-ਸੱਚ ਤੇ ਅਧਾਰਤ ਘਟਨਾ
(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਵਿਦੇਸ਼ਾਂ ਨੂੰ ਲੋਕ ਵੱਖ ਵੱਖ ਕਾਰਨਾਂ ਕਰਕੇ ਜਾਂਦੇ ਹਨ l ਜਦੋਂ ਮੈਂ 1989 ਵਿੱਚ ਨਿਊਜ਼ੀਲੈਂਡ ਆਇਆ ਸੀ ਤਾਂ ਉਸ ਸਮੇਂ ਜਿਆਦਾ ਲੋਕ ਆਰਥਿਕ ਤੰਗੀ ਕਰਕੇ ਵਿਦੇਸ਼ ਜਾਂਦੇ ਸਨ ਜਾਂ ਪੰਜਾਬ ਵਿੱਚ ਕਾਰੋਬਾਰਾਂ ਲਈ ਹਲਾਤ ਸੁਖਾਵੇਂ ਨਾਂ ਹੋਣ ਕਾਰਨ ਵਿਦੇਸ਼ ਜਾਂਦੇ ਸਨ l ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਸਲੇ ਜਿਸ ਤਰਾਂ ਭਾਰਤ ਵਿੱਚ ਰਿਸ਼ਵਤਖੋਰੀ, ਨੌਕਰੀਆਂ ਨਾਂ ਮਿਲਣਾ, ਜਾਤ ਪਾਤ ਦੇ ਤੌਰ ਤੇ ਵਖਰੇਵਾਂ ਅਤੇ ਧਾਰਮਿਕ ਤੌਰ ਤੇ ਵਖਰੇਵਾਂ ਵੀ ਇਸ ਵਿੱਚ ਸ਼ਾਮਿਲ ਸੀ l
ਮੈਂ ਵਿਦੇਸ਼ ਆਪਣੀ ਆਰਥਿਕਤਾ ਮਜਬੂਤ ਕਰਨ ਵਾਸਤੇ ਗਿਆ ਸੀ ਕਿਉਂਕਿ ਘੱਟ ਪੜ੍ਹਿਆ ਹੋਣ ਕਰਕੇ ਬਹੁਤ ਥਾਵਾਂ ਤੇ ਭਾਰਤ ਵਿੱਚ ਨੌਕਰੀ ਨਹੀਂ ਮਿਲੀ ਤੇ ਨਾਂ ਹੀ ਆਸ ਬਚੀ ਸੀ l ਆਉਂਦਿਆਂ ਹੀ ਨਿਊਜ਼ੀਲੈਂਡ ਵਿੱਚ ਰਿਹਾਇਸ਼ ਲੱਭੀ ਜੋ ਕਿ ਤੰਬੂਆਂ ਵਿੱਚ ਹੀ ਮਿਲੀ ਪਰ ਫਿਰ ਵੀ ਹੌਂਸਲਾ ਹੋਇਆ ਕਿ ਬੇਗਾਨੇ ਮੁਲਕ ਵਿੱਚ ਕੁੱਝ ਸਿਰ ਢੱਕਣ ਨੂੰ ਮਿਲ ਗਿਆ l ਵੈਸੇ ਵੀ ਪੈਸਿਆਂ ਦੀ ਕਮੀਂ ਕਰਕੇ ਵਧੀਆ ਰਿਹਾਇਸ਼ ਦਾ ਖਰਚਾ ਨਹੀਂ ਚੁੱਕਿਆ ਜਾਣਾ ਸੀ l ਮੈਂ ਪੰਜਾਬ ਵਿੱਚ ਆਪਣੇ ਘਰ ਵਿੱਚ ਰਹਿੰਦਾ ਸੀ ਅਤੇ ਵਿਦੇਸ਼ ਆ ਕੇ ਹੁਣ ਤੰਬੂਆਂ ਵਿੱਚ ਆ ਗਿਆ ਸੀ l ਰਿਹਾਇਸ਼ ਮਿਲਣ ਤੋਂ ਬਾਦ ਹੀ ਖੇਤ ਮਜ਼ਦੂਰੀ ਦੇ ਕੰਮ ਲੱਭਣੇ ਸ਼ੁਰੂ ਕੀਤੇ l ਕੱਚਾ ਹੋਣ ਕਰਕੇ ਫੈਕਟਰੀ ਵਿੱਚ ਕੰਮ ਮਿਲਣ ਦੀ ਸੰਭਾਵਨਾ ਨਹੀਂ ਸੀ ਅਤੇ ਜੇ ਫੈਕਟਰੀ ਵਿੱਚ ਕੰਮ ਮਿਲ ਵੀ ਜਾਂਦਾ ਤਾਂ ਨਿਊਜ਼ੀਲੈਂਡ ਇਮੀਗਰੇਸ਼ਨ ਫੈਕਟਰੀ ਵਿਚੋਂ ਫੜ ਸਕਦੀ ਸੀ ਜਦ ਕਿ ਇਮੀਗ੍ਰੇਸ਼ਨ ਵਾਸਤੇ ਖੇਤਾਂ ਵਿਚੋਂ ਫੜ੍ਹਨਾ ਔਖਾ ਹੁੰਦਾ ਸੀ l ਵੱਖ ਵੱਖ ਤਰਾਂ ਦੇ ਬਾਗਾਂ ਵਿੱਚ ਦਿਹਾੜੀ ਕੀਤੀ ਜਿਸ ਵਿੱਚ ਸੇਬ, ਨਾਖਾਂ, ਆੜੂ, ਅੰਗੂਰ ਅਤੇ ਕੀਵੀ ਫਰੂਟ ਦੇ ਕੰਮ ਸ਼ਾਮਿਲ ਸਨ l ਸਬਜ਼ੀਆਂ ਵਿੱਚ ਗੋਭੀ, ਆਲੂ, ਅਸਪੈਰਾਗਸ, ਕੱਦੂ, ਗੰਢੇ ਆਦਿ ਦੇ ਖੇਤਾਂ ਵਿੱਚ ਦਿਹਾੜੀਆਂ ਕੀਤੀਆਂ l
ਵੱਧ ਸਮਾਂ ਕੀਵੀ ਫਰੂਟ ਦੇ ਬਾਗਾਂ ਵਿੱਚ ਹੀ ਕੰਮ ਕਰਕੇ ਗੁਜ਼ਾਰਿਆ l ਕੀਵੀ ਫਰੂਟ ਦੇ ਬਾਗਾਂ ਵਿੱਚ ਗੋਰੇ ਠੇਕੇਦਾਰ ਹੁੰਦੇ ਸਨ ਅਤੇ ਮੈਂ ਉਨ੍ਹਾਂ ਗੋਰੇ ਠੇਕੇਦਾਰਾਂ ਦੇ ਕੰਮ ਕਰਦਾ ਹੁੰਦਾ ਸੀ l ਕੁੱਝ ਸਮਾਂ ਪਾ ਕੇ ਮੈਂ ਕੀਵੀ ਫਰੂਟ ਦਾ ਚੰਗਾ ਕੰਮ ਸਿੱਖ ਗਿਆ ਅਤੇ ਕਈ ਆਪਣੇ ਤੌਰ ਤੇ ਫਸਲ ਵਧਾਉਣ ਵਾਸਤੇ ਖੋਜਾਂ ਕੀਤੀਆਂ ਜਿਨ੍ਹਾਂ ਦੀ ਬਦੌਲਤ ਮੈਂ ਇੱਕ ਕੀਵੀ ਫਰੂਟ ਬਾਗ ਨੂੰ ਵਧੀਆ ਫਸਲ ਕੱਢਣ ਵਾਲਾ ਬਾਗ ਬਣਾ ਦਿੱਤਾ ਅਤੇ ਮੈਨੂੰ ਕਾਫੀ ਗੋਰੇ ਮਿਲਣ ਆਏ l ਗੋਰਿਆਂ ਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਬਿਨਾਂ ਕਿਸੇ ਡਿਗਰੀ ਦੇ ਮੈਂ ਵਧੀਆ ਫਸਲ ਕਿਸ ਤਰਾਂ ਪੈਦਾ ਕਰ ਰਿਹਾ ਹਾਂ ?
