ਪਿਛਲੇ ਕੁੱਝ ਮਹੀਨਿਆਂ ਵਿੱਚ ਨਿਊਜ਼ੀਲੈਂਡ ਵਸਦੇ ਬਹੁਤ ਸਾਰੇ ਦੋਸਤਾਂ ਦੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਪੰਜਾਬ ਤੋਂ ਨਿਊਜ਼ੀਲੈਂਡ ਆਏ ਹਨ l ਇਸ ਖੁਸ਼ੀ ਵਾਸਤੇ ਪਰਿਵਾਰਾਂ ਨੂੰ ਕਈ ਸਾਲ ਉਡੀਕ ਕਰਨੀ ਪਈ l ਇਹ ਉਡੀਕ 20 ਤੋਂ 32 ਸਾਲ ਦੀ ਆਮ ਹੈ l
ਕਈਆਂ ਦੇ ਕੇਸ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੁਆਰਾ ਵੱਖ ਵੱਖ ਪਾਲਸੀਆਂ ਤਹਿਤ ਸੱਤ ਸੱਤ ਵਾਰ ਫੇਲ੍ਹ ਕਰਨ ਤੋਂ ਬਾਦ ਕਾਮਯਾਬੀ ਮਿਲੀ l
ਇਨ੍ਹਾਂ ਨਿਊਜ਼ੀਲੈਂਡ ਆਏ ਨਵੇਂ ਪਰਿਵਾਰਾਂ ਵਿੱਚ ਕਈਆਂ ਭੈਣਾਂ ਨੂੰ ਭਰਾ ਮਿਲੇ, ਕਈਆਂ ਔਰਤਾਂ ਨੂੰ ਭਰਜਾਈਆਂ ਮਿਲੀਆਂ, ਬੱਚਿਆਂ ਨੂੰ ਮਾਮੇ, ਭੂਆ ਅਤੇ ਫੁਫੜ ਮਿਲੇ l
ਇਸ ਦੇ ਨਾਲ ਹੀ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਛੋਟੇ ਬੱਚੇ ਪੰਜਾਬ ਦੇ ਪਿੰਡਾਂ ਤੋਂ ਆਏ ਹਨ ਉਹ ਬਹੁਤ ਵਧੀਆ ਪੰਜਾਬੀ ਬੋਲਦੇ ਹਨ ਜੋ ਨਿਊਜ਼ੀਲੈਂਡ ਜਨਮੇ ਬੱਚਿਆਂ ਨੂੰ ਪੰਜਾਬੀ ਸਿਖਾਉਣਗੇ ਅਤੇ ਨਿਊਜ਼ੀਲੈਂਡ ਜਨਮੇ ਬੱਚੇ ਉਨ੍ਹਾਂ ਦੀ ਪੜ੍ਹਾਈ ਵਿੱਚ ਮੱਦਦ ਕਰਨਗੇ l
ਮੈਂ ਬੱਚਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਘਰ ਵਿੱਚ ਪੰਜਾਬੀ ਹੀ ਬੋਲਣੀ ਹੈ l ਪੰਜਾਬ ਤੋਂ ਆਏ ਬੱਚਿਆਂ ਦੀ ਠੇਠ ਪੰਜਾਬੀ ਸੁਣ ਲੱਗਣ ਲੱਗ ਪਿਆ ਕਿ ਅਸੀਂ ਪੰਜਾਬ ਹੀ ਰਹਿੰਦੇ ਹਾਂ l
ਕੱਲ੍ਹ ਰਾਤ ਪਰਿਵਾਰਾਂ ਨੇ ਇਕੱਠੇ ਹੋ ਕੇ ਰਣਜੀਤ ਅਤੇ ਗਗਨ ਦੇ ਘਰ ਫਲੈਟ ਬੁੱਸ਼ (ਔਕਲੈਂਡ) ਵਿੱਚ ਪਿਤਾ ਦਾ ਦਿਨ (ਫਾਦਰ ਡੇ) ਮਨਾਇਆ ਅਤੇ ਕੇਕ ਕੱਟੇ l ਕੁੱਝ ਪਿਤਾ ਕੰਮਾਂ ਵਾਸਤੇ ਨਿਊਜ਼ੀਲੈਂਡ ਦੇ ਹੋਰ ਸ਼ਹਿਰਾਂ ਵਿੱਚ ਗਏ ਹੋਣ ਕਾਰਣ ਇਸ ਦਿਨ ਤੇ ਹਾਜ਼ਰ ਨਹੀਂ ਹੋ ਸਕੇ ਪਰ ਯਾਦ ਕਰਕੇ ਉਨ੍ਹਾਂ ਨੂੰ ਵੀ ਖੁਸ਼ੀ ਵਿੱਚ ਸ਼ਾਮਿਲ ਕੀਤਾ ਗਿਆ l
ਰਾਤ ਦੇ ਖਾਣੇ ਤੇ ਇਕੱਠੇ ਹੋਏ ਸਾਰੇ ਦੋਸਤਾਂ ਮਿੱਤਰਾਂ ਦੀ ਗਗਨ, ਰਣਜੀਤ ਤੇ ਬਾਕੀ ਪਰਿਵਾਰ ਨੇ ਬਹੁਤ ਸੇਵਾ ਕੀਤੀ l ਇਸ ਦੇ ਨਾਲ ਹੀ ਬਹੁਤ ਡੂੰਘੀਆਂ ਵਿਚਾਰ ਚਰਚਾ ਹੋਈਆਂ ਅਤੇ ਕਈ ਸਾਲਾਂ ਦੇ ਵਿਛੋੜਿਆਂ ਦਾ ਦਰਦ ਇੱਕ ਦੂਜੇ ਨਾਲ ਸਾਂਝਾ ਕੀਤਾ l
ਜਿਆਦਾ ਕੇਸਾਂ ਵਿੱਚ ਫੁਫੜਾਂ ਨੇ ਹੀ ਪਰਿਵਾਰ ਪੰਜਾਬ ਤੋਂ ਬੁਲਾਏ ਹਨ l ਇਸ ਕਰਕੇ ਦਿਨਾਂ ਤਿਉਹਾਰਾਂ ਤੇ ਫੁਫੜ ਪਹਿਲਾਂ ਨਾਲੋਂ ਵੀ ਜਿਆਦਾ ਚੌੜੇ ਹੋ ਸਕਦੇ ਹਨ l ਇਸ ਗੱਲ ਦਾ ਸਭ ਨੂੰ ਧਿਆਨ ਰੱਖਣਾ ਚਾਹੀਦਾ ਹੈ l
ਫਾਦਰ ਡੇ ਦੀ ਖੁਸ਼ੀ ਦੇ ਨਾਲ ਨਾਲ ਪੰਜਾਬ ਤੋਂ ਆਏ ਰਿਸ਼ਤੇਦਾਰਾਂ ਦੀ ਖੁਸ਼ੀ ਸਭ ਦੇ ਮੂੰਹਾਂ ਤੋਂ ਸਾਫ ਨਜ਼ਰ ਆਉਂਦੀ ਸੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147