-ਆਪਣੇ ਤਜਰਬੇ ਤੇ ਅਧਾਰਤ
ਬਹੁਤ ਸਾਰੇ ਲੋਕਾਂ ਨੇ ਘਰਾਂ ਦੇ ਮਾਲਕਾਂ ਨੂੰ ਨਿਊਜ਼ੀਲੈਂਡ ਵਿੱਚ ਪੈਸਾ ਬਣਾਉਂਦਿਆਂ ਦੇਖਿਆ ਹੋਵੇਗਾ l ਸ਼ਾਇਦ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋਵੋ l ਰੀਅਲ ਅਸਟੇਟ ਵਿੱਚ ਕੰਮ ਕਰਨ ਵਾਲੇ ਏਜੰਟਾਂ ਨੇ ਤਾਂ ਜ਼ਰੂਰ ਬਹੁਤ ਸਾਰੇ ਲੋਕਾਂ ਨੂੰ ਪੈਸਾ ਬਣਾਉਂਦੇ ਦੇਖਿਆ ਹੋਵੇਗਾ ਜਾਂ ਸੁਣਿਆ ਹੋਵੇਗਾ l ਕਈਆਂ ਨੇ ਦੂਜਿਆਂ ਨੂੰ ਦੇਖ ਕੇ ਕਾਪੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਵੇਗੀ ਅਤੇ ਉਸ ਵਿੱਚ ਬਹੁਤ ਫੇਲ੍ਹ ਵੀ ਹੋਏ ਹੋਣਗੇ l ਜਿਹੜੇ ਕਾਮਯਾਬ ਹੋਏ ਹੋਣਗੇ ਉਹ ਵੀ ਦੂਜਿਆਂ ਦੇ ਮੁਕਾਬਲੇ ਬਹੁਤ ਘੱਟ ਕਾਮਯਾਬ ਹੋਏ ਹੋਣਗੇ l
ਇਸ ਦੀ ਵਜ੍ਹਾ ਕੀ ਹੈ ? ਕਿਉਂ ਕੁੱਝ ਲੋਕ ਬਹੁਤ ਕਾਮਯਾਬ ਹੁੰਦੇ ਹਨ ? ਕੁੱਝ ਥੋੜ੍ਹਾ ਕਾਮਯਾਬ ਹੁੰਦੇ ਅਤੇ ਕੁੱਝ ਬਿਲਕੁਲ ਹੀ ਫੇਲ੍ਹ ਹੋ ਜਾਂਦੇ ਹਨ ? ਇਸ ਦਾ ਕਾਰਨ ਹੈ ਇਸ ਕੰਮ ਪ੍ਰਤੀ ਵੱਖ ਵੱਖ ਲੈਵਲ ਦਾ ਗਿਆਨ ਹੋਣਾ l
ਤੁਸੀਂ ਬੜੇ ਹੈਰਾਨ ਹੋਵੋਗੇ ਕਿ ਘਰ ਖਰੀਦਣ ਜਾਂ ਵੇਚਣ ਲਈ ਕਿਹੜੇ ਗਿਆਨ ਦੀ ਲੋੜ ਹੈ ? ਬੱਸ ਇਹੀ ਮਸਲਾ ਹੈ ਕਿ ਜਿਸ ਵੇਲੇ ਅਸੀਂ ਕਿਸੇ ਚੀਜ਼ ਪ੍ਰਤੀ ਵੱਧ ਜਾਣਕਾਰੀ ਇਕੱਠੀ ਨਹੀਂ ਕਰਦੇ ਤਾਂ ਉਹੀ ਚੀਜ਼ ਸਾਡੇ ਲਈ ਘਾਟਾ ਪਾਉਣ ਵਾਲੀ ਸਾਬਤ ਹੁੰਦੀ ਹੈ l ਇਹ ਗੱਲ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਘਰ ਵਧੀਆ ਇਲਾਕੇ ਵਿੱਚ ਖਰੀਦ ਲਵੋ ਅਤੇ ਕੁੱਝ ਸਾਲ ਰੱਖੋ ਤਾਂ ਇਸ ਦੀ ਕੀਮਤ ਵਧ ਜਾਵੇਗੀ ਤੇ ਤੁਸੀਂ ਲੱਖਪਤੀ ਹੋ ਜਾਵੋਗੇ ਜਾਂ ਤੁਸੀਂ ਘਰਾਂ ਦੀ ਬੋਲੀ ਹੁੰਦੇ ਤੇ ਸੁਣਿਆ ਹੋਵੇਗਾ ਲੋਕੇਸ਼ਨ, ਲੋਕੇਸ਼ਨ, ਲੋਕੇਸ਼ਨ l ਹੁਣ ਦੇਖਣ ਦੀ ਲੋੜ ਹੈ ਕਿ ਜਿਹੜੇ ਲੋਕ ਵਧੀਆ ਲੋਕੇਸ਼ਨ ਤੇ ਘਰ ਨਹੀਂ ਖਰੀਦਦੇ ਤਾਂ ਕੀ ਉਹ ਘਾਟੇ ਵਿੱਚ ਜਾਂਦੇ ਹਨ ? ਇਹ ਕੌੜਾ ਸੱਚ ਹੈ ਕਿ ਉਹ ਘਾਟੇ ਵਿੱਚ ਨਹੀਂ ਜਾਂਦੇ l ਮੈਂ ਦਾਅਵੇ ਨਾਲ ਤਾਂ ਕਹਿ ਸਕਦਾ ਹਾਂ ਕਿਉਂਕਿ ਮੈਂ ਬਹੁਤ ਵਾਰ ਘਟੀਆ ਲੋਕੇਸ਼ਨ ਵਿੱਚ ਘਰ ਖਰੀਦੇ ਅਤੇ ਮੁਨਾਫ਼ਾ ਖੱਟਿਆ ਅਤੇ ਕਈ ਵਾਰ ਮੁਨਾਫ਼ਾ ਵਧੀਆ ਲੋਕੇਸ਼ਨ ਨਾਲੋਂ ਵੀ ਵੱਧ ਖੱਟਿਆ l
ਲੋਕੇਸ਼ਨ ਤੋਂ ਉੱਪਰ ਕਦੇ ਅਸੀਂ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ l ਘਰ ਖਰੀਦਣਾ ਲੱਖਾਂ ਡਾਲਰਾਂ ਦਾ ਕੰਮ ਹੁੰਦਾ ਹੈ l ਵਿਦੇਸ਼ਾਂ ਵਿੱਚ ਆ ਕੇ ਜੇਕਰ ਤੁਸੀਂ ਕੋਈ ਮਹਿੰਗੀ ਚੀਜ਼ ਖਰੀਦਦੇ ਹੋ ਤਾਂ ਉਹ ਘਰ ਹੁੰਦਾ ਹੈ l ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਅਸੀਂ ਦੁੱਧ ਦੀ ਬੋਤਲ ਜਾਂ ਆਟੇ ਦਾ ਬੈਗ ਖਰੀਦਦੇ ਹਾਂ ਤਾਂ ਅਸੀਂ ਸਸਤੀ ਦੁਕਾਨ ਲੱਭਦੇ ਹਾਂ ਪਰ ਸਭ ਤੋਂ ਮਹਿੰਗੀ ਚੀਜ਼ ਘਰ ਖਰੀਦਣ ਵਿੱਚ ਅਸੀਂ ਅਣਗਿਹਲੀ ਕਿਉਂ ਕਰਦੇ ਹਾਂ ?
ਅੱਜ ਹੇਠ ਲਿਖੇ ਮੁਤਾਬਕ ਕੁੱਝ ਨੁਕਤਿਆਂ ਤੇ ਵਿਚਾਰ ਸਾਂਝੇ ਕਰਾਂਗਾ :-
- ਜੇਕਰ ਤੁਸੀਂ ਇੱਕ ਘਰ ਖਰੀਦ ਕੇ ਉਸ ਦੀ ਕੀਮਤ ਕੁੱਝ ਸਾਲਾਂ ਬਾਦ ਵਧਣ ਉਪਰੰਤ ਵੇਚ ਕੇ ਕੁੱਝ ਲੱਖ ਡਾਲਰ ਬਣਾ ਲੈਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਇਸ ਖੇਤਰ ਦੇ ਵਧੀਆ ਬਿਜਨਸ ਮੈਨ ਨਾ ਸਮਝੋ ਕਿਉਂਕਿ ਇਸ ਵਿੱਚ ਤੁਸੀਂ ਦੂਜਿਆਂ ਨਾਲੋਂ ਕੁੱਝ ਵੱਖਰਾ ਨਹੀਂ ਕੀਤਾ l ਕੀਮਤ ਸਾਰਿਆਂ ਦੇ ਘਰਾਂ ਦੀ ਵਧੀ ਹੈ ਤੁਹਾਡੀ ਇਕੱਲਿਆਂ ਦੀ ਨਹੀਂ l ਉਦਾਹਰਣ ਦੇ ਤੌਰ ਤੇ ਜੇ ਤੁਸੀਂ ਦੋ ਘਰ ਇਕੋ ਜਿਹੇ ਇਕੋ ਸਮੇਂ ਚਾਰ ਚਾਰ ਲੱਖ ਦੇ ਖਰੀਦੇ ਹੁੰਦੇ l ਇੱਕ ਆਪਣੇ ਨਾਂ ਕਰ ਲੈਂਦੇ ਅਤੇ ਇੱਕ ਆਪਣੇ ਇੱਕ ਸਾਲ ਦੇ ਬੱਚੇ ਦੇ ਨਾਮ l ਦੋਨੋਂ ਘਰ ਪੰਜ ਸਾਲਾਂ ਬਾਦ ਛੇ ਛੇ ਲੱਖ ਦੇ ਵੇਚ ਦਿੰਦੇ l ਹੁਣ ਬੱਚੇ ਨੂੰ ਘਰਾਂ ਬਾਰੇ ਗਿਆਨ ਨਹੀਂ ਸੀ ਪਰ ਫਾਇਦਾ ਉਸ ਨੂੰ ਤੁਹਾਡੇ ਜਿੰਨ੍ਹਾਂ ਹੀ ਹੋਇਆ l ਇਸ ਕਰਕੇ ਦੋਨਾਂ ਧਿਰਾਂ ਦੀ ਇਸ ਵਿੱਚ ਕੋਈ ਕਾਮਯਾਬੀ ਨਹੀਂ ਹੈ ਜਾਂ ਦੋਨਾਂ ਧਿਰਾਂ ਦੀ ਕਾਮਯਾਬੀ ਇਕੋ ਜਿਹੀ ਹੈ l
- ਘਰ ਖਰੀਦਣ ਵੇਲੇ ਪਹਿਲਾਂ ਘਰ ਦੀ ਸਹੀ ਕੀਮਤ ਪਤਾ ਕਰੋ l ਇਸ ਵਾਸਤੇ ਰੀਅਲ ਅਸਟੇਟ ਦੇ ਏਜੇਂਟ ਤੋਂ ਇਲਾਕੇ ਦੀ ਅਪ ਟੁ ਡੇਟ ਸੇਲਸ ਰਿਪੋਰਟ ਲੈ ਸਕਦੇ ਹੋ ਜਿਸ ਤੋਂ ਤੁਹਾਨੂੰ ਪਤਾ ਲੱਗ ਸਕੇਗਾ ਕਿ ਘਰ ਦੀ ਸਹੀ ਕੀਮਤ ਕੀ ਹੈ ?
- ਘਰ ਦੀ ਕੀਮਤ ਪਤਾ ਕਰਨ ਲਈ ਰਜਿਸਟਰਡ ਵੈਲਿਊਏਸ਼ਨ ਕਰਵਾ ਸਕਦੇ ਹੋ l ਇਸ ਦਾ ਖਰਚਾ ਛੇ ਸੌ ਡਾਲਰ ਦੇ ਕਰੀਬ ਪਵੇਗਾ ਪਰ ਤੁਸੀਂ ਘਰ ਦੀ ਵੱਧ ਕੀਮਤ ਦੇਣੋ ਬਚ ਜਾਵੋਗੇ l
- ਤੁਸੀਂ ਘਰ ਜਿੰਨ੍ਹਾਂ ਉਸ ਦੀ ਅਸਲੀ ਕੀਮਤ ਤੋਂ ਘੱਟ ਖਰੀਦਦੇ ਹੋ ਉਹ ਤੁਹਾਡੀ ਕਮਾਈ ਹੈ l ਭਾਵ ਜੇ ਤੁਸੀਂ ਘਰ ਸਸਤਾ ਖਰੀਦ ਲਿਆ ਤਾਂ ਤੁਸੀਂ ਉਸ ਨੂੰ ਬਿਨਾਂ ਵੇਚੇ ਹੀ ਪੈਸੇ ਬਣਾ ਲਏ l
- ਘਰ ਦੀ ਇੰਸ਼ੋਰੈਂਸ ਕੰਪਨੀ ਨਾਲ ਸੌਦਾ ਕਰੋ l ਜਿੰਨੀਂ ਸਸਤੀ ਇੰਸ਼ੋਰੈਂਸ ਹੋਵੇਗੀ ਓਨੇ ਪੈਸੇ ਤੁਹਾਨੂੰ ਹਰ ਸਾਲ ਬਚਣਗੇ l
- ਇੰਸ਼ੋਰੈਂਸ ਪਾਲਿਸੀ ਨੂੰ ਚੰਗੀ ਤਰਾਂ ਪੜ੍ਹ ਕੇ ਜਾਣੋ ਕਿ ਪਾਲਿਸੀ ਵਿੱਚ ਕੀ ਕੀ ਕਵਰ ਹੈ ?
