੱਕ ਨਾ ਪਹੁੰਚਾਏ ਜਾਣ l
ਇਹ ਮੰਨਿਆ ਜਾ ਸਕਦਾ ਹੈ ਕਿ ਪਹਿਲਾਂ ਭਾਰਤ ਵਿੱਚ ਬਹੁਤ ਅਨਪੜਤਾ ਸੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪੜ੍ਹ ਲਿਖ ਕੇ ਵੀ ਕਿਤੇ ਅਸੀਂ ਲਾਈਲੱਗ ਤਾਂ ਨਹੀਂ ਬਣੇ ਹੋਏ?
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147