-ਆਪਣੇ ਤਜਰਬੇ ਤੇ ਅਧਾਰਤ
ਨਿਊਜ਼ੀਲੈਂਡ ਵਿੱਚ ਪ੍ਰਾਪਰਟੀ ਇਨਵੈਸਟਮੈਂਟ ਨੂੰ ਇੱਕ ਕਾਰੋਬਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ l ਹੈਰਾਨੀ ਇਸ ਗੱਲ ਦੀ ਹੈ ਕਿ ਬਹੁਤ ਵੱਡੀ ਗਿਣਤੀ ਇਨਵੈਸਟਰ ਇਸ ਕਾਰੋਬਾਰ ਪ੍ਰਤੀ ਨਾ ਜਾਣਦੇ ਹੋਏ ਜਾਂ ਬਹੁਤ ਘੱਟ ਜਾਣਦੇ ਹੋਏ ਇਸ ਕਾਰੋਬਾਰ ਵਿੱਚ ਕੁੱਦ ਪੈਂਦੇ ਹਨ l ਨਤੀਜੇ ਵਜੋਂ ਬਹੁਤ ਘੱਟ ਗਿਣਤੀ ਲੋਕ ਇਸ ਵਿੱਚ ਜਿਆਦਾ ਪੈਸਾ ਬਣਾਉਂਦੇ ਹਨ ਅਤੇ ਵੱਡੀ ਗਿਣਤੀ ਘਾਟਾ ਖਾ ਜਾਂਦੀ ਹੈ ਜਾਂ ਨੁਕਸਾਨ ਦਾ ਸਾਹਮਣਾ ਕਰਦੀ ਹੈ l ਇਸ ਲੇਖ ਵਿੱਚ ਇਨਵੈਸਟਰਾਂ ਵਲੋਂ ਕੀਤੀਆਂ ਜਾਂਦੀਆਂ ਵੱਡੀਆਂ ਗਲਤੀਆਂ ਦੀ ਚਰਚਾ ਕਰਾਂਗੇ :-
*ਕਾਹਲੀ ਵਿੱਚ ਘਰ ਖਰੀਦਣਾ :- ਬਹੁਤੇ ਇਨਵੈਸਟਰ ਜਦੋਂ ਪਹਿਲਾ ਘਰ ਖਰੀਦਦੇ ਹਨ ਤਾਂ ਉਹ ਉਸ ਵੇਲੇ ਕੋਈ ਨੌਕਰੀ ਜਾਂ ਦਿਹਾੜੀ ਕਰਦੇ ਹੁੰਦੇ ਹਨ l ਘਰ ਨੂੰ ਲੱਭਣ ਲਈ ਉਹ ਕੁੱਝ ਘੰਟੇ ਛੁੱਟੀ ਕਰਦੇ ਹਨ ਅਤੇ 10-12 ਘਰ ਦੇਖ ਕੇ ਉਨ੍ਹਾਂ ਵਿੱਚੋਂ ਹੀ ਇੱਕ ਖਰੀਦ ਲੈਂਦੇ ਹਨ l ਵਾਰ ਵਾਰ ਛੁੱਟੀ ਕਰਨ ਨੂੰ ਉਹ ਆਪਣਾ ਨੁਕਸਾਨ ਹੀ ਗਿਣਦੇ ਹਨ l ਘਰ ਖਰੀਦਣ ਵੇਲੇ ਲੱਖਾਂ ਡਾਲਰ ਬਚਾਏ ਜਾ ਸਕਦੇ ਹਨ ਜਿਸ ਤੋਂ ਉਹ ਵਾਂਝਾ ਰਹਿ ਜਾਂਦੇ ਹਨ l ਲੱਖਾਂ ਡਾਲਰ ਉਨ੍ਹਾਂ ਨੂੰ ਸਾਰਾ ਸਾਲ ਕੰਮ ਕਰਨ ਤੋਂ ਬਾਦ ਵੀ ਨਹੀਂ ਬਚਦੇ l ਇਸ ਕਰਕੇ ਘਰ ਖਰੀਦਣ ਵੇਲੇ ਕਾਹਲੀ ਨਹੀਂ ਕਰਨੀ ਚਾਹੀਦੀ ਭਾਵੇਂ ਉਸ ਵਾਸਤੇ ਇੱਕ ਮਹੀਨਾ ਛੁੱਟੀਆਂ ਕਰਨੀਆਂ ਪੈਣ l ਜਿੰਨੀ ਇੱਕ ਮਹੀਨੇ ਦੀ ਤਨਖਾਹ ਹੋਵੇਗੀ ਤੁਸੀਂ ਉਸ ਨਾਲੋਂ ਵੱਧ ਪੈਸੇ ਸੌਦਾ ਕਰਨ ਅਤੇ ਘਰ ਲੱਭਣ ਵੇਲੇ ਬਚਾ ਲਵੋਗੇ l
