ਦੋਸਤੋ 1990 ਦੇ ਕਰੀਬ ਭਾਰਤ ਵਿੱਚ ਮੋਬਾਇਲ ਫੋਨ ਨਹੀਂ ਸੀ l ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਇਸ ਦੀ ਸ਼ੁਰੂਆਤ 1990 ਦੇ ਕਰੀਬ ਹੋਈ l ਸ਼ੁਰੂ ਵਿੱਚ ਇਸ ਨੂੰ ਖਰੀਦਣਾ ਬਹੁਤ ਮੁਸ਼ਕਲ ਸੀ ਅਤੇ ਜੇ ਖਰੀਦ ਲਵੋ ਤਾਂ ਇਸ ਦਾ ਬਿੱਲ ਦੇਣਾ ਬਹੁਤ ਮੁਸ਼ਕਲ ਸੀ l ਜਦੋਂ ਮੋਬਾਇਲ ਫੋਨ ਸ਼ੁਰੂ ਵਿੱਚ ਆਇਆ ਤਾਂ ਇਸ ਨੂੰ ਇੰਜੀਨੀਅਰਾਂ ਨੇ ਖਰੀਦਿਆ ਜਿਨ੍ਹਾਂ ਦਾ ਕੰਮ ਮਸ਼ੀਨਾਂ ਠੀਕ ਕਰਨਾ ਹੁੰਦਾ ਸੀ l ਉਨ੍ਹਾਂ ਇੱਕ ਤੋਂ ਦੂਜੇ ਥਾਂ ਮਸ਼ੀਨ ਠੀਕ ਕਰਨ ਜਾਣਾ ਹੁੰਦਾ ਸੀ l ਉਸ ਸਮੇਂ ਮੋਬਾਇਲ ਕਾਫੀ ਵੱਡਾ ਹੁੰਦਾ ਸੀ ਅਤੇ ਜੇਬ ਵਿੱਚ ਵੀ ਨਹੀਂ ਪੈ ਸਕਦਾ ਸੀ ਅਤੇ ਨਾ ਹੀ ਇਸ ਨੂੰ ਬੈਲਟ ਕਲਿਪ ਹੁੰਦਾ ਸੀ l ਇੰਜੀਨਿਅਰ ਇਸ ਨੂੰ ਝੋਲੇ (bag) ਵਿੱਚ ਪਾ ਕੇ ਰੱਖਦੇ ਹੁੰਦੇ ਸੀ l ਮਸ਼ੀਨ ਠੀਕ ਕਰਨ ਵੇਲੇ ਝੋਲਾ ਥੱਲੇ ਰੱਖਣਾ ਪੈਂਦਾ ਸੀ l ਕਈ ਵਾਰੀ ਉਥੋਂ ਜਾਣ ਵੇਲੇ ਮੋਬਾਇਲ ਦਾ ਉਨ੍ਹਾਂ ਨੂੰ ਚੇਤਾ ਭੁੱਲ ਜਾਣਾ ਅਤੇ ਉਨ੍ਹਾਂ ਦੁਬਾਰਾ ਫੋਨ ਲੈਣ ਆਉਣਾ ਪੈਂਦਾ ਸੀ l
ਇੱਕ ਹੋਰ ਖਾਸ ਗੱਲ ਕਿ ਉਸ ਸਮੇਂ ਮੋਬਾਇਲ ਚੋਰੀ ਨਹੀਂ ਹੁੰਦਾ ਸੀ ਕਿਉਂਕਿ ਚੋਰੀ ਕਰਨ ਵਾਲੇ ਨੂੰ ਪਤਾ ਹੁੰਦਾ ਸੀ ਕਿ ਜੇ ਫੋਨ ਚੋਰੀ ਕਰ ਲਿਆ ਤਾਂ ਵੀ ਮੇਰੇ ਕੋਲੋਂ ਫੋਨ ਦਾ ਬਿੱਲ ਨਹੀਂ ਦੇ ਹੋਣਾ l ਜੇ ਬਿੱਲ ਵੀ ਦੇ ਹੋ ਗਿਆ ਤਾਂ ਉਹ ਫੋਨ ਕਰੇਗਾ ਕਿਸ ਨੂੰ ? ਕਿਉਂਕਿ ਦੂਜਿਆਂ ਕੋਲ ਤਾਂ ਫੋਨ ਹੀ ਨਹੀਂ ਸਨ l
