ਮਾਂ ਬੋਲੀ ਭਾਵ ਬੱਚੇ ਦੇ ਜਨਮ ਵੇਲੇ ਜਿਹੜੀ ਬੋਲੀ ਉਸ ਦੀ ਮਾਂ ਬੋਲਦੀ ਹੁੰਦੀ ਹੈ ਉਸ ਨੂੰ ਮਾਂ ਬੋਲੀ ਕਹਿੰਦੇ ਹਾਂ l
ਪੰਜਾਬ ਵਿੱਚ ਜਨਮ ਲੈਣ ਵਾਲਿਆਂ ਵਿੱਚੋਂ ਵੱਡੀ ਗਿਣਤੀ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਹੈ l
ਭਾਵੇਂ ਕਿ ਪੰਜਾਬੀ ਬੋਲਣ ਵਾਲੇ ਲੋਕਾਂ ਵਿੱਚ ਬੋਲੀ ਇਲਾਕਿਆਂ ਦੇ ਹਿਸਾਬ ਨਾਲ ਥੋੜ੍ਹੀ ਬਦਲਦੀ ਹੈ ਪਰ ਲਿਖਣ ਵਿੱਚ ਇੱਕੋ ਜਿਹੀ ਲਿਖੀ ਜਾਂਦੀ ਹੈ ਭਾਵ ਇਲਾਕੇ ਦੇ ਹਿਸਾਬ ਨਾਲ ਬੋਲੀ ਦਾ ਸ਼ਬਦ ਵੱਖਰਾ ਹੋ ਸਕਦਾ ਹੈ ਪਰ ਲਿਖਣ ਦਾ ਤਰੀਕਾ ਇੱਕੋ ਜਿਹਾ ਹੀ ਰਹਿੰਦਾ ਹੈ l
ਜਦੋਂ ਲੋਕ ਘੱਟ ਪੜ੍ਹੇ ਲਿਖੇ ਹੁੰਦੇ ਸਨ ਉਸ ਸਮੇਂ ਸ਼ੁੱਧ ਪੰਜਾਬੀ ਲਿਖਣ ਵਾਲਿਆਂ ਦੀ ਗਿਣਤੀ ਜਿਆਦਾ ਸੀ l ਜਿਵੇਂ ਜਿਵੇਂ ਲੋਕ ਜਿਆਦਾ ਪੜ੍ਹਨ ਲੱਗੇ ਉਵੇਂ ਹੀ ਪੰਜਾਬੀ ਭਾਸ਼ਾ ਲਿਖਣ ਵਿੱਚ ਵੱਧ ਗਲਤੀਆਂ ਸਾਹਮਣੇ ਆਉਣ ਲੱਗੀਆਂ l
ਇਸ ਦੇ ਕਈ ਕਾਰਣ ਹੋ ਸਕਦੇ ਹਨ ਜੋ ਪੰਜਾਬ ਵਿੱਚ ਵਸਦੇ ਲੋਕ ਮੇਰੇ ਨਾਲੋਂ ਵੱਧ ਜਾਣਦੇ ਹੋਣਗੇ l
ਮੈਨੂੰ ਨਿਊਜ਼ੀਲੈਂਡ ਰਹਿੰਦਿਆਂ 36 ਸਾਲ ਹੋ ਗਏ ਹਨ ਅਤੇ ਸਾਰੀ ਜ਼ਿੰਦਗੀ ਮੈਨੂੰ ਲਿਖਤੀ ਕੰਮ ਅੰਗਰੇਜ਼ੀ ਵਿੱਚ ਹੀ ਕਰਨਾ ਪਿਆ ਕਿਉਂਕਿ ਗੋਰਿਆਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ l
ਐਨਾ ਲੰਬਾ ਸਮਾਂ ਅੰਗਰੇਜ਼ੀ ਲਿਖਦਿਆਂ ਵੀ ਮੇਰਾ ਪੰਜਾਬੀ ਭਾਸ਼ਾ ਨਾਲੋਂ ਮੋਹ ਭੰਗ ਨਹੀਂ ਹੋਇਆ l ਮੈਨੂੰ ਪੰਜਾਬੀ ਭਾਸ਼ਾ ਵਿੱਚ ਹੁੰਦੀਆਂ ਗਲਤੀਆਂ ਬਹੁਤ ਚੁੱਭਦੀਆਂ ਰਹਿੰਦੀਆਂ ਹਨ l
ਗਲਤੀਆਂ ਤਾਂ ਮੇਰੇ ਲਿਖਣ ਵਿੱਚ ਵੀ ਹੁੰਦੀਆਂ ਹੋਣਗੀਆਂ ਜਿਨ੍ਹਾਂ ਦਾ ਕਾਰਣ ਮੇਰਾ ਸਿਰਫ ਦਸ ਜ਼ਮਾਤਾਂ ਪੜ੍ਹੇ ਹੋਣਾ ਹੈ ਅਤੇ 35 ਸਾਲਾਂ ਤੋਂ ਅੰਗਰੇਜ਼ੀ ਭਾਸ਼ਾ ਵਿੱਚ ਲਿਖਣਾ ਹੈ l
ਭਾਵੇਂ ਕਿ ਲਿਖਣ ਦਾ ਕੰਮ ਮੈਂ ਨਿਊਜ਼ੀਲੈਂਡ ਵਿੱਚ ਰਹਿੰਦਿਆਂ ਅੰਗਰੇਜ਼ੀ ਵਿੱਚ ਕਰਦਾ ਹਾਂ ਪਰ ਮੇਰੇ ਨਾਲ ਪੰਜਾਬੀ ਬੋਲਣ ਵਾਲੇ ਹਜ਼ਾਰਾਂ ਕਾਮਿਆਂ ਨੂੰ ਕੰਮ ਦੀ ਸਿਖਲਾਈ ਸਿਰਫ ਪੰਜਾਬੀ ਭਾਸ਼ਾ ਵਿੱਚ ਹੀ ਦਿੱਤੀ ਹੈ ਜਿਸ ਤੇ ਕਦੇ ਵੀ ਕਿਸੇ ਗੋਰੇ ਨੇ ਇਤਰਾਜ਼ਗੀ ਨਹੀਂ ਕੀਤੀ l
ਪੰਜਾਬੀ ਵਿੱਚ ਸਿਖਲਾਈ ਦੇਣ ਕਾਰਣ ਮੇਰੇ ਨਾਲ ਕੰਮ ਕਰਨ ਵਾਲੇ ਕਾਮਿਆਂ ਦਾ ਕੰਮ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਵਧੀਆ ਹੁੰਦਾ ਸੀ ਜਿਸ ਕਾਰਣ ਦੂਜੇ ਲੋਕ ਕੀਤੇ ਹੋਏ ਕੰਮ ਨੂੰ ਦੇਖਣ ਆਉਂਦੇ ਹੁੰਦੇ ਸਨ ਅਤੇ ਕੰਮ ਵਧੀਆ ਹੋਣ ਦਾ ਕਾਰਣ ਮੈਨੂੰ ਅਕਸਰ ਪੁੱਛਦੇ ਹੁੰਦੇ ਸਨ l ਮੇਰਾ ਜਵਾਬ ਇਹੀ ਹੁੰਦਾ ਸੀ ਕਿ ਕਾਮਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਵਿੱਚ ਸਿਖਲਾਈ ਦੇਣਾ ਹੀ ਵੱਡਾ ਕਾਰਣ ਹੈ ਕਿਉਂਕਿ ਮਾਂ ਬੋਲੀ ਵਿੱਚ ਹੀ ਵਿਅਕਤੀ 100% ਦੇ ਲਾਗੇ ਗੱਲ ਸਮਝਦਾ ਹੈ l
ਪੜ੍ਹਨ ਤੋਂ ਬਾਦ ਜਦੋਂ ਮੈਂ ਛਪਾਈ (ਪ੍ਰਿੰਟਿੰਗ) ਦਾ ਕੰਮ ਸ਼ੁਰੂ ਕੀਤਾ ਤਾਂ ਸਾਡੇ ਕੋਲ ਅਧਿਆਪਕਾਂ ਦੇ ਲਿਖੇ ਹੋਏ ਪ੍ਰਸ਼ਨ ਪੱਤਰ ਛਾਪਣ ਲਈ ਆ ਜਾਂਦੇ ਸਨ l ਮੈਨੂੰ ਬੜੀ ਹੈਰਾਨੀ ਹੁੰਦੀ ਸੀ ਕਿ ਉਨ੍ਹਾਂ ਪ੍ਰਸ਼ਨ ਪੱਤਰਾਂ ਵਿੱਚ 95% ਅਧਿਆਪਕਾਂ ਦੁਆਰਾ ਬਹੁਤ ਗਲਤੀਆਂ ਕੀਤੀਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਅਸੀਂ ਠੀਕ ਕਰਕੇ ਛਾਪਦੇ ਹੁੰਦੇ ਸੀ l
ਉਸ ਵੇਲੇ ਮੈਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਇਨ੍ਹਾਂ ਦੇ ਪੜ੍ਹਾਏ ਬੱਚੇ ਪੰਜਾਬੀ ਕਿਵੇਂ ਲਿਖਣਗੇ? ਉਹੀ ਫ਼ਿਕਰ ਅਸਲੀਅਤ ਵਿੱਚ ਬਦਲ ਗਿਆ l ਅੱਜ ਜਦੋਂ ਵੀ ਕਿਸੇ ਪੰਜਾਬੀ ਲਿਖਤ ਨੂੰ ਪੜ੍ਹਦਾ ਹਾਂ ਤਾਂ ਬਹੁਤ ਗਲਤੀਆਂ ਦੇਖਣ ਵਿੱਚ ਆਉਂਦੀਆਂ ਹਨ l
ਹੁਣੇ ਹੁਣੇ ਸਾਢੇ ਤਿੰਨ ਮਹੀਨੇ ਪੰਜਾਬ ਵਿੱਚ ਰਹਿ ਕੇ ਆਇਆ ਹਾਂ ਅਤੇ ਇਸ ਤੋਂ ਇੱਕ ਸਾਲ ਪਹਿਲਾਂ ਵੀ ਸਾਢੇ ਤਿੰਨ ਮਹੀਨੇ ਪੰਜਾਬ ਵਿੱਚ ਹੀ ਰਿਹਾ ਸੀ l ਲੰਬਾ ਸਮਾਂ ਪੰਜਾਬ ਵਿੱਚ ਰਹਿਣ ਦਾ ਮਕਸਦ ਆਪਣੀਆਂ ਪੰਜਾਬੀ ਵਿੱਚ ਲਿਖੀਆਂ ਕਿਤਾਬਾਂ ਨੂੰ ਨੌਜਵਾਨ ਪੀੜ੍ਹੀ ਤੱਕ ਲੈ ਕੇ ਜਾਣਾ ਸੀ l ਇਸ ਵਿੱਚ ਪੰਜਾਬ ਵਸਦੇ ਤਰਕਸ਼ੀਲ ਸਾਥੀਆਂ ਨੇ ਬਹੁਤ ਸਹਿਯੋਗ ਦਿੱਤਾ l
ਆਪਣੀ ਪੰਜਾਬ ਫੇਰੀ ਦੌਰਾਨ ਦੇਖਿਆ ਕਿ ਟੈਲੀਵਿਜ਼ਨ ਚੈਨਲਾਂ, ਦੁਕਾਨਾਂ ਦੇ ਫੱਟਿਆਂ (ਬੋਰਡਾਂ), ਬੈਂਕਾਂ ਵਿੱਚ ਲਿਖੀਆਂ ਸੂਚਨਾਵਾਂ, ਅਖ਼ਬਾਰਾਂ ਅਤੇ ਬੱਚਿਆਂ ਵਾਸਤੇ ਛਪੀਆਂ ਛੋਟੀਆਂ ਕਹਾਣੀਆਂ ਵਾਲੀਆਂ ਕਿਤਾਬਾਂ ਵਿੱਚ ਬਹੁਤ ਜਿਆਦਾ ਗਲਤੀਆਂ ਸਨ l
ਇਨ੍ਹਾਂ ਕਹਾਣੀਆਂ ਵਾਲੀਆਂ ਕਿਤਾਬਾਂ ਨੂੰ ਛੋਟੇ ਬੱਚਿਆਂ ਨੇ ਪੜ੍ਹਨਾ ਹੁੰਦਾ ਹੈ ਅਤੇ ਉਨ੍ਹਾਂ ਨੇ ਪੰਜਾਬੀ ਨੂੰ ਉਸੇ ਤਰਾਂ ਲਿਖਣਾ ਅਤੇ ਸਿੱਖਣਾ ਹੁੰਦਾ ਹੈ l ਭਾਵ ਉਨ੍ਹਾਂ ਕਿਤਾਬਾਂ ਨੂੰ ਪੜ੍ਹਕੇ ਬੱਚੇ ਗਲਤ ਪੰਜਾਬੀ ਲਿਖਣਾ ਸਿੱਖਣਗੇ l
ਜਦੋਂ ਇੱਕ ਪੰਜਾਬੀ ਅਖ਼ਬਾਰ ਦੇ ਇੱਕ ਪੰਨੇ ਤੇ ਮੈਨੂੰ 18 ਕੁ ਗਲਤੀਆਂ ਮਿਲੀਆਂ ਤਾਂ ਮੈਂ ਉਨ੍ਹਾਂ ਨੂੰ ਇਸ ਸੰਬੰਧੀ ਚਿੱਠੀ ਲਿਖੀ l ਉਨ੍ਹਾਂ ਨੇ ਚਿੱਠੀ ਵਾਸਤੇ ਧੰਨਵਾਦ ਤਾਂ ਕੀਤਾ ਪਰ ਗਲਤੀਆਂ ਹੋਣ ਦਾ ਕੋਈ ਠੋਸ ਕਾਰਣ ਨਹੀਂ ਦੱਸਿਆ l
ਪੰਜਾਬ ਵਿੱਚ ਪੰਜਾਬੀ ਭਾਸ਼ਾ ਵਿੱਚ ਦਫ਼ਤਰੀ ਕੰਮ ਕਰਾਉਣ ਲਈ ਹੋਰ ਸਾਥੀ ਪੂਰਾ ਜ਼ੋਰ ਲਾ ਰਹੇ ਹਨ ਜੋ ਕਿ ਬਹੁਤ ਵਧੀਆ ਗੱਲ ਹੈ l ਕਿਸੇ ਵੀ ਭਾਸ਼ਾ ਦੀ ਤਰੱਕੀ ਲਈ ਉਸ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣਾ ਚਾਹੀਦਾ ਹੈ l ਰੋਜ਼ਗਾਰ ਦੀ ਭਾਸ਼ਾ ਬਣਾਉਣ ਦੇ ਨਾਲ ਨਾਲ ਸ਼ੁੱਧ ਪੰਜਾਬੀ ਭਾਸ਼ਾ ਬੱਚਿਆਂ ਨੂੰ ਸਿਖਾਉਣ ਤੇ ਵੀ ਹੋਰ ਜ਼ੋਰ ਲਗਾਉਣ ਦੀ ਲੋੜ ਹੈ l
ਇਹ ਕੰਮ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ l ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਹਰ ਇੱਕ ਨੂੰ ਇਸ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ l
ਨੋਟ :- ਜੇਕਰ ਤੁਹਾਨੂੰ ਲਿਖਤ ਚੰਗੀ ਲੱਗੀ ਤਾਂ ਇਸ ਦੀ ਸਾਂਝ ਹੋਰ ਪਾਠਕਾਂ ਨਾਲ ਪਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147