*ਹਿਸਾਬ ਕਿਤਾਬ ਨਾ ਕਰਨਾ :- ਬਹੁਤੇ ਇਨਵੈਸਟਰ ਘਰ ਖਰੀਦਣ ਵੇਲੇ ਆਪਣੀ ਇਨਵੈਸਟਮੈਂਟ ਦੀ ਆਮਦਨ ਅਤੇ ਖਰਚੇ ਦਾ ਖਰੀਦਣ ਤੋਂ ਪਹਿਲਾਂ ਠੀਕ ਹਿਸਾਬ ਨਹੀਂ ਕਰ ਪਾਉਂਦੇ ਜਿਸ ਕਾਰਨ ਖਰੀਦਣ ਤੋਂ ਬਾਦ ਉਨ੍ਹਾਂ ਨੂੰ ਕਾਫੀ ਹੈਰਾਨ ਕਰਨ ਵਾਲੀ ਜਾਣਕਾਰੀ ਮਿਲਦੀ ਹੈ ਅਤੇ ਉਨ੍ਹਾਂ ਦੀ ਜਿੰਦਗੀ ਔਖੀ ਕਰ ਦਿੰਦੀ ਹੈ l ਜੇਕਰ ਕਿਰਾਏ ਤੇ ਦੇਣ ਲਈ ਘਰ ਖਰੀਦ ਰਹੇ ਹੋ ਤਾਂ ਤੁਹਾਨੂੰ ਜਰੂਰੀ ਜਾਨਣਾ ਚਾਹੀਦਾ ਹੈ ਕਿ ਘੱਟੋ ਘੱਟ ਅਗਲੇ 5 ਸਾਲ ਤੱਕ ਤੁਹਾਨੂੰ ਘਰ ਤੋਂ ਕੀ ਆਮਦਨ ਜਾਂ ਖਰਚਾ ਹੋਣ ਦੀ ਸੰਭਾਵਨਾ ਹੈ?
*ਖਤਰਿਆਂ ਦੀ ਜਾਣਕਾਰੀ ਨਾ ਹੋਣਾ :- ਪ੍ਰਾਪਰਟੀ ਇਨਵੈਸਟਮੈਂਟ ਵਿੱਚ ਵੀ ਹੋਰ ਬਿਜਨੇਸਾਂ ਵਾਂਗ ਖਤਰੇ ਹੁੰਦੇ ਹਨ l ਬਹੁਤੇ ਇਨਵੈਸਟਰ ਉਨ੍ਹਾਂ ਖਤਰਿਆਂ ਬਾਰੇ ਪਹਿਲਾਂ ਨਾ ਜਾਣ ਸਕਣ ਕਾਰਨ ਘਾਟਾ ਖਾ ਜਾਂਦੇ ਹਨ l ਮੋਟੇ ਖਤਰਿਆਂ ਵੱਲ ਦੇਖੀਏ ਤਾਂ ਕਿਰਾਏ ਵਾਲੇ ਘਰਾਂ ਵਿੱਚ ਖਤਰਨਾਕ ਨਸ਼ਿਆਂ ਦੀ ਵਰਤੋਂ, ਮਾੜੇ ਪ੍ਰਾਪਰਟੀ ਮੈਨੇਜਰ ਜਾਂ ਕਿਰਾਏਦਾਰ ਦਾ ਮਿਲਣਾ, ਵਿਆਜ ਦਾ ਵਧ ਜਾਣਾ, ਬੀਮੇ ਦਾ ਵਧ ਜਾਣਾ, ਮੁਰੰਮਤ ਦਾ ਵੱਧ ਖਰਚਾ ਹੋਣਾ, ਸਮੇਂ ਸਿਰ ਮੁਰੰਮਤ ਨਾ ਕਰ ਸਕਣਾ ਅਤੇ ਘਰਾਂ ਦਾ ਲੰਬਾ ਸਮਾਂ ਖਾਲੀ ਪਏ ਰਹਿਣਾ ਆਦਿ ਖਤਰੇ ਹੁੰਦੇ ਹਨ l ਇਨ੍ਹਾਂ ਮਸਲਿਆਂ ਦੇ ਹੱਲ ਬਾਰੇ ਵੀ ਪਹਿਲਾਂ ਸੋਚਣਾ ਚਾਹੀਦਾ ਹੈ ਨਾ ਕਿ ਮੁਸੀਬਤ ਆਉਣ ਤੋਂ ਬਾਦ l
*ਮਾੜੀ ਸਲਾਹ ਜਾਂ ਸਲਾਹ ਦੀ ਘਾਟ :- ਬਹੁਤੇ ਇਨਵੈਸਟਰ ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜ਼ਰ ਦੀ ਸਲਾਹ ਨਹੀਂ ਲੈਂਦੇ ਜਾਂ ਵਕੀਲ ਦੀ ਸਲਾਹ ਨਹੀਂ ਲੈਂਦੇ ਜਿਸ ਕਾਰਨ ਉਹ ਘਾਟੇ ਦਾ ਸ਼ਿਕਾਰ ਹੁੰਦੇ ਹਨ l ਚੰਗੀ ਗੱਲ ਹੈ ਕਿ ਮਾਹਰ ਵਿਅਕਤੀ ਦੀ ਸਲਾਹ ਲਈ ਜਾਵੇ ਤਾਂ ਕਿ ਬਾਦ ਵਿੱਚ ਕੋਈ ਪਛਤਾਵਾ ਨਾ ਹੋਵੇ l ਚੰਗੀ ਗੱਲ ਹੈ ਕਿ ਜਿਸ ਦੀ ਸਲਾਹ ਲੈਣੀ ਹੋਵੇ ਉਸ ਨੇ ਖੁਦ ਇਹ ਕਾਰੋਬਾਰ ਕਾਮਯਾਬੀ ਨਾਲ ਕੀਤਾ ਹੋਵੇ l ਜੇਕਰ ਕਿਸੇ ਦੀ ਆਰਥਿਕ ਸਥਿਤੀ ਖੁਦ ਡਾਵਾਂਡੋਲ ਹੈ ਤਾਂ ਉਹ ਦੂਜੇ ਦੀ ਆਰਥਿਕ ਸਥਿਤੀ ਮਜ਼ਬੂਤ ਕਿਵੇਂ ਕਰ ਸਕੇਗਾ? ਚੰਗੀ ਗੱਲ ਹੈ ਕਿ ਸਲਾਹ ਦੇਣ ਵਾਲਾ ਹਾਂ ਪੱਖੀ (Positive) ਇਰਾਦਾ ਰੱਖਦਾ ਹੋਵੇ l
*ਕਰਜ਼ੇ ਬਾਰੇ ਜਾਣਕਾਰੀ ਨਾ ਹੋਣਾ :- ਘਰ ਖਰੀਦਣ ਵੇਲੇ ਵੱਖ ਵੱਖ ਕਿਸਮ ਦੇ ਕਰਜ਼ੇ ਬਾਰੇ ਜਾਣਕਾਰੀ ਹੋਣਾ ਜਰੂਰੀ ਹੈ ਅਤੇ ਕਰਜ਼ੇ ਨੂੰ ਦੁਬਾਰਾ ਫਿਕਸ ਕਰਨ ਵੇਲੇ ਵੀ ਜਾਣਕਾਰੀ ਹੋਣਾ ਜਰੂਰੀ ਹੈ ਤਾਂ ਕਿ ਸਹੀ ਫੈਸਲਾ ਲਿਆ ਜਾ ਸਕੇ l ਬਹੁਤੇ ਲੋਕ ਗਲਤ ਕਿਸਮ ਦਾ ਗਲਤ ਸ਼ਰਤਾਂ ਤੇ ਕਰਜ਼ਾ ਲੈ ਲੈਂਦੇ ਹਨ ਜੋ ਬਹੁਤ ਜਿਆਦਾ ਮਹਿੰਗਾ ਪੈਂਦਾ ਹੈ l ਇਸ ਤੋਂ ਇਲਾਵਾ ਬੈਂਕਾਂ ਦੀ ਫੀਸ ਦਾ ਵੀ ਧਿਆਨ ਰੱਖਿਆ ਜਾਵੇ l