ਉਸ ਸਮੇਂ ਮੋਬਾਇਲ ਵਿੱਚ ਇੰਟਰਨੈਟ ਨਹੀਂ ਹੁੰਦਾ ਸੀ l ਮੋਬਾਇਲ ਤੋਂ ਬਿਨਾਂ ਜਿੰਦਗੀ ਬੜੇ ਅਰਾਮ ਨਾਲ ਚੱਲਦੀ ਸੀ l ਲੋਕ ਬਹੁਤ ਖੁਸ਼ ਸਨ l ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਵੱਧ ਸਾਂਝੀਦਾਰ ਸਨ ਪਰ ਮੋਬਾਇਲ ਅਤੇ ਇੰਟਰਨੈਟ ਦੇ ਆਉਣ ਨਾਲ ਦੌੜ ਜਿਹੀ ਲੱਗ ਗਈ l ਪਰਿਵਾਰਾਂ ਦੇ ਮੈਂਬਰ ਆਪੋ ਆਪਣੇ ਕਮਰਿਆਂ ਵਿੱਚੋਂ ਨਹੀਂ ਨਿਕਲਦੇ l ਜਿਸ ਤਰਾਂ ਪੰਜਾਬ ਵਿੱਚ ਇੱਕ ਬਰਾਂਡੇ ਵਿੱਚ ਜਾਂ ਇੱਕ ਕਮਰੇ ਵਿੱਚ ਬੈਠ ਕੇ ਗੱਲਾਂ ਕਰਦੇ ਹੁੰਦੇ ਸੀ ਉਹ ਅਲੋਪ ਹੋ ਗਈਆਂ l ਫੋਨ ਦੇ ਨਾਲ ਹੀ ਕੰਨਾਂ ਨੂੰ ਬਹੁਤਿਆਂ ਨੇ ਹੈੱਡ ਫੋਨ ਲਗਾਏ ਹੁੰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਦੂਜੇ ਲੋਕਾਂ ਦੀ ਆਵਾਜ਼ ਵੀ ਨਹੀਂ ਸੁਣਦੀ l ਕਈ ਵਾਰ ਜਾਣ ਬੁਝ ਕੇ ਮੈਂਬਰਾਂ ਨੇ ਹੈੱਡ ਫੋਨ ਤੇ ਅਵਾਜ਼ ਉੱਚੀ ਕੀਤੀ ਹੁੰਦੀ ਹੈ ਕਿ ਦੂਸਰੇ ਦੀ ਅਵਾਜ਼ ਹੀ ਨਾ ਸੁਣੇ l ਕੰਨਾਂ ਵਾਸਤੇ ਜਿਆਦਾ ਅਵਾਜ਼ ਖਤਰਨਾਕ ਹੈ l ਵੱਧ ਅਵਾਜ਼ ਨਾਲ ਵਿਅਕਤੀ ਬੋਲਾ ਹੋ ਸਕਦਾ ਹੈ l ਬੱਚਿਆਂ ਵਾਸਤੇ ਹੋਰ ਵੀ ਖਤਰਨਾਕ ਹੈ l
ਹਲਾਤ ਹੁਣ ਇਹ ਹਨ ਕਿ ਪਰਿਵਾਰ ਦੇ ਕਿਸੇ ਮੈਂਬਰ ਨੂੰ ਜੇਕਰ ਘਰ ਵਿੱਚ ਦਿਲ ਦਾ ਦੌਰਾ ਪੈ ਜਾਵੇ ਤਾਂ ਸ਼ਾਇਦ ਉਸ ਦੀਆਂ ਚੀਕਾਂ ਜਾਂ ਅਵਾਜ਼ ਦੂਜਿਆਂ ਦੇ ਕੰਨੀਂ ਨਾ ਪਵੇ ਅਤੇ ਇਸ ਦੀ ਵਜ੍ਹਾ ਨਾਲ ਉਸ ਦੀ ਮੌਤ ਵੀ ਹੋ ਸਕਦੀ ਹੈ l ਪਰਿਵਾਰਕ ਮੈਂਬਰ ਵੀ ਉਸ ਦੀ ਮੌਤ ਦਾ ਸੋਗ ਘੱਟ ਮਨਾਉਣਗੇ ਅਤੇ ਸੈਲਫੀਆਂ ਵੱਧ ਖਿਚਣਗੇ l ਹਸਪਤਾਲ ਲਿਜਾਣ ਵੇਲੇ ਵੀ ਸਟੇਟਸ ਪਾਉਣ ਲਈ ਫੋਟੋਆਂ ਜ਼ਰੂਰ ਖਿੱਚੀਆਂ ਜਾਣਗੀਆਂ l ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੰਦਗੀ ਵਿੱਚ ਤਰੱਕੀ ਕਰਨ ਵਾਸਤੇ ਸਾਨੂੰ ਨਵੀਂ ਟੈਕਨੋਲੋਜੀ ਨਾਲ ਜੁੜਨਾ ਚਾਹੀਦਾ ਹੈ ਪਰ ਇਹ ਹਰ ਵਿਅਕਤੀ ਤੇ ਨਿਰਭਰ ਕਰਦਾ ਹੈ ਕਿ ਉਹ ਨਵੀਂ ਟੈਕਨੋਲੋਜੀ ਨੂੰ ਕਿਸ ਤਰਾਂ ਵਰਤਦਾ ਹੈ ?
ਮੋਬਾਇਲ ਫੋਨ ਆਉਣ ਕਰਕੇ ਪ੍ਰੋਗਰਾਮਾਂ ਦੇ ਸੱਦਿਆਂ ਵਿੱਚ ਵੀ ਵਾਧਾ ਹੋਇਆ ਹੈ ਕਿਉਂਕਿ ਦੂਜੇ ਨੂੰ ਸੱਦਣ ਲਈ ਫੋਨ ਹੀ ਕਰ ਦਿੱਤਾ ਜਾਂਦਾ ਹੈ ਅਤੇ ਜੇਕਰ ਵਿਅਕਤੀ ਵਿਹਲਾ ਹੋਵੇ ਤਾਂ ਝੱਟ ਪਹੁੰਚ ਜਾਂਦਾ ਹੈ l ਜਦੋਂ ਮੈਂ ਇੱਕ ਵਾਰ ਪੰਜਾਬ ਫੇਰੀ ਦੌਰਾਨ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਤਾਂ ਮੈਂ ਫੋਨ ਕਰਨ ਤੋਂ ਬਿਨਾਂ ਹੀ ਚਲਾ ਗਿਆ l ਮੇਰੇ ਕੋਲ ਉਨ੍ਹਾਂ ਦਾ ਫੋਨ ਨੰਬਰ ਵੀ ਨਹੀਂ ਸੀ l ਮੈਂ ਸੋਚਿਆ ਕਿ ਉਹ ਪੰਜ ਛੇ ਭਰਾ ਹਨ ਅਤੇ ਵਿਆਹੇ ਹੋਏ ਹਨ ਉਨ੍ਹਾਂ ਵਿੱਚੋਂ ਕੁੱਝ ਪਰਿਵਾਰਿਕ ਮੈਂਬਰ ਤਾਂ ਮਿਲ ਹੀ ਪੈਣਗੇ l ਜਦੋਂ ਮੈਂ ਪਹੁੰਚਾ ਤਾਂ ਘਰ ਵਿੱਚ ਬਹੁਤ ਸੁੰਨ ਸੀ l ਇੱਕ ਭਰਾ ਸਕੂਟਰ ਸਟਾਰਟ ਕਰਦਾ ਸੀ l ਮੈਨੂੰ ਦੇਖ ਕੇ ਉਸ ਨੇ ਸਕੂਟਰ ਬੰਦ ਕਰ ਦਿੱਤਾ ਅਤੇ ਮੈਨੂੰ ਘਰ ਦੇ ਅੰਦਰ ਲੈ ਗਿਆ l ਰਾਜੀ ਖੁਸ਼ੀ ਕਰਨ ਤੋਂ ਬਾਦ ਮੈਂ ਪੁੱਛਿਆ ਕਿ ਬਾਕੀ ਪਰਿਵਾਰ ਕਿੱਧਰ ਗਿਆ ? ਉਹ ਕਹਿੰਦਾ ਸਾਰੇ ਵੱਖ ਵੱਖ ਸੱਦਿਆਂ ਤੇ ਗਏ ਹੋਏ ਹਨ l ਮੈਂ ਵੀ ਚੱਲਿਆ ਸੀ ਪਰ ਕੋਈ ਜ਼ਰੂਰੀ ਨਹੀਂ ਹੈ ਜਾਣਾ l ਆਪਾਂ ਗੱਲਾਂ ਮਾਰਦੇ ਹਾਂ l
ਅਸੀਂ ਘਰ ਦੇ ਅੰਦਰ ਚਲੇ ਗਏ l ਉਸ ਨੇ ਮੈਨੂੰ ਕਮਰੇ ਵਿੱਚ ਬਿਠਾਇਆ l ਉਸ ਨਾਲ ਗੱਲਾਂ ਕਰਦਾ ਕਰਦਾ ਮੈਂ ਸੋਚ ਰਿਹਾ ਸੀ ਕਿ ਇਸੇ ਘਰ ਵਿੱਚ ਮੈਂ ਬੱਚਾ ਹੁੰਦਾ ਵੀ ਆਉਂਦਾ ਹੁੰਦਾ ਸੀ ਜਦੋਂ ਘਰ ਦੀ ਵਾਗਡੋਰ ਇਨ੍ਹਾਂ ਦੇ ਬਜ਼ੁਰਗਾਂ ਦੇ ਹੱਥ ਸੀ l ਕੋਈ ਵੀ ਵਿਹਲਾ ਨਹੀਂ ਹੁੰਦਾ ਸੀ l ਖੇਤੀ ਵੱਡੀ ਹੋਣ ਕਰਕੇ ਬਹੁਤ ਮਜ਼ਦੂਰ ਕੰਮ ਕਰਦੇ ਸੀ l ਬਜ਼ੁਰਗ ਨੇ ਆਪਣੇ ਪੁੱਤਾਂ ਨੂੰ ਵੀ ਕੰਮ ਤੇ ਲਾਇਆ ਹੁੰਦਾ ਸੀ l ਨੂੰਹਾਂ ਸਾਰਾ ਦਿਨ ਪਰਿਵਾਰ ਦਾ ਅਤੇ ਮਜਦੂਰਾਂ ਦਾ ਰੋਟੀ ਪਾਣੀ ਕਰਦੀਆਂ ਹੁੰਦੀਆਂ ਸੀ ਅਤੇ ਨਿਆਣੇ ਵੀ ਸਾਂਭਦੀਆਂ ਸੀ l ਮਾਤਾ ਚਰਖਾ ਕੱਤਦੀ ਹੁੰਦੀ ਸੀ ਅਤੇ ਬਜ਼ੁਰਗ ਮਹਿਮਾਨਾਂ ਨਾਲ ਗੱਲਾਂ ਵੀ ਕਰਦਾ ਰਹਿੰਦਾ ਸੀ ਅਤੇ ਬੇੜ੍ਹ ਵੱਟਣ ਵਾਸਤੇ ਗਾਲੇ ਲਗਾਉਂਦਾ ਰਹਿੰਦਾ ਸੀ l ਦੂਜੇ ਸਿਰੇ ਤੇ ਸਾਨੂੰ ਬੇੜ੍ਹ ਵੱਟਣ ਲਗਾ ਦਿੰਦਾ ਸੀ l ਭਾਵ ਹਰ ਇੱਕ ਕਮਾਈ ਕਰ ਰਿਹਾ ਹੁੰਦਾ ਸੀ ਅਤੇ ਆਏ ਹੋਏ ਮਹਿਮਾਨਾਂ ਤੋਂ ਵੀ ਕਮਾਈ ਹੁੰਦੀ ਸੀ l ਘਰ ਦੇ ਸਰੀਰਾਂ ਨੂੰ ਹਰ ਛੇ ਮਹੀਨੇ ਬਾਦ ਕੱਪੜੇ ਖਰੀਦ ਕੇ ਦਿੱਤੇ ਜਾਂਦੇ ਸੀ ਅਤੇ ਸਾਂਝਾ ਪਰਿਵਾਰ ਸੀ l ਸਾਬਣ, ਸੋਢੇ ਅਤੇ ਕੱਪੜੇ ਤੋਂ ਬਿਨਾਂ ਉਨ੍ਹਾਂ ਨੂੰ ਕੁੱਝ ਖਰੀਦਣਾ ਨਹੀਂ ਪੈਂਦਾ ਸੀ l ਸਿਰਫ ਬਿਜਲੀ ਦਾ ਬਿੱਲ ਆਉਂਦਾ ਹੁੰਦਾ ਸੀ l
ਮੇਰਾ ਇਨ੍ਹਾਂ ਚੀਜ਼ਾਂ ਵੱਲ ਧਿਆਨ ਚਲਾ ਗਿਆ ਅਤੇ ਚੇਤਾ ਹੀ ਭੁੱਲ ਗਿਆ ਕਿ ਮੈਂ ਕਿਸੇ ਦੇ ਘਰ ਮਹਿਮਾਨ ਆਇਆ ਹੋਇਆ ਹਾਂ ਅਤੇ ਕੋਈ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਮੇਰੇ ਸਾਹਮਣੇ ਬੈਠਾ ਹੈ l ਉਸ ਵਿਅਕਤੀ ਨੇ ਮੈਨੂੰ ਚੁੱਪ ਕੀਤੇ ਨੂੰ ਦੇਖ ਅਵਾਜ਼ ਮਾਰੀ ਅਤੇ ਕਹਿੰਦਾ ਕੀ ਹੋਇਆ ਤੂੰ ਬੋਲਦਾ ਕਿਉਂ ਨਹੀਂ ? ਮੈਂ ਕਿਹਾ ਕਿ ਇਹੀ ਮੈਂ ਸੋਚਦਾ ਹਾਂ ਕਿ ਇਸ ਘਰ ਵਿੱਚ ਜਿਥੇ ਐਨੀਆਂ ਰੌਣਕਾਂ ਹੁੰਦੀਆਂ ਸੀ ਉਥੇ ਅੱਜ ਕੋਈ ਬੋਲਦਾ ਕਿਉਂ ਨਹੀਂ ? ਮੈਂ ਇਹ ਵੀ ਸੋਚ ਰਿਹਾ ਸੀ ਕਿ ਜੇ ਇਸ ਨੂੰ ਮੈਂ ਸੱਚ ਕਹਿ ਦਿੱਤਾ ਤਾਂ ਇਹ ਗੁੱਸਾ ਨਾ ਕਰੇ ਅਤੇ ਚੁੱਪ ਰਹਿਣ ਦੀ ਇਜਾਜ਼ਤ ਮੇਰਾ ਜ਼ਮੀਰ ਨਹੀਂ ਦੇ ਰਿਹਾ ਸੀ l ਮੈਨੂੰ ਡਾਕਟਰ ਸੁਰਜੀਤ ਪਾਤਰ ਜੀ ਦੀਆਂ ਲਿਖੀਆਂ ਸਤਰਾਂ ਯਾਦ ਆਈਆਂ “ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ ?” ਇਹ ਸੋਚ ਮੈਂ ਕੁੱਝ ਕਹਿਣ ਦਾ ਫੈਸਲਾ ਕੀਤਾ l
ਉਹ ਕਹਿੰਦਾ ਕਿ ਤੂੰ ਦੇਰ ਬਾਦ ਪੰਜਾਬ ਆਇਆ ਹੈਂ l ਹੁਣ ਪੰਜਾਬ ਪਹਿਲਾਂ ਵਾਲਾ ਨਹੀਂ ਰਿਹਾ ਤਰੱਕੀ ਕਰ ਗਿਆ ਹੈ l ਸਿਰਫ ਫੋਨ ਕਰਕੇ ਆਓ ਫਿਰ ਅਗਲਾ ਬੰਦਾ ਮਿਲਦਾ ਹੈ l ਮੈਂ ਉਸ ਨੂੰ ਕਿਹਾ ਕਿ ਸ਼ਾਇਦ ਆਪਾਂ ਤਰੱਕੀ ਦੇ ਅਰਥ ਭੁੱਲ ਗਏ ਹਾਂ l ਤਰੱਕੀ ਨੱਠ ਭੱਜ ਨੂੰ ਨਹੀਂ ਕਹਿੰਦੇ l ਮੈਂ ਉਸ ਨੂੰ ਪੁੱਛਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਤੁਸੀਂ ਕੋਈ ਜ਼ਮੀਨ ਜਾਇਦਾਦ ਜਾਂ ਕੋਈ ਘਰ ਘਾਟ ਜਾਂ ਕੋਈ ਮਸ਼ੀਨਰੀ ਖਰੀਦੀ ਹੈ ਕਿ ਨਹੀਂ ? ਕਹਿੰਦਾ ਕਿ ਸਾਰੇ ਪਰਿਵਾਰ ਨੇ ਮੋਬਾਇਲ ਖਰੀਦੇ ਹਨ ਅਤੇ ਇੰਟਰਨੈਟ ਲਗਵਾਇਆ ਹੈ ਪਰ ਹੋਰ ਕੁੱਝ ਤਾਂ ਨਹੀਂ ਖਰੀਦਿਆ l