-ਸੱਚ ਤੇ ਅਧਾਰਤ ਕਹਾਣੀ
ਜਦੋਂ ਛੋਟਾ ਪੁੱਤ ਅਜੇ ਕੋਲ ਹੀ ਸੀ ਤਾਂ ਮਾਂ ਨੂੰ ਹਮੇਸ਼ਾਂ ਫਿਕਰ ਰਹਿੰਦਾ ਕਿ ਮੇਰੇ ਪੁੱਤ ਨੂੰ ਘੱਟ ਪੜ੍ਹਿਆ ਹੋਣ ਕਰਕੇ ਇਥੇ ਪੰਜਾਬ ਵਿੱਚ ਕੋਈ ਨੌਕਰੀ ਨਹੀਂ ਮਿਲਣੀ l ਮਾਂ ਜਾਣਦੀ ਸੀ ਕਿ ਪੁੱਤ ਬਹੁਤ ਪੜ੍ਹਿਆ ਹੋਇਆ ਵੀ ਨਹੀਂ ਅਤੇ ਨੌਕਰੀ ਲਈ ਰਿਸ਼ਵਤ ਦੇਣ ਦੀ ਹਿੰਮਤ ਵੀ ਨਹੀਂ ਸੀ l ਚੰਗਾ ਹੋਵੇ ਜੇ ਪੁੱਤ ਵਿਦੇਸ਼ ਚਲਾ ਜਾਵੇ l ਮਾਂ ਮਨ ਹੀ ਮਨ ਸੋਚਦੀ l
ਮਾਂ ਜਾਣਦੀ ਸੀ ਕਿ ਸਾਡੀ ਬਹੁਤੀ ਜ਼ਮੀਨ ਵੀ ਨਹੀਂ ਕਿ ਪੁੱਤ ਖੇਤੀ ਕਰ ਸਕੇ l ਬੜੀ ਮੁਸ਼ਕਲ ਨਾਲ ਜ਼ਮੀਨ ਵਿੱਚੋਂ ਖਾਣ ਜੋਗੇ ਦਾਣੇ ਹੀ ਤਾਂ ਆਉਂਦੇ ਸਨ l
ਮਾਂ ਜਦੋਂ ਵੀ ਧਾਰਮਿਕ ਅਸਥਾਨ ਤੇ ਜਾਂਦੀ ਤਾਂ ਕਿੰਨਾ ਚਿਰ ਅੱਖਾਂ ਮੀਟ ਕੇ ਅਰਦਾਸ ਕਰਦੀ ਰਹਿੰਦੀ ਕਿ ਬਾਬਾ ਜੀ ਮੇਰਾ ਛੋਟਾ ਪੁੱਤ ਵਿਦੇਸ਼ ਨੂੰ ਚਲਾ ਜਾਵੇ l ਅਨਪੜ੍ਹ ਮਾਂ ਕੋਲ ਰੱਬ ਅੱਗੇ ਮੱਥਾ ਰਗੜਨ ਤੋਂ ਇਲਾਵਾ ਕੋਈ ਹੋਰ ਚਾਰਾ ਵੀ ਤਾਂ ਨਹੀਂ ਸੀ l
ਮਾਂ ਬਾਪ ਦਾ ਛੋਟਾ ਪੁੱਤ ਵੀ ਜਦੋਂ ਕਨੇਡਾ ਤੁਰ ਗਿਆ ਤਾਂ ਮਾਂ ਨੂੰ ਲੱਗਾ ਕਿ ਰੱਬ ਨੇ ਉਸ ਦੀਆਂ ਅਰਦਾਸਾਂ ਸੁਣ ਲਈਆਂ ਹਨ ਅਤੇ ਇਸੇ ਕਰਕੇ ਇਹ ਖੁਸ਼ੀ ਦਾ ਦਿਨ ਆਇਆ ਹੈ l ਖੁਸ਼ੀ ਮਾਰੇ ਮਾਂ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ l ਆਂਢੀ ਗੁਆਂਢੀ ਵਧਾਈਆਂ ਦੇ ਰਹੇ ਸਨ l
ਪੁੱਤ ਕਨੇਡਾ ਤਾਂ ਪਹੁੰਚ ਗਿਆ ਸੀ ਪਰ ਹੁਣ ਕੰਮ ਦੀ ਚਿੰਤਾ ਸੀ l ਪੁੱਤ ਕੱਚਾ ਸੀ l ਹੁਣ ਮਾਂ ਨੇ ਅਰਦਾਸ ਬਦਲੀ ਅਤੇ ਪੁੱਤ ਵਾਸਤੇ ਰੱਬ ਅੱਗੇ ਕੰਮ ਮਿਲਣ ਦੀ ਅਰਦਾਸ ਕਰਨ ਲੱਗੀ l ਦੋ ਕੁ ਹਫਤਿਆਂ ਬਾਦ ਕੰਮ ਮਿਲ ਗਿਆ ਅਤੇ ਪੁੱਤ ਨੂੰ ਪੱਕੇ ਹੁੰਦਿਆਂ ਪੰਜ ਸਾਲ ਲੱਗ ਗਏ l
ਪੱਕੇ ਹੁੰਦਿਆਂ ਸਾਰ ਪੁੱਤ ਨੇ ਆਪਣੀ ਪਤਨੀ ਤੇ ਬੱਚੇ ਵੀ ਕਨੇਡਾ ਬੁਲਾ ਲਏ ਜੋ ਅਜੇ ਮਾਂ ਬਾਪ ਕੋਲ ਹੀ ਰਹਿੰਦੇ ਸਨ l
ਮਾਂ ਬਾਪ ਨੂੰ ਕੁੱਝ ਮਹੀਨੇ ਤਾਂ ਸਾਰੇ ਪਰਿਵਾਰ ਦੇ ਵਿਦੇਸ਼ ਜਾਣ ਦਾ ਚਾਅ ਰਿਹਾ ਪਰ ਖਾਲੀ ਘਰ ਉਨ੍ਹਾਂ ਨੂੰ ਖਾਣ ਨੂੰ ਆਉਂਦਾ ਸੀ l ਦੋਨੋਂ ਜੀਅ ਗੱਲ ਵੀ ਕਿਸ ਨਾਲ ਕਰਨ? ਜਦੋਂ ਨੂੰਹ ਅਤੇ ਪੋਤੇ ਪੋਤੀਆਂ ਕੋਲ ਸਨ ਤਾਂ ਗੁਆਂਢੀ ਨਿਆਣੇ ਖੇਡਣ ਆ ਜਾਂਦੇ ਸਨ ਅਤੇ ਗੁਆਂਢੀਆਂ ਦੀਆਂ ਕੁੜੀਆਂ ਅਤੇ ਨੂੰਹਾਂ ਵੀ ਰੌਣਕ ਲਾਈ ਰੱਖਦੀਆਂ ਸਨ l ਪਤਾ ਹੀ ਨਹੀਂ ਲਗਦਾ ਸੀ ਕਿ ਦਿਨ ਕਿਹੜੇ ਵੇਲੇ ਲੰਘ ਜਾਂਦਾ ਸੀ? ਹਾਣ ਨੂੰ ਹਾਣ ਪਿਆਰਾ ਹੁੰਦਾ ਹੈ l ਹੁਣ ਤਾਂ ਗੁਆਂਢੀ ਨਿਆਣੇ, ਕੁੜੀਆਂ ਅਤੇ ਨੂੰਹਾਂ ਵੀ ਘੱਟ ਹੀ ਆਉਂਦੀਆਂ ਸਨ l ਦੋਨਾਂ ਨੂੰ ਦਿਨ ਪਹਾੜ ਵਰਗੇ ਵੱਡੇ ਲੱਗਣ ਲੱਗ ਪਏ ਸਨ l ਕਦੇ ਕਦੇ ਦੋਨੋਂ ਜਣੇ ਆਪਸ ਵਿੱਚ ਹੀ ਗੱਲ ਕਰ ਲੈਂਦੇ ਕਿ ਨਿਆਣਿਆਂ ਨੂੰ ਬਾਹਰ ਭੇਜ ਕੇ ਅਸੀਂ ਕੀ ਖੱਟਿਆ? ਗੱਲਬਾਤ ਕਰਨ ਨਾਲ ਪੁਲਾਂ ਥੱਲਿਓਂ ਲੰਘਿਆ ਪਾਣੀ ਵਾਪਸ ਨਹੀਂ ਹੋ ਸਕਦਾ ਸੀ l ਆਖਰ ਇੱਕ ਦੂਜੇ ਨੂੰ ਆਪ ਹੀ ਹੌਂਸਲਾ ਦੇ ਲੈਂਦੇ l
ਪਤਾ ਹੀ ਨਾ ਲੱਗਾ 15 ਸਾਲ ਬੀਤ ਗਏ l ਪੁੱਤ ਇੱਕ ਵਾਰ ਹੀ ਦੋ ਹਫ਼ਤੇ ਵਾਸਤੇ ਪਿੰਡ ਮਿਲਣ ਆਇਆ l ਮਾਂ ਬਾਪ ਨੂੰ ਖਰਚਾ ਵੀ ਘੱਟ ਹੀ ਭੇਜਦਾ l ਹਰ ਵਾਰ ਮਾਂ ਬਾਪ ਨੂੰ ਕਹਿ ਛੱਡਦਾ ਕਿ ਘਰ ਦੀਆਂ ਕਿਸ਼ਤਾਂ, ਬਿਜਲੀ, ਪਾਣੀ, ਕਾਰ ਦਾ ਖਰਚਾ ਅਤੇ ਟੈਕਸ ਹੀ ਪਿੱਛਾ ਨਹੀਂ ਛੱਡਦਾ l ਪੁੱਤ ਦੇ ਖਰਚੇ ਸੁਣ ਮਾਂ ਬਾਪ ਦੀ ਹਿੰਮਤ ਹੀ ਨਾ ਪੈਂਦੀ ਕਿ ਪੁੱਤ ਤੋਂ ਆਪਣੇ ਖਰਚੇ ਲਈ ਕੁੱਝ ਮੰਗ ਸਕਣ l ਪੁੱਤ ਨੂੰ ਵੀ ਆਪਣੀ ਕਾਰ ਦੇ ਖਰਚੇ ਚੇਤੇ ਰਹਿੰਦੇ ਸਨ ਪਰ ਮਾਂ ਬਾਪ ਦੇ ਰਿਕਸ਼ੇ ਦੇ ਖਰਚੇ ਦਾ ਉਸ ਨੂੰ ਕਦੇ ਚੇਤਾ ਹੀ ਨਹੀਂ ਆਇਆ ਸੀ l ਮਾਂ ਹਰ ਵੇਲੇ ਰਿਕਸ਼ੇ ਵਾਲੇ ਨਾਲ ਪੰਜ ਰੁਪਏ ਘੱਟ ਕਰਨ ਲਈ ਤਰਲੇ ਕਰਦੀ ਰਹਿੰਦੀ l
ਮਾਂ ਰਾਤਾਂ ਨੂੰ ਲੰਮੀ ਪਈ ਵੀ ਸੋਚਦੀ ਰਹਿੰਦੀ ਕਿ ਮੈਂ ਪੁੱਤ ਵਾਸਤੇ ਕਿਹੋ ਜਿਹੀ ਅਰਦਾਸ ਕੀਤੀ ਕਿ ਪੁੱਤ ਆਪਣਾ ਘਰ ਛੱਡ ਕਨੇਡਾ ਵਾਲੇ ਘਰ ਦੀਆਂ ਕਿਸ਼ਤਾਂ ਲਾਹੁਣ ਚਲਾ ਗਿਆ? ਪਿੰਡ ਵਾਲੇ ਘਰ ਦੀਆਂ ਤਾਂ ਕਿਸ਼ਤਾਂ ਦੇਣ ਦੀ ਲੋੜ ਵੀ ਨਹੀਂ ਸੀ ਅਤੇ ਖਾਣ ਜੋਗੇ ਦਾਣੇ ਵੀ ਆ ਜਾਂਦੇ ਸੀ l ਪੁੱਤ ਨੂੰ ਕਨੇਡਾ ਭੇਜ ਕੇ ਸਾਨੂੰ ਕੀ ਮਿਲਿਆ? ਪੁੱਤ ਵੀ ਕਿਸ਼ਤਾਂ ਲਾਹੁੰਦਾ ਦੁਖੀ ਹੈ ਅਤੇ ਅਸੀਂ ਅਜੇ ਵੀ ਆਪਣੇ ਖੇਤਾਂ ਵਿੱਚੋਂ ਆਏ ਦਾਣੇ ਹੀ ਤਾਂ ਖਾਂਦੇ ਹਾਂ l
ਪੁੱਤ ਤਾਂ ਕਨੇਡਾ ਵਿੱਚ ਲੰਬੇ ਘੰਟੇ ਕੰਮ ਕਰਦਾ ਸੀ l ਮਾਂ ਦਾ ਕਦੇ ਦਿਲ ਕਰਦਾ ਕਿ ਉਹ ਪੋਤੇ ਪੋਤੀਆਂ ਨਾਲ ਹੀ ਗੱਲ ਕਰ ਲਵੇ l ਸਿਆਣੇ ਨੂੰ ਮੂਲ ਨਾਲੋਂ ਵਿਆਜ਼ ਪਿਆਰਾ ਹੁੰਦਾ ਹੈ l ਮਾਂ ਜਦੋਂ ਵੀ ਕਿਸੇ ਪੜ੍ਹੇ ਲਿਖੇ ਨੂੰ ਕਹਿ ਕੇ ਕਨੇਡਾ ਪੁੱਤ ਦੇ ਘਰ ਫੋਨ ਮਿਲਾਉਂਦੀ ਤਾਂ ਪੋਤੇ ਪੋਤੀਆਂ ਨੂੰ ਪੰਜਾਬੀ ਵੀ ਸਮਝ ਨਾ ਆਉਂਦੀ l