ਕੀਵੀ ਫਰੂਟ ਦੇ ਖੇਤਰ ਵਿੱਚ ਇਸ ਪ੍ਰਾਪਤੀ ਕਰਕੇ ਮੈਨੂੰ ਇੱਕ ਵੱਡੀ ਕੰਪਨੀ ਵਿੱਚ ਕਾਮੇ ਦੇ ਤੌਰ ਤੇ ਨੌਕਰੀ ਮਿਲੀ l ਕੁੱਝ ਮਹੀਨਿਆਂ ਬਾਦ ਮੈਨੂੰ ਸੁਪਰਵਾਇਜਰ ਬਣਾ ਦਿੱਤਾ ਗਿਆ, ਫਿਰ ਆਡੀਟਰ ਅਤੇ ਮੈਨੇਜਰ ਬਣਾ ਦਿੱਤਾ ਗਿਆ l ਹਾਲਾਂਕਿ ਮੇਰੇ ਕੋਲ ਮੈਨੇਜਰ ਬਣਨ ਵਾਸਤੇ ਕੋਈ ਡਿਗਰੀ ਨਹੀਂ ਸੀ ਜੋ ਮੈਂ ਦਿਖਾ ਸਕਦਾ ਪਰ ਮੈਂ ਆਪਣੀ ਕੱਢੀ ਹੋਈ ਵੱਧ ਫਸਲ ਦਿਖਾ ਸਕਦਾ ਸੀ l ਜਦੋਂ ਮੈਨੇਜਰ ਦੀ ਜੌਬ ਮਿਲੀ ਤਾਂ ਉਸ ਜੌਬ ਵਿੱਚ ਮੈਂ ਕੰਪਨੀ ਵਾਸਤੇ ਵਧੀਆ ਭਾਅ ਤੇ ਸਮਾਨ ਖਰੀਦਣਾ, ਕੰਪਨੀ ਦੇ ਗ੍ਰਾਹਕਾਂ ਨੂੰ ਸਲਾਹ ਦੇਣਾ, ਸਟਾਫ ਨੂੰ ਟਰੇਨਿੰਗ ਦੇਣਾ ਅਤੇ ਠੇਕੇਦਾਰਾਂ ਨਾਲ ਹਰ ਕੰਮ ਦਾ ਭਾਅ ਕਰਨਾ ਆਦਿ ਸ਼ਾਮਿਲ ਸੀ l ਜਦੋਂ ਸਾਰੇ ਠੇਕੇਦਾਰਾਂ ਦੇ ਬਿੱਲ (Invoices) ਆਉਂਦੇ ਤਾਂ ਉਨ੍ਹਾਂ ਨੂੰ ਚੈੱਕ ਕਰਕੇ ਮੈਂ ਦਸਤਖਤ ਕਰਨੇ ਹੁੰਦੇ ਸਨ l ਮੇਰੇ ਦਸਤਖਤਾਂ ਤੋਂ ਬਾਦ ਕੰਪਨੀ ਠੇਕੇਦਾਰਾਂ ਨੂੰ ਪੈਸੇ ਦਿੰਦੀ ਸੀ l ਜੇਕਰ ਕਿਸੇ ਬਿਲ ਵਿੱਚ ਗੜਬੜ ਲੱਗੇ ਤਾਂ ਮੈਂ ਗੋਰੇ ਠੇਕੇਦਾਰਾਂ ਨੂੰ ਫੋਨ ਕਰਕੇ ਪੁੱਛਦਾ ਤਾਂ ਕਿ ਉਹ ਬਿੱਲ ਠੀਕ ਕਰਕੇ ਭੇਜਣ l
ਮੇਰੇ ਭਾਰਤੀ ਹੋਣ ਕਰਕੇ ਗੋਰੇ ਠੇਕੇਦਾਰਾਂ ਨੂੰ ਮੇਰਾ ਇਹ ਵਿਹਾਰ ਪਸੰਦ ਨਹੀਂ ਆਇਆ l ਇੱਕ ਗੋਰਾ ਠੇਕੇਦਾਰ ਮੈਨੂੰ ਕਹਿੰਦਾ ਕਿ ਤੇਰੇ ਤੋਂ ਪਹਿਲਾਂ ਗੋਰਾ ਮੈਨੇਜਰ ਹੁੰਦਾ ਸੀ ਉਸ ਨੇ ਤਾਂ ਮੈਨੂੰ ਕਦੇ ਬਿੱਲ ਦੇ ਕੁੱਲ ਖਰਚੇ ਬਾਰੇ ਪੁੱਛਿਆ ਨਹੀਂ ਸੀ l ਜੋ ਵੀ ਮੈਂ ਲਿਖ ਕੇ ਭੇਜਦਾ ਸੀ ਉਸ ਉੱਪਰ ਗੋਰਾ ਮੈਨੇਜਰ ਦਸਤਖਤ ਕਰਕੇ ਪੈਸੇ ਦੇ ਦਿੰਦਾ ਸੀ l ਤੂੰ ਕਿਉਂ ਵਾਰ ਵਾਰ ਫੋਨ ਕਰਕੇ ਪੁੱਛਦਾ ਰਹਿੰਦਾ ਹੈਂ ? ਮੈਂ ਕਿਹਾ ਕਿ ਇਹ ਮੇਰੀ ਜੌਬ ਹੈ ਅਤੇ ਮੈਂ ਇਸੇ ਤਰਾਂ ਹੀ ਕਰਨੀ ਹੈ l ਮੈਨੂੰ ਕਹਿੰਦਾ ਕਿ ਜਾਂ ਆਪਣਾ ਵਿਹਾਰ ਬਦਲ ਲੈ ਨਹੀਂ ਤਾਂ ਮੈਂ ਤੇਰੀ ਮਾਲਕ ਕੋਲ ਸ਼ਿਕਾਇਤ ਕਰਾਂਗਾ l ਮੈਂ ਕਿਹਾ ਮੈਂ ਤਾਂ ਆਪਣਾ ਕੰਮ ਇਸੇ ਤਰਾਂ ਕਰਨਾ ਹੈ l ਜੇ ਤੂੰ ਸ਼ਿਕਾਇਤ ਕਰਨੀ ਹੈ ਤਾਂ ਤੇਰੀ ਮਰਜ਼ੀ l
ਗੋਰੇ ਠੇਕੇਦਾਰ ਨੇ ਇਹੀ ਸ਼ਿਕਾਇਤ ਕੰਪਨੀ ਦੇ ਮਾਲਕ ਨੂੰ ਕਰ ਦਿੱਤੀ ਕਿ ਤੁਹਾਡਾ ਮੈਨੇਜਰ ਅਵਤਾਰ ਮੈਨੂੰ ਵਾਰ ਵਾਰ ਮੇਰੇ ਭੇਜੇ ਬਿੱਲਾਂ (Invoices) ਬਾਰੇ ਸਵਾਲ ਪੁੱਛਦਾ ਰਹਿੰਦਾ ਹੈ l ਗੋਰੇ ਠੇਕੇਦਾਰ ਨੇ ਗੋਰੇ ਮਾਲਕ ਨੂੰ ਕਿਹਾ ਕਿ ਭਾਰਤੀ ਲੋਕ ਹਮੇਸ਼ਾਂ ਮੇਰੇ ਥੱਲੇ ਕੰਮ ਕਰਦੇ ਰਹੇ ਹਨ ਅਤੇ ਇਨ੍ਹਾਂ ਗੁਲਾਮਾਂ ਵਾਂਗ ਕੰਮ ਕੀਤਾ ਹੈ l ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਅਵਤਾਰ ਉੱਚੇ ਅਹੁਦੇ ਤੇ ਕੰਮ ਕਰੇ ਅਤੇ ਮੇਰੇ ਬਿੱਲਾਂ ਤੇ ਦਸਤਖਤ ਕਰੇ ਅਤੇ ਮੇਰੇ ਕਰਵਾਏ ਕੰਮ ਨੂੰ ਚੈੱਕ ਕਰੇ l ਗੋਰੇ ਠੇਕੇਦਾਰ ਨੇ ਕਿਹਾ ਕਿ ਜਾਂ ਤੁਸੀਂ ਅਵਤਾਰ ਨੂੰ ਮੈਨੇਜਰ ਦੇ ਅਹੁਦੇ ਤੋਂ ਥੱਲੇ ਲੈ ਆਵੋ ਅਤੇ ਜਾਂ ਮੈਂ ਤੁਹਾਡੀ ਕੰਪਨੀ ਵਿਚੋਂ ਠੇਕੇਦਾਰੀ ਕਰਨੀ ਛੱਡ ਦਿੰਦਾ ਹਾਂ l