ਉਹ ਕਹਿੰਦਾ ਤੂੰ ਇਹ ਸਭ ਕੁੱਝ ਕਿਉਂ ਪੁੱਛ ਰਿਹਾ ਹੈਂ ? ਮੈਂ ਕਿਹਾ ਕਿ ਮੈਂ ਤਰੱਕੀ ਦੀ ਪਰਿਭਾਸ਼ਾ ਹੀ ਲੱਭ ਰਿਹਾ ਹਾਂ ਕਿ ਤਰੱਕੀ ਇਹ ਹੈ ਜਿਹੜੀ ਤੁਸੀਂ ਪਿਛਲੇ ਪੰਜ ਸਾਲਾਂ ਵਿੱਚ ਕੀਤੀ ਹੈ ਜਾਂ ਤਰੱਕੀ ਉਹ ਸੀ ਜਦੋਂ ਤੁਹਾਡਾ ਬਜ਼ੁਰਗ ਸਭ ਨੂੰ ਕੰਮ ਤੇ ਲਾ ਕੇ ਰੱਖਦਾ ਸੀ ? ਉਸ ਸਮੇਂ ਬਜ਼ੁਰਗ ਹਰ ਦੋ ਤਿੰਨ ਸਾਲਾਂ ਬਾਦ ਜ਼ਮੀਨ ਅਤੇ ਖੇਤੀ ਕਰਨ ਵਾਲੀ ਮਸ਼ੀਨਰੀ ਵੀ ਖਰੀਦ ਲੈਂਦਾ ਸੀ l ਉਹ ਕਹਿਣ ਲੱਗਾ ਜਦ ਦਾ ਮੋਬਾਇਲ ਆਇਆ ਉਦੋਂ ਦਾ ਇਹੀ ਹਾਲ ਹੈ l
ਮੈਂ ਉਸ ਨੂੰ ਦੱਸਿਆ ਕਿ 1994 ਦੇ ਕਰੀਬ ਪਹਿਲਾ ਟੈਕਸਟ ਮੈਸੇਜ ਸ਼ੁਰੂ ਹੋਇਆ ਸੀ l ਹੁਣ ਇੱਕ ਦਿਨ ਵਿੱਚ ਪੂਰੀ ਦੁਨੀਆਂ ਦੀ ਅਬਾਦੀ ਨਾਲੋਂ ਵੱਧ ਟੈਕਸਟ ਇੱਕ ਦੂਜੇ ਨੂੰ ਕੀਤੇ ਜਾਂਦੇ ਹਨ l ਉਹ ਮੈਨੂੰ ਕਹਿਣ ਲੱਗਾ ਕਿ ਤੂੰ ਮੋਬਾਇਲ ਨਹੀਂ ਵਰਤਦਾ ? ਮੈਂ ਕਿਹਾ ਮੈਂ ਵਰਤਦਾ ਹਾਂ ਪਰ ਮੈਂ ਆਪਣੇ ਕੰਮ ਕਰਨੇ ਨਹੀਂ ਛੱਡੇ ਅਤੇ ਮੇਰਾ ਕੰਮ ਵੀ ਮੋਬਾਇਲ ਤੇ ਹੀ ਹੁੰਦਾ ਹੈ l ਉਹ ਬੜਾ ਹੈਰਾਨ ਹੋਇਆ ਕਿ ਕੰਮ ਮੋਬਾਇਲ ਤੇ ਕਿਸ ਤਰਾਂ ਹੁੰਦਾ ਹੈ ? ਮੈਂ ਕਿਹਾ ਗੋਰਿਆਂ ਮੋਬਾਇਲ ਬਣਾਏ ਤਾਂ ਕੰਮ ਕਰਨ ਲਈ ਸੀ ਪਰ ਬਹੁਤੇ ਲੋਕਾਂ ਨੇ ਕੰਮ ਲਈ ਵਰਤੇ ਨਹੀਂ l ਉਹ ਕਹਿਣ ਲੱਗਾ ਇਹ ਮੋਬਾਇਲ ਬਣਾਉਣ ਵਾਲਿਆਂ ਦਾ ਕਸੂਰ ਹੈ l ਮੈਂ ਕਿਹਾ ਨਹੀਂ ਜਿਸ ਤਰਾਂ ਗੁਲੇਲ ਸ਼ਿਕਾਰ ਖੇਲ੍ਹਣ ਲਈ ਬਣਾਈ ਜਾਂਦੀ ਹੈ ਪਰ ਜੇ ਬਾਂਦਰ ਹੱਥ ਆ ਜਾਵੇ ਤਾਂ ਉਹ ਉਸ ਨਾਲ ਇਨਸਾਨਾਂ ਦੀਆਂ ਅੱਖਾਂ ਵੀ ਕੱਢ ਸਕਦਾ ਹੈ l ਇਹ ਸੁਣ ਕੇ ਉਹ ਬਹੁਤ ਹੱਸਿਆ ਅਤੇ ਕਹਿਣ ਲੱਗਾ ਕਿ ਹੋਈ ਤਾਂ ਏਦਾਂ ਹੀ ਹੈ l
ਮੇਰੇ ਨਾਲ ਸੈਂਕੜੇ ਲੋਕ ਮੇਰੀਆਂ ਕੰਪਨੀਆਂ ਵਿੱਚ ਕੰਮ ਕਰਦੇ ਹੁੰਦੇ ਸੀ l ਫੋਨ ਮੈਨੂੰ ਘੱਟ ਆਉਣ ਇਸ ਕਰਕੇ ਫੋਨ ਸੁਣਨ ਵਾਸਤੇ ਮੈਂ ਹੋਰ ਮੈਨੇਜਰ ਅਤੇ ਸੁਪਰਵਾਈਜਰ ਕੰਮ ਤੇ ਰੱਖੇ ਹੋਏ ਹੁੰਦੇ ਸੀ ਪਰ ਇਸ ਦੇ ਬਾਵਯੂਦ ਮੈਨੂੰ ਹਰ ਰੋਜ਼ 85 ਫੋਨ ਕਾਲਾਂ ਆਉਂਦੀਆਂ ਸਨ l ਜਿਆਦਾ ਕਾਲਾਂ ਦੋ ਜਾਂ ਤਿੰਨ ਮਿੰਟ ਦੀਆਂ ਹੁੰਦੀਆਂ ਸਨ l ਮੈਨੂੰ ਸਿਰ ਦਰਦ ਰਹਿਣ ਲੱਗਾ ਤਾਂ ਮੈਂ ਫੋਨ ਕੰਨ ਲਾ ਕੇ ਸੁਣਨ ਦੀ ਬਜਾਏ ਸਪੀਕਰ ਤੇ ਸੁਣ ਲੈਣਾ l ਇਹ ਮਸਲਾ ਹੱਲ ਹੋ ਗਿਆ l ਫਿਰ 35 ਜਾਂ 40 ਕਾਲਾਂ ਤੋਂ ਬਾਦ ਮੈਨੂੰ ਇਸ ਤਰਾਂ ਲੱਗਣਾ ਕਿ ਮੇਰੇ ਫੋਨ ਦੀ ਘੰਟੀ ਵੱਜ ਰਹੀ ਹੈ ਜਦ ਕਿ ਉਹ ਵੱਜ ਨਹੀਂ ਰਹੀ ਹੁੰਦੀ ਸੀ l
ਹੁਣ ਜਿਆਦਾ ਕੰਮ ਈ-ਮੇਲ ਤੇ ਕਰ ਦਿੱਤਾ ਹੈ ਤਾਂ ਇਸ ਮਸਲੇ ਦਾ ਹੱਲ ਹੋਇਆ ਹੈ l ਆਪ ਨਾਲ ਇਹ ਇਸ ਕਰਕੇ ਸਾਂਝ ਪਾ ਰਿਹਾ ਹਾਂ ਕਿ ਮੋਬਾਇਲ ਦੀ ਵਰਤੋਂ ਆਪਣੀ ਸਿਹਤ ਦਾ ਖਿਆਲ ਰੱਖ ਕੇ ਹੀ ਕੀਤੀ ਜਾਵੇ l ਇਸ ਦੇ ਨਾਲ ਨਾਲ ਤਰੱਕੀ ਦੀ ਪਰਿਭਾਸ਼ਾ ਨੂੰ ਵੀ ਜਾਣਿਆ ਜਾਵੇ ਕਿ ਤੁਹਾਡੀ ਨਜ਼ਰ ਵਿੱਚ ਤਰੱਕੀ ਕੀ ਹੈ ? ਕੀ ਅਸੀਂ ਤਰੱਕੀ ਕਰ ਰਹੇ ਹਾਂ ਜਾਂ ਉਸ ਤੋਂ ਦੂਰ ਜਾ ਰਹੇ ਹਾਂ ?