ਇੱਕ ਦੋ ਵਾਰ ਮਾਂ ਨੇ ਪੁੱਤ ਨੂੰ ਕਿਹਾ ਕਿ ਪੁੱਤ ਤੂੰ ਬੱਚਿਆਂ ਨੂੰ ਪੰਜਾਬੀ ਤਾਂ ਸਿਖਾ l ਉਹ ਸਾਡੇ ਨਾਲ ਜਾਂ ਪਿੰਡ ਵਿੱਚ ਆ ਕੇ ਲੋਕਾਂ ਨਾਲ ਗੱਲ ਕਿਵੇਂ ਕਰਨਗੇ? ਪੁੱਤ ਕਹਿੰਦਾ ਬੀਬੀ ਇਨ੍ਹਾਂ ਪੰਜਾਬ ਕਿੱਥੇ ਆਉਣਾ ਹੈ? ਇਥੇ ਲੋਕ ਅੰਗਰੇਜ਼ੀ ਹੀ ਬੋਲਦੇ ਹਨ l ਮਾਂ ਕਹਿੰਦੀ ਪੁੱਤ ਇੰਝ ਨਾ ਆਖ ਇਹ ਤੇਰੀ ਜੰਮਣ ਭੌਂ (ਜਨਮ ਅਸਥਾਨ) ਹੈ l ਪੁੱਤ ਕਹਿੰਦਾ ਬੀਬੀ 15 ਸਾਲ ਬਾਦ ਤਾਂ ਮੇਰਾ ਪੰਜਾਬ ਗੇੜਾ ਲੱਗਾ ਸੀ l ਇਹ ਪੰਜਾਬ ਵਿੱਚ ਨਹੀਂ ਆ ਸਕਦੇ l
ਮਾਂ ਕੁੱਝ ਨਾ ਬੋਲੀ ਪਰ ਅੰਦਰ ਹੀ ਸੋਚਦੀ ਕਿ ਕਿਵੇਂ ਉਸ ਨੇ ਪੁੱਤ ਹੀ ਨਹੀਂ ਗੁਆਇਆ ਸਗੋਂ ਸਾਰਾ ਖਾਨਦਾਨ ਹੀ ਗੁਆ ਲਿਆ ਹੈ l ਮਾਂ ਨੂੰ ਇਹ ਹੋਣ ਜਾ ਰਹੀ ਖਾਨਦਾਨੀ ਤਬਾਹੀ ਬਹੁਤ ਬੁਰੀ ਲੱਗ ਰਹੀ ਸੀ l ਮਾਂ ਸੋਚਦੀ ਕਿ ਅਗਲੀ ਪੀੜ੍ਹੀ ਤਾਂ ਗੋਰਿਆਂ ਵਿੱਚ ਹੀ ਰਲ ਜਾਵੇਗੀ l ਉਨ੍ਹਾਂ ਨੂੰ ਤਾਂ ਅਹਿਸਾਸ ਵੀ ਨਹੀਂ ਹੋਵੇਗਾ ਕਿ ਅਸੀਂ ਪੰਜਾਬ ਦੇ ਪੁੱਤ ਧੀਆਂ ਹਾਂ l ਇਨਸਾਨ ਨੂੰ ਉਮਰ ਬੁੱਢਾ ਹੌਲੀ ਕਰਦੀ ਹੈ ਪਰ ਗਰੀਬੀ ਅਤੇ ਜਿੰਦਗੀ ਦੇ ਝੋਰੇ ਛੇਤੀਂ ਬੁੱਢਾ ਕਰ ਦਿੰਦੇ ਹਨ l