- ਬੈਂਕ ਨਾਲ ਸੌਦਾ ਕਰੋ ਤਾਂ ਕਿ ਉਹ ਤੁਹਾਡੇ ਕੋਲੋਂ ਲੋਨ ਦੀ ਅਰਜ਼ੀ ਦੀ ਫੀਸ ਨਾ ਮੰਗੇ l
- ਬੈਂਕ ਨੂੰ ਪੁੱਛੋ ਕਿ ਉਹ ਵਕੀਲ ਦਾ ਖਰਚਾ ਦੇਣ l ਕਈ ਵਾਰ ਉਹ ਮੰਨ ਜਾਂਦੇ ਹਨ l
- ਬੈਂਕ ਦੇ ਨਾਲ ਕਰਜ਼ੇ ਦੇ ਵਿਆਜ ਦਾ ਸੌਦਾ ਕਰੋ l
- ਜੇਕਰ ਘਰ ਵਿੱਚ ਮੁਰੰਮਤ ਕਰਵਾਉਣੀ ਹੈ ਤਾਂ ਸਮਾਨ ਘੱਟ ਕੀਮਤ ਤੇ ਲੱਭੋ l
- ਜੇਕਰ ਘਰ ਕਿਰਾਏ ਤੇ ਦੇਣਾ ਹੈ ਤਾਂ ਇਲਾਕੇ ਵਿੱਚ ਘਰਾਂ ਦੇ ਕਿਰਾਏ ਦਾ ਪਤਾ ਕੀਤਾ ਜਾਵੇ l ਫਿਰ ਹੀ ਤੁਹਾਨੂੰ ਪਤਾ ਲੱਗੇਗਾ ਕਿ ਕਿੰਨਾ ਕਿਰਾਇਆ ਲੈਣਾ ਚਾਹੀਦਾ ਹੈ ?
- ਘਰ ਦੀ ਕੀਮਤ ਵਧਾਉਣ ਲਈ ਉਥੇ ਕਾਰਪੋਰਟ ਜਾਂ ਗੈਰਾਜ ਕੌਂਸਿਲ ਦੀ ਇਜਾਜ਼ਤ ਨਾਲ ਛੱਤ ਸਕਦੇ ਹੋ l
- ਘਰ ਦੀ ਕੀਮਤ ਵਧਾਉਣ ਲਈ ਗਾਰਡਨ ਸ਼ੇਡ ਜਾਂ ਡੈੱਕ (deck) ਬਣਾ ਸਕਦੇ ਹੋ l
- ਜੇ ਇੱਕ ਹੋਰ ਕਮਰਾ ਬਣਦਾ ਹੋਵੇ ਤਾਂ ਕੌਂਸਿਲ ਦੀ ਇਜਾਜ਼ਤ ਨਾਲ ਕਮਰਾ ਬਣਾ ਲੈਣਾ ਚਾਹੀਦਾ ਹੈ l ਇਸ ਤਰਾਂ ਘਰ ਦੀ ਕੀਮਤ ਵਧਣ ਦੇ ਨਾਲ ਨਾਲ ਘਰ ਦਾ ਕਿਰਾਇਆ ਵੀ ਵਧ ਜਾਂਦਾ ਹੈ l ਵਧਿਆ ਹੋਇਆ ਕਿਰਾਇਆ ਤੁਹਾਨੂੰ ਹਰ ਹਫਤੇ ਫਾਇਦਾ ਦਿੰਦਾ ਹੈ l
ਜਿਹੜੇ ਲੋਕ ਉੱਪਰ ਲਿਖੀਆਂ ਸਭ ਚੀਜ਼ਾਂ ਦਾ ਸੌਦਾ ਕਰਦੇ ਹਨ ਉਹ ਘਰਾਂ ਦੇ ਕੰਮ ਵਿੱਚ ਦੂਜਿਆਂ ਦੇ ਮੁਕਾਬਲੇ ਬਹੁਤ ਵਧੀਆ ਪੈਸਾ ਬਣਾਉਂਦੇ ਹਨ l
ਹਮੇਸ਼ਾਂ ਇਹ ਗੱਲ ਯਾਦ ਰੱਖੋ ਕਿ ਤਿਪਕਾ ਤਿਪਕਾ ਕਰਕੇ ਹੀ ਤਲਾਬ ਬਣਦਾ ਹੈ ਅਤੇ ਹਰ ਪੌੜੀ ਤੇ ਚੜ੍ਹਨ ਵਾਲਾ ਵਿਅਕਤੀ ਪਹਿਲੀ ਪੌੜੀ ਤੇ ਹੀ ਪਹਿਲਾਂ ਚੜ੍ਹਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈੰਡ
ਜੱਦੀ ਪਿੰਡ ਖੁਰਦਪੁਰ
avtar31@hotmail.com