*ਡਿਊ ਡਿਲੀਜੈਂਸ (Due Diligence) :- ਪ੍ਰਾਪਰਟੀ ਦੇ ਪੂਰੇ ਕਾਗਜ਼ ਪੱਤਰ ਨਾ ਪਰਖਣਾ ਅਤੇ ਬਿਲਡਿੰਗ ਦੀ ਲੋੜ ਅਨੁਸਾਰ ਪਰਖ ਨਾ ਕਰਨਾ ਵੀ ਘਾਟੇ ਦਾ ਕਾਰਨ ਬਣਦਾ ਹੈ l ਬਿਲਡਿੰਗ ਵਿੱਚ ਲੁਕੇ ਹੋਏ ਨੁਕਸ ਵੀ ਹੋ ਸਕਦੇ ਹਨ ਜਿਨ੍ਹਾਂ ਬਾਰੇ ਜਾਨਣਾ ਖਰੀਦਦਾਰ ਲਈ ਜਰੂਰੀ ਹੁੰਦਾ ਹੈ l ਬਿਲਡਿੰਗ ਇੰਸਪੈਕਸ਼ਨ ਦੇ ਨਾਲ ਨਾਲ ਲਿਮ ਰਿਪੋਰਟ ਬਾਰੇ ਪੂਰੀ ਜਾਣਕਾਰੀ ਹੋਣੀ ਵੀ ਜਰੂਰੀ ਹੈ l
*ਗਲਤ ਥਾਂ ਤੇ ਘਰ ਖਰੀਦਣਾ :- ਘਰ ਖਰੀਦਣ ਵੇਲੇ ਥਾਂ ਦੀ ਜਾਂ ਇਲਾਕੇ ਦੀ ਪਰਖ ਹੋਣਾ ਜਰੂਰੀ ਹੈ l ਜਿਆਦਾ ਲੋਕ ਕਿਰਾਏ ਤੇ ਘਰ ਲੈਣ ਵੇਲੇ ਦੇਖਦੇ ਹਨ ਕਿ ਚੰਗਾ ਸਕੂਲ ਲਾਗੇ ਹੋਵੇ, ਪਬਲਿਕ ਟਰਾਂਸਪੋਰਟ ਲਾਗੇ ਹੋਵੇ, ਇਲਾਕੇ ਵਿੱਚ ਲੁੱਟਾਂ ਖੋਹਾਂ ਘੱਟ ਹੁੰਦੀਆਂ ਹੋਣ, ਬਜ਼ਾਰ ਲਾਗੇ ਹੋਵੇ, ਡਾਕਟਰ ਲਾਗੇ ਹੋਵੇ ਅਤੇ ਵੱਡੇ ਸ਼ਹਿਰ ਨੂੰ ਜਾਂਦਾ ਮੋਟਰਵੇ ਜਾਂ ਹਾਈਵੇ ਲਾਗੇ ਹੋਵੇ ਆਦਿ l
*ਗਲਤ ਸਮੇਂ ਤੇ ਘਰ ਖਰੀਦਣਾ ਅਤੇ ਗਲਤ ਸਮੇਂ ਤੇ ਵੇਚਣਾ :- ਵੈਸੇ ਤਾਂ ਘਰ ਖਰੀਦਣ ਲਈ ਸਭ ਸਮੇਂ ਚੰਗੇ ਹੁੰਦੇ ਹਨ ਜੇਕਰ ਇਸ ਕੰਮ ਵਿੱਚ ਤਜਰਬਾ ਹੋਵੇ ਪਰ ਨਵੇਂ ਇਨਵੈਸਟਰ ਲਾਲਚ ਵਿੱਚ ਆ ਕੇ ਕਈ ਵਾਰ ਜਦੋਂ ਮਾਰਕੀਟ ਬਿਲਕੁਲ ਉੱਪਰ ਗਈ ਹੁੰਦੀ ਹੈ ਉਸ ਵੇਲੇ ਘਰ ਖਰੀਦਦੇ ਹਨ l ਉਸ ਤੋਂ ਬਾਦ ਜਦੋਂ ਮਾਰਕੀਟ ਥੱਲੇ ਜਾਂਦੀ ਹੈ ਤਾਂ ਉਨ੍ਹਾਂ ਲਈ ਇਹ ਚਿੰਤਾ ਦਾ ਵਿਸ਼ਾ ਜਾਂ ਘਾਟੇ ਦਾ ਕਾਰਨ ਬਣਦੀ ਹੈ l ਮਾਰਕੀਟ ਥੱਲੇ ਜਾਣ ਵੇਲੇ ਜਿਹੜੀਆਂ ਘਰਾਂ ਦੀਆਂ ਮੋਰਗੇਜੀ ਸੇਲਾਂ ਹੁੰਦੀਆਂ ਹਨ ਉਨ੍ਹਾਂ ਵਿੱਚ ਵੱਧ ਗਿਣਤੀ ਉਹ ਹੁੰਦੀ ਹੈ ਜੋ ਘਰ ਮਾਰਕੀਟ ਦੇ ਸਿਖਰ ਪਹੁੰਚਣ ਤੋਂ ਪਹਿਲਾਂ ਡੇਢ ਸਾਲ ਵਿੱਚ ਖਰੀਦੇ ਗਏ l ਨਵੰਬਰ 2021 ਵਿੱਚ ਮਾਰਕੀਟ ਸਿਖਰ ਤੇ ਸੀ l ਹੁਣ ਜਿਹੜੀਆਂ ਮੋਰਗੇਜੀ ਸੇਲਾਂ ਹੋ ਰਹੀਆਂ ਹਨ ਉਨ੍ਹਾਂ ਵਿੱਚੋਂ ਜਿਆਦਾ ਘਰ 2020 ਅਤੇ 2021 ਵਿੱਚ ਖਰੀਦੇ ਗਏ ਸਨ l ਇਸੇ ਤਰਾਂ 2007 ਦੇ ਅਖੀਰ ਤੱਕ ਮਾਰਕੀਟ ਸਿਖਰ ਤੇ ਸੀ l ਉਸ ਵੇਲੇ ਵੀ ਜਿਆਦਾ ਮੋਰਗੇਜੀ ਸੇਲਾਂ ਉਨ੍ਹਾਂ ਘਰਾਂ ਦੀਆਂ ਹੋਈਆਂ ਜਿਹੜੇ ਘਰ 2006 ਅਤੇ 2007 ਵਿੱਚ ਖਰੀਦੇ ਗਏ ਸਨ l
*ਸੇਲ ਐਂਡ ਪਰਚੇਸ ਐਗਰੀਮੈਂਟ ਨੂੰ ਨਾ ਸਮਝ ਸਕਣਾ :- ਘਰ ਨੂੰ ਖਰੀਦਣ ਜਾਂ ਵੇਚਣ ਵੇਲੇ ਇਸ ਡਾਕੂਮੈਂਟ ਨੂੰ ਸਮਝਣਾ ਬੇਹੱਦ ਜਰੂਰੀ ਹੁੰਦਾ ਹੈ l ਜੇਕਰ ਸਮਝ ਨਾ ਲੱਗੇ ਤਾਂ ਐਗਰੀਮੈਂਟ ਤੇ ਸਾਈਨ ਕਰਨ ਤੋਂ ਪਹਿਲਾਂ ਆਪਣੇ ਵਕੀਲ ਤੋਂ ਸਮਝ ਲੈਣਾ ਚਾਹੀਦਾ ਹੈ l ਸਾਈਨ ਕਰਨ ਤੋਂ ਬਾਦ ਉਸ ਉੱਪਰ ਲਿਖੀਆਂ ਸ਼ਰਤਾਂ ਤੋਂ ਤੁਸੀਂ ਮੁੱਕਰ ਨਹੀਂ ਸਕਦੇ ਭਾਵ ਇਹ ਖਰੀਦਦਾਰ ਅਤੇ ਵੇਚਣ ਵਾਲੇ ਲਈ ਬਾਈਡਿੰਗ ਕੰਟ੍ਰੈਕਟ ਹੁੰਦਾ ਹੈ l
ਨੋਟ :- ਇਹ ਲੇਖ ਸਿਰਫ ਆਪਣੇ ਤਜਰਬੇ ਤੇ ਅਧਾਰਤ ਹੈ l ਇਹ ਫਾਈਨੈਂਸ਼ਲ ਅਡਵਾਈਸ ਨਹੀਂ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147