ਮਾਂ ਬਾਪ ਤੇ ਬੁਢਾਪਾ ਆਇਆ l ਦੋਨੋਂ ਜਣੇ ਮੰਜੇ ਤੇ ਪੈ ਗਏ l ਪਿੰਡੋਂ ਹੀ ਕੋਈ ਔਰਤ ਰੋਟੀ ਟੁੱਕ ਕਰਨ ਲਈ ਰੱਖ ਲਈ l ਦੋਨਾਂ ਨੇ ਪੁੱਤ ਨੂੰ ਕਿਹਾ ਕਿ ਆ ਕੇ ਮਿਲ ਜਾਵੇ ਅਸੀਂ ਹੁਣ ਦੁਨੀਆਂ ਤੇ ਕੁੱਝ ਚਿਰ ਦੇ ਹੀ ਪ੍ਰਾਹੁਣੇ ਹਾਂ ਪਰ ਪੁੱਤ ਆਪਣੇ ਖਰਚਿਆਂ ਦੀ ਦੁਹਾਈ ਦਿੰਦਾ ਰਿਹਾ l ਪੁੱਤ ਨੂੰ ਉਡੀਕਦਾ ਬਾਪ ਦੁਨੀਆਂ ਤੋਂ ਚਲਾ ਗਿਆ l
ਮਾਂ ਵੀ ਹੁਣ ਕੁੱਝ ਮਹੀਨਿਆਂ ਦੀ ਮਹਿਮਾਨ ਹੀ ਲਗਦੀ ਸੀ l ਮਾਂ ਹਰ ਪਲ ਛੋਟੇ ਪੁੱਤ ਨੂੰ ਯਾਦ ਕਰਦੀ l ਸ਼ਾਇਦ ਛੋਟਾ ਹੋਣ ਕਰਕੇ ਵੱਧ ਲਾਡਲਾ ਸੀ l ਵੱਡੇ ਤੋਂ ਤਾਂ ਪਹਿਲਾਂ ਹੀ ਕੋਈ ਆਸ ਨਹੀਂ ਬਚੀ ਸੀ l
ਵਾਰ ਵਾਰ ਕਹਿਣ ਤੇ ਵੀ ਛੋਟਾ ਪੁੱਤ ਮਾਂ ਨੂੰ ਮਿਲਣ ਨਹੀਂ ਆਇਆ l ਮਾਂ ਨੂੰ ਤਾਂ ਉਹ ਉਸ ਘਰ ਵਿੱਚ ਖੇਡਦਾ ਅਤੇ ਕੁੱਛੜ ਚੁੱਕਿਆ ਅੱਜ ਵੀ ਮਹਿਸੂਸ ਹੁੰਦਾ ਸੀ ਪਰ ਸ਼ਾਇਦ ਪੁੱਤ ਨੂੰ ਇਹ ਅਹਿਸਾਸ ਨਹੀਂ ਹੋ ਰਿਹਾ ਸੀ l
ਕਈ ਵਾਰ ਪਿੰਡ ਵਾਲਿਆਂ ਵੀ ਛੋਟੇ ਪੁੱਤ ਨੂੰ ਫੋਨ ਕੀਤੇ ਕਿ ਤੇਰੀ ਮਾਂ ਦੀ ਹਾਲਤ ਠੀਕ ਨਹੀਂ ਹੈ l ਉਹ ਤੈਨੂੰ ਉਡੀਕਦੀ ਰਹਿੰਦੀ ਹੈ ਪਰ ਪੁੱਤ ਤੇ ਕੋਈ ਅਸਰ ਨਾ ਹੋਇਆ l
ਮਾਂ ਨੇ ਰੱਬ ਅੱਗੇ ਵੀ ਅਰਦਾਸਾਂ ਕੀਤੀਆਂ ਕਿ ਰੱਬਾ ਪੁੱਤ ਦੇ ਮਨ ਸਮੱਤਿਆ ਪਾ ਤਾਂ ਕਿ ਉਹ ਮੈਨੂੰ ਮਿਲ ਜਾਵੇ ਪਰ ਉਹ ਦਿਨ ਨਾ ਆਇਆ l ਮਾਂ ਨੂੰ ਲੱਗਣ ਲੱਗ ਪਿਆ ਕਿ ਇਸ ਦੁਨੀਆਂ ਵਿੱਚ ਰੱਬ ਵੀ ਨਹੀਂ ਹੈ ਅਤੇ ਸਾਰੀ ਉਮਰ ਮੈਂ ਰੱਬ ਹੋਣ ਦਾ ਇੱਕ ਭਰਮ ਹੀ ਪਾਲਿਆ ਹੈ l ਜੇ ਹੁੰਦਾ ਤਾਂ ਮੇਰੀ ਇਸ ਹਾਲਤ ਵਿੱਚ ਵੀ ਸੁਣ ਹੀ ਲੈਂਦਾ l ਆਖਰ ਮੇਰਾ ਗੁਨਾਹ ਕੀ ਹੈ?