ਗੋਰੇ ਮਾਲਕ ਨੂੰ ਮੇਰੇ ਮੈਨੇਜਰ ਦੇ ਤੌਰ ਤੇ ਕੰਮ ਕਰਨ ਕਰਕੇ ਕੰਪਨੀ ਦਾ ਫਾਇਦਾ ਦਿਸਦਾ ਸੀ l ਇਸ ਕਰਕੇ ਉਸ ਨੇ ਠੇਕੇਦਾਰ ਨੂੰ ਕਿਹਾ ਕਿ ਤੂੰ ਕੰਮ ਛੱਡਣਾ ਤਾਂ ਛੱਡ ਦੇ ਪਰ ਮੈਂ ਅਵਤਾਰ ਨੂੰ ਮੈਨੇਜਰ ਦੇ ਅਹੁਦੇ ਤੋਂ ਥੱਲੇ ਨਹੀਂ ਲਿਆਉਣਾ l ਹੋਰ ਸੋਚ ਵਿਚਾਰ ਕਰਨ ਤੋਂ ਬਾਦ ਗੋਰੇ ਠੇਕੇਦਾਰ ਨੇ ਵੀ ਕੰਮ ਨਾਂ ਛੱਡਿਆ ਤੇ ਮੈਂ ਵੀ ਮੈਨੇਜਰ ਦੇ ਅਹੁਦੇ ਤੇ ਟਿਕਿਆ ਰਿਹਾ ਪਰ ਗੋਰਾ ਠੇਕੇਦਾਰ ਅੱਜ ਵੀ ਮੇਰੇ ਨਾਲ ਅੱਖ ਮਿਲਾਉਂਦਾ ਸ਼ਰਮ ਮਹਿਸੂਸ ਕਰਦਾ ਹੈ l ਇਸ ਕਰਕੇ ਵਿਦੇਸ਼ਾਂ ਵਿੱਚ ਜੇਕਰ ਤੁਹਾਡਾ ਵਿਰੋਧ ਵੀ ਹੋਵੇ ਤਾਂ ਹੌਂਸਲਾ ਨਹੀਂ ਛੱਡਣਾ ਚਾਹੀਦਾ l ਜੇਕਰ ਤੁਸੀਂ ਕੰਮ ਦੇ ਕਾਰੀਗਰ ਹੋ ਤਾਂ ਉਸ ਅੱਗੇ ਸਭ ਵਿਰੋਧ ਫਿੱਕੇ ਪੈ ਜਾਂਦੇ ਹਨ ਤੇ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਉਦਾਹਰਣ ਬਣ ਜਾਂਦੇ ਹੋ l ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਵੇਂ ਗੋਰਿਆਂ ਨੇ ਭਾਰਤ ਉਤੇ ਰਾਜ ਕੀਤਾ ਹੈ ਪਰ ਤੁਸੀਂ ਆਪਣੀ ਮਿਹਨਤ ਸਦਕਾ ਗੋਰਿਆਂ ਦੇ ਮੁਲਕ ਵਿੱਚ ਹੁੰਦਿਆਂ ਹੋਇਆਂ ਵੀ ਗੋਰਿਆਂ ਤੇ ਰਾਜ ਕਰ ਸਕਦੇ ਹੋ ਅਤੇ ਆਪਣੀ ਮਰਜ਼ੀ ਦੀਆਂ ਨੀਤੀਆਂ ਲਾਗੂ ਕਰਵਾ ਸਕਦੇ ਹੋ l
ਨੋਟ :- ਤੁਸੀਂ ਇਸ ਤਰਾਂ ਦੀਆਂ ਕਹਾਣੀਆਂ ਫ਼ਿਲਮਾਂ ਵਿੱਚ ਬਹੁਤ ਦੇਖੀਆਂ ਹੋਣਗੀਆਂ ਕਿ ਕਿਸ ਤਰਾਂ ਗੋਰੇ ਭਾਰਤੀਆਂ ਨਾਲ ਫਰਕ ਕਰਦੇ ਸਨ ਪਰ ਮੈਨੂੰ ਇਹ ਸਭ ਕੁੱਝ ਅੱਖੀਂ ਦੇਖਣ ਨੂੰ ਮਿਲਿਆ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