ਇੱਕ ਵੀਰ ਬੇਦੀ ਮੀਰ ਪੁਰੀ ਜੀ ਦੀ ਕਵਿਤਾ ਜੋ ਮੋਬਾਇਲ ਬਾਰੇ ਲਿਖੀ ਗਈ ਹੈ ਆਪ ਜੀ ਨਾਲ ਥੱਲੇ ਸਾਂਝੀ ਕਰ ਰਿਹਾ ਹਾਂ l
ਦੁਨੀਆਂ ਨੂੰ ਵੇਖ ਪ੍ਰੇਸ਼ਾਨ ਜਿਹਾ ਹੋ ਗਿਆ,
ਭੋਲ਼ਾ-ਭਾਲ਼ਾ ਬੰਦਾ ਵੀ ਸ਼ੈਤਾਨ ਜਿਹਾ ਹੋ ਗਿਆ।
24 ਘੰਟੇ ਨੈੱਟ ਦਿਆਂ ਚੱਕਰਾਂ ‘ਚ ਫੱਸਿਆ,
ਹਰ ਬੰਦਾ ਫ਼ੋਨ ਦਾ ਗੁਲਾਮ ਜਿਹਾ ਹੋ ਗਿਆ।
ਸਾਰਾ ਦਿਨ ਮਿੱਤਰੋ ਜੋ ਨੈੱਟ ਉੱਤੇ ਰਹਿੰਦਾ ਏ,
ਸਮਝ ਨਾ ਆਵੇ ਕਦੋਂ ਕੰਮ ਉੱਤੇ ਬਹਿੰਦਾ ਏ?
ਕਦੇ ਫ਼ੇਸਬੁੱਕ,ਕਦੇ ਇੰਸਟਾ ਚਲਾਉਂਦਾ ਏ,
ਜਦੋਂ ਵੇਖੋ ਹਰ ਥਾਂਵੇਂ online ਰਹਿੰਦਾ ਏ।
ਗਿਆਨ ਬੜਾ ਘੋਟੇ (2)ਵਿਦਵਾਨ ਜਿਹਾ ਹੋ ਗਿਆ।
ਹਰ ਬੰਦਾ ਫ਼ੋਨ ਦਾ ਗੁਲਾਮ ਜਿਹਾ ਹੋ ਗਿਆ।
ਅੰਦਰੋਂ ਉਦਾਸ ਪਰ ਫੋਟੋਆਂ ‘ਚ ਹੱਸਦਾ।
ਦਿਲ ਵਾਲ਼ਾ ਦੁਖੜਾ ਜੀ ਕਿਸੇ ਨੂੰ ਨੀ ਦੱਸਦਾ।
ਬਹਿ ਕੇ ਪਰਿਵਾਰ ਵਿੱਚ ਵਕ਼ਤ ਗੁਜਾਰੇ ਨਾ,
ਦਿਨੋਂ ਦਿਨ ਜਾਂਦਾ ਏ ਮੋਬਾਇਲ ਵਿੱਚ ਧੱਸਦਾ।
ਘਰ ਵਿੱਚ ਰਹਿੰਦੇ(2) ਮਹਿਮਾਨ ਜਿਹਾ ਹੋ ਗਿਆ।
ਹਰ ਬੰਦਾ ਫ਼ੋਨ ਦਾ ਗੁਲਾਮ ਜਿਹਾ ਹੋ ਗਿਆ।
ਕਿੰਨੀਆਂ ਹੀ ਐਪਾਂ ਨੇ ਮੋਬਾਈਲ ਵਿੱਚ ਭਰੀਆਂ,
ਬਹੁਤੀਆਂ ਤਾਂ ਯਾਰੋ ਕਦੇ use ਵੀ ਨਈਂ ਕਰੀਆਂ।
ਹਰ ਇਕ ਐਪ ਨੂੰ ਲਗਾਈ ਸਕਿਉਰਟੀ,
applock ਵਿੱਚ ਕਰਤੂਤਾਂ ਕੈਦ ਬੜੀਆਂ।
ਮੀਰ ਪੁਰੀ ਬੇਦੀ(2) ਬੇਈਮਾਨ ਜਿਹਾ ਹੋ ਗਿਆ।
ਹਰ ਬੰਦਾ ਫ਼ੋਨ ਦਾ ਗੁਲਾਮ ਜਿਹਾ ਹੋ ਗਿਆ।।
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
avtar31@hotmailcom