ਨਿਰਾਸ਼ਾ ਤੇ ਖ਼ੁਦਕਸ਼ੀ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ l ਦਿਨੋਂ ਦਿਨ ਵੱਖ ਵੱਖ ਕਾਰਨਾਂ ਕਾਰਣ ਲੋਕ ਨਿਰਾਸ਼ਾ ਵੱਲ ਵਧ ਰਹੇ ਹਨ l ਭਾਰਤੀ ਸਮਾਜ ਵਿੱਚ ਨਿਰਾਸ਼ਾ ਨੂੰ ਕੋਈ ਰੋਗ ਹੀ ਨਹੀਂ ਮੰਨਿਆ ਜਾਂਦਾ ਜਾਂ ਕਹਿ ਲਵੋ ਨਿਰਾਸ਼ਾ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ l
ਖ਼ੁਦਕਸ਼ੀਆਂ ਦੇ ਮਾਮਲੇ ਦੁਨੀਆਂ ਤੇ ਵਧਦੇ ਜਾ ਰਹੇ ਹਨ l ਖੁਦਕੁਸ਼ੀਆਂ ਦਾ ਵੱਡਾ ਕਾਰਣ ਨਿਰਾਸ਼ਾ ਹੁੰਦੀ ਹੈ l ਜਦੋਂ ਆਪਣੀ ਨਿਰਾਸ਼ਾ ਦਾ ਕੋਈ ਹੱਲ ਨਹੀਂ ਮਿਲਦਾ ਤਾਂ ਵਿਅਕਤੀ ਖ਼ੁਦਕਸ਼ੀ ਵੱਲ ਵਧਦਾ ਹੈ l
ਵਿਅਕਤੀ ਦੇ ਵਾਰ ਵਾਰ ਹਾਰਨ ਨਾਲ ਜਾਂ ਕਿਸੇ ਮਸਲੇ ਦਾ ਹੱਲ ਨਾ ਮਿਲਣ ਕਾਰਣ ਉਸ ਵਿੱਚ ਨਿਰਾਸ਼ਾ ਵਧਦੀ ਹੈ l ਆਰਥਿਕ ਸਮੱਸਿਆ, ਕਰਜ਼ਾ, ਪਿਆਰ ਕਰਨ ਵਾਲੇ ਦੀ ਮੌਤ ਹੋ ਜਾਣਾ, ਪਿਆਰ ਕਰਨ ਵਾਲੇ ਦਾ ਛੱਡ ਕੇ ਚਲੇ ਜਾਣਾ ਜਾਂ ਬੇਵਫ਼ਾ ਨਿਕਲਣਾ, ਨੌਕਰੀ ਛੁੱਟ ਜਾਣਾ, ਕਾਰੋਬਾਰ ਵਿੱਚ ਘਾਟਾ, ਕਿਸੇ ਬਿਮਾਰੀ ਦਾ ਹੋਣਾ, ਵਹਿਮ ਹੋਣਾ, ਪਰਿਵਾਰ ਵਿੱਚ ਲੜਾਈ ਝਗੜਾ ਹੁੰਦੇ ਰਹਿਣਾ, ਕੰਮ ਕਾਰ ਦਾ ਬੋਝ ਅਤੇ ਨਸ਼ੇ ਆਦਿ ਵਿਅਕਤੀ ਨੂੰ ਨਿਰਾਸ਼ਾ ਵੱਲ ਧੱਕਦੇ ਹਨ l ਵਿਅਕਤੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਠੀਕ ਇਲਾਜ ਨਾ ਮਿਲਣ ਤੇ ਆਤਮ ਹੱਤਿਆ ਕਰ ਲੈਂਦਾ ਹੈ l
ਵੱਡੀ ਗਿਣਤੀ ਵਿੱਚ ਲੋਕ ਨਿਰਾਸ਼ਾ ਦੀ ਹਾਲਤ ਵਿੱਚ ਰੱਬ ਤੇ ਭਰੋਸਾ ਕਰਕੇ ਬੈਠ ਜਾਂਦੇ ਹਨ ਜਾਂ ਨਿਰਾਸ਼ਾ ਨੂੰ ਕਿਸਮਤ ਵਿੱਚ ਲਿਖਿਆ ਹੋਇਆ ਸਮਝ ਲੈਂਦੇ ਹਨ l ਵੱਡੀ ਗਿਣਤੀ ਨਿਰਾਸ਼ਾ ਦਾ ਹੱਲ ਲੱਭਣ ਵਾਸਤੇ ਸਾਧਾਂ ਸੰਤਾਂ ਜਾਂ ਧਾਰਮਿਕ ਅਸਥਾਨਾਂ ਵੱਲ ਨੂੰ ਮੂੰਹ ਕਰ ਲੈਂਦੇ ਹਨ ਜਿੱਥੇ ਮਸਲੇ ਦੇ ਹੱਲ ਦੇ ਨਾਮ ਤੇ ਮਰੀਜ਼ ਦੀ ਆਰਥਿਕ ਤੇ ਸਰੀਰਕ ਲੁੱਟ ਹੁੰਦੀ ਹੈ ਜਿਸ ਨਾਲ ਮਰੀਜ਼ ਦੀ ਹਾਲਤ ਹੋਰ ਵਿਗੜ੍ਹ ਜਾਂਦੀ ਹੈ ਅਤੇ ਮਰੀਜ਼ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ l
ਸਾਡਾ ਸਮਾਜ ਇੱਕ ਝੂਠਾ ਭਰਮ ਪਾਲ ਕੇ ਬੈਠਾ ਰਹਿੰਦਾ ਹੈ ਕਿ ਰੱਬ ਅੱਗੇ ਕੀਤੀ ਪ੍ਰਾਰਥਨਾ ਨਾਲ ਸਭ ਕੁੱਝ ਠੀਕ ਹੋ ਜਾਂਦਾ ਹੈ ਜਦਕਿ ਇਸ ਤਰਾਂ ਬਿਲਕੁਲ ਨਹੀਂ ਹੁੰਦਾ l ਇਹ ਝੂਠਾ ਭਰਮ ਮਰੀਜ਼ ਦੀ ਹਾਲਤ ਬਦ ਤੋਂ ਬਦਤਰ ਕਰ ਦਿੰਦਾ ਹੈ l ਜੇ ਰੱਬ ਅੱਗੇ ਕੀਤੀਆਂ ਪ੍ਰਾਰਥਨਾਵਾਂ ਨੇ ਕੰਮ ਕੀਤਾ ਹੁੰਦਾ ਤਾਂ ਭਾਰਤ ਵਿੱਚ ਕੋਈ ਸਮੱਸਿਆ ਹੀ ਨਹੀਂ ਰਹਿਣੀ ਸੀ ਕਿਉਂਕਿ ਅਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਧ ਪ੍ਰਾਰਥਨਾਵਾਂ ਭਾਰਤ (ਇੰਡੀਆ) ਵਿੱਚ ਹੀ ਹੁੰਦੀਆਂ ਹਨ l
ਲੋੜ ਹੈ ਨਿਰਾਸ਼ਾ ਦੇ ਕਾਰਨਾਂ ਨੂੰ ਲੱਭ ਕੇ ਨਿਰਾਸ਼ਾ ਨੂੰ ਦੂਰ ਕਰਨ ਦੀ l ਜੇਕਰ ਤੁਹਾਡੇ ਲਾਗੇ ਕੋਈ ਵੀ ਮਰੀਜ਼ ਨਿਰਾਸ਼ਾ ਵਿੱਚ ਹੈ ਤਾਂ ਉਸ ਦਾ ਇਲਾਜ ਕਰਵਾਉਣ ਦੀ ਲੋੜ ਹੁੰਦੀ ਹੈ l ਇਲਾਜ ਮਾਨਸਿਕ ਰੋਗਾਂ ਦੇ ਮਾਹਰ ਕਰ ਸਕਦੇ ਹਨ l ਬਹੁਤੀ ਵਾਰ ਕਾਉਂਸਲਿੰਗ ਨਾਲ ਹੀ ਮਰੀਜ਼ ਨਿਰਾਸ਼ਾ ਤੋਂ ਰਾਹਤ ਮਹਿਸੂਸ ਕਰਨ ਲੱਗ ਪੈਂਦਾ ਹੈ l
ਇਲਾਜ ਦੇ ਨਾਲ ਨਾਲ ਮਰੀਜ਼ ਦੇ ਮਨ ਤੇ ਅਸਰ ਪਾਉਣ ਵਾਲਾ ਮਹੌਲ ਬਦਲਣ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਮਾਨਸਿਕ ਰੋਗ ਤੋਂ ਠੀਕ ਹੋ ਸਕੇ l
ਅਗਾਂਹਵਧੂ ਕਿਤਾਬਾਂ ਨੂੰ ਪੜ੍ਹ ਕੇ ਤੇ ਅਗਾਂਹਵਧੂ ਵਿਅਕਤੀਆਂ ਦੀ ਸੰਗਤ ਕਰਕੇ ਨਿਰਾਸ਼ਾ ਤੋਂ ਕਾਫੀ ਹੱਦ ਤੱਕ ਰਾਹਤ ਪਾਈ ਜਾ ਸਕਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147