ਮਾਂ ਆਖਰੀ ਵੇਲੇ ਤੱਕ ਪੁੱਤ ਨੂੰ ਯਾਦ ਕਰਦੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ l ਪਿੰਡ ਵਾਲਿਆਂ ਨੇ ਪੁੱਤ ਨੂੰ ਫੋਨ ਤੇ ਸੂਚਨਾ ਦਿੱਤੀ ਤਾਂ ਪੁੱਤ ਦੋ ਹਫ਼ਤੇ ਦੀ ਛੁੱਟੀ ਲੈ ਕੇ ਪਿੰਡ ਆਇਆ l ਹੁਣ ਉਸ ਦਾ ਇਹ ਫੇਰਾ ਤਕਰੀਬਨ 28 ਸਾਲ ਬਾਦ ਲੱਗਾ ਸੀ l ਮਾਂ ਦੀ ਮੌਤ ਤੋਂ ਬਾਦ ਪੁੱਤ ਨੇ ਉਸ ਦੀਆਂ ਅੰਤਿਮ ਧਾਰਮਿਕ ਰਸਮਾਂ ਕੀਤੀਆਂ ਅਤੇ ਧਾਰਮਿਕ ਰਸਮਾਂ ਵੇਲੇ ਪਿੰਡ ਦੇ ਲੋਕਾਂ ਦੀ ਹਾਜ਼ਰੀ ਵਿੱਚ ਪਿੰਡ ਦੇ ਸਾਰੇ ਧਾਰਮਿਕ ਅਸਥਾਨਾਂ ਨੂੰ ਵੀਹ ਵੀਹ ਹਜ਼ਾਰ ਰੁਪਏ ਆਪਣੀ ਮਾਂ ਦੀ ਯਾਦ ਵਿੱਚ ਦਾਨ ਕੀਤੇ l
ਅੰਤਿਮ ਧਾਰਮਿਕ ਰਸਮਾਂ ਬਾਦ ਜਦੋਂ ਲੋਕ ਆਪਣੇ ਘਰਾਂ ਨੂੰ ਰੋਟੀ ਪਾਣੀ ਛਕ ਕੇ ਜਾ ਰਹੇ ਸੀ ਤਾਂ ਕਹਿ ਰਹੇ ਸੀ ਕਿ ਜੇਕਰ ਇਹ ਏਨਾ ਪੈਸਾ ਧਾਰਮਿਕ ਅਸਥਾਨਾਂ ਨੂੰ ਦਾਨ ਕਰਨ ਦੀ ਬਜਾਏ ਆਪਣੀ ਮਾਂ ਨੂੰ ਭੇਜ ਦਿੰਦਾ ਤਾਂ ਉਸ ਨੇ ਅਜੇ ਮਰਨਾ ਨਹੀਂ ਸੀ l
ਭਾਵੇਂ ਇਹ ਕਹਾਣੀ ਇੱਕ ਜਾਨਣ ਵਾਲੇ ਵਿਅਕਤੀ ਦੀ ਸੱਚੀ ਹੱਡਬੀਤੀ ਸੀ ਪਰ ਮੈਨੂੰ ਲਗਦਾ ਹੈ ਕਿ ਇਹ ਕਹਾਣੀ ਹੁਣ ਪੰਜਾਬ ਦੇ ਇੱਕ ਮਾਂ ਪੁੱਤ ਦੀ ਕਹਾਣੀ ਨਹੀਂ ਹੈ l ਇਹ ਕਹਾਣੀ ਪੰਜਾਬ ਦੇ ਕਈ ਮਾਵਾਂ ਪੁੱਤਾਂ ਦੀ ਕਹਾਣੀ ਬਣ ਗਈ ਹੈ ਜੋ ਹਰ ਜਾਗਦੇ ਪੰਜਾਬੀ ਲਈ ਸੋਚਣ ਦਾ ਅਤੇ ਚਿੰਤਾ ਦਾ ਵਿਸ਼ਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